ਅਸਲ ਵਿਚ ਦੀਵਾਲੀ ਲੱਛਮੀ ਦੀ ਪੂਜਾ ਦਾ ਤਿਉਹਾਰ ਹੈ। ਇਸ ਦਿਨ ਸੁੰਦਰ (ਸਵੱਛ) ਕੱਪੜੇ ਪਹਿਨੇ ਜਾਂਦੇ ਹਨ ਅਤੇ ਆਪਣੇ ਘਰਾਂ ਦੀ ਸਫਾਈ ਕਰ ਕੇ ਸਵਾਰਿਆ ਜਾਂਦਾ ਹੈ ਕਿ ਲੱਛਮੀ ਪ੍ਰਸੰਨ ਹੋ ਕੇ ਸਾਡੇ ਘਰ ਚਰਨ ਪਾਵੇਗੀ।
ਮਿਥਿਹਾਸ ਕਹਿੰਦਾ ਹੈ ਕਿ ਜਦੋਂ ਰਾਜਾ ਰਾਮ ਚੰਦਰ ੧੪ ਸਾਲ ਬਨਵਾਸ ਕੱਟ ਕੇ ਵਾਪਸ ਅਯੁੱਧਿਆ ਪਹੁੰਚਿਆ ਤਾਂ ਲੋਕਾਂ ਨੇ ਖੁਸ਼ੀ ਵਿਚ ਇਸ ਦਿਨ ਰਾਤ ਨੂੰ ਘਰਾਂ ਵਿਚ ਦੀਪਮਾਲਾ ਕੀਤੀ। ਉਸ ਦਿਨ ਤੋਂ ਇਹ ਦੀਵਾਲੀ ਦਾ ਤਿਉਹਾਰ ਹਰ ਸਾਲ ਮਨਾਇਆ ਜਾਣ ਲੱਗਾ।
ਇਤਿਹਾਸ ਵਿਚ ਪੜ੍ਹਨ-ਸੁਣਨ ਨੂੰ ਇਹ ਵੀ ਮਿਲਦਾ ਹੈ ਕਿ ਇਸ ਦਿਨ ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਜੀ ਜਿਨ੍ਹਾਂ ਨੂੰ ਵਕਤ ਦੀ ਹਕੂਮਤ ਦੇ ਬਾਦਸ਼ਾਹ (ਜਹਾਂਗੀਰ) ਨੇ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ (ਕੈਦ) ਕੀਤਾ ਸੀ, ਉਹ ਰਿਹਾਅ ਹੋਏ ਸੀ ਤੇ ਉਨ੍ਹਾਂ ਨੇ ਆਪਣੇ ਨਾਲ ਹੀ ੫੨ ਰਾਜਿਆਂ ਨੂੰ ਵੀ ਰਿਹਾਅ ਕਰਵਾਇਆ ਸੀ। ਉਸ ਦਿਨ ਤੋਂ ਗੁਰੂ ਜੀ ਨੂੰ “ਬੰਦੀ ਛੋੜ” ਦਾ ਨਾਮ ਵੀ ਦਿੱਤਾ ਗਿਆ। ਜਦੋਂ ਗੁਰੂ ਸਾਹਿਬ ਅੰਮ੍ਰਿਤਸਰ ਪਹੁੰਚੇ ਤਾਂ (ਸਿੱਖ) ਸੰਗਤਾਂ ਵੱਲੋਂ ਖੁਸ਼ੀ ਨੂੰ ਜ਼ਾਹਰ ਕਰਨ ਲਈ ਦੀਪ-ਮਾਲਾ ਕੀਤੀ, ਦੀਵਾਨ ਸਜਾਏ ਗਏ ਤੇ ਗੁਰਮਤਿ ਵਿਚਾਰਾਂ ਹੋਈਆਂ। ਗੁਰ-ਉਪਦੇਸ਼ਾਂ ਨੂੰ ਵਣ ਕਰਕੇ, ਹਿਰਦੇ ਵਿਚ ਦ੍ਰਿੜ ਕਰਕੇ ਉਸ ਮੁਤਾਬਕ ਸਿੱਖਾਂ ਨੇ ਆਪਣੇ ਜੀਵਨ ਨੂੰ ਢਾਲ ਕੇ ਆਪਣਾ ਲੋਕ ਤੇ ਪ੍ਰਲੋਕ ਸਵਾਰ ਲਿਆ।
ਅਫਸੋਸ ਕਿ ਅੱਜ ਅਖੌਤੀ ਸਿੱਖ ਇਸ ਦਿਨ ਆਪਣੇ ਸੱਜਣਾਂ/ਮਿੱਤਰਾਂ ਨੂੰ ਘਰੀਂ ਬੁਲਾਉਂਦੇ ਹਨ। ਇਸ ਵਾਸਤੇ ਨਹੀਂ ਕਿ ਗੁਰਮਤਿ ਵਿਚਾਰਾਂ ਸਾਂਝੀਆਂ ਕੀਤੀਆਂ ਜਾਣ, ਸਗੋਂ ਮੀਟ-ਸ਼ਰਾਬ ਇਕੱਠਿਆਂ ਖਾਣ-ਪੀਣ ਲਈ ਹਾਲਾਂਕਿ ਗੁਰਮਤਿ ਵਿਚ ਸ਼ਰਾਬ ਪੀਣੀ ਸਖ਼ਤ ਵਿਵਰਜਤ ਹੈ :
-ਇਤੁ ਮਦਿ ਪੀਤੈ ਨਾਨਕਾ ਬਹੁਤੇ ਖਟੀਅਹਿ ਬਿਕਾਰ ॥
( ਅੰਗ ੫੫੩)
-ਪਰਨਾਰੀ, ਜੂਆ, ਅਸਤ, ਚੋਰੀ, ਮਦਰਾ ਜਾਨ ।
ਪਾਂਚ ਐਬ ਯੇ ਜਗਤ ਮੋ,
ਤਜੈ ਸੁ ਸਿੰਘ ਸੁਜਾਨ ॥੪੪॥
(ਰਹਿਤਨਾਮਾ ਭਾਈ ਦੇਸਾ ਸਿੰਘ ਜੀ)
ਇਸ ਦਿਨ ਜੂਆ ਖੇਡਣਾ ਤਾਂ ਲਾਜ਼ਮੀ ਬਣ ਗਿਆ ਹੈ। ਸਭ ਜਾਣਦੇ ਹਨ ਕਿ ਜੂਆ ਬੜੀ ਭੈੜੀ ਖੇਡ ਹੈ। ਇਸ ਖੇਡ ਦੇ ਸ਼ਿਕਾਰ ਹੋਇਆਂ ਹੀ ਤਾਂ ਰਾਜਾ ਯੁਧਿਸ਼ਟਰ ਜਿਸ ਨੂੰ ਬਹੁਤ ਸਿਆਣਾ ਤੇ ਨੀਤੀਵਾਨ ਮੰਨਿਆ ਜਾਂਦਾ ਸੀ, ਉਹ ਆਪਣਾ ਸਾਰਾ ਰਾਜ-ਭਾਗ ਤੇ ਸਾਰਾ ਪਰਵਾਰ ਤੇ ਆਪਣੀ ਇਸਤਰੀ ਤਕ ਜੂਏ ਵਿਚ ਹਾਰ ਕੇ, ਦਰ-ਦਰ ’ਤੇ ਠੋਕਰਾਂ ਖਾਂਦਾ ਰਿਹਾ ਤੇ ਬੇਇੱਜ਼ਤ ਹੁੰਦਾ ਰਿਹਾ। ਅਸੀਂ ਉਪਰ ਪੜ੍ਹ ਆਏ ਹਾਂ ਕਿ ਜੂਆ ਵੀ ਪੰਜਾਂ ਐਬਾਂ ਵਿਚ ਮੰਨਿਆ ਗਿਆ ਹੈ। ਪਰ ਸਾਰੇ ਸਾਲ ਦੀ ਕਿਸਮਤ ਅਜ਼ਮਾਉਣ ਵਾਲੇ ਕਈ ਵਾਰ ਜੂਆ ਖੇਡ ਕੇ ਆਪਣੀ ਹੀ ਨਹੀਂ ਬਲਕਿ ਸਾਰੇ ਪਰਵਾਰ ਦੀ ਵੀ ‘ਕਿਸਮਤ’ ਦਾ ਸਤਿਆਨਾਸ ਕਰ ਦਿੰਦੇ ਹਨ, ਜਦੋਂ ਉਹ ਸਭ ਕੁਝ ਹਾਰ ਜਾਂਦੇ ਹਨ।
ਇਸ ਦਿਨ ਲੱਛਮੀ ਦੀ ਪੂਜਾ ਕੀਤੀ ਜਾਂਦੀ ਹੈ। ਇਥੋਂ ਤਕ ਕਿ ਦੀਵਾਲੀ ਵਾਲੀ ਰਾਤ ਕਮਰਿਆਂ ਦੇ ਦਰਵਾਜ਼ੇ ਵੀ ਖੁੱਲ੍ਹੇ ਰੱਖੇ ਜਾਂਦੇ ਹਨ। ਅਗਿਆਨੀਆਂ ਦਾ ਵਿਚਾਰ ਹੈ ਕਿ ਇਸ ਦਿਨ
ਹਰ ਘਰ ਫੇਰਾ ਪਾਉਂਦੀ ਹੈ। ਜੇਕਰ ਦਰਵਾਜਾ ਬੰਦ ਹੋਵੇ ਤਾਂ ਉਹ ਵਾਪਸ ਮੁੜ ਜਾਂਦੀ ਹੈ ਤੇ ਸਾਰਾ ਸਾਲ ਘਰ ਭੰਗ ਭੁੱਜਦੀ ਹੈ।
ਇਕ ਵਾਰ ਦੀਵਾਲੀ ਵਾਲੀ ਰਾਤ ਪਟਾਕਿਆਂ ਦੇ ਖੜਾਕ ਤੋਂ ਡਰਦਾ ਬੱਚਾ ਵਿਲਕ ਰੋ ਰਿਹਾ ਸੀ ਤੇ ਆਪਣੀ ਮਾਂ ਨੂੰ ਅੰਦਰ ਜਾ ਕੇ ਦਰਵਾਜ਼ਾ ਬੰਦ ਕਰਨ ਲਈ ਕਹਿ ਰਿਹਾ ਸੀ। ਮਾਂ ਦਰਵਾਜ਼ਾ ਬੰਦ ਕਰਨ ਦੀ ਬਜਾਇ ਆਪਣੇ ਬੱਚੇ ਨੂੰ ਡਾਂਟ ਰਹੀ ਸੀ। ਇਹ ਸਭ ਕੁਝ ਵੇਖ ਕੇ ਉਨ੍ਹਾਂ ਦੇ ਕਾਮੇ (ਨੌਕਰ) ਨੇ ਕਿਹਾ, “ਬੀਬੀ ਜੀ, ਕਿਉਂ ਬੱਚੇ ਨੂੰ ਰਵਾਉਣ ਡਹੇ ਜੇ? ਲੈਜੋ ਖਾਂ ਅੰਦਰ, ਕਰ ਲਉ ਦਸ ਮਿੰਟ ਦਰਵਾਜ਼ਾ ਬੰਦ!”
ਬੀਬੀ ਜੀ ਅੱਕੀ-ਸੜੀ ਬੋਲੀ, “ਭਾਉ ਤੂੰ ਵੀ ਕਮਲੀਆਂ ਮਾਰ ਰਿਹਾ ਏਂ, ਤੈਨੂੰ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਦੇ ਦਿਨ ਲੱਛਮੀ ਫੇਰਾ ਪਾਉਂਦੀ ਐ ਤੇ ਦਰਵਾਜ਼ੇ ਖੋਲ ਕੇ ਰੱਖੀਦੇ ਆ… ਨਹੀਂ ਤਾਂ ਉਹ ਮੁੜ ਜਾਂਦੀ ਆ !”
ਨੌਕਰ ਨੇ ਮਿੱਠਾ ਜਿਹਾ ਹੱਸਦਿਆਂ ਕਿਹਾ, “ਬੀਬੀ ਜੀ, ਕਮਲੀਆਂ ਤਾਂ ਤੁਸੀਂ ਮਾਰ ਰਹੇ ਹੋ।
ਤੁਹਾਨੰ ਪਤਾ, ਅਤਿ ਗਰੀਬੀ ਤੇ ਮਹਿੰਗਾਈ ਦੇ ਕਰਕੇ ਮੇਰੇ ਤੋਂ ਅਜੇ ਤਕ ਅੰਦਰਲਾ ਤੇ ਕੀ ਬਾਹਰਲਾ ਦਰਵਾਜ਼ਾ ਵੀ ਨਹੀਂ ਲਵਾਇਆ ਗਿਆ, ਪਰ ਅੱਜ ਤਕ ਲੱਛਮੀ ਮੇਰੇ ਤਾਂ ਆਈ ਨਹੀਂ। ਬੀਬੀ ਜੀ, ਵੇਖੋ! ‘ਲੱਛਮੀ’ ਤਾਂ ਮਿਹਨਤ ਕਰਨ ਨਾਲ ਆਉਂਦੀ ਆ ਇਸ ਤਰ੍ਹਾਂ ਦੇ ਕਰਮ-ਕਾਂਡ ਪੂਜਾ ਕੀਤਿਆਂ ਨਹੀਂ।”
ਇੰਨਾ ਸਮਝਾਉਣ ‘ਤੇ ਵੀ ਬੀਬੀ ਦੇ ਕੰਨ ‘ਤੇ ਜੂੰ ਨਾ ਸਰਕੀ, ਹਾਲਾਂਕਿ ਉਹ ਸਿੱਖ ਪਰਵਾਰ ਨਾਲ ਸੰਬੰਧਤ ਸੀ। ਗੁਰੂ ਸਾਹਿਬ ਤਾਂ ਦੇਵੀ-ਦੇਵਤਿਆਂ ਦੀ ਪੂਜਾ ਕਰਨ ਤੋਂ ਰੋਕਦੇ ਹਨ :
ਦੇਵੀ ਦੇਵਾ ਪੁਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਣੁ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥
( ਅੰਗ ੬੩੭)
-ਮਹਾ ਮਾਈ ਕੀ ਪੂਜਾ ਕਰੈ॥ ਨਰ ਸੈ ਨਾਰਿ ਹੋਇ ਅਉਤਰੈ॥
(ਅੰਗ ੮੭੪)
ਗੁਰਮਤਿ ਰਾਮ ਨਾਮ ਗਹੁ ਮੀਤਾ॥
ਪ੍ਰਣਵੈ ਨਾਮਾ ਇਉ ਕਹੈ ਗੀਤਾ॥ (ਅੰਗ ੮੭੪)
ਪਰ ਗੁਰਮਤਿ ਤੋਂ ਭਟਕੇ ਹੋਏ ਇਹ ਨਹੀਂ ਜਾਣਦੇ ਕਿ : ਦੁਰਗਾ ਕੋਟਿ ਜਾ ਕੈ ਮਰਦਨੁ ਕਰੈ ॥…
ਜਉ ਜਾਚਉ ਤਉ ਕੇਵਲ ਰਾਮ ॥
ਆਨ ਦੇਵ ਸਿਉ ਨਾਹੀ ਕਾਮ॥(ਅੰਗ ੧੧੬੨)
ਪਰ ਉਹ:
ਠਾਕੁਰੁ ਛੋਡਿ ਦਾਸੀ ਕਉ ਸਿਮਰਹਿ
ਮਨਮੁਖ ਅੰਧ ਅਗਿਆਨਾ ॥
( ਅੰਗ ੧੧੩੮)
ਇਸ ਦਿਨ ਵਡੇਰਿਆਂ (ਪਿੱਤਰਾਂ) ਦੀਆਂ ਕਬਰਾਂ ਨੂੰ ਪੂਜਿਆ ਜਾਂਦਾ ਹੈ ਜਿਸ ਦੇ ਫਲ ਬਾਰੇ ਗੁਰੂ ਜੀ ਸਪਸ਼ਟ ਕਰਦੇ ਹਨ :
ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥
ਨਾਨਕ ਮਨਮੁਖਿ ਅੰਧੁ ਪਿਆਰੁ॥
ਬਾਝੁ ਗੁਰੂ ਡੁਬਾ ਸੰਸਾਰੁ॥(ਅੰਗ ੧੩੮)
ਪਾਖੰਡੀ ਬਾਬਿਆਂ/ਪੱਛਾਂ ਦੇਣ ਵਾਲਿਆਂ ਦੇ ਕਹਿਣ ‘ਤੇ ਇਸ ਦਿਨ ਆਮ ਲੋਕੀ ਜਾਦੂ-ਟੂਣੇ
ਕਰਦੇ ਹਨ।
ਸੰਤਾਨ ਦੀ ਪ੍ਰਾਪਤੀ ਲਈ ਹੋਰਾਂ ਦੇ ਬੱਚਿਆਂ ਦੇ ਕੇਸ ਕੱਟ ਲੈਣੇ, ਮਸਾਣ ਜਗਾਉਣੇ ਆਦਿ ਕੁਕਰਮ ਕਰਦੇ ਵੇਖੇ-ਸੁਣੇ ਜਾਂਦੇ ਹਨ। ਮਸਾਣ ਜਗਾਉਣ ਵਾਲੀਆਂ ਬੀਬੀਆਂ ਨੂੰ ਭਗਤ ਕਬੀਰ ਜੀ ਸਮਝਾਉਂਦੇ ਹਨ ਕਿ ਇਸ ਤਰ੍ਹਾਂ ਦੇ ਕਰਮ ਕਰਨ ਵਾਲੀ ਔਰਤ ਦੀ ਇਹ ਦਸ਼ਾ ਹੁੰਦੀ ਹੈ:
ਕਬੀਰ ਹਰਿ ਕਾ ਸਿਮਰਨੁ ਛਾਡਿ ਕੈ ਰਾਤਿ ਜਗਾਵਨ ਜਾਇ॥
ਸਰਪਨਿ ਹੋਇ ਕੈ ਅਉਤਰੈ ਜਾਏ ਅਪੁਨੇ ਖਾਇ॥
(ਅੰਗ ੧੩੭੦)
ਆਓ ਗੁਰੂ ਪਿਆਰਿਓ! ਵਿਚਾਰ ਕਰੀਏ ਕਿ ਅਸੀਂ ਇਸ ਦਿਨ ਕਰੋੜਾਂ ਰੁਪਏ ਦਾ ਮੀਟ-ਸ਼ਰਾਬ ਖਾ ਜਾਂਦੇ ਹਾਂ, ਮਣਾਂ-ਮੂੰਹੀਂ ਤੇਲ ਸਾੜ ਕੇ ਕਰੋੜਾਂ ਰੁਪਏ ਦੇ ਪਟਾਖੇ (ਆਤਸ਼ਬਾਜੀ) ਚਲਾ ਕੇ ਨਜ਼ਾਇਜ ਖਰਚਾ ਕਰਦੇ ਹਾਂ, ਪਟਾਖੇ ਚਲਾ ਕੇ ਹਵਾ ਦਾ ਪ੍ਰਦੂਸ਼ਣ ਕਰ ਰਹੇ ਹਾਂ। ਕਿੰਨਾ ਚੰਗਾ ਹੋਵੇ, ਜੇ ਅਸੀਂ ਗੁਰੂ ਸਾਹਿਬਾਂ ਦੀ ਮਤਿ (ਗੁਰਮਤਿ) ਨੂੰ ਮੱਦੇ ਨਜ਼ਰ ਰੱਖ ਕੇ ਗਰੀਬ-ਗੁਰਬਿਆਂ/ਲੋੜਵੰਦਾਂ ਨੂੰ ਕੱਪੜੇ ਬਣਾ ਕੇ ਦੇਈਏ, ਖਾਣ ਲਈ ਭੋਜਨ ਦੇਈਏ ਤੇ ਰੋਗੀਆਂ ਦਾ ਇਲਾਜ ਕਰਵਾਈਏ, ਅਮੀਰੀ ਗਰੀਬੀ ਦੇ ਪਾੜੇ ਤੇ ਜਾਤ-ਪਾਤ ਦੇ ਕੋਹੜ ਦਾ ਖਾਤਮਾ ਕਰਕੇ ‘ਹਲੇਮੀ ਰਾਜ’, ਰੂਹਾਨੀ ਤੇ ਇਖਲਾਕੀ ਸਭਿਆਚਾਰ ਦੀ ਸਿਰਜਨਾ ਕਰਕੇ ਸਰਬੱਤ ਦਾ ਭਲਾ’ ਲੋੜੀਏ; ਗੁਰਮਤਿ ਨੂੰ ਅਪਣਾਅ ਕੇ ਭੈੜੀਆਂ ਆਦਤਾਂ (ਕੁਰੀਤੀਆਂ) ਦਾ ਤਿਆਗ ਕਰਕੇ ਲੋਕ ਸੁਖੀਆ, ਪਰਲੋਕ ਸੁਹੇਲਾ ਕਰ ਲਈਏ !
ਭਾਈ ਨਿਸ਼ਾਨ ਸਿੰਘ ਗੰਡੀਵਿੰਡ
