87 views 1 sec 0 comments

ਦੁਨੀਆਂ ਅਤੇ ਦੀਨ ਦੇ ਪ੍ਯਾਰੇ (ਖ਼ਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)

ਲੇਖ
February 13, 2025

– ਗਿ. ਦਿੱਤ ਸਿੰਘ

ਪ੍ਯਾਰੇ ਪਾਠਕੋ ! ਇਸ ਸੰਸਾਰ ਪਰ ਦੋ ਪ੍ਰਕਾਰ ਦੇ ਆਦਮੀ ਪਾਏ ਜਾਂਦੇ ਹਨ ਜਿਨਾਂ ਵਿਚੋਂ ਇਕ ਤਾਂ ਉਹ ਪੁਰਖ ਹਨ ਜੋ ਆਪਨੇ ਜੀਵਨ ਦਾ ਫਲ ਸੰਸਾਰਕ ਸੁੱਖਾਂ ਦੀ ਪ੍ਰਾਪਤੀ ਹੀ ਜਾਨਦੇ ਹਨ ਜਿਸ ਤੇ ਆਪਨੇ ਤਨ, ਮਨ ਅਤੇ ਧਨ ਤੇ ਏਹੋ ਪੁਰਖਾਰਥ ਕਰਦੇ ਹਨ ਕਿ ਸਾਰੇ ਸੰਸਾਰ ਦੇ ਸੁਖ ਸਾਡੇ ਹੀ ਹਿਸੇ ਵਿਚ ਆਇ ਜਾਨ ਅਤੇ ਸਾਰੇ ਲੋਗ ਸਾਨੂੰ ਹੀ ਵਡੇ ਅਤੇ ਪਰਧਾਨ ਸਮਝਨ, ਜਿਸ ਕਰਕੇ ਇਹ ਇੱਛਾ ਛੋਟੇ ਅਤੇ ਵਡੇ ਪੁਰਖਾਂ ਦੇ ਦਿਲ ਵਿਚ ਸਮਾਇ ਰਹੀ ਹੈ। ਜੈਸਾ ਕਿ ਖੇਤੀ ਕਰਨੇ ਵਾਲੇ ਤਾਂ ਏਹੋ ਖ੍ਯਾਲ ਕਰਦੇ ਹਨ ਕਿ ਸਾਡੇ ਪਾਸ ਹੀ ਸਭ ਤੇ ਬਹੁਤ ਜਮੀਨ ਹੋਵੇ ਅਰ ਗਾਈਂ, ਮਹੀਂ, ਘੋੜੀਆਂ ਇਤਨੀਆਂ ਹੋਨ ਜੋ ਸਾਡੇ ਨਾਲ ਨਗਰ ਦਾ ਕੋਈ ਸਰੀਕ ਮੁਕਾਬਲਾ ਨਾ ਕਰ ਸਕੇ। ਇਸੀ ਪ੍ਰਕਾਰ ਸਾਹੂਕਾਰ ਲੋਗ ਇਹ ਖ੍ਯਾਲ ਕਰਦੇ ਹਨ ਕਿ ਸਾਡੇ ਜਿਤਨਾ ਧਨ ਹੋਰ ਕਿਸੇ ਪਾਸ ਨਾ ਹੋਵੇ ਜਿਸ ਤੇ ਸਾਰੇ ਲੋਗ ਸਾਡੀਆਂ ਅਸਾਮੀਆਂ ਹੀ ਬਣੇ ਰਹਨ। ਇਧਰ ਵੱਡੇ-ਵੱਡੇ ਰਾਜੇ ਮਹਾਰਾਜੇ ਭੀ ਇਹੋ ਖ੍ਯਾਲ ਕਰਦੇ ਹਨ ਕਿ ਸਾਡਾ ਹੀ ਚਕਰਵਰਤੀ ਰਾਜ ਹੋਵੇ ਜਿਸ ਤੇ ਸਾਰੇ ਰਾਜੇ ਮਹਾਰਾਜੇ ਸਾਡੇ ਹੀ ਅਧੀਨ ਰਹਨ। ਇਸ ਗਲ ਨੂੰ ਛਡ ਕੇ ਐਥੇ ਤਕ ਭੀ ਦੇਖਨ ਵਿਚ ਆਉਦਾ ਹੈ ਕਿ ਧੁਨੀਏ ਲੋਗ ਜਿਨਾਂ ਨੂੰ ਪੀਜੇ ਆਖਦੇ ਹਨ ਆਪਨੇ ਚਿਤ ਵਿਚ ਇਹੋ ਖ੍ਯਾਲ ਕਰਦੇ ਹਨ ਕਿ ਸਾਰੇ ਪਿੰਡ ਦੀ ਰੂਈ ਸਾਡੇ ਪਾਸ ਹੀ ਪਿੰਜਨ ਲਈ ਆਵੇ ਅਤੇ ਦੂਜੇ ਪਾਸ ਨਾ ਜਾਵੇ। ਸੋ ਜਦ ਇਥੋਂ ਤੱਕ ਲੋਗ ਦੁਨੀਆਂ ਦੇ ਵਿੱਚ ਗਲਤਾਨ ਹੋ ਕੇ ਅਪਨੇ ਮਨ ਅਤੇ ਇੰਦ੍ਰੀਆਂ ਨੂੰ ਸੰਸਾਰਕ ਪਦਾਰਥਾਂ ਪਰ ਤਤਪਰ ਹੋ ਰਹੇ ਹਨ ਤਦ ਤੁਸੀ ਦੇਖ ਸਕਦੇ ਹੋ ਜੋ ਇਸ ਦੁਨੀਆਂ ਦੀ ਕਿਤਨੀ ਕੁ ਪ੍ਰੀਤੀ ਰੱਖਦੇ ਹਨ।

ਪੁਰਖ ਇਸ ਦੁਨੀਆਂ ਦੇ ਯਾਰ ਤੇ ਹੀ ਇਕ ਦੂਜੇ ਨੂੰ ਸ਼ਤਰੂ ਅਤੇ ਮਿੱਤ੍ਰ ਜਾਨਦਾ ਹੈ ਅਤੇ ਇਸੀ ਦੇ ਯਾਰ ਤੇ ਪੁਰਖ ਹਜਾਰਾਂ ਯਤਨ ਕਰਦਾ ਹੈ ਅਤੇ ਆਪਨੇ ਚਿਤ ਵਿਚ ਇਹ ਖ੍ਯਾਲ ਕਰਦਾ ਹੈ ਕਿ ਸੰਸਾਰ ਵਿਚ ਆ ਕੇ ਸੰਸਾਰਕ ਪਦਾਰਥਾਂ ਦਾ ਭੋਗਨਾ ਹੀ ਜੀਵਨ ਦਾ ਲਾਭ ਹੈ ਅਤੇ ਇਸ ਤੇ ਬਿਨਾ ਹੋਰ ਸਭ ਅੰਧਕਾਰ ਹੈ ਜਿਸ ਦੇ ਪ੍ਰਤਾਪ ਤੇ ਕਈ ਪ੍ਰਕਾਰ ਦੇ ਪਾਪ ਕਰਮ ਵਿਚ ਪ੍ਰਵਿਰਤ ਹੁੰਦਾ ਹੈ। ਹਾਸ਼ਮ ਸ਼ਾਹ ਇਕ ਪੁਰਖ ਨੇ ਦੁਨੀਆਂ ਦਾ ਲਖਨ ਇਸ ਪ੍ਰਕਾਰ ਕੀਤਾ ਹੈ ਕਿ (ਗੁਸਾ ਹਿਰਸ ਗੁਰੂਰਤ ਮਸਤੀ ਦੁਨੀਆਂ ਨਾਉ ਇਸੀ ਦਾ। ਅੱਖੀ ਨੱਕ ਨਹੀਂ ਕੁਝ ਹੋਰੂ ਬਨਿਆ ਜਿਸਮ ਕਿਸੀਦਾ) ਇਸ ਦਾ ਭਾਵ ਇਹ ਹੈ ਕਿ ਗੁੱਸਾ ਕਰਨਾ, ਹਿਰਸ ਕਰਨੀ, ਗਰਬ ਕਰਨਾ ਅਤੇ ਮਸਤੀ ਕਰਨੀ ਦੁਨੀਆ ਇਸੀ ਦਾ ਨਾਉ ਹੈ ਇਸ ਤੇ ਬਿਨਾ ਦੁਨੀਆਂ ਕਿਸੇ ਦੇ ਨਕ, ਅਖ ਅਤੇ ਕੰਨ ਯਾ ਸਰੀਰ ਦਾ ਨਾਉਂ ਨਹੀਂ ਹੈ ਸੋ ਇਸ ਤੇ ਇਹ ਸਿੱਧ ਹੁੰਦਾ ਹੈ ਕਿ ਜੋ ਲੋਗ ਇਨਾਂ ਵਿਕਾਰਾਂ ਦੇ ਨਾਲ ਪ੍ਯਾਰ ਕਰਦੇ ਹਨ ਸੋਈ ਦੁਨੀਆਂ ਦੇ ਪਯਾਰੇ ਕਹਾ ਸਕਦੇ ਹਨ।

ਇਸ ਤੇ ਬਿਨਾਂ ਲੋਗ ਦੀਨ ਦੇ ਪ੍ਯਾਰੇ ਹਨ ਜੋ ਇਸ ਸੰਸਾਰ ਨੂੰ ਅਤੀ ਤੁਛ ਮਨਦੇ ਹਨ ਕਿੰਤੂ ਉਨਾ ਦਾ ਸਾਰਾ ਪੁਰਖਾਰਬ ਅਤੇ ਪਰਯੋਜਨ ਅਕਾਲ ਪੁਰਖ ਦੇ ਅਟਲ ਰਾਜ ਦਾ ਇਸ ਸੰਸਾਰ ਪਰ ਕਾਇਮ ਕਰਨੇ ਦਾ ਹੁੰਦਾ ਹੈ ਜਿਸ ਤੇ ਭਾਵੇਂ ਉਹ ਲੋਗ ਇਨਾ ਦੁਨੀਆਂ ਦੇ ਲੋਕਾਂ ਦੇ ਹਥੋਂ ਕਈ ਪਰਕਾਰ ਦੇ ਦੁਖ ਉਠਾਉਂਦੇ ਹਨ ਅਤੇ ਅਤੇ ਕੁਰਾਹੀ ਕਾਫਰ ਅਤੇ ਬੁਰੇ-ਬੁਰੇ ਕਰਕੇ ਸਦੇ ਜਾਂਦੇ ਹਨ, ਪਰੰਤੂ ਅੰਤ ਨੂੰ ਇਹ ਹੁੰਦਾ ਹੈ ਕਿ ਉਹੋ ਦੁਨੀਆਂ ਦੇ ਪ੍ਯਾਰੇ ਉਨਾ ਦੀਨ ਦੇ ਪ੍ਯਾਰਿਆਂ ਦੇ ਗੁਲਾਮ ਬਣ ਕੇ ਉਨਾਂ ਨੂੰ ਪੂਜਦੇ ਹਨ ਅਤੇ ਉਨਾਂ ਦੇ ਨਾਮ ਪੈ ਅੰਬ੍ਰ ਅਵਤਾਰ ਅਤੇ ਗੁਰੂ ਕਰ ਕੇ ਪੁਕਾਰਦੇ ਹਨ।

ਪ੍ਯਾਰੇ ਪਾਠਕੋ ਆਪ ਦੀਨ ਅਤੇ ਦੁਨੀਆਂ ਵਿਚੋਂ ਕਿਸ ਨੂੰ ਪ੍ਯਾਰ ਕਰਦੇ ਹੋ।

(ਖ਼ਾਲਸਾ ਅਖ਼ਬਾਰ ਲਾਹੌਰ, ੨੧ ਜੂਨ ੧੮੯੫, ਪੰਨਾ ੩)