(ਦਸਮ ਪਾਤਸ਼ਾਹ ਦਾ 350- ਸਾਲਾ ਗੁਰਿਆਈ ਦਿਵਸ ਲੜੀ:2)
ਅਸ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ ॥
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ॥
ਤੀਰ ਤੁਹੀ ਸੈਹਥੀ ਤੁਹੀ
ਤੁਹੀ ਤਬਰ ਤਲਵਾਰ॥
ਨਾਮ ਤਿਹਾਰੋ ਜੋ ਜਪੈ ਭਏ ਸਿੰਧ ਭਵ ਪਾਰ॥
ਕਾਲ ਤੁਹੀ ਕਾਲੀ ਤੁਹੀ
ਤੁਹੀ ਤੇਗ ਅਰੁ ਤੀਰ॥
ਤੁਹੀ ਨਿਸਾਨੀ ਜੀਤ ਕੀ ਆਜੁ ਤੁਹੀ ਜਗ ਬੀਰ॥
(ਸ਼ਸਤ੍ਰਨਾਮ ਮਾਲਾ)
ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਸਿਰਜਣਾ ‘ਖ਼ਾਲਸਾ’ ਸੰਤ-ਸਿਪਾਹੀ, ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਇਕ ਅਕਾਲ ਦੀ ਕੀਰਤੀ ਕਰਦਿਆਂ ਅੰਮ੍ਰਿਤਮਈ ਸ਼ਾਂਤ ਰਸ ਬਰਸਾਂਦਾ ਹੈ ਅਤੇ ਜੇਕਰ ਸਮਕਾਲੀ ਹਾਲਾਤ ਅਸ਼ਾਂਤ ਹੋ ਜਾਣ ਤਾਂ ਉਹੀ ਸੰਤ ਬੀਰ ਰਸ ਧਾਰਨ ਕਰ ਲੈਂਦਾ ਹੈ। ਆਮ ਸਮਾਜ ਲਈ ਸੰਤਗਿਰੀ ਤੇ ਸਿਪਾਹ-ਸਿਲਾਰ ਦੋ ਵੱਖ-ਵੱਖ ਰੂਪ ਹੋ ਸਕਦੇ ਹਨ ਪਰ ਇਹ ਸਤਿਗੁਰਾਂ ਦੀ ਬਖ਼ਸ਼ਿਸ਼ ਹੈ ਕਿ ਸ਼ਸਤਰ ਤੇ ਸ਼ਾਸਤਰ ਦਾ ਰੰਗ ਇੱਕੋ ਹੀ ਇਨਸਾਨ ਵਿੱਚੋਂ ਮਾਣਿਆਂ ਜਾ ਸਕਦਾ ਹੈ ਤੇ ਉਹ ਦਸਾਂ ਪਾਤਿਸ਼ਾਹੀਆਂ ਦੀ ਲੰਬੀ ਘਾਲਣਾ ਨੇ ਘੜਿਆ, ਪਿਆਰਾ ਤੇ ਨਿਆਰਾ ਮਾਡਲ ‘ਖ਼ਾਲਸਾ’ ਹੈ। ਇਹ ਖ਼ਾਲਸੇ ਦੇ ਧਰਮੀ ਬਾਬਲ ਦੀਆਂ ਰਹੱਸਮਈ ਖੇਡਾਂ ਵੀ ਹਨ।
ਕਲਗੀਧਰ ਪਾਤਸ਼ਾਹ ਨੇ ਸ਼ਸਤਰਾਂ ਦੇ ਨਾਮ ਦੀ ਮਾਲਾ ਜਪਣ ਲਈ ਪ੍ਰੇਰਕ ਸ਼ਬਦ ਅਜਿਹੇ ਵਰਤੇ ਕਿ ‘ਸ਼ਸਤ੍ਰਨਾਮ ਮਾਲਾ’ ਪੜ੍ਹਨ ਵਾਲੇ ਸਿਪਾਹੀ ਦੀ ਸੰਤਗਿਰੀ ਨੂੰ ਵੀ ਕੋਈ ਖ਼ਤਰਾ ਨਹੀਂ ਹੋਵੇਗਾ ਤੇ ਅਜਿਹੇ ਸੰਤ ਵਰਗਾ ਕਮਾਲ ਦਾ ਸਿਪਾਹੀ ਵੀ ਕੋਈ ਨਹੀਂ ਹੋਵੇਗਾ। ਬੱਸ ਉਹ ਇੱਕ ਖੜਗਕੇਤ’ ਹੀ ਗਿਆਨ ਖੜਗ ਬਖ਼ਸ਼ਦਾ ਹੈ ਅਤੇ ਗਿਆਨ ਖੜਗ ਵਾਲਾ ਹੀ ਖੜਗਕੇਤ ਨੂੰ ਸਮਝ ਸਕਦਾ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਮ ਤੇ ਤੇਗ ਦੇ ਧਨੀ ਸਨ। ਡਾ. ਤਾਰਨ ਸਿੰਘ ਅਨੁਸਾਰ “ਸ੍ਰੀ ਗੁਰੂ ਗੋਬਿੰਦ ਸਿੰਘ ਜੀ ਭਾਰਤੀ ਮਿਥਿਹਾਸ ਅਤੇ ਸੰਸਕ੍ਰਿਤ, ਬ੍ਰਜ ਦੇ ਨਿਪੁੰਨ ਗਿਆਨ ਦਾ ਇਕ ਵਿਸ਼ੇਸ਼ ਪ੍ਰਮਾਣ ਸ੍ਰੀ ਸ਼ਸਤ੍ਰਨਾਮ ਮਾਲਾ…ਦੀ ਰਚਨਾ ਹੈ। ਇਹ ਸਾਰੇ ਸ਼ਸਤ੍ਰ ਨਾਮ ਪ੍ਰਭੂ ਨਾਮ ਹੀ ਮੰਨੇ ਹਨ- ਪ੍ਰਭੂ ਦੀ ਤਲਵਾਰ, ਚਕ੍ਰਬਾਣ ਅਸ ਤੇ ਤੁਪਕ ਹੈ। ਆਪ ਦਾ ਪਰਮਾਤਮਾ ਹੀ ਸ਼ਸਤ੍ਰਧਾਰੀ, ਖੜਗਧਾਰੀ ਤੇ ਸਰਬਲੋਹ ਹੈ। ਇਹ ਲੋਹੇ ਦੇ ਸ਼ਸਤਰ ਹੀ ਪਰਮਾਤਮਾ ਹਨ—ਇਹ ਕਾਲ ਹਨ, ਉਹ ਮਹਾਂਕਾਲ ਹੈ।”
(ਪੁਸਤਕ: ਦਸਮ ਗ੍ਰੰਥ-ਰੂਪ ਤੇ ਰਸ, ਪੰਨਾ ੨੩੮)
‘ਮਹਾਨ ਕੋਸ਼’ ਅਨੁਸਾਰ “ਦਸਮ ਗ੍ਰੰਥ ਵਿਚ ਇਸ ਨਾਉਂ ਦਾ ਇਕ ਗ੍ਰੰਥ ਹੈ, ਜਿਸ ਵਿਚ ਅਦ੍ਰਿਸ਼ਟ ਕੂਟ (ਪਹੇਲੀ) ਦੀ ਰੀਤਿ ਕਰਕੇ ਖੜਗ, ਕਟਾਰ, ਬਰਛੀ, ਚਕ੍ਰ, ਵਾਣ (ਤੀਰ) ਪਾਸ਼ (ਫਾਹੀ) ਅਤੇ ਬੰਦੂਕ ਦੇ ਨਾਉਂ ਲਿਖੇ ਹਨ ਜਿਨ੍ਹਾਂ ਦਾ ਸਮਝਣਾ ਸਾਧਾਰਣ ਵਿਦਵਾਨ ਲਈ ਬਹੁਤ ਔਖਾ ਹੈ।”
