3 views 16 secs 0 comments

ਦਸਮ ਪਾਤਸ਼ਾਹ ਦੀ ਬਾਣੀ: ਜਾਪੁ ਸਾਹਿਬ

ਲੇਖ
January 08, 2026

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿੱਥੇ ਮਹਾਨ ਰੂਹਾਨੀ ਆਗੂ, ਬੀਰ ਸੈਨਾਪਤੀ ਅਤੇ ਧੁਰੰਤਰ ਸਾਹਿਤਕਾਰ ਸਨ ਉੱਥੇ ਮਹਾਨ ਬਾਣੀਕਾਰ ਤੇ ਸੰਤ ਸਿਪਾਹੀ ਸਨ। ਗੁਰੂ ਸਾਹਿਬ ਦੀ ਪ੍ਰਮੁੱਖ ਰਚਨਾ ‘ਜਾਪੁ ਸਾਹਿਬ’ ਹੈ। ਅਕਾਲ ਪੁਰਖ ਦੀ ਮਹਿਮਾ ਨਿਰਗੁਣਵਾਦੀ-ਵਿਸ਼ੇਸ਼ਣਾਂ ਰਾਹੀਂ ਪ੍ਰਸਤੁਤ ਕੀਤੀ ਗਈ ਹੈ। ਇਸ ਅਨੂਠੇ ਢੰਗ ਦੀ ਰਚਨਾ ਦੁਆਰਾ ਪਰਮਸਤਿ ਦੇ ਸਰੂਪ ਦਾ ਗੁਣਗਾਨ ਕੀਤਾ ਗਿਆ ਹੈ। ਇਹ ਬਾਣੀ ਮਨੁੱਖੀ ਮਨ ਨੂੰ ਅਕਾਲ ਪੁਰਖ ਦੇ ਚਰਨਾਂ, ਵਿਚ ਲੀਨਤਾ ਪ੍ਰਦਾਨ ਕਰਨ ਦਾ ਜਲੌਅ ਹੈ। ਇਸ ਰਚਨਾ ਵਿਚ ੧੯੯ ਬੰਦ ਅਤੇ ੨੨ ਛੰਦ ਹਨ ਜਿਨ੍ਹਾਂ ਵਿਚ ਦਸ ਛੰਦ ਬੀਰ ਰਸ ਵਾਲੇ ਹਨ ਜਿਵੇਂ ਛਪੈ, ਭੁਜੰਗ ਪ੍ਰਯਾਤ, ਚਾਚਰੀ, ਰੂਆਲ, ਭਗਵਤੀ, ਹਰਿਬੋਲਮਨਾ, ਚਰਪਟ, ਮਧੁਭਾਰ, ਰਸਾਵਲ ਅਤੇ ਏਕ ਅਛਰੀ ਵਰਤੇ ਗਏ ਹਨ।

ਜਾਪੁ ਸਾਹਿਬ ਵਿਚ ਗੁਰੂ ਸਾਹਿਬ ਨੇ ਅਕਾਲ ਪੁਰਖ ਦੇ ਨਾਂ ਵੀ ਜੁਝਾਰੂ ਯੋਧਿਆਂ ਵਾਲੇ ਚਿੱਤਰੇ ਹਨ ਜਿਵੇਂ ਅਸਿਕੇਤੁ, ਅਸਿਧੁਜ, ਅਸਿਪਾਣ, ਸਸਤ੍ਰਪਾਣਿ ਆਦਿ। ਦਸਮ ਪਿਤਾ ਨੇ ਭਗਤੀ ਦਾ ਸ਼ਕਤੀ ਨਾਲ ਮਿਲਾਪ ਕਰਾ ਕੇ ਨਵਾਂ ਬਿੰਬ ਸਥਾਪਿਤ ਕੀਤਾ।

