ਦੀਵਾਨ ਟੋਡਰ ਮੱਲ ਜੀ ਦੀ “ਜਹਾਜ਼ ਹਵੇਲੀ” ਦੀ ਪੁਰਾਤਨ ਦਿੱਖ ਮੁੜ ਬਹਾਲ ਕੀਤੀ ਜਾਵੇਗੀ

ਪੰਜਾਬ ਦੀ ਇਤਿਹਾਸਕ ਵਿਰਾਸਤ ਸਾਡੇ ਇਤਿਹਾਸ ਦੀ ਵਾਰ ਹੈ ਜੋ ਸਾਡੇ ਵੱਡੇ ਵਡੇਰਿਆਂ ਦੀਆਂ ਕੁਰਬਾਨੀਆਂ ਨੂੰ ਅਗਲੀਆਂ ਸਦੀਆਂ ਤੱਕ ਸੰਭਾਲਦੀ ਹੈ । ਇਸੇ ਤਹਿਤ, ਫ਼ਤਹਿਗੜ੍ਹ ਸਾਹਿਬ ਵਿਖੇ ਸਥਿਤ ਦੀਵਾਨ ਟੋਡਰ ਮੱਲ ਜੀ ਦੇ ਇਤਿਹਾਸਕ ਨਿਵਾਸ “ਜਹਾਜ਼ ਹਵੇਲੀ” ਦੀ ਪੁਰਾਣੀ ਦਿੱਖ ਮੁੜ ਬਹਾਲ ਕੀਤੀ ਜਾਵੇਗੀ।

ਸੈਰ-ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਸਿੱਖ ਵਿਰਾਸਤ ਦੀ ਰੱਖਿਆ ਲਈ ਇਹ ਇਕ ਮਹੱਤਵਪੂਰਨ ਕਦਮ ਹੈ। ਦੀਵਾਨ ਟੋਡਰ ਮੱਲ ਜੀ ਨੇ ਨਿੱਕੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੇ ਅੰਤਿਮ ਸੰਸਕਾਰ ਲਈ ਸੂਬਾ ਸਰਹੰਦ ਤੋਂ ਸੋਨੇ ਦੀਆਂ ਮੋਹਰਾਂ ਰੱਖ ਕੇ ਜਮੀਨ ਖਰੀਦੀ ਸੀ ।

ਜਹਾਜ਼ ਹਵੇਲੀ, ਜੋ ਇੱਕ ਵਿਲੱਖਣ ਇਤਿਹਾਸਕ ਥਾਂ ਹੈ, ਦੀ ਮੁਰੰਮਤ “ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ” ਵੱਲੋਂ ਕੀਤੀ ਜਾ ਰਹੀ ਹੈ। ਇਹ ਸਿਰਫ਼ ਇਕ ਇਮਾਰਤ ਨਹੀਂ, ਸਗੋਂ ਸਾਡੀ ਵਿਰਾਸਤ ਅਤੇ ਸਾਡੇ ਇਤਿਹਾਸ ਦੀ ਇਕ ਨਿਸ਼ਾਨੀ ਹੈ। ਪੰਜਾਬ ਸਰਕਾਰ ਨੂੰ ਅਜਿਹੀਆਂ ਧਰੋਹਰ ਥਾਵਾਂ, ਗੁਰਦੁਆਰਿਆਂ ਅਤੇ ਇਤਿਹਾਸਕ ਕਿਲਿਆਂ ਦੀ ਸੰਭਾਲ ਲਈ ਨਵੇਂ ਉਪਰਾਲੇ ਕਰਨੇ ਚਾਹੀਦੇ ਹਨ।

ਸਾਡੇ ਇਤਿਹਾਸਕ ਸਥਾਨ ਸਾਡੀ ਪਛਾਣ ਹਨ। ਇਨ੍ਹਾਂ ਦੀ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਹੈ, ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਵੀ ਆਪਣੇ ਮਹਾਨ ਇਤਿਹਾਸ ਤੋਂ ਜਾਣੂ ਹੋ ਸਕਣ।