221 views 14 secs 0 comments

ਦਸਵੰਧ: ਸਿਧਾਂਤ, ਇਤਿਹਾਸ ਤੇ ਸਰੂਪ

ਲੇਖ
February 20, 2025

ਪ੍ਰੋ . ਬਲਵਿੰਦਰ ਸਿੰਘ ਜੌੜਾਸਿੰਘਾ

ਸੰਸਾਰ ਵਿਚ ਜਦੋਂ ਵੀ ਕੋਈ ਧਰਮ ਪੈਦਾ ਹੁੰਦਾ ਹੈ ਤਾਂ ਧਰਮ ਦੇ ਰਹਿਬਰ ਦਾ ਮਨੋਰਥ ਜਨ-ਸਾਧਾਰਣ ਦਾ ਕਲਿਆਣ ਕਰਨਾ ਹੁੰਦਾ ਹੈ। ਇਸ ਲਈ ਉਹ ਸਿਖਿਆ ਰੂਪ ਵਿਚ ਸੰਕਲਪ ਤੇ ਸਿਧਾਂਤ ਦਿੰਦਾ ਹੈ। ਸੰਕਲਪਾਂ ਤੇ ਸਿਧਾਂਤਾਂ ਨੂੰ ਨਿਭਾਉਣ ਲਈ ਸੰਸਥਾਵਾਂ ਤਿਆਰ ਹੁੰਦੀਆਂ ਹਨ। ਸਿੱਖ ਧਰਮ ਦਾ ਉਦਭਵ ਵੀ ਮਨੁੱਖੀ ਕਲਿਆਣ ਲਈ ਹੋਇਆ। ਭੱਟ ਬਾਣੀਕਾਰ ਦਾ ਪ੍ਰਮਾਣ ਹੈ: ਤਾਰਨਿ ਮਨੁਖ ਕੀਅਓ ਪ੍ਰਗਾਸ॥” ਸ੍ਰੀ ਗੁਰੂ ਨਾਨਕ ਸਾਹਿਬ ਜੀ ਅਤੇ ਦੂਸਰੇ ਗੁਰੂ ਸਾਹਿਬਾਨ ਨੇ ਸਿੱਖ ਧਰਮ, ਜਨ ਕਲਿਆਣ ਲਈ ਬਾਣੀ ਅਤੇ ਸਿੱਖਿਆ ਰਾਹੀਂ ਸੰਕਲਪ, ਸਿਧਾਂਤ ਦਿੱਤੇ; ਇਕ ਪੰਥ (ਮਾਰਗ) ਸਥਾਪਿਤ ਕੀਤਾ। ਇਸ ਨੂੰ ਭਾਈ ਗੁਰਦਾਸ ਜੀ ਨੇ ‘ਨਿਰਮਲ ਪੰਥ’ ਕਿਹਾ ਹੈ:
ਮਾਰਿਆ ਸਿਕਾ ਜਗਤਿ ਵਿਚਿ ਨਾਨਕ ਨਿਰਮਲ ਪੰਥੁ ਚਲਾਇਆ। (ਵਾਰ ੧੪੫)

ਇਸ ਮਾਰਗ ਦੀ ਸਥਾਪਤੀ ਲਈ ਸੰਸਥਾਵਾਂ ਦੀ ਨੀਂਹ ਰੱਖੀ, ਜਿਵੇਂ ਸੰਗਤ, ਪੰਗਤ, ਗੁਰਦੁਆਰਾ, ਮੰਜੀ, ਮਸੰਦ, ਖ਼ਾਲਸਾ ਪੰਥ, ਦਸਵੰਧ ਆਦਿ। ਇਕ ਸਿੱਖ ਦੇ ਜੀਵਨ ਚਰਿਤਰ ਦੀ ਘਾੜਤ ਘੜਨ ਲਈ ਇਨ੍ਹਾਂ ਸੰਸਥਾਵਾਂ ਦੀ ਲੋੜ ਸੀ। ਸਿੱਖ ਨੇ ਸੰਗਤ ਵਿਚ ਬੈਠ ਕੇ ਗੁਰੂ ਦਾ ਉਪਦੇਸ ਗ੍ਰਹਿਣ ਕਰਨਾ ਸੀ। ਪੰਗਤ ਰਾਹੀਂ ਮਨ ਵਿਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਆਦਿ ਵਾਸ਼ਨਾਵਾਂ ਨੂੰ ਦੂਰ ਕਰਨਾ ਸੀ। ਸੰਗਤ ਦਾ ਰੂਪ ਵਿਕਾਸ ਕਰਦਾ ਹੋਇਆ ਧਰਮਸਾਲ, ਗੁਰਦੁਆਰਾ ਦੇ ਰੂਪ ਵਿਚ ਸਥਾਪਿਤ ਹੋ ਗਿਆ। ਜਿਵੇਂ ਜਿਵੇਂ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਹੁੰਦਾ ਗਿਆ ਹੈ ਤਿਵੇਂ-ਤਿਵੇਂ ਸਿੱਖ ਸੰਸਥਾਵਾਂ ਹੋਂਦ ਵਿਚ ਆਉਂਦੀਆਂ ਗਈਆਂ। ਇਨ੍ਹਾਂ ਸੰਸਥਾਵਾਂ ਵਿਚ ਦਸਵੰਧ ਇਕ ਮਹੱਤਵਪੂਰਨ ਸੰਸਥਾ ਹੈ। ‘ਦਸਵੰਧ’ ਸੰਸਥਾ ਦੇ ਸਿਧਾਂਤ, ਇਤਿਹਾਸ ਤੇ ਸਰੂਪ ਬਾਰੇ ਸਮਝਣਾ ਇਸ ਲੇਖ ਦਾ ਮੂਲ ਵਿਸ਼ਾ ਹੈ।