ਦਸਮ ਪਿਤਾ ਨੇ ਆਪਣੇ ਕਈ ਛੰਦਾਂ ਵਿਚ ਪ੍ਰਤੀਕਾਤਮਿਕ ਅਤੇ ਸਕਾਰਾਤਮਿਕ ਸ਼ੈਲੀਆਂ ਦਾ ਪ੍ਰਯੋਗ ਕਰਕੇ ਸਰੂਪ ਚਿਤਰਨ ਉਭਾਰਿਆ ਹੈ। ਪਰਮ ਸੱਤਾ ਦੇ ਸਰੂਪ ਵਰਣਨ ਵਿਚ ਇਕ ਵਿਸ਼ੇਸ਼ਤਾ ਇਹ ਵੇਖੀ ਗਈ ਹੈ ਕਿ ਗੁਰੂ ਸਾਹਿਬ ਜੀ ਨੇ ਪਹਿਲਾਂ ਇਕ ਪ੍ਰਤਿਸ਼ਠਿਤ ਸੱਤਾ ਅਥਵਾ ਸ਼ਕਤੀ ਦਾ ਉਲੇਖ ਕਰ ਕੇ ਫਿਰ ਬ੍ਰਹਮ ਜਾਂ ਆਪਣੇ ਇਸ਼ਟ ਦੇਵ ਨੂੰ ਉਸ ਤੋਂ ਉੱਪਰ ਜਾਂ ਸ੍ਰੇਸ਼ਠ ਘੋਸ਼ਿਤ ਕੀਤਾ ਹੈ।

ਹਰ ਸ਼ਬਦ ਸ਼ਸਤਰਧਾਰੀ ਯੋਧਾ ਹੈ ਜੋ ਨਾਮ ਸਿਮਰਨ ਦੇ ਨਾਲ-ਨਾਲ ਯੁੱਧ ਕਿਰਿਆ ਵਿਚ ਲੀਨ ਹੈ। ਉਸ ਦੀ ਗਤੀ ਵੀਰਤਾ ਵਾਲੀ ਹੈ, ਪ੍ਰਭਾਵ ਵੀ ਵੀਰਤਾ ਵਾਲਾ। ਅਮਨੁੱਖਤਾ ਦੇ ਵਿਰੁੱਧ ਲੜਾਈ ਲੜਨ ਵਾਲੇ ਸੁਰਮੇ ਦਾ ਜਾਪ ਹੈ।

ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਸਿਰਮੌਰ (ਨਾਹਨ) ਵਿਚ ਜਮਨਾ ਦਰਿਆ ਦੇ ਕੰਢੇ ਦਸਮ ਪਿਤਾ ਨੇ ੧੬੮੫ ਈ: ਵਿਚ ਸ਼ਹਿਰ ‘ਪਾਉਂਟਾ ਸਾਹਿਬ’ ਦੀ ਨੀਂਹ ਰੱਖੀ ਸੀ। ਇਹ ਜ਼ਮੀਨ ਰਾਜਾ ਮੇਦਨੀ ਪ੍ਰਕਾਸ਼ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੇਟਾ ਕੀਤੀ ਸੀ। ਇੱਥੇ ਗੁਰੂ ਸਾਹਿਬ ਕਈ ਵਰ੍ਹੇ ਰਹੇ। ‘ਪਾਉਂਟਾ ਸਾਹਿਬ’ ਵਿਚ ਗੁਰੂ ਸਾਹਿਬ ਨਾਲ ਸੰਬੰਧਿਤ ਸੱਤ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਹਨ। ‘ਕਵੀ ਦਰਬਾਰ ਅਸਥਾਨ’ ਉਹ ਥਾਂ ਹੈ ਜਿੱਥੇ ਗੁਰੂ ਸਾਹਿਬ ੫੨ ਕਵੀਆਂ ਨਾਲ ਕਵੀ ਦਰਬਾਰ ਸਜਾਇਆ ਕਰਦੇ ਸਨ। ਇੱਥੇ ਹੀ ਗੁਰੂ ਸਾਹਿਬ ਨੇ ਜਾਪੁ ਸਾਹਿਬ, ਸਵੱਯੈ ਪਾਤਸ਼ਾਹੀ ਦਸਵੀਂ ਆਦਿ ਦੀ ਰਚਨਾ ਕੀਤੀ ਮੰਨੀ ਜਾਂਦੀ ਹੈ।

ਜਾਪੁ ਸਾਹਿਬ ਦੀ ਭਾਸ਼ਾ ਮਿਸ਼ਰਿਤ ਹੈ ਜਿਸ ਵਿਚ ਸਾਧੂਕੜੀ, ਪੰਜਾਬੀ, ਸੰਸਕ੍ਰਿਤ, ਅਰਬੀ ਤੇ ਫ਼ਾਰਸੀ ਮੁੱਖ ਮੰਨੀਆਂ ਜਾਂਦੀਆਂ ਹਨ। ਭਾਸ਼ਾਈ-ਮਿਸ਼ਰਨ ਜੁਗਤ ਪੱਖੋਂ ਇਹ ਬਾਣੀ ਅਨੂਪਮ ਅਤੇ ਵਿਸ਼ੇਸ਼ਣ ਪ੍ਰਧਾਨਤਾ ਦਾ ਸਰੂਪ ਪੇਸ਼ ਕਰਦੀ ਹੈ। ਸਰਬ ਸਾਂਝੀ ਭਾਸ਼ਾ ਅਤੇ ਸ਼ੈਲੀ ਅਨੋਖੀ ਅਤੇ ਬੇਮਿਸਾਲ ਹੈ। ‘ਜਾਪੁ ਸੰਸਕ੍ਰਿਤ ਦੇ ਸ਼ਬਦ ‘ਜਪ’ ਦਾ ਮੂਲ ਹੈ ਜਿਸ ਦੇ ਅਰਥ ਹਨ: ਹੌਲੀ ਆਵਾਜ਼ ਵਿਚ ਉਚਾਰਨ ਕਰਨਾ। ਅਕਾਲਪੁਰਖ ਦੇ ਨਾਮ ਦਾ ਉਚਾਰਨ ਕਰਨਾ। ਇਹ ਬਾਣੀ ਨਿੱਤਨੇਮ ਦੀ ਹੈ। ‘ਖੰਡੇ ਦੀ ਪਾਹੁਲ’ ਸਮੇਂ ਵੀ ਪੰਜਾਂ ਬਾਣੀਆਂ ‘ਚੋਂ ਇੱਕ ਹੈ।

ਜਪੁ, ਜਾਪ, ਸਵੈਯੇ, ਚੌਪਈ, ਅਨੰਦ ਕੋ, ਪਾਠ ਸੋਂ ਪਾਹੁਲ ਤਿਆਰ ਕਰੀਜੈ। ਪਾਂਚਓ ਚੁਲੇ ਮੁਖ ਪਾਵਹਿ ਸੁ ਯਾਜਕ ਏਤ ਹੀ ਨੇਤਰ ਕੇਸ ਪਵੀਜੈ॥੧੧੩॥
ਡਾ. ਰਤਨ ਸਿੰਘ (ਜੱਗੀ) ਅਨੁਸਾਰ ਜਾਪੁ ਸਾਹਿਬ ਭਾਸ਼ਾਈ ਪਵਿੱਤਰਤਾ, ਸੁਚੱਜਾ ਅਤੇ ਸਰਬ ਸਾਂਝੇਪਣ ਦਾ ਸੁੰਦਰ ਨਮੂਨਾ ਹੈ।” ਜਾਪੁ ਸਾਹਿਬ ਸੰਤ ਸਿਪਾਹੀ ਨੂੰ ਮੈਦਾਨ-ਏ-ਜੰਗ ਲਈ ਉਤਸ਼ਾਹਿਤ ਅਤੇ ਨਿਰਦੇਸ਼ਿਤ ਕਰਦੀ ਹੈ, ਇਸ ਦਾ ਰਚਨਾ-ਵਿਧਾਨ ਗਤਕੇ ਦੀ ਚਾਲ ‘ਤੇ ਮੰਨਿਆ ਜਾਂਦਾ ਹੈ। ਤਵਾਰੀਖ ਵਿਚ ਜ਼ਿਕਰ ਆਉਂਦਾ ਹੈ ਕਿ ਪੁਰਾਤਨ ਸਿੰਘ ਇਸ ਬਾਣੀ ਦਾ ਪਾਠ ਕਮਰਕੱਸਾ ਕਰ ਕੇ ਕਰਦੇ ਸਨ। ਇਸ ਤਰ੍ਹਾਂ ਤੇਗ ਅਤੇ ਮਾਲਾ ਦਾ ਤੇਜ਼ ਚਾਨਣ ਵਿਚ ਪ੍ਰਗਟ ਹੁੰਦਾ ਸੀ।