ਇਸੇ ਸੰਦਰਭ ਵਿਚ ਪ੍ਰਸਿੱਧ ਵਿਦਵਾਨ ਡਾ. ਗੁਰਭਗਤ ਸਿੰਘ ਜੀ ਨੇ ਬਹੁਤੇ ਡੂੰਘੇ ਸ਼ਬਦ ਕਹੇ ਹਨ, “ਸ੍ਰੀ ਸ਼ਸਤ੍ਰ ਨਾਮ ਮਾਲਾ ਵਿਚ ਗੁਰੂ ਸਾਹਿਬ ਨੇ ਤੇਗ ਤੀਰ, ਤੁਪਕ, ਤਬਰ ਨੂੰ ਹਮਾਰੇ ਪੀਰ ਆਖਿਆ ਹੈ। ਜੇ ਖੜਗ ਅਕਾਲ ਪੁਰਖ ਦਾ ਰੂਪ ਹੈ ਅਤੇ ਤੋਪ ਤੇ ਤੀਰ ਪੀਰ ਹਨ ਤਾਂ ਇਨ੍ਹਾਂ ਨੂੰ ਧਾਰਨ ਵਾਲਾ ਵਿਅਕਤੀ ਦੈਵੀ ਜੋਤ ਹੀ ਹੋ ਸਕਦਾ ਹੈ….ਇਸ ਤਰਾਂ ਖੜਗਧਾਰੀ ਤੇ ਤੁਪਕਧਾਰੀ ਦਾ ਜੋ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀਆਂ ਇਨ੍ਹਾਂ ਰਚਨਾਵਾਂ ਵਿਚ ਉਭਰਦਾ ਹੈ, ਉਹ ਵੀ ਜੋਤ ਹੋਏ ਉਸ ਮਨੁੱਖ ਦਾ ਹੈ, ਜੋ ਜੋਤ ਨੂੰ ਹੋਰ ਤੀਬਰ ਕਰਨ ਵਾਲੇ ਸੁਜੋਤ ਹਥਿਆਰਾਂ ਨਾਲ ਸੰਘਰਸ਼ ਕਰਦਾ ਹੈ।”
ਸ਼ਸਤ੍ਰਨਾਮ ਮਾਲਾ ਦੇ ਨਾਮਕਰਣ ਬਾਰੇ ਜਾਣੀਏ ਤਾਂ ਪਿਆਰਾ ਸਿੰਘ ਪਦਮ ਅਨੁਸਾਰ ‘ਨਾਮ ਮਾਲਾ’ ਹਿੰਦੀ ਵਿਚ ਕੋਸ਼ ਯਾਂ ਡਿਕਸ਼ਨਰੀ ਨੂੰ ਕਹਿੰਦੇ ਹਨ। ਇਹ ਇਕ ਤਰ੍ਹਾਂ ਸ਼ਸਤਾਂ ਦਾ ਕੋਸ਼ ਹੈ। ਇਹੋ ਇਸ ਰਚਨਾ ਦਾ ਕਮਾਲ ਹੈ ਜੋ ਦਸਮ ਗ੍ਰੰਥ ਦੇ ਪੰਨਾ ੭੧੭ਤੋਂ ੮੦੮ ਤਕ ਦਰਜ ਹੈ।
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਮੁੱਚਾ ਜੀਵਨ-ਕਾਲ ਇਸ ਪ੍ਰਕਾਰ ਹੈ ਕਿ ਆਪ ਨੇ ਮੁਰਦਾ ਹੋ ਚੁੱਕੀ ਮਾਨਵਤਾ ਵਿਚ ਜੁਰਅੱਤ, ਦਲੇਰੀ ਤੇ ਬੀਰਤਾ ਪੈਦਾ ਕਰਦਿਆਂ, ਅਜਿਹੀ ਸ਼ੈਲੀ ਦਾ ਪ੍ਰਯੋਗ ਕੀਤਾ ਹੈ ਕਿ ਉਨ੍ਹਾਂ ਦਾ ਅਧਿਆਤਮਵਾਦੀ ਫ਼ਲਸਫ਼ਾ ਵੀ ਬੀਰ ਰਸ ਦਾ ਰੰਗ ਬਖੇਰਦਾ ਹੈ। ਉਨ੍ਹਾਂ ਦੀਆਂ ਸਭਨਾਂ ਰਚਨਾਵਾਂ ਦੇ ਮੰਗਲਮਈ ਸ਼ਬਦ ਵਿਸ਼ੇਸ਼ ਅਰਥ ਰੱਖਦੇ ਹਨ। ਜਿਵੇਂ ‘ਜਾਪੁ’ ਬਾਣੀ ਦੇ ਆਦਿ ਵਿਚ “ੴ ਸਤਿਗੁਰ ਪ੍ਰਸਾਦਿ॥” ‘ਅਕਾਲ ਉਸਤਤ’ ਦੇ ਅਰੰਭ ਵਿਚ:
“ਅਕਾਲ ਪੁਰਖ ਕੀ ਰੱਛਾ ਹਮਨੈ॥
ਸਰਬ ਲੋਹ ਦੀ ਰੱਛਿਆ ਹਮਨੈ॥”
ਬਚਿਤ੍ਰ ਨਾਟਕ ਦੇ ਆਦਿ ਵਿਚ:
“ਨਮਸਕਾਰ ਸ੍ਰੀ ਖੜਗ ਕੋ ਕਰੌ ਸੁ ਹਿਤੁ ਚਿਤੁ ਲਾਇ॥ ਪੂਰਨ ਕਰੌ ਗ੍ਰੰਥ ਇਹ ਤੁਮ ਮੁਹਿ ਕਰਹੁ ਸਹਾਇ॥”
ਫਿਰ ‘ਚੰਡੀ ਚਰਿਤ੍ਰ’ ਦੇ ਆਦਿ ਵਿਚ ੴ ਸ੍ਰੀ ਵਾਹਿਗੁਰੂ ਜੀ ਕੀ ਫ਼ਤਹ॥ ਹੈ। ਕਿਧਰੇ ਸ੍ਰੀ ਭਗਉਤੀ (ਮਹਾਂਕਾਲ) ਜੀ ਸਹਾਇ ਵੀ ਹੈ। ਕਲਗੀਧਰ ਪਾਤਸ਼ਾਹ ‘ਤੇਗ ਦੀ ਸ਼ਕਤੀ ਦਾ ਵਰਣਨ ਕਰਦਿਆਂ ਸ਼ਬਦਾਂ ਦੀ ਬੀਰ ਰਸੀ ਮਾਲਾ ਪਰੋ ਦਿੰਦੇ ਹਨ :
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ॥
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ
ਪ੍ਰਭੰ॥
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ
ਅਸ ਸਰਣੰ
ਜੈ ਜੈ ਜਗ ਕਾਰਣ ਸ੍ਰਿਸ਼ਟਿ ਉਬਾਰਣ ਮਮ ਪ੍ਰਤਿਪਾਰਣ
ਜੈ ਤੇਗੰ॥ (ਬਚਿਤ੍ਰ ਨਾਟਕ)
ਭਾਵ – ਤਲਵਾਰ (ਖਗ) ਦੁਸ਼ਟਾਂ ਦੇ ਟੋਟੇ ਕਰਨ (ਬਿਹੰਡੰ) ਦੇ ਸਮਰੱਥ ਹੈ ਤੇ ਮੂਰਖਾਂ ਦੇ ਦਲਾਂ (ਖਲ ਦਲ) ਨੂੰ ਨਾਸ਼ ਕਰਨ ਵਾਲੀ ਹੈ, ਜੰਗ ਨੂੰ ਮਚਾਉਣ ਵਾਲੀ ਅਤਿ ਬਲਵਾਨ (ਬਰਬੰਡੰ) ਹੈ। ਨਾਸ਼ ਰਹਿਤ ਭੁਜਾ ਦੇ ਨਾਲ ਤੇਜ ਪ੍ਰਕਾਸ਼ ਵਾਲੀ ਤੇ ਸੂਰਜ (ਭਾਨ) ਵਰਗੀ ਉਸ ਦੀ ਕਰਾਂਤੀ ਹੈ। ਤੇਗ-ਸੰਤਾਂ ਨੂੰ ਸੁਖ ਦੇਣ ਵਾਲੀ ਖੋਟੀ ਮੱਤ ਵਾਲਿਆਂ ਨੂੰ ਨਾਸ਼ ਕਰਨ ਵਾਲੀ, ਕਸ਼ਟਾਂ (ਕਿਲਬਿਖ) ਨੂੰ ਦੂਰ ਕਰਨ ਵਾਲੀ ਹੈ ਤੇ ਮੈਂ ਐਸੀ ਸ਼ਕਤੀ ਦੀ ਸ਼ਰਨ ਲਈ ਹੈ। ਉਹ ਸ਼ਕਤੀ ਜਿਸ ਨਾਲ ਜੰਗ ਵਿਚ ਜੈ ਜੈਕਾਰ ਹੁੰਦੀ ਹੈ, ਜਗ ਉੱਤੇ ਭਲਿਆਂ ਨੂੰ ਮਾਣ ਦਿਵਾਉਣ ਵਾਲੀ ਤੇ ਮੇਰੀ ਰੱਖਿਆ ਕਰਨ ਵਾਲੀ ਤੇਗ ! ਤੇਰੀ ਸਦਾ ਹੀ ਜੈ ਹੋਵੇ।
ਦੁਨੀਆਂ ਦਾ ਸੱਚ ਹੈ ਕਿ ਕੋਈ ਸਮਾਜ ਜਦ ਸਾਹਸਹੀਣ ਹੋ ਜਾਏ ਜਾਂ ਨਿਤਾਣਾ ਬਣ ਕੇ ਜਰਵਾਣਿਆਂ ਅੱਗੇ ਹਾਰ ਮੰਨ ਜਾਏ ਤਾਂ ਉਸ ਸਥਿਤੀ ਵਿਚ ਇਕ ਧਰਮ ਗੁਰੂ ਅਜਿਹੀਆਂ ਸੋਚਾਂ ਨੂੰ ਸ਼ਕਤੀਵਾਨ ਕਿਵੇਂ ਕਰਦਾ ਹੈ। ਇਸ ਸਥਿਤੀ ਵਿੱਚੋਂ ਸਤਿਗੁਰਾਂ ਦੀ ਰਚਨਾ ਸ਼ੈਲੀ ਤੇ ਪ੍ਰੇਰਕ ਸ਼ਕਤੀ ਨੂੰ ਉਸ ਸਦੀ ਅਨੁਸਾਰ ਸਮਝਣ ਦੀ ਜ਼ਰੂਰਤ ਹੈ। ਇਹ ਯੋਧਿਆਂ ਦੀ ਸਿਰਜਣਾ ਤੇ ਸੋਚ ਨੂੰ ਪ੍ਰਚੰਡ ਕਰਨ ਦਾ ਨਿਰਾਲਾ ਢੰਗ ਹੈ :
ਨਮੋ ਤੀਰ ਤੋਪੰ॥
ਜਿਨੈ ਸੱਤ੍ਰ ਘੋਪੰ॥
ਨਮੋ ਧੋਪ ਪੱਟੰ॥
ਜਿਨੇ ਦੁਸ਼ਟ ਦੱਟੰ॥
ਜਿਤੇ ਸ਼ਸਤ੍ਰ ਨਾਮੰ
ਨਮਸ਼ਕਾਰ ਤਾਮੰ॥
ਜਿਤੇ ਅਸਤ੍ਰ ਭੇਯੰਗ
ਨਮਸਸਕਾਰ ਤੇਯੰ
(ਬਚਿਤ੍ਰ ਨਾਟਕ)
