1 views 8 secs 0 comments

ਦੂਜਾ ਪਾਸਾ

ਲੇਖ
December 16, 2025

ਰੋਟੀ ਟੁੱਕ ਕਮਾਉਣ ਅਤੇ ਖਾਣ ਦੇ ਆਹਰ ਵਿਚ ਰੁੱਝਿਆ ਹੋਇਆ ਅੱਜ ਦਾ ਕਰਮੀ ਇਨਸਾਨ, ਪੜ੍ਹਿਆ-ਲਿਖਿਆ ਹੋਵੇ ਜਾਂ ਅੱਧ-ਪੜ੍ਹ-ਹਰ ਸਮੇਂ ਖ਼ਬਰਾਂ ਦੇ ਝੱਖੜ ਵਿਚੋਂ ਲੰਘਦਾ ਰਹਿੰਦਾ ਹੈ। ਪੜ੍ਹਿਆ-ਲਿਖਿਆ ਵਿਹਲੜ ਤਾਂ ਕੋਈ ਵੀ ਹੱਥ ਵਿਚ ਆਈ ਅਖ਼ਬਾਰ ਪਹਿਲੇ ਅੱਖਰ ਤੋਂ ਆਖ਼ਰੀ ਤਕ ਰੋਜ਼ ਚੂਸ ਹੀ ਲੈਂਦਾ ਹੈ । ਉਪਰੋਂ ਟੀ.ਵੀ. ਦੀਆਂ ਖ਼ਬਰਾਂ, ਰਿਪੋਰਟਾਂ ਅਤੇ ਇਸ਼ਤਿਹਾਰ ਦਿਮਾਗ਼ ਦੀ ਹਰ ਵਿਹਲੀ ਨੁੱਕਰ ਨੂੰ ਮੱਲ ਲੈਂਦੇ ਹਨ। ਫ਼ਿਲਮ ਦੇ ਨਾਲ-ਨਾਲ ਚੱਲਦੀ ਟਿੱਪਣੀ, ਬਾਰ-ਬਾਰ ਹਮਲਾ ਕਰਦੀ ਹੈ, ਜੋ ਇਨਸਾਨ ਦੀ ਮਾੜੀ-ਮੋਟੀ ਆਪਣੀ ਸੂਝ-ਬੂਝ ਦਾ ਗਲਾ ਘੁੱਟ ਦੇਂਦੀ ਹੈ। ਟੀ.ਵੀ. ਬੋਲੀ ‘ਤੇ ਬੋਲ ਕੇ ਚਲੀ ਗਈ।ਅਖ਼ਬਾਰ ਆਈ, ਆਪਣਾ ਜਲਵਾ ਦਿਖਾਇਆ ਤੇ ਅਗਲੇ ਦਿਨ ਇਕ ਹੋਰ ਜਲਵਾ ਲੈ ਕੇ ਆ ਗਈ । ਨਿੱਤ ਦਿਨ ਝੂਠ ਤੇ ਫ਼ਰੇਬ ਦਾ ਪ੍ਰਚਾਰ ਸਾਖਸ਼ਾਤ ਸੱਚ ਪ੍ਰਤੀਤ ਹੋਣ ਲੱਗ ਪੈਂਦਾ ਹੈ। ਇਉਂ ਲੱਗਦਾ ਹੈ ਜਿਵੇਂ ਇਨਸਾਨਾਂ ਦਾ ਠਾਠਾਂ ਮਾਰਦਾ ਸਮੁੰਦਰ ਇਕ ਭੇਡਾਂ ਦਾ ਇੱਜੜ ਬਣ ਗਿਆ ਹੋਵੇ। ਇਸ ਇੱਜੜ ਦੀ ਸੋਚ ਨੂੰ ਮੁੱਠੀ ਵਿਚ ਰੱਖਣ ਅਤੇ ਉਂਗਲੀ ਉੱਤੇ ਨਚਾਉਣ ਲਈ ਖ਼ਬਰਾਂ, ਫ਼ਿਲਮਾਂ ਅਤੇ ਟਿੱਪਣੀਆਂ ‘ਤੇ ਇਸ਼ਤਿਆਰ ਵੀ ਯਥਾ ਸੰਭਵ ਹਿੱਸਾ ਪਾਉਂਦੇ ਹਨ । ਪੈਦਲ ਤੋਂ ਲੈ ਕੇ ਪ੍ਰਾਈਵੇਟ ਕਾਰਾਂ ਵਿਚ ਚੱਲਣ ਵਾਲੇ ਕੁਲ ਲੋਕ ਇਕੋ ਜਿਹੀ ਸੋਚ ਦੀਆਂ ਤਾਰਾਂ ਨਾਲ ਬੰਨ੍ਹੇ ਜਾਂਦੇ ਹਨ। ਜੋ ਕੁਝ ਗ਼ਰੀਬ ਬੋਲਦਾ ਹੈ, ਓਹੋ ਕੁਝ ਅਮੀਰ ਬੋਲਦਾ ਹੈ । ਜਦੋਂ ਉਨ੍ਹਾਂ ਦੋਹਾਂ ਸਿਰਿਆਂ ਦੇ ਲੋਕਾਂ ਦੇ ਖ਼ਿਆਲ ਮਿਲ ਜਾਂਦੇ ਹਨ ਜਾਂ ਕਹਿ ਲਵੋ ਕਿ ਉਨ੍ਹਾਂ ਦੇ ਅੰਦਰ ਗ੍ਰਾਮੋਫ਼ੋਨ ਦੇ ਤਵੇ ਵਾਂਗ ਭਰੇ ਖ਼ਿਆਲ ਉਪਜਦੇ ਹਨ ਤਾਂ ਉਹ ਆਪਣੇ ਆਪ ਨੂੰ ਬੁੱਧੀਜੀਵੀਆਂ ਵਿਚ ਸ਼ੁਮਾਰ ਕਰਨ ਲੱਗ ਪੈਂਦੇ ਹਨ। ਉਨ੍ਹਾਂ ਲਈ ਇਹ ਸਮਝਣਾ ਮੁਸ਼ਕਿਲ ਹੁੰਦਾ ਹੈ ਕਿ ਕੋਈ ਖ਼ਬਰਾਂ ਦਾ ਮਦਾਰੀ ਉਨ੍ਹਾਂ ਦੇ ਨਾਲ ਖੇਡ ਕਰ ਰਿਹਾ ਹੈ ਜਾਂ ਕਰ ਚੁੱਕਾ ਹੁੰਦਾ ਹੈ। ਉਨ੍ਹਾਂ ਦੀ ਖਰੇ-ਖੋਟੇ ਦੀ ਤਮੀਜ਼ ਕਰਨ ਦੀ ਸਮਝ ਤਾਂ ਖ਼ਬਰਾਂ ਦੇ ਵਾਤਾਵਰਨ ਹੱਥੋਂ ਚਿਰੋਕਣੀ ਕਤਲ ਹੋ ਚੁੱਕੀ ਹੁੰਦੀ ਹੈ। ਹਰ ਖ਼ਬਰ ਦੇ ਪਿੱਛੇ, ਹਰ ਇਸ਼ਤਿਹਾਰ ਦੇ ਪਿੱਛੇ ਕਿਸੇ ਨਾ ਕਿਸੇ ਦਾ ਫਾਇਦਾ ਛੁਪਿਆ ਹੁੰਦਾ ਹੈ । ਸ਼ੋਅਬਾ ਕੋਈ ਵੀ ਹੋਵੇ—ਸਮਾਜਿਕ, ਵਪਾਰਕ, ਸਾਹਿਤਕ, ਫ਼ੌਜੀ ਜਾਂ ਸਿਆਸੀ ਅਤੇ ਭਾਵੇਂ ਉਸਦਾ ਸਾਇੰਸ, ਸਿਹਤ ਜਾਂ ਪੜ੍ਹਨ ਪੜਾਉਣ ਨਾਲ ਸੰਬੰਧ ਹੋਵੇ, ਹਰ ਖ਼ਬਰ ਦੇ ