80 views 2 secs 0 comments

ਦਿਲਰੁਬਾ

ਲੇਖ
May 29, 2025

ਪੰਜਾਬ ਦੀ ਸੰਗੀਤ ਪਰੰਪਰਾ ਵਿਚ ਦਿਲਰੁਬਾ ਸਾਜ਼ ਵੀ ਪਰਚੱਲਤ ਰਿਹਾ ਹੈ ਜਿਸ ਦਾ ਸਿੱਖ ਪਰੰਪਰਾ ਵਿਚ ਵਿਸ਼ੇਸ਼ ਪਰਚਾਰ ਹੈ। ਇਸ ਸਾਜ਼ ਦਾ ਉਲੇਖ ਪ੍ਰਾਚੀਨ ਗ੍ਰੰਥਾਂ ਵਿਚ ਉਪਲੱਬਧ ਨਹੀਂ। ਸਪੱਸ਼ਟ ਰੂਪ ਵਿਚ ਇਹ ਕਹਿਣਾ ਬੜਾ ਕਠਿਨ ਹੈ ਕਿ ਇਹ ਸਾਜ਼ ਕਦੋਂ ਤੋਂ ਵਿਕਸਤ ਹੋਇਆ ਪਰੰਤੂ ਪਿਛਲੇ ਦੇ ਸੌ ਸਾਲ ਤੋਂ ਸਿੱਖ ਕੀਰਤਨ ਵਿਚ ਇਸ ਦਾ ਪ੍ਰਚਾਰ ਚਲਿਆ ਆ ਰਿਹਾ ਹੈ।

ਦਿਲਰੁਬਾ ‘ਇਸਰਾਜ’ ਵਰਗਾ ਹੀ ਸਾਜ਼ ਹੈ ਜਿਸ ਦੇ ਨੀਚੇ ਲੱਕੜ ਦੀ ਤਬਲੀ ਉਪਰ ਡਾਂਡ ਉੱਤੇ ਪਰਦੇ ਜੜੇ ਹੁੰਦੇ ਹਨ। ਦਿਲਰੁਬਾ ਦੀ ਡਾਂਡ ਇਸਰਾਜ ਨਾਲੋਂ ਛੋਟੀ ਹੁੰਦੀ ਹੈ। ਤਬਲੀ ਦਾ ਅਕਾਰ ਵਡੇਰਾ ਤੇ ਇਸਦੀ ਤਬਲੀ ਲੱਕੜ ਦੇ ਖੋਲ ਤੋਂ ਤਿਆਰ ਕੀਤੀ ਜਾਂਦੀ ਹੈ ਜਿਸ ਉੱਤੇ ਚਮੜਾ ਮੜਿਆ ਹੁੰਦਾ ਹੈ। ਘੋੜੀ ਤਾਰ ਗਹਿਨ, ਖੂੰਟੀ ਦੀ ਵਿਵਸਥਾ ਪਰੰਪਰਾਗਤ ਤਰੀਕੇ ਨਾਲ ਹੀ ਕੀਤੀ ਹੁੰਦੀ ਹੈ। ਦਿਲਰੁਬਾ ਨੂੰ ਘੋੜੇ ਦੇ ਵਾਲਾਂ ਨਾਲ ਬਣੇ ਗਜ਼ ਨਾਲ ਵਜਾਇਆ ਜਾਂਦਾ ਹੈ। ਇਸ ਦੇ ਮੁਖ ਚਾਰ ਤਾਰ ਕ੍ਰਮਵਾਰ ਮੰਦਰ ਮਧਿਅਮ, ਮੰਦਰ ਸ਼ੜਜ, ਮੰਦਰ ਪੰਚਮ ਅਤੇ ਮੰਦਰ ਸ਼ੜਜ ‘ਤੇ ਮਿਲਾਏ ਜਾਂਦੇ ਹਨ ਅਤੇ ਪੰਦਰਾਂ ਤੋਂ ਸਤਾਰਾਂ ਤਰਬਾਂ ਦਾ ਪ੍ਰਯੋਗ ਕੀਤਾ ਜਾਂਦਾ ਹੈ। ਇਹਨਾਂ ਨੂੰ ਰਾਗ ਦੀ ਮੂਲ ਸਵਰ ਵਿਵਸਥਾ ਅਨੁਸਾਰ ਮਿਲਾਇਆ ਜਾਂਦਾ ਹੈ । ਵਰਤਮਾਨ ਸੰਗੀਤ ਜਗਤ ਵਿਚ ਦਿਲਰੁਬਾ ਵਾਦਕਾਂ ਦੀ ਸੰਖਿਆ ਬਹੁਤ ਘੱਟ ਹੈ। ਸਿੱਖ ਰਾਗੀਆਂ ਵਿਚ ਪਰਚਲਤ ਤੰਤੀ ਸਾਜ਼ਾਂ ਵਿਚੋਂ ਇਸ ਦਾ ਵਧੇਰੇ ਪਰਚਾਰ ਰਿਹਾ ਹੈ। ਪੰਜਾਬ ਦੇ ਦਿਲਰੁਬਾ ਵਾਦਕਾਂ ‘ਚ ਮਹੰਤ ਗੱਜਾ ਸਿੰਘ ਦੇ ਸ਼ਿਸ਼ ਉਸਤਾਦ ਹਰਨਾਮ ਸਿੰਘ ਦਾ ਨਾਮ ਪ੍ਰਮੁੱਖ ਹੈ।

ਡਾ. ਗੁਰਨਾਮ ਸਿੰਘ