‘ਦਸਵੰਧ` ਸ਼ਬਦ ਦੀ ਵਿਉਂਤਪਤੀ ਦਸਮਾਂਸ ਤੋਂ ਹੋਈ ਜਿਸ ਦਾ ਅਰਥ ਹੈ ‘ਦਸਵਾਂ ਭਾਗ’। ਸਿੱਖ ਸ਼ਬਦਾਵਲੀ ਵਿਚ ਇਸ ਪਰਿਭਾਸ਼ਕ ਸ਼ਬਦ ਦਾ ਅਰਥ ਧਰਮ ਦੀ ਕਿਰਤ ਕਮਾਈ ਵਿਚੋਂ ਗੁਰੂ ਘਰ ਨਮਿਤ ਦਸਵਾਂ ਹਿੱਸਾ ਵੱਖਰਾ ਕੱਢਣਾ ਧਾਰਮਿਕ ਫਰਜ਼ ਮੰਨਿਆ ਜਾਂਦਾ ਹੈ। ਵੱਖ-ਵੱਖ ਧਰਮਾਂ ਵਿਚ ਦਸਵੰਧ (ਹਿੱਸੇਦਾਰੀ) ਦੀ ਇਸ ਭਾਵਨਾ ਦੇ ਅਨੁਸਾਰੀ ਸ਼ਬਦ ਮਿਲ ਜਾਂਦੇ ਹਨ ਜਿਵੇਂ ਹਿੰਦੂ ਧਰਮ ਵਿਚ ਆਮਦਨ ਦਾ ੨੧ਵਾਂ ਹਿੱਸਾ ਬ੍ਰਾਹਮਣ ਅਤੇ ੩੧ਵਾਂ ਹਿੱਸਾ ਦੇਵਤਿਆਂ ਲਈ ਨਿਸ਼ਚਿਤ ਕੀਤਾ ਗਿਆ ਸੀ। ਇਸਲਾਮ ਵਿਚ ‘ਜਕਾਤ’ ਜਿਸ ਰਾਹੀਂ ਆਮਦਨ ਦਾ ੪੦ਵਾਂ ਭਾਗ ਧਰਮ-ਅਰਥ ਲਈ ਰੱਖਿਆ ਜਾਂਦਾ ਹੈ। ਇਸਾਈਅਤ ਵਿਚ ਕਮਾਈ ਦਾ ਦਸਵਾਂ ਹਿੱਸਾ ਪ੍ਰਭੂ ਦੇ ਨਾਂ ਉਤੇ ਦੇਣ ਦੇ ਹਵਾਲੇ ਪ੍ਰਾਪਤ ਹਨ। ਭਾਰਤੀ ਧਰਮ ਪ੍ਰਣਾਲੀ ਅੰਦਰ ‘ਦਾਨ’ ਦਾ ਪ੍ਰਚਲਨ ਰਿਹਾ ਹੈ। ਸਮਾਜ ਦੀਆਂ ਦੋ ਸ਼੍ਰੇਣੀਆਂ ਇਕ (ਪ੍ਰੋਹਤ ਸ਼੍ਰੇਣੀ) ਦਾਨ ਲੈਣ ਅਤੇ ਦੂਜੀ ਸੇਵਕ ਧਿਰ ਦਾਨ ਦਿੰਦੀ ਸੀ। ਪੁਜਾਰੀ ਸ਼੍ਰੇਣੀ ਦਾਨ ਦੀ ਵਰਤੋਂ ਕੇਵਲ ਆਪਣੇ ਲਈ ਕਰਦੀ ਸੀ। ਇਹੀ ਕਾਰਨ ਸੀ ਕਿ ਉਹ ਕਈ ਤਰ੍ਹਾਂ ਦੇ ਸਮਾਜਿਕ ਅਪਰਾਧਾਂ ਵਿਚ ਸ਼ਾਮਿਲ ਹੋ ਗਈ ਤੇ ਦੂਜੀ ਸ਼੍ਰੇਣੀ ਸਦਾ ਲੁੱਟੀ ਜਾਂਦੀ ਰਹੀ ਹੈ।

ਇਤਿਹਾਸਕ ਤੌਰ ‘ਤੇ ਦਸਵੰਧ ਸੰਸਥਾ ਦੀ ਸ਼ੁਰੂਆਤ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਵੇਲੇ ਹੋਈ ਅਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਇਸ ਦਾ ਵਿਕਾਸ ਹੋਣਾ ਸ਼ੁਰੂ ਹੋ ਗਿਆ ਪਰ ਇਸ ਸੰਸਥਾ ਦਾ ਬੀਜ ਰੂਪ ਗੁਰਬਾਣੀ ਦੇ ਪਾਵਨ ਸ਼ਬਦ “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥੧॥” (ਪੰਨਾ ੧੨੪੫) ਤੋਂ ਪ੍ਰਾਪਤ ਹੁੰਦਾ ਹੈ। ਵੰਡ ਛਕਣ ਦੇ ਸਿਧਾਂਤ ਲਈ ਇਕ ਹੋਰ ਪਾਵਨ ਪੰਕਤੀ ਅਧਾਰ ਰੂਪ ਵਿਚ ਪ੍ਰਾਪਤ ਹੈ ਯਥਾ: “ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨ ਆਵੈ ਵਧਦੋ ਜਾਈ॥” ਭਾਈ ਗੁਰਦਾਸ ਜੀ ਦੀਆਂ ਵਾਰਾਂ ਤੋਂ ਇਕ ਗਵਾਹੀ ਇਸ ਤਰ੍ਹਾਂ ਹੈ:
ਕਿਰਤਿ ਵਿਰਤਿ ਕਰਿ ਧਰਮ ਦੀ ਹਥਹੁ ਦੇ ਕੈ ਭਲਾ ਮਨਾਵੈ। (ਵਾਰ ੬੧੨)

ਇਸ ਉਪਦੇਸ਼ ਰਾਹੀਂ ਸਿੱਖਿਆ ਇਹੀ ਸੀ ਕਿ ਕੋਈ ਵੀ ਵਿਅਕਤੀ ਭੁੱਖਾ ਨਾ ਸੌਵੇਂ। ਇਸੇ ਲਈ ‘ਲੰਗਰ ਤਿਆਰ ਹੈ’ ਅਵਾਜ਼ ਲਗਾਈ ਜਾਂਦੀ ਸੀ। ਲੋੜਵੰਦਾਂ ਦੀ ਸਹਾਇਤਾ ਕੀਤੀ ਜਾਂਦੀ ਸੀ। ਇਨ੍ਹਾਂ ਉਪਦੇਸ਼ਾਂ ਨੂੰ ਅਧਾਰ ਬਣਾ ਕੇ ਨਾਮ ਦਾਨ ਤੇ ਇਸ਼ਨਾਨ ਦਾ ਸਿਧਾਂਤ ਸਿੱਖਾਂ ਵਿਚ ਦ੍ਰਿੜ੍ਹ ਕਰਵਾਇਆ ਗਿਆ ਅਤੇ ਅੱਜ ਵੀ ਇਸ ਦਾ ਮਹੱਤਵ ਹੈ। ‘ਗਰੀਬ ਕਾ ਮੂੰਹ ਗੁਰੂ ਕੀ ਗੋਲਕ ਜਾਣਨ’ ਦਾ ਉਪਦੇਸ਼ ਵੀ ਇਸ ਦਾ ਅਧਾਰ ਹੈ। ਭਾਈ ਨੰਦ ਲਾਲ ਜੀ ਦੀ ਰਚਨਾ ਵਿਚ ਵੀ ਦਸਵੰਧ ਭਾਵ ਦਸਾਂ ਨਹੁੰਆਂ ਦੀ ਕਿਰਤ ਵਿਚੋਂ ਦਸੌਂਦ ਕੱਢਣ ਦਾ ਜ਼ਿਕਰ ਮਿਲਦਾ ਹੈ:
ਦਸ ਨਖ ਕਰਿ ਜੋ ਕਾਰ ਕਮਾਵੈ, ਤਾਂ ਕਰ ਜੋ ਧਨੁ ਘਰ ਮਹਿ ਆਵੈ।
ਤਿਸ ਤੇ ਗੁਰ ਦਸੌਂਦ ਜੋ ਦੇਈ ਸਿੰਘ ਸੁਯਮ ਬਹੁ ਜਗ ਮੇਂ ਲੇਈ॥
(ਪ੍ਰਸ਼ਨ ਉੱਤਰ ਭਾਈ ਨੰਦ ਲਾਲ ਜੀ)

‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਵੀ ਗੁਰੂ ਨਮਿਤ ਦਸਵੰਧ ਦੇਣ ਦਾ ਉਲੇਖ ਹੈ:
ਜੋ ਅਪਨੀ ਕਛੁ ਕਰਹੁ ਕਮਾਈ।
ਗੁਰੂ ਹਿਤ ਦਿਹੁ ਦਸਵੰਧ ਬਨਾਈ॥
ਪਰ ਸਿੱਖ ਸਿਧਾਂਤ ਅਨੁਸਾਰ ਦਸਵੰਧ ਜਾਂ ਦਾਨ ਕਿਰਤ ਧਰਮ ਦੀ ਕਮਾਈ ਵਿਚੋਂ ਹੀ ਪ੍ਰਵਾਨ ਹੈ ਨਾ ਕਿ ਗਲਤ ਢੰਗ ਨਾਲ ਇਕੱਤਰ ਕੀਤੀ ਮਾਇਆ ਵਿਚੋਂ:
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥
ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ ੪੭੨)

ਦਸਵੰਧ ਜਾਂ ‘ਦਾਨ` ਨੂੰ ਜਿਵੇਂ ਕੁਝ ਵਿਦਵਾਨਾਂ ਨੇ ਇਸ ਨੂੰ ‘ਕਰ’ (Tax) ਦੇ ਰੂਪ ਵਿਚ ਦੱਸਣ ਦਾ ਯਤਨ ਕੀਤਾ ਹੈ। ਅਜਿਹਾ ਨਹੀਂ ਹੈ। ਦਸਵੰਧ ਕਿਸੇ ਤਰ੍ਹਾਂ ਦਾ ਕੋਈ ਜਬਰੀ ਉਗਰਾਹਿਆ ਜਾਣ ਵਾਲਾ ਟੈਕਸ ਨਹੀਂ ਹੈ। ਅਸਲ ਵਿਚ ਦਸਵੰਧ ਸਿੱਖ ਸੰਗਤ ਵਲੋਂ ਆਪਣੀ ਖੁਸ਼ੀ ਨਾਲ ਦਿੱਤੀ ਭੇਟਾ ਸੀ। ਗੁਰੂ ਨਮਿਤ ਭੇਂਟ ਕੀਤੀ ਹੋਈ ਭੇਂਟ ਨੂੰ ਸੰਗਤ ਦੇ ਮੁਖੀ ਪ੍ਰਚਾਰਕ, ਮੰਜੀਦਾਰ, ਮਸੰਦ ਇਕੱਠੀ ਕਰਕੇ ਪਹੁੰਚਾਇਆ ਕਰਦੇ ਸਨ। ਦਸਵੰਧ ਸੰਸਥਾ ਦਾ ਅਰੰਭ ਸਿੱਖੀ ਦੇ ਵਿਕਾਸ ਨਾਲ ਸ਼ੁਰੂ ਹੋਇਆ। ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰ ਨੂੰ ਸਹੀ ਦਸ਼ਾ ਤੇ ਦਿਸ਼ਾ ਦੇਣ ਲਈ ਜਿਥੇ ਗੁਰਬਾਣੀ ਦਾ ਅਧਾਰ “ਮੈ ਗੁਰਬਾਣੀ ਅਧਾਰ ਹੈ ਗੁਰਬਾਣੀ ਲਾਗ ਰਹਾਓ” ਦਿੱਤਾ ਜਾ ਰਿਹਾ ਸੀ ਉਥੇ ਧਰਮ ਦੇ ਸੰਸਥਾਗਤ ਵਿਕਾਸ ਵੱਲ ਵੀ ਧਿਆਨ ਦਿੱਤਾ ਗਿਆ ਜਿਸਦੇ ਨਤੀਜੇ ਵਜੋਂ ਮੰਜੀ ਸੰਸਥਾ ਦਾ ਆਰੰਭ ਹੋਇਆ। ਗੁਰੂ ਸਾਹਿਬ ਨੇ ੨੨ ਮੰਜੀਆਂ ਸਥਾਪਿਤ ਕੀਤੀਆਂ। ਚੌਥੇ ਗੁਰੂ ਸਾਹਿਬ ਜੀ ਨੇ ਮਸੰਦ ਸੰਸਥਾ ਦਾ ਅਰੰਭ ਕੀਤਾ। ਇਸ ਸਮੇਂ ਸਿੱਖੀ ਦੇ ਨਵੇਂ-ਨਵੇਂ ਕੇਂਦਰ ਸਥਾਪਿਤ ਹੋਣੇ ਸ਼ੁਰੂ ਹੋ ਗਏ। ਲੋਕ ਕਲਿਆਣ ਲਈ ਬਉਲੀਆਂ, ਖੂਹਾਂ, ਗੁਰਦੁਆਰਿਆਂ, ਸਰੋਵਰਾਂ, ਤਲਾਬਾਂ, ਦਵਾਖਾਨਿਆਂ ਆਦਿ ਦਾ ਨਿਰਮਾਣ ਹੋਣਾ ਸ਼ੁਰੂ ਹੋ ਗਿਆ। ਇਨ੍ਹਾਂ ਕਾਰਜਾਂ ਲਈ ਮਾਇਆ ਦੀ ਲੋੜ ਕੁਦਰਤੀ ਸੀ। ਇਸ ਲਈ ਗੁਰੂ ਨਮਿਤ ਕਿਰਤ ਕਮਾਈ ਵਿਚੋਂ ਕੁਝ ਭੇਟਾ ਦੇਣੀ ਸਿੱਖ ਆਪਣਾ ਫਰਜ਼ ਸਮਝਣ ਲੱਗ ਪਏ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਸਮੇਂ ਦਸਵੰਧ ਦੇ ਰੂਪ ਵਿਚ ਘੋੜੇ, ਚੰਗੇ ਸਸ਼ਤਰ ਵੀ ਭੇਂਟ ਕੀਤੇ ਜਾਂਦੇ ਸਨ। ਇਸ ਭੇਟਾ ਵਿਚ ਸੋਨਾ, ਚਾਂਦੀ ਆਦਿ ਵੀ ਹੁੰਦਾ ਸੀ।

ਗੁਰੂ ਨਮਿਤ ਦਸਵੰਧ ਭੇਂਟ ਕਰਨ ਲਈ ਵਰਤੋਂ ਕੇਵਲ ਗੁਰੂ ਘਰਾਂ ਦੀ ਕਿਵੇਂ ਹੋਏ ਇਸ ਬਾਰੇ ਸਿੱਖ ਇਤਿਹਾਸ ਪਰੰਪਰਾ ਵਿਚ ਕਈ ਸਾਖੀਆਂ ਪ੍ਰਾਪਤ ਹਨ। ਐਸੀ ਹੀ ਇਕ ਸਾਖੀ ਸ੍ਰੀ ਗੁਰੂ ਰਾਮਦਾਸ ਜੀ ਨਾਲ ਸਬੰਧਤ ਪ੍ਰਾਪਤ ਹੈ। ਇਕ ਵਾਰ ਬਰ੍ਹਮ ਦਾਸ ਖੇਟੜ, ਭਾਈ ਡੂਗਰ ਦਾਸ, ਭਾਈ ਜੇਠਾ, ਭਾਈ ਤੀਰਥਾ, ਭਾਈ ਸੰਸਾਰੂ, ਭਾਈ ਦੀਪਾ ਅਤੇ ਭਾਈ ਬੂਲਾ ਸਤਿਗੁਰੂ ਰਾਮਦਾਸ ਜੀ ਦੇ ਦਰਬਾਰ ਆਏ ਤੇ ਬੇਨਤੀ ਕੀਤੀ ਕਿ ਪਾਤਸ਼ਾਹ ਜੀ! ਸਾਡਾ ਵੀ ਉਧਾਰ ਕਰੋ। ਪਾਤਸ਼ਾਹ ਜੀ ਨੇ ਉਦੋਂ ਉਪਦੇਸ਼ ਕੀਤਾ ਕਿ ਨਿਰੰਕਾਰ ਦਾ ਸਿਮਰਨ ਕਰਦਿਆਂ ਹੋਇਆਂ ਮਨ ਵਿਚੋਂ ਵਿਕਾਰਾਂ ਨੂੰ ਦੂਰ ਕਰਨਾ ਹੈ ਅਤੇ ਘਰ ਆਏ ਸਿੱਖ ਦੀ ਸੇਵਾ ਕਰਨੀ ਹੈ। ਪ੍ਰੇਮ ਨਾਲ ਭੋਜਨ ਤੇ ਬਸਤਰ ਦੇਣੇ ਹਨ। ਜੇ ਕਿਸੇ ਸਿੱਖ ਦਾ ਕੰਮ ਵੱਡਾ ਹੋਵੇ ਜੋ ਧਨ ਤੋਂ ਬਿਨਾਂ ਪੂਰਾ ਨਾ ਹੋ ਸਕਦਾ ਹੋਵੇ ਤਾਂ ਸਾਰਿਆਂ ਸਿੱਖਾਂ ਨੇ ਰਲ ਕੇ ਅਰਦਾਸ ਕਰਨੀ ਤੇ ਸਾਰਿਆਂ ਕੋਲੋਂ ਇਕ ਥਾਂ ਧਨ ਇਕੱਠਾ ਕਰਕੇ ਸਿੱਖ ਦੇ ਕਾਰਜ ਸੰਵਾਰ ਦੇਣੇ ਹਨ। ਇਸ ਤੋਂ ਇਲਾਵਾ ਸਮਰਥਾ ਅਨੁਸਾਰ ਧਰਮਸ਼ਾਲ (ਗੁਰਦੁਆਰਾ) ਤਿਆਰ ਕਰਨਾ ਹੈ, ਆਏ ਗਏ ਦੀ ਰਿਹਾਇਸ਼ ਤੇ ਭੋਜਨ ਆਦਿ ਦਾ ਪ੍ਰਬੰਧ ਕਰਨਾ ਹੈ। ‘ਗੁਰ ਪ੍ਰਤਾਪ ਸੂਰਜ ਗ੍ਰੰਥ’ ਵਿਚ ਇਸ ਬਾਰੇ ਇਸ ਤਰ੍ਹਾਂ ਉਲੇਖ ਹੈ:

ਰਾਮਦਾਸ ਸਤਿਗੁਰੂ ਉਚਾਰਾ। ‘ਪ੍ਰਥਮ ਤਜਹੁ ਮਨ ਕੋ ਹੰਕਾਰਾ॥੨੦॥
ਗਹੋ ਨੰਮ੍ਰਤਾ, ਤਯਾਗਹੁ ਮਤਸ਼ਰ। ਕਰਹੁ ਨ ਨਿੰਦਾ, ਅਵਗੁਨ ਪਰਹਿਰ॥
ਜੇ ਘਰ ਆਯੋ ਸਿੱਖ ਨਿਹਰਿਯਹਿ। ਨਿਜ ਨਿਜ ਘਰ ਤੇ ਸੇਵਾ ਕਰਿਯਹਿ॥੨੧॥
ਭੋਜਨ ਬਸਤੁ ਭਾਉ ਧਰਿ ਦੀਜਹਿ। ਮਾਨਹੂ ਬਾਕ ਨ ਫੇਰਨ ਕੀਜਹਿ।
ਜੇ ਸਿਖ ਕੋ ਹੁਇ ਕਾਜ ਬਡੇਰਾ। -ਬਿਨ ਧਨ ਸਰਹਿ ਨ— ਜੌ ਅਸੁ ਹੇਰਾ॥੨੨॥
ਸਭਿ ਮਿਲ ਕਰਿ ਉਚਰਹੁ ਅਰਦਾਸ। ਸਭਿ ਤੇ ਇਕ ਥਲ ਕਰ ਨਿਜ ਪਾਸਿ।
ਸਿਖ ਕੋ ਕਾਰਜ ਦੀਜਹਿ ਸਾਰ। ਤਬ ਪ੍ਰਾਪਤਿ ਤੁਮ ਕੋ ਸੁਖ ਸਾਰ॥੨੩॥
ਜਹਿ ਸਤਿਸੰਗਤ ਕੋ ਸਮੁਦਾਇ। ਕਥਾ ਕੀਰਤਨ ਕਰਹਿਂ ਬਨਾਇ।
ਤਰ੍ਹਾਂ ਜਾਇ ਸੰਧਯਾ ਅਰੁ ਪ੍ਰਤੀ। ਧਰਹੁ ਪ੍ਰੀਤ ਕਰਿ ਮਤਿ ਕੋ ਰਾਤੀ॥੨੪॥
ਜਿਸ ਮਹਿਂ ਯਥਾ ਸ਼ਕਤਿ ਹੁਇ ਆਵਹਿ। ਧਰਮਸਾਲ ਆਪ ਬਨਵਾਵਹਿ।
ਤਿਸ ਮੈਂ ਰਾਖਹਿ ਸਿੱਖ ਟਿਕਾਇ। ਪੰਥੀ ਕੋ ਭੋਜਨ ਮਿਲ ਜਾਇ॥੨੫॥
ਇਕ ਸਿਖ ਦੇਹਿ, ਕਿ ਸਭਿ ਮਿਲ ਦੇਵੇਂ। ਸਿਮਰਹਿ ਨਾਮ ਸੁ ਜਨ ਕੋ ਸੇਵੋਂ।
ਕਹਾਂ ਮਹਾਤਮ ਇਸ ਕੋ ਕਹਿਯਹਿ। ਪੁੰਨ ਪਦਾਰਥ ਸਮ ਨਹਿਂ ਲਹਿਯਹਿ॥੨੬॥ (ਰਾਸਿ ਦੂਜੀ, ਅਧਿ ੧੮ਵਾਂ)

ਦਸਵੰਧ ਦਾ ਰੂਪ ਕਈ ਤਰ੍ਹਾਂ ਦਾ ਹੋ ਸਕਦਾ ਹੈ। ਇਕ ਮਾਇਆ ਭੇਟ ਕਰਨੀ, ਇਸ ਤੋਂ ਇਲਾਵਾ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰ ਲਈ ਹੱਥੀਂ ਸੇਵਾ ਕਰਨੀ ਵੀ ਦਸਵੰਧ ਦਾ ਹੀ ਰੂਪ ਹੈ:
ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ,
ਤੈਸਾ ਪੁੰਨ ਸਿਖ ਕਉ ਇਕ ਸਬਦ ਸਿਖਾਏ ਕਾ। (ਸਵੱਯਾ ੬੭੩)

ਗ੍ਰਿਹਸਥ ਧਰਮ ਦੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਹੋਇਆਂ ਸਮੇਂ ਦਾ ਦਸਵੰਧ ਕੱਢਣਾ ਵੀ ਉਨਾ ਹੀ ਮਹੱਤਵਪੂਰਨ ਹੈ ਜਿੰਨਾ ਮਾਇਆ ਭੇਟ ਕਰਨਾ।

ਦਸਵੰਧ ਦੁਆਰਾ ਇਕੱਤਰ ਹੋਈ ਮਾਇਆ ਦੀ ਵਰਤੋਂ ਇਸ ਸੰਸਥਾ ਦਾ ਮਹੱਤਵਪੂਰਨ ਸਵਾਲ ਹੈ। ਅੱਜ ਕੌਮ ਦਾ ਸਰਮਾਇਆ ਗੁਰਦੁਆਰਿਆਂ ਦੇ ਸੰਗਮਰਮਰ ‘ਤੇ ਸੋਨਾ ਲਾਉਣ ਉਪਰ ਹੀ ਖਰਚ ਹੋ ਰਿਹਾ ਹੈ। ਨਤੀਜਾ ਇਹ ਹੋਇਆ ਕਿ ਗੁਰ ਅਸਥਾਨ ਪੱਕੇ ਹੋ ਰਹੇ ਹਨ ਤੇ ਸਿੱਖ ਅਖਵਾਉਣ ਵਾਲੇ ਕੱਚੇ ਹੋ ਰਹੇ ਹਨ। ਬਹੁਤਾਤ ਵਿਚ ਗੁਰਦੁਆਰੇ ਤਾਂ ਪੱਕੇ ਬਣ ਗਏ ਪਰ ਨੌਜੁਆਨ ਪੀੜ੍ਹੀ ਗੁਰਦੁਆਰਿਆਂ ਤੋਂ ਦੂਰ ਹੋ ਗਈ। ਇਸ ਦਸਵੰਧ ਸੰਸਥਾ ਦੀ ਉਪਯੋਗਤਾ ਇਸੇ ਵਿਚ ਹੈ ਕਿ ਕੌਮੀ ਤੌਰ ‘ਤੇ ਉਚ ਪੱਧਰ ਦੇ ਵਿਦਿਅਕ ਅਦਾਰੇ ਖੋਲ੍ਹੇ ਜਾਣ, ਚੰਗੇ ਹਸਪਤਾਲ ਬਣਾਏ ਜਾਣ ਅਤੇ ਸਿੱਖ ਬੱਚਿਆਂ ਲਈ ਰੋਜ਼ਗਾਰ ਦੀਆਂ ਯੋਜਨਾਵਾਂ ਬਣਾਈਆਂ ਜਾਣ। ਸਿੱਖ ਸਾਹਿਤ ਦੀ ਛਪਾਈ ਕਰਵਾਈ ਜਾਵੇ ਤਾਂ ਜੁ ਕੌਮੀ ਤੌਰ ‘ਤੇ ਸਵੈ-ਨਿਰਭਰ ਹੋਇਆ ਜਾ ਸਕੇ। ਜਿਨ੍ਹਾਂ ਕੌਮਾਂ ਨੇ ਆਪਣੇ ਦਾਨ (Charity) ਦਸਵੰਧ ਨੂੰ ਕੌਮੀ ਕਾਰਜਾਂ ਲਈ ਵਰਤਿਆ ਉਹ ਧਰਮਾਂ ਦੇ ਇਤਿਹਾਸ ਵਿਚ ਸਵੈ-ਨਿਰਭਰ ਹੋ ਕੇ ਦੁਨੀਆਂ ਦੀ ਅਰਥ-ਵਿਵਸਥਾ ਨੂੰ ਚਲਾ ਰਹੀਆਂ ਹਨ। ਸੰਸਾਰ ਦੇ ਇਤਿਹਾਸ ਵਿਚ ਅੱਜ ਯਹੂਦੀਆਂ ਅਤੇ ਪਾਰਸੀਆਂ ਦੇ ਧਰਮ ਦੇ ਦਾਨ ਦੇ ਖਰਚਣ ਢੰਗ ਨੂੰ ਵੇਖਿਆ ਜਾਵੇ ਤਾਂ ਤੁਸੀਂ ਹੈਰਾਨ ਹੋ ਜਾਵੋਗੇ ਕਿ ਕਿਵੇਂ ਉਨ੍ਹਾਂ ਕੌਮਾਂ ਨੇ ਆਪਣੀ ਇਸ ਸੰਸਥਾ ਦਾ ਸਹੀ ਇਸਤੇਮਾਲ ਕੀਤਾ। ਅੱਜ ਸੰਸਾਰ ਦੀ ਅਰਥ ਵਿਵਸਥਾ ਯਹੂਦੀ ਅਤੇ ਭਾਰਤ ਦੀ ਅਰਥ ਵਿਵਸਥਾ ਪਾਰਸੀਆਂ ਦੇ ਹੱਥ ਵਿਚ ਹੈ ਤਾਂ ਇਹ ਅਤਿ ਕਥਨੀ ਨਹੀਂ ਹੈ। ਇਸ ਲਈ ਅੱਜ ਦਸਵੰਧ ਵਰਗੀ ਮਹੱਤਵਪੂਰਨ ਸੰਸਥਾ ਜੋ ਗੁਰੂ ਸਾਹਿਬਾਨ ਨੇ ਸਰਬ ਕਲਿਆਣਕਾਰੀ ਉਪਦੇਸ਼ ਤੇ ਸਿਧਾਂਤ ਦੇ ਅਵੇਸ਼ ਵਿਚੋਂ ਅਪਣਾਈ ਸੀ, ਨੂੰ ਸਰਬ-ਕਲਿਆਣਕਾਰੀ ਬਣਾਉਣ ਦੀ ਲੋੜ ਹੈ ਤਾਂ ਹੀ ਇਹ ਭਾਵਨਾ ਦੀ ਸਾਰਥਿਕ ਹੋ ਸਕਦੀ ਹੈ:
ਸੇਵ ਕਰੀ ਇਨਹੀ ਕੀ ਭਾਵਤ, ਅਉਰ ਕੀ ਸੇਵ ਸੁਹਾਤ ਨ ਜੀ ਕੋ॥
ਦਾਨ ਦਯੋ ਇਨਹੀ ਕੋ ਭਲੋ, ਅਰੁ ਆਨ ਕੋ ਦਾਨ ਨ ਲਾਗਤ ਨੀਕੋ॥
(ਦਸਮ ਗ੍ਰੰਥ, ਪੰਨਾ ੭੧੬)

