144 views 4 secs 0 comments

ਦੁਨੀਆਂ ਭਰ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ

ਲੇਖ
March 31, 2025

-ਡਾ. ਜਸਵੰਤ ਸਿੰਘ ਨੇਕੀ

ਓਦੋਂ ਮੈਂ ਮਾਨਸਿਕ ਸਿਹਤ ਦੀ ਅੰਤਰ-ਰਾਸ਼ਟਰੀ ਫੈਡਰੇਸ਼ਨ ਦਾ ਆਨਰੇਰੀ ਸਕੱਤਰ ਸਾਂ । ਤਦ ਇਕ ਯਹੂਦੀ ਔਰਤ ਦਾ ਨਾਮ ਉਸ ਫੈਡਰੇਸ਼ਨ ਦੇ ਫਿਰਤੂ ਰਾਜਦੂਤ ਦੇ ਪਦ ਲਈ ਤਜਵੀਜ਼ ਹੋਇਆ। ਉਹ ਨਿਊਯਾਰਕ ਰਹਿੰਦੀ ਸੀ ਤੇ ਮੈਂ ਥੋੜ੍ਹੇ ਦਿਨਾਂ ਨੂੰ ਨਿਊਯਾਰਕ ਜਾਣਾ ਸੀ। ਸੋ ਮੈਂ ਉਸਨੂੰ ਮਿਲਣ ਦੇ ਇਰਾਦੇ ਨਾਲ ਉਸਨੂੰ ਟੈਲੀਫੋਨ ਕੀਤਾ । ਉਸ ਨੇ ਮੇਰੇ ਉੱਥੇ ਆਉਣ ‘ਤੇ ਪ੍ਰਸੰਨਤਾ ਪ੍ਰਗਟ ਕੀਤੀ ਤੇ ਮਿਲਣ ਲਈ ਇਕ ਰੈਸਤੋਰਾਂ ਵਿੱਚ ਅਸਾਂ ਸਮਾਂ ਮੁਕੱਰਰ ਕਰ ਲਿਆ । ਮੈਂ ਉਸਨੂੰ ਪਹਿਲਾਂ ਕਦੇ ਨਹੀਂ ਸਾਂ ਮਿਲਿਆ ।

ਮਿਲਿਆ ਤਾਂ, ਉਹ ਪਹਿਲੀ ਨਜ਼ਰੇ ਮੈਨੂੰ ਸਾਧਾਰਨ ਜਿਹੇ ਪਹਿਰਾਵੇਂ ਵਿੱਚ ਸਾਧਾਰਨ ਜਿਹੀ ਔਰਤ ਜਾਪੀ । ਹਸਮੁੱਖ ਬਹੁਤ ਸੀ ਤੇ ਹਾਸਾ ਉਸ ਦਾ ਬੜਾ ਰੋਚਿਕ ਸੀ । ਪਰ ਜਦ ਉਸ ਨਾਲ ਕੁਝ ਸਮਾਂ ਬੈਠਿਆਂ ਹੋ ਗਿਆ ਤਾਂ ਮੈਂ ਉਸਨੂੰ ਕਿਹਾ ਕਿ ਉਹ ਮੈਨੂੰ ਆਪਣੇ ਪਿਛੋਕੜ ਬਾਰੇ ਕੁਝ ਦੱਸੇ।

ਹੱਸ ਪਈ ਤੇ ਕਹਿਣ ਲੱਗੀ, “ਸਮਝ ਨਹੀਂ ਆਉਂਦੀ ਕਿੱਥੋਂ ਸ਼ੁਰੂ ਕਰਾਂ ।” ਮੈਂ ਕਿਹਾ, “ਜਿੱਥੋਂ ਮਰਜ਼ੀ ਸ਼ੁਰੂ ਕਰ ਦਿਓ!” ਉਹ ਫਿਰ ਹੱਸੀ ਤੇ ਇਕਦਮ ਗੰਭੀਰ ਹੋ ਗਈ । ਕਹਿਣ ਲੱਗੀ, “ਮੈਂ ਯਹੂਦੀ ਹਾਂ ਤੇ ਯਹੂਦੀ ਹੋਣ ‘ਤੇ ਮੈਨੂੰ ਗਰਬ ਹੈ। ਮੇਰੇ ਦਾਦਾ ਜੀ ਨਾਜ਼ੀਆਂ ਦੇ ਚੁੰਗਲ ਤੋਂ ਮਸਾਂ ਹੀ ਬਚੇ ਸਨ। ਉਹ ਕਈ ਰਾਤਾਂ ਸਫ਼ਰ ਕਰਦੇ ਤੇ ਦਿਨੇ ਲੁਕਦੇ ਜਰਮਨੀ ਤੋਂ ਐਮਸਟਰਡੈਮ ਤਕ ਪਹੁੰਚੇ। ਉੱਥੇ ਉਨ੍ਹਾਂ ਨੂੰ ਪਤਾ ਲੱਗਾ ਕਿ ਉਹਨਾਂ ਯਹੂਦੀਆਂ ਨੇ ਜੋ ਜਰਮਨੀ ‘ਚੋਂ ਬਚ ਨਿਕਲੇ ਸਨ, ਇਕ ਕਾਨਫ਼ਰੰਸ ਆਪਣਾ ਭਵਿੱਖ ਸੋਚਣ ਲਈ ਬੁਲਾਈ ਹੈ। ਸੋ ਉਹ ਉੱਥੇ ਕਾਨਫ਼ਰੰਸ ਵਿੱਚ ਸ਼ਾਮਿਲ ਹੋਣ ਲਈ ਚਲੇ ਗਏ।