ਭੰਗਾਣੀ ਦੇ ਯੁੱਧ ਵਿਚ ਗੁਰੂ ਸਾਹਿਬ ਜੋ ‘ਚਾਰ ਆਇਨਾ’ ਧਾਤ ਦਾ ਜ਼ਰਾਬਕਤਰ ਪਹਿਨਦੇ ਸਨ, ਉਸ ਦੀ ਪੇਟੀ ‘ਤੇ ਗੁਰਬਾਣੀ ਅੰਕਿਤ ਹੁੰਦੀ ਸੀ। ਚਾਰ ਆਇਨਾ ਦੇ ਦੂਜੇ ਆਇਨਾ ‘ਤੇ ‘ਜਾਪੁ ਸਾਹਿਬ’ ਦਾ ਪਹਿਲਾ ਛੰਦ ਉੱਕਰਿਆ ਹੋਇਆ ਹੈ, ਜੋ ਅੱਜ ਵੀ ਪਟਿਆਲਾ ਘਰਾਣੇ ਕੋਲ ਮੌਜੂਦ ਹੈ। ਡਾ. ਰਤਨ ਸਿੰਘ ਦੇ ਸ਼ਬਦਾਂ ਵਿਚ, “ਜਾਪੁ ਸਾਹਿਬ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਦੀ ਪਰੰਪਰਾ ਵਿਚ ਨਿਰਗੁਣ, ਸਰਬ ਵਿਆਪਕ ਬ੍ਰਹਮ ਦੀ ਉਸਤਤ ਕਰਦਿਆਂ ਯੁੱਗ ਦੀ ਲੋੜ ਅਨੁਸਾਰ ਉਸ ਵਿਚ ਜੁਝਾਰੂ ਅਤੇ ਮਰਿ ਮਕੰਦਨ ਸ਼ਕਤੀ ਦਾ ਵੀ ਆਰੋਪ ਕੀਤਾ ਹੈ। ਇਸ ਤੋਂ ਇਲਾਵਾ ਵਿਰੋਧਾਤਮਕ, ਸਕਾਰਾਤਮਕ ਅਤੇ ਨਿਸ਼ੇਧਾਤਮਕ ਸ਼ੈਲੀ ਪ੍ਰਯੋਗਾਂ ਰਾਹੀਂ ਉਸ ਨੂੰ ਸਹੀ ਪਰਿਪੇਖ ਪ੍ਰਦਾਨ ਕੀਤਾ ਹੈ ਅਤੇ ਅਨੇਕ ਧਰਮਾਂ ਵਿਚ ਪਰਮਸੱਤਾ ਲਈ ਪ੍ਰਤਿਸ਼ਠਿਤ ਨਾਂਵਾਂ ਦੀ ਵਰਤੋਂ ਕਰ ਕੇ ਇਸ਼ਟ ਦੇਵ ਦੇ ਸਰੂਪ ਨੂੰ ਸਰਵ ਧਰਮ-ਗ੍ਰਾਹੀ ਬਣਾਇਆ ਹੈ ਅਤੇ ਪਰਮ ਸੱਤਾ ਦਾ ਅਜਿਹਾ ਸਰੂਪ ਚਿਤਰਨ ਕਰ ਕੇ ਭਾਵਾਤਮਿਕ ਏਕਤਾ ਕਾਇਮ ਕਰਨ ਦਾ ਯਾਦਗਾਰੀ ਉੱਦਮ ਕੀਤਾ ਹੈ। ਇਸ ਤੋਂ ਇਲਾਵਾ ਭਗਤੀ ਅਤੇ ਸ਼ਕਤੀ ਦਾ ਸਮਨੇਵ ਕਰ ਕੇ ਨਵ-ਸਿਰਜਿਤ ਖਾਲਸਾ ਭਾਈਚਾਰੇ ਨੂੰ ਸੰਤ ਸਿਪਾਹੀ ਬਣਨ ਦੀ ਜੁਗਤ ਦੱਸੀ ਗਈ ਹੈ।

ਸਿੱਖ ਇਤਿਹਾਸ ਵਿਚ ਜ਼ਿਕਰ ਆਉਂਦਾ ਹੈ ਕਿ ਗਤਕਾ ਅਖਾੜਿਆਂ ਵਿਚ ਸ਼ੁਰੂ ਤੋਂ ਇਹ ਪਰਿਪਾਟੀ ਰਹੀ ਹੈ ਕਿ ਗਤਕੇ ਦੇ ਅਭਿਆਸ ਸਮੇਂ ‘ਜਾਪੁ ਸਾਹਿਬ’ ਦਾ ਪਾਠ ਉੱਚੀ ਸ੍ਵਰ ਨਾਲ ਕੀਤਾ ਜਾਂਦਾ ਸੀ । ਪਰੰਪਰਾ ਇਸ ਗੱਲ ਦੀ ਸਾਖੀ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਰਚੀ ਇਸ ਬਾਣੀ ਨੂੰ ਗੁਰੂ ਸਾਹਿਬ ਸਵੇਰ ਵੇਲੇ ਗਤਕੇ ਦੀ ‘ਭੋਗਪੁਰਾ’ ਨਾਮਕ ਸਥਾਨ ਉੱਤੇ ਆਪਣੇ ਸੈਨਾਨੀਆਂ ਨੂੰ ਸਿਖਲਾਈ ਕਰਵਾਉਂਦੇ ਸਨ। ਜਾਪੁ ਸਾਹਿਬ ਦਾ ਅਭਿਆਸ ਵੀ ਨਾਲ-ਨਾਲ ਕਰਾਉਂਦੇ ਸਨ। ਇਹ ਸਥਾਨ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਿਚਕਾਰ ਕਿਤੇ ਰਿਹਾ ਹੈ। ਮਿੱਟੀ ਦੇ ਦਸ ਕੁ ਫੁੱਟ ਉੱਚੇ ਨਿੱਕੇ ਟਿੱਲੇ ਦੇ ਆਲੇ-ਦੁਆਲੇ ਪੱਧਰੀ ਧਰਤੀ ਉੱਤੇ ਗਤਕਾ ਖੇਡਿਆ ਜਾਂਦਾ ਸੀ । ਟਿੱਲੇ ਉੱਤੇ ਬੈਠਾ ਸਿੰਘ ਜਾਪੁ ਸਾਹਿਬ ਦਾ ਪਾਠ ਉੱਚੀ ਸੂਰ ਵਿਚ ਕਰਦਾ ਸੀ।

ਸੰਖੇਪ ਵਿਚ ਅਸੀਂ ਆਖ ਸਕਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਮੁਖਾਰਬਿੰਦ ਤੋਂ ਉਚਾਰਿਤ ਬਾਣੀ ਹੈ ‘ਜਾਪੁ ਸਾਹਿਬ’ ਜਿਸ ਦਾ ਵਿਸ਼ਾ-ਵਸਤੂ, ਸ਼ੈਲੀ, ਭਾਸ਼ਾ ਅਤੇ ਪਿੰਗਲ ਦੇ ਕੋਣ ਤੋਂ ਅਨੂਪਮ ਬਾਣੀ ਹੈ।

-ਡਾ. ਜਸਬੀਰ ਸਿੰਘ