ਦਸਵੰਧ ਸੰਸਥਾ ਦਾ ਇਕ ਹੋਰ ਜ਼ਰੂਰੀ ਪਹਿਲੂ ਇਹ ਵੀ ਹੈ ਕਿ ਦਸਵੰਧ ਭਾਵ ਦਾਨ ਸਬੰਧੀ ਕਈ ਵਾਰ ਮਨੁੱਖ ਦਸਵੰਧ ਦੇ ਕੇ ਇਹ ਭੁੱਲ ਜਾਂਦੇ ਹਨ ਕਿ ਬਸ ਹੁਣ ਪਰਮਾਤਮਾ ਦੇ ਨਾਮ ਸਿਮਰਨ ਦੀ ਲੋੜ ਨਹੀਂ, ਮਾਇਆ ਨਾਲ ਹੀ ਮੁਕਤੀ ਪ੍ਰਾਪਤ ਹੋ ਜਾਵੇਗੀ। ਐਸਾ ਵਿਚਾਰ ਭਾਰਤੀ ਧਰਮ ਪਰੰਪਰਾ ਵਿਚ ਪ੍ਰਚਲਤ ਵੀ ਸੀ। ਪਰ ਸਿੱਖ ਧਰਮ ਵਿਚ ਇਸ ਢੰਗ ਨੂੰ ਪ੍ਰਵਾਨ ਨਹੀਂ ਕੀਤਾ ਗਿਆ। ਦਸਵੰਧ ਵੀ ਦੇਣਾ ਹੈ ਤੇ ਪ੍ਰਭੂ ਦਾ ਨਾਮ ਸਿਮਰਨ ਵੀ ਕਰਨਾ ਹੈ। ਕਿਉਂਕਿ ਪਰਮਾਤਮਾ ਦੇ ਨਾਮ ਸਿਮਰਨ ਦੇ ਤੁਲ ਹੋਰ ਕੋਈ ਵੱਡਾ ਦਾਨ ਨਹੀਂ ਹੋ ਸਕਦਾ। ਭਾਵ ਮਨੁੱਖ ਹਾਥੀ, ਘੋੜੇ, ਸੋਨਾ, ਭੂਮੀ ਆਦਿ ਸਭ ਕੁਝ ਦਸਵੰਧ ਰੂਪ ਵਿਚ ਦਾਨ ਕਰ ਦੇਵੇ, ਜੇ ਨਾਮ ਸਿਮਰਨ ਨਹੀਂ, ਨਿਤਨੇਮ ਨਹੀਂ ਤਾਂ ਇਹ ਸਭ ਕੁਝ ਦਿੱਤਾ ਵਿਅਰਥ ਹੈ। ਜਿਵੇਂ ਕਿ ਗੁਰਵਾਕ ਹੈ:
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ
ਐਸੋ ਦਾਨੁ ਨਿਤ ਨਿਤਹਿ ਕੀਜੈ॥
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ
ਰਾਮ ਨਾਮ ਸਰਿ ਤਊ ਨ ਪੂਜੈ॥੩॥
(ਪੰਨਾ ੯੭੩)

ਉਪਰੋਕਤ ਸਮੁੱਚੇ ਵਿਸਤਾਰ ਦਾ ਸਾਰ ਇਹ ਹੈ ਕਿ ਦਸਵੰਧ ਇਕ ਪਵਿੱਤਰ ਸੰਸਥਾ ਹੈ ਦਸਵੰਧ ਧਰਮ ਦੀ ਕਿਰਤ ਵਿਚੋਂ ਦਿੱਤਾ ਜਾਂਦਾ ਹੈ। ਬੇਈਮਾਨੀ ਦੁਆਰਾ ਇਕੱਤਰ ਕੀਤੀ ਮਾਇਆ ਵਿਚੋਂ ਦਸਵੰਧ ਸਿੱਖ ਧਰਮ ਵਿਚ ਪ੍ਰਵਾਨ ਨਹੀਂ। ਮਾਇਆ ਤੋਂ ਇਲਾਵਾ ਸਮੇਂ ਦਾ ਦਸਵੰਧ ਵੀ ਕੱਢਿਆ ਜਾ ਸਕਦਾ ਹੈ। ਦਸਵੰਧ ਦੀ ਵਰਤੋਂ ਕੌਮੀ ਉਸਾਰੀ ਲਈ ਹੋਣੀ ਚਾਹੀਦੀ ਹੈ। ਦਸਵੰਧ ਦੇ ਕੇ ਪਰਮਾਤਮਾ ਨੂੰ ਭੁੱਲਣਾ ਨਹੀਂ ਉਸ ਦੇ ਨਾਮ ਨੂੰ ਸਦਾ ਚੇਤੇ ਵਿਚ ਰੱਖਣਾ ਹੈ।

ਹਵਾਲੇ ਅਤੇ ਟਿਪਣੀਆਂ:

੧. ਭਾਈ ਕਾਨ ਸਿੰਘ ਨਾਭਾ, ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ, ਪਟਿਆਲਾ, ੧੯੯੦, ਪੰਨਾ ੬੧੬.

੨. ਰਤਨ ਸਿੰਘ ਜੱਗੀ, ਡਾ:, ਸਿੱਖ ਪੰਥ ਵਿਸ਼ਵ ਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ, ਪੰਨਾ ੯੪੧-੯੪੨

.ਬਾਈਬਲ ‘ਉਤਪਤੀ’ ੧੪, ੨੦, ੨੮, ੨੦)

.ਵਿਸਥਾਰ ਲਈ ਵੇਖੋ ਕਨਿੰਘਮ, ਏ ਹਿਸਟਰੀ ਆਫ ਸਿਖਸ, ਲੰਡਨ ੧੮੪੯, ਪੰਨਾ ੫੨੧; ਆਈ.ਬੀ.ਬੈਨਰਜੀ, ਖ਼ਾਲਸੇ ਦੀ ਉਤਪਤੀ, ਪਹਿਲੀ ਜਿਲਦ, ਪੰਨਾ ੧੯੫; ਗੋਕਲ ਚੰਦ ਨਰੰਗ, ਸਿੱਖ ਮੱਤ ਦਾ ਪਰਿਵਰਤਨ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ੧੯੭੩, ਪੰਨਾ ੩੬.

੫.ਗੁਰਸ਼ਰਨਜੀਤ ਸਿੰਘ, ਡਾ:, ਪ੍ਰਮੁੱਖ ਸਿੱਖ ਸੰਸਥਾਵਾਂ, ਸੰਪਾਦਕ ਡਾ: ਨਰਿੰਦਰ ਕੌਰ ਭਾਟੀਆ ਤੇ ਡਾ: ਜਸਵਿੰਦਰ ਕੌਰ ਢਿਲੋਂ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ, ੨੦੦੫, ਪੰਨਾ ੧੨੬.