ਭਾਵ – ਤੀਰ ਤੇ ਤੋਪ ਰੂਪ ਵਾਲੇ ਅਕਾਲ ਨੂੰ ਮੇਰੀ ਨਮਸਕਾਰ ਹੈ, ਜਿਸ ਨੇ ਵੈਰੀਆਂ ਦਾ ਨਾਸ਼ ਕੀਤਾ। ਮੇਰੀ ਨਮਸਕਾਰ ਹੈ ਸਿੱਧੀ ਤੇ ਪਤਲੀ ਤਲਵਾਰ (ਨਮੋ ਧੋਪ ਪੱਟੀ) ਵਾਲੇ ਨੂੰ, ਜਿਸ ਨੇ ਦੁਸ਼ਟਾਂ ਨੂੰ ਦੰਡਿਆ ਹੈ। ਇਸ ਲਈ ਜਿੰਨੇ ਵੀ ਸ਼ਸਤਰਾਂ ਦੇ ਨਾਮ ਹਨ, ਉਨ੍ਹਾਂ ਨੂੰ ਮੇਰੀ ਨਮਸਕਾਰ ਹੈ ਅਤੇ ਜਿੰਨੇ ਪ੍ਰਕਾਰ ਦੇ ਹਥਿਆਰ ਹਨ, ਉਨ੍ਹਾਂ ਨੂੰ ਮੇਰੀ ਨਮਸਕਾਰ ਹੈ। ਇਸੇ ਤਰਾਂ ਸਤਿਗੁਰਾਂ ਦਾ ਇਕ ਸਵੈਯਾ ਹੈ :
…ਅਰੁ ਅਉਰ ਜੰਜਾਰ ਜਿਤੋ ਗ੍ਰਿਹ ਕੋ ਤੁਹਿ ਤਿਆਗਿ ਕਹਾ ਚਿਤ ਤਾ ਮੈ ਧਰੋ॥
ਅਬ ਰੀਝ ਕੈ ਦੇਹੁ ਵਹੈ ਹਮ ਕੋ ਜੋਊ ਹਉ ਬਿਨਤੀ ਕਰ ਜੋਰ ਕਰੋ॥
ਜਬ ਆਉ ਕੀ ਅਉਧ ਨਿਦਾਨ ਬਨੈ ਅਤਿਹੀ ਰਨ ਮੈ ਤਬ ਜੂਝ ਮਰੋ॥
ਸ੍ਰੀ ਸ਼ਸਤ੍ਰਨਾਮ ਮਾਲਾ ਦੇ ਆਦਿ ਵਿਚ ਜੋ ਦੋਹਰਾ ਹੈ, ਉਸ ਦੇ ਸ਼ਕਤੀਸ਼ਾਲੀ ਸ਼ਬਦ ਬੀਰਤਾ ਦੇ ਰੰਗ ਵਿਚ ਰੰਗੇ ਹੋਏ ਹਨ :
ਸਾਂਗ ਸਰੋਹੀ ਸੈਫ ਅਸ ਤੀਰ ਤੁਪਕ ਤਰਵਾਰ॥
ਸੱਤ੍ਰਾਂਤਕ ਕਵਚਾਂਤਿ ਕਰਿ ਕਰੀਐ ਰਛ ਹਮਾਰ॥
ਅਸ ਕ੍ਰਿਪਾਨ ਧਾਰਾਧਰੀ ਸੈਲ ਸੈਫ ਜਮਦਾਢ
ਕਵਚਾਂਤਕ ਸੱਤਾਂਤ ਕਰ ਤੇਗ ਤੀਰ ਰਨਬਾਢ॥
ਭਾਵ – ਦੋ ਮੂੰਹੀ ਬਰਛੀ (ਸਾਂਗ), ਸਿਰੋਹੀ ਨਗਰ ਵਿਚ ਬਣੀ ਤਲਵਾਰ ਦੀ ਇਕ ਜਾਤਿ ਜੋ ਬਹੁਤ ਕਾਟ ਕਰਨ ਵਾਲੀ (ਸਰੋਹੀ), ਸਿੱਧੀ ਤਲਵਾਰ (ਸੈਫ) ਖਮਦਾਰ ਤਲਵਾਰ (ਅਸ), ਤੀਰ, ਤੋਪ (ਤੁਪਕ), ਤਲਵਾਰ ਆਦਿ ਸ਼ਸਤ੍ਰ ਜੋ ਦੁਸ਼ਮਣਾਂ ਦਾ ਅੰਤ ਕਰਨ ਵਾਲੇ (ਸੱਤ੍ਰਾਂਤਕ) ਤੇ ਕਵਚਾਂ ਨੂੰ ਤੋੜਨ ਵਾਲੇ (ਕਵਚਾਂਤਕ) ਮੇਰੀ ਰੱਖਿਆ ਕਰਦੇ ਹਨ।
ਇਸੇ ਪ੍ਰਕਾਰ ਤਲਵਾਰ, ਕਿਰਪਾਨ, ਤਿੱਖੀ ਧਾਰ ਵਾਲੀ ਤਲਵਾਰ (ਧਾਰਾਧਰੀ) ਨੇਜ਼ਾ (ਸੈਲ) ਸੈਫ ਤੇ ਜਮਦਾਢ (ਜਮ ਦੀ ਦਾੜ੍ਹ ਵਰਗੀ ਕਟਾਰ), ਜੋ ਕਵਚਾਂ ਤੇ ਸ਼ਸਤਾਂ ਨੂੰ ਤੋੜਨ ਵਾਲੇ ਤੇਗ ਤੀਰ ਤੇ ਰਣ ਵਿਚ ਜ਼ਾਲਮਾਂ ਨੂੰ ਵੱਢਣ ਵਾਲੇ (ਰਨਬਾਢ) ਹਨ, ਇਹ ਸਭ ਰੱਖਿਅਕ ਹਨ।
ਉਪਰੰਤ ਜੋ ਸ਼ਬਦ ਹਥਲੇ ਲੇਖ ਦੇ ਅਰੰਭ ਵਿਚ ਦਿੱਤੇ ਗਏ ਹਨ, ਉਹ ਤਰਤੀਬ ਅਨੁਸਾਰ ਹਨ, ਜਿਨ੍ਹਾਂ ਦਾ ਭਾਵ ਹੈ ਕਿ ਅਸ (ਤਲਵਾਰ), ਕਿਰਪਾਨ, ਖੰਡਾ, ਖੜਗ, ਤੁਪਕ (ਤੋਪ), ਤਬਰ (ਛਵੀ) ਅਤੇ ਤੀਰ, ਸੈਫ, ਸਰੋਹੀ ਸੈਹਥੀ (ਬਰਛੀ) ਆਦਿ ਇਹ ਸਭ ਸ਼ਸਤ੍ਰ ਮੇਰੇ ਪੀਰ ਹਨ।
ਹੇ ਅਕਾਲ ਪੁਰਖ ! ਤੂੰ ਹੀ ਸ਼ਕਤੀਦਾਤਾ ਹੋ ਕੇ ਤੀਰ ਹੈਂ, ਤੂੰ ਹੀ ਬਰਛੀ ਰੂਪ ਸ਼ਕਤੀ ਹੈਂ, ਤੂੰ ਹੀ ਤਬਰ (ਛਵੀ) ਤੇ ਤਲਵਾਰ ਹੈਂ। ਜੋ ਜੋ ਪ੍ਰਾਣੀ ਤੇਰਾ ਨਾਮ ਜਪਦਾ ਹੈ, ਉਹ ਪਾਰ ਹੋ ਜਾਂਦਾ ਹੈ।
ਤੂੰ ਹੀ ਕਾਲ ਹੈਂ ਤੇ ਤੂੰ ਹੀ ਕਾਲੀ ਹੈਂ, ਤੂੰ ਹੀ ਤੇਗ਼ ਤੇ ਤੀਰ ਹੈਂ। ਤੂੰ ਹੀ ਫ਼ਤਿਹ ਦੀ ਨੀਸ਼ਾਨੀ ਭਾਵ ਵਾਹਿਗੁਰੂ ਜੀ ਕੀ ਫ਼ਤਿਹ ਹੈਂ, ਤੇ ਤੂੰ ਹੀ ਜਗਤ ਦਾ ਵੱਡਾ ਸੂਰਮਾ ਹੈਂ। ਭਾਵ ਕਰਤਾ ਤੇ ਨਿਰਭਉ ਹੈਂ।
ਸ਼ਸਤ੍ਰਨਾਮ ਮਾਲਾ ਲੰਮੇਰੀ ਰਚਨਾ ਹੈ। ਇਸ ਦੇ ੧੩੧੮ ਦੋਹਰੇ ਤੇ ਸਲੋਕ ਹਨ।
ਇਨ੍ਹਾਂ ਵਿਚ ਸ਼ਬਦਾਵਲੀ ਤੇ ਬਿੰਬਾਵਲੀ ਦਾ ਅਥਾਹ ਤੇ ਅਸੀਮ ਪ੍ਰਵਾਹ ਹੈ। ਇਸ ਰਚਨਾ ਦੀ ਸ਼ੈਲੀ ਤੇ ਸੰਦੇਸ਼ ਨੂੰ ‘ਤਰਕ ਬੁੱਧ’ ਨਾਲ ਨਹੀਂ, ਸਗੋਂ ‘ਬਿਬੇਕ ਬੁੱਧੀ’ ਨਾਲ ਸਮਝਿਆ ਜਾ ਸਕਦਾ ਹੈ।
ਡਾ. ਇੰਦਰਜੀਤ ਸਿੰਘ ਗੋਗੋਆਣੀ
