ਬੀਬੀ ਚੰਦਨਦੀਪ ਕੌਰ
ਬਹੁਤ ਸਾਰੀ ਲੋਕਾਈ ਦੁਖੀ ਹੈ। ਕਿਸੇ ਨੂੰ ਸਰੀਰਕ ਰੋਗ ਹੈ, ਕਿਸੇ ਨੂੰ ਮਾਨਸਿਕ ਅਤੇ ਕਿਸੇ ਨੂੰ ਆਤਮਿਕ। ਕੋਈ ਨਾ ਕੋਈ ਉਪਾਧੀਆਂ-ਵਿਆਧੀਆਂ ਲੱਗੀਆਂ ਹੀ ਹੋਈਆਂ ਹਨ। ਮੁੱਕਦੀ ਗੱਲ ਹੈ:
ਨਾਨਕ ਦੁਖੀਆ ਸਭੁ ਸੰਸਾਰੁ॥ (ਪੰਨਾ ੯੫੪)
ਕਦੇ ਸੋਚਿਆ ਹੈ, ਦੁੱਖ ਕਿਉਂ ਹੁੰਦਾ ਹੈ?
ਅਤੇ ਕੀ ਇਸ ਤੋਂ ਛੁਟਕਾਰਾ ਹੋ ਸਕਦਾ ਹੈ?
‘ਦੁੱਖ’ ਜਿਸ ਨੂੰ ਅਸੀਂ ਦੁੱਖ ਕਹਿੰਦੇ ਹਾਂ, ਸਾਡੇ ਮਨ ਦੀ ਹੀ ਅਵਸਥਾ ਹੈ, ਕੋਈ ਪਦਾਰਥ ਜੋ ਸਾਨੂੰ ਸਾਡੀ ਇੱਛਾ ਅਨੁਸਾਰ ਨਹੀਂ ਮਿਲਦਾ, ਉਸ ਦੀ ਘਾਟ ਸਾਨੂੰ ਦੁਖੀ ਕਰ ਗਈ। ਕੋਈ ਘਟਨਾ ਜੋ ਸਾਡੀ expectation ਤੋਂ ਉਲਟ ਹੋ ਗਈ ਤਾਂ ਸਾਨੂੰ ਦੁਖੀ ਕਰ ਗਈ। ਕਦੇ ਸਰੀਰ ਦਾ ਕੋਈ ਅੰਗ ਠੀਕ ਕਿਰਿਆ ਕਰਨੋਂ ਬੰਦ ਹੋ ਗਿਆ ਜਾਂ ਰੁੱਕ ਗਿਆ ਤਾਂ ਉਸ ਦਾ ਡਾਢਾ ਦੁੱਖ ਹੋਇਆ।
ਉਹ ਅਸਲ ਇੱਛਾਵਾਂ ਜਾਂ ਉਮੀਦਾਂ ਜੋ ਮਨੁੱਖ ਆਪਣੇ ਜੀਵਨ ਦੇ ਸਫਰ ਵਿਚ ਦੁਨੀਆਂ ਤੋਂ, ਆਪਣੇ ਜੀਵਨ ਤੋਂ ਜਾਂ ਆਪਣੇ ਬੱਚਿਆਂ, ਰਿਸ਼ਤੇਦਾਰਾਂ ਤੋਂ ਰੱਖਦਾ ਹੈ, ਜੇ ਉਹ ਪੂਰੀਆਂ ਨਾ ਹੋਣ ਤਾਂ ਮਨੁੱਖ ਦੁਖੀ ਹੋ ਗਿਆ।
ਤੱਤ ਇਹ ਨਿਕਲਿਆ ਕਿ ਮਨੁੱਖ ਦੀਆਂ ਆਪਣੀਆਂ ਇੱਛਾਵਾਂ ਹੀ ਮਨੁੱਖ ਨੂੰ ਦੁਖੀ ਕਰ ਗਈਆਂ:
ਕਉੜਾ ਕੋਇ ਨ ਮਾਗੈ ਮੀਠਾ ਸਭ ਮਾਗੈ॥
ਸਭੁ ਕੋਇ ਮੀਠਾ ਮੰਗਿ ਦੇਖੈ ਖਸਮੁ ਭਾਵੈ ਸੋ ਕਰੇ॥(ਪੰਨਾ ੫੬੬)
ਦੂਸਰਾ ਕਾਰਨ ਇਹ ਹੈ ਕਿ ਮਨੁੱਖ ਆਪਣੇ ਆਰਾਮ ਦੀ ਸਮੱਗਰੀ ਜੁਟਾਂਦਾ ਹੈ, ਆਪਣੇ ਸੁਖ ਲਈ ਸਾਧਨ ਬਣਾਉਂਦਾ ਹੈ ਅਤੇ ਸੁਖ ਦੀ ਹੀ ਕਲਪਨਾ ਕਰਦਾ ਹੈ। ਜਿੰਨੀ ਬੇ-ਆਰਾਮੀ ਜਾਂ ਤਕਲੀਫ ਉਨ੍ਹਾਂ ਤੋਂ ਸਹੀ ਨਹੀਂ ਜਾਂਦੀ ਤੇ ਉਹ ਦੁਖੀ ਹੋ ਜਾਂਦੇ ਹਨ।
ਤੀਸਰਾ ਕਾਰਨ ਇਹ ਹੈ ਕਿ ਉਹ ਤਕਲੀਫ ਸਹਿਣਾ ਨਹੀਂ ਜਾਣਦੇ। ਉਨ੍ਹਾਂ ਵਿਚ ਸਹਿਣ- ਸ਼ਕਤੀ ਘੱਟ ਹੁੰਦੀ ਹੈ, ਇਸ ਲਈ ਉਹ ਦੁਖੀ ਰਹਿੰਦੇ ਹਨ। ਅਸਲੀ ਗੱਲ ਇਹ ਹੈ ਕਿ ਉਹ ਤਕਲੀਫ ਸਹਿਣਾ ਚਾਹੁੰਦੇ ਹੀ ਨਹੀਂ। ਉਹ ਤਕਲੀਫ ਹੀ ਨਹੀਂ ਚਾਹੁੰਦੇ ਤਾਂ ਸਹਿਣਸ਼ਕਤੀ ਕਿੱਥੋਂ? ਇਕ ਬੰਦਾ ਜਿਸ ਨੂੰ ਮਾੜੀ ਜਿਹੀ ਸਰਦੀ, ਜ਼ੁਕਾਮ ਹੋ ਗਿਆ ਹੈ, ਉਹ ਬਿਸਤਰੇ ਵਿਚ ਲੇਟ ਗਿਆ ਅਤੇ ਦੂਜਾ ਬੰਦਾ, ਬਰਫ ਪੈ ਰਹੀ ਹੈ ਨੱਕ-ਮੂੰਹ ਸਰਦੀ ਨਾਲ ਲਾਲ ਹਨ, ਹੱਥ ਸੁੰਨ ਹਨ ਪਰ ਬੇਲਚਿਆਂ ਨਾਲ ਸੜਕ ਤੋਂ ਮਿੱਟੀ ਹਟਾਈ ਜਾ ਰਿਹਾ ਹੈ ਤਾਂ ਜੁ ਯਾਤਰੂਆਂ ਲਈ ਰਸਤਾ ਸਾਫ਼ ਹੋ ਜਾਏ, ਆਵਾਜਾਈ ਰੁਕ ਨਾ ਜਾਏ। ਸੋ ਦੁੱਖ ਕੇਵਲ ਮੰਨਣ ਦੀ ਗੱਲ ਹੈ। ਸ਼ੈਕਸਪੀਅਰ ਦਾ ਕਹਿਣਾ ਜੋ ਬਹੁਤ ਪ੍ਰਚਲਤ ਹੈ ਠੀਕ ਉਤਰਦਾ ਹੈ-
Nothing is good or bad, thinking makes it so.
ਇਕ ਗੱਲ ਹੋਰ ਹੈ ਕਿ ਮਨੁੱਖ ਕਲਪਨਾ ਅਤੇ ਸੁਪਨਿਆਂ ਦੇ ਸੰਸਾਰ ਵਿਚ ਰਹਿੰਦਾ ਹੈ। ਉਹ ਕਲਪਨਾ ਕਰ-ਕਰ ਕੇ ਸੱਤੂਆਂ ਦੇ ਘੜੇ ‘ਚੋਂ ਮਹਿਲ ਉਸਾਰ ਲੈਂਦਾ ਹੈ ਅਤੇ ਅਸਲੀਅਤ ਤੋਂ ਬੇ-ਖਬਰ ਹੋ ਜਾਂਦਾ ਹੈ। ਜਦੋਂ ਜੀਵਨ ਦੀਆਂ ਸਚਿਆਈਆਂ–ਬੀਮਾਰੀ, ਘਾਟ, ਮੌਤ ਸਾਹਮਣੇ ਆਉਂਦੀਆਂ ਹਨ ਤਾਂ ਦੁਖੀ ਹੋ ਜਾਂਦਾ ਹੈ।
ਵੇਖਣ ਵਾਲੀ ਗੱਲ ਤਾਂ ਇਹ ਹੈ ਕਿ ਦੁੱਖ ਕੀ ਹੈ ਅਤੇ ਕਿਉਂ ਹੈ? ਕਰਤਾਰ ਨੇ ਪਹਿਲੇ ਦਿਨ ਤੋਂ ਜਿਹੜੀ ਰਚਨਾ ਕਰ ਦਿੱਤੀ ਹੈ ਉਸੇ ਤਰ੍ਹਾਂ ਹੈ। ਜੁਗਾਂ-ਜੁਗੰਤਰਾਂ ਤੋਂ:
ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ
(ਪੰਨਾ ੯੦੨)
ਜੇ ਸਾਰੀ ਸ੍ਰਿਸ਼ਟੀ, ਸਾਰੀ ਕੁਦਰਤ ਉਸੇ ਤਰ੍ਹਾਂ ਚੱਲ ਰਹੀ ਹੈ ਅਤੇ ਬਦਲੀ ਨਹੀਂ ਤਾਂ ਫਿਰ ਮਨੁੱਖ ਦੁਖੀ ਕਿਉਂ? ਇਹ ਦੁੱਖ ਨਾਸ ਦੀ ਸ਼ੈ ਮਨੁੱਖ ਦੀ ਆਪਣੀ ਬਣਾਈ ਹੈ। ਜੇ ਸਾਰੀ ਸ੍ਰਿਸ਼ਟੀ ਕਰਤਾਰ ਦੇ ਹੁਕਮ ਵਿਚ ਚਲ ਰਹੀ ਹੈ ਅਤੇ ਵਧ ਫੁਲ ਰਹੀ ਹੈ ਤਾਂ ਫਿਰ ਮਨੁੱਖ ਖੁਸ਼ ਕਿਉਂ ਨਹੀਂ? ਮਨੁੱਖ ਤਾਂ ਬੁੱਧੀਵਾਨ ਹੈ ਅਤੇ ਸਭ ਤੋਂ ਉੱਚਾ ਹੈ। ਇਸ ਤੋਂ ਇਹ ਸਿੱਟਾ ਨਿਕਲਿਆ ਕਿ ਮਨੁੱਖ ਕਰਤਾਰ ਦੇ ਅਸੂਲਾਂ ਤੇ ਉਸ ਦੇ ਹੁਕਮ ਨੂੰ ਨਹੀਂ ਮੰਨਦਾ। ਉਸ ਦੀ ਰਜ਼ਾ ਵਿਚ ਨਹੀਂ ਚਲਦਾ। ਇਹ ਤਾਂ ਸਰਬ-ਵਿਆਪੀ ਸਤਿ (Universal Truth) ਹੈ ਅਤੇ ਗੁਰਮਤਿ ਵੀ ਮੰਨਦੀ ਹੈ ਕਿ ਤਕਲੀਫ਼ਾਂ ਤਾਂ ਆਉਂਦੀਆਂ ਹਨ:
ਜਨਮੰ ਤ ਮਰਣੰ ਹਰਖੰ ਤ ਸੋਗੰ ਭੋਗੰ ਤ ਰੋਗੰ॥
ਫਿਰ ਦੁੱਖ ਕਿਉਂ?
(ਪੰਨਾ ੧੩੫੪)
ਜੀਵਨ ਦਾ ਆਨੰਦ ਮਾਨਣ ਲਈ ਖੁਸ਼ ਰਹਿਣ ਅਤੇ ਸੁਖੀ ਹੋਣ ਲਈ ਮਨੁੱਖ ਨੇ ਆਪਣੀ ਹੀ ਸੋਚਣੀ ਬਦਲਾਉਣੀ ਹੈ। ਤਕਲੀਫਾਂ ਉਹੋ ਰਹਿਣੀਆਂ ਹਨ, ਸਚਿਆਈਆਂ ਉਹੋ ਰਹਿਣੀਆਂ ਹਨ, ਭਾਣਾ ਉਹੋ ਰਹਿਣਾ ਹੈ। ਮਨੁੱਖ ਨੇ ਆਪਣਾ ਆਪ ਬਦਲਾਉਣਾ ਹੈ। ਜਿਸ ਤਰ੍ਹਾਂ ਸਜ-ਵਿਆਹੀ ਲੜਕੀ ਸਹੁਰੇ ਘਰ ਸੁਖੀ ਰਹਿਣ ਲਈ ਉਨ੍ਹਾਂ ਦੇ ਅਸੂਲ ਅਤੇ ਰੀਤ-ਰਿਵਾਜਾਂ ਨੂੰ ਅਪਣਾ ਲੈਂਦੀ ਹੈ, ਉਨ੍ਹਾਂ ਦੇ ਅਨੁਕੂਲ ਆਪਣੇ ਆਪ ਨੂੰ ਢਾਲ (mould) ਲੈਂਦੀ ਹੈ ਤੇ ਸੁਖੀ ਰਹਿੰਦੀ ਹੈ, ਉਸੇ ਤਰ੍ਹਾਂ ਜੇ ਮਨੁੱਖ ਜੀਵਨ ਵਿਚ ਪ੍ਰਭੂ (ਕਰਤਾਰ) ਦੇ ਅਨੁਕੂਲ ਆਪਣੇ ਮਨ ਨੂੰ ਢਾਲ ਲਵੇ ਤਾਂ ਫਿਰ ਦੁਖੀ ਨਾ ਹੋਵੇ।
ਸੋ ਪਹਿਲੀ ਗੱਲ ਹੈ, ਦੁੱਖ, ਤਕਲੀਫ ਨੂੰ ਦੁੱਖ ਕਰਕੇ ਨਾ ਮੰਨਣਾ:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥
ਦੂਜੀ ਗੱਲ ਹੈ ਦੁੱਖ ਅਤੇ ਸੁਖ ਨੂੰ ਇਕੋ ਜਾਣਨਾ: (ਪੰਨਾ ੬੩੩)
ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥
(ਪੰਨਾ ੨੧੯)
ਇਕ ਗੱਲ ਹੋਰ ਹੈ, ਕਿ ਦੁੱਖ ਅਤੇ ਸੁਖ ਦੋਹਾਂ ਦੀ ਹੋਂਦ ਹੀ ਮਿਟਾ ਦੇਣੀ। ਸੰਸਾਰ ਵਿਚਲੀਆਂ ਸਚਿਆਈਆਂ ਤਾਂ ਨਹੀਂ ਮਿਟਣੀਆਂ ਪਰ ਮਨੁੱਖੀ ਮਨ ਨੂੰ ਇਨ੍ਹਾਂ ਦੇ ਇਤਨਾ ਅਨੁਕੂਲ ਕਰ ਲੈਣਾ ਹੈ ਕਿ ਮਹਿਸੂਸ ਹੀ ਨਾ ਹੋਵੇ ਕਿ ਕੋਈ ਭਾਵ (feeling) ਹੈ ਵੀ ਕਿ ਨਹੀਂ। ਲਾਲ ਰੰਗ ਅੱਜ ਲਾਲ ਹੈ ਕਿਉਂਕਿ ਅਸੀਂ ਇਸ ਨੂੰ ਲਾਲ ਕਹਿੰਦੇ ਹਾਂ। ਜੇ ਅੱਜ ਸਾਰੀ ਸ੍ਰਿਸ਼ਟੀ ਲਾਲ ਨੂੰ ਹਰਾ ਰੰਗ ਕਹਿਣ ਲੱਗ ਪਏ ਤਾਂ ਉਹ ਹਰਾ ਹੋ ਜਾਂਦਾ ਹੈ। ਫਿਰ ਲਾਲ ਰੰਗ ਦੀ ਕੀ ਹੋਂਦ ਰਹੀ? ਇਸੇ ਤਰ੍ਹਾਂ ਜੇ ਦੁੱਖ ਨੂੰ ਦੁੱਖ ਦੀ ਥਾਂ ਸੁਖ ਕਹਿ ਲਵੋ, ਸੁਖ-ਦੁੱਖ ਦੋਹਾਂ ਨੂੰ ਇਕੋ ਜਾਣ ਲਵੋ। ਜਿਵੇਂ ਉਹੋ ਸੂਰਜ ਚਮਕਦਾ ਹੈ ਕਦੇ ਗਰਮੀ ਕਰਦਾ ਹੈ, ਕਦੇ ਸਰਦੀ ਪਰ ਉਸ ਦੀਆਂ ਕਿਰਣਾਂ ਵਿਚ ਉਹੋ ਰਵਾਨਗੀ ਹੈ, Spontaneitly ਹੈ, ਉਸੇ ਤਰ੍ਹਾਂ ਜੀਵਨ ਦੇ ਦੋਹਾਂ ਰੂਪਾਂ ਵਿਚ ਉਸੇ ਕਰਤਾਰ ਦਾ flow ਹੈ, Spontaneitly ਹੈ, ਫਿਰ ਦੁੱਖ ਕਿੱਥੇ ਹੈ? ਜੋ ਹੈ, ਠੀਕ ਹੈ, flow ਹੈ, uniformity ਹੈ। ਨਾ ਦੁੱਖ ਹੈ, ਨਾ ਸੁਖ ਹੈ। ਹੋਂਦ ਹੈ ਕੁਝ ਹੈ, ਹਾਂ ਉਹ ਆਪ ਹੈ, ਆਪ ਹੀ ਆਪ ਹੈ।