ਉਸ ਕਾਨਫ਼ਰੰਸ ਵਿੱਚ ਜੋ ਰੈਜੋਲਿਊਸ਼ਨ ਪਾਸ ਹੋਏ ਉਨ੍ਹਾਂ ਵਿੱਚੋਂ ਦੋ ਉਹ ਆਪਣੇ ਪੱਲੇ ਬੰਨ੍ਹ ਲਿਆਏ। ਇਕ ਇਹ ਕਿ ਆਪਣੇ ਬੱਚਿਆਂ ਨੂੰ ਆਪਣੇ ਧਰਮ ਤੇ ਸੱਭਿਆਚਾਰ ਨਾਲ ਜੋੜ ਕੇ ਰੱਖਣਾ ਤੇ ਦੂਜਾ ਉਨ੍ਹਾਂ ਨੂੰ ਇਤਨੀ ਵਿੱਦਿਆ ਦਿਵਾਉਣੀ ਹੈ ਕਿ ਦੁਨੀਆਂ ਵਿੱਚ ਉਨ੍ਹਾਂ ਦਾ ਕੋਈ ਮੁਕਾਬਲਾ ਨਾ ਰਹੇ । ਇਸ ਮਤੇ ਦੀ ਗੱਲ ਉਨ੍ਹਾਂ ਮੇਰੇ ਨਾਲ ਕੀਤੀ ਤੇ ਮੈਨੂੰ ਕਿਹਾ, “ਬੱਚੀਏ ਤੇਰੇ ਦਾਦੇ ਨੇ ਇਸ ਬਾਰੇ ਆਪਣੇ ਆਪ ਨਾਲ ਪ੍ਰਣ ਕੀਤਾ ਹੈ। ਤੂੰ ਇਹ ਪ੍ਰਣ ਨਿਭਾਉਣ ਵਿੱਚ ਮੇਰੀ ਮਦਦ ਕਰੀਂ ।” ਸੋ ਮੈਂ ਉਨ੍ਹਾਂ ਨੂੰ ਬਚਨ ਦੇ ਦਿੱਤਾ ।

ਫਿਰ ਮੈਂ ਪਹਿਲਾਂ ਮਾਨਵ-ਵਿਗਿਆਨ ਦੀ ਐਮ. ਏ. ਪੀ. ਐਚ. ਡੀ. ਕੀਤੀ, ਫਿਰ ਮਨੋਵਿਗਿਆਨ ਦੀ, ਫਿਰ ਸਮਾਜ-ਵਿਗਿਆਨ ਦੀ । ਫਿਰ ਮੈਂ ਕਾਨੂੰਨ ਦੀ ਐਲ.ਐਲ.ਐਮ ਕੀਤੀ ਤੇ ਅੰਤਰ-ਰਾਸ਼ਟਰੀ ਨਿਆਇ ਵਿੱਚ ਵਿਸ਼ੇਸ਼ਗਤਾ ਪ੍ਰਾਪਤ ਕੀਤੀ । ਆਖਰ ਵਿੱਚ ਮੈਂ ਧਰਮ-ਵਿਗਿਆਨ ਦੀ ਡਾਕਟ੍ਰੇਟ ਕੀਤੀ । ਇਹ ਮੇਰਾ ਵਿੱਦਿਅਕ ਪਿਛੋਕੜ ਹੈ। ਮੇਰਾ ਦਾਦਾ ਮੇਰੇ ਨਾਲ ਪ੍ਰਸੰਨ ਹੈ ਤੇ ਮੈਂ ਦਾਦੇ ਨਾਲ, ਜਿਸ ਨੇ ਮੈਨੂੰ ਇਤਨਾ ਉਤਸ਼ਾਹ ਦਿੱਤਾ । ਹੁਣ ਵਾਕਈ ਦੁਨੀਆ ਭਰ ਵਿੱਚ ਮੇਰਾ ਕੋਈ ਮੁਕਾਬਲਾ ਨਹੀਂ ।”

ਮੈਂ ਉਸ ਬਜ਼ੁਰਗ ਨੂੰ ਦਿਲ ਹੀ ਦਿਲ ਵਿੱਚ ਸਲਾਮ ਕੀਤਾ ਤੇ ਸੋਚਿਆ, “ਕਾਸ਼ ! ਮੇਰੀ ਕੌਮ ਵੀ ਐਸਾ ਕੋਈ ਫ਼ੈਸਲਾ ਕਰ ਸਕੇ !”

(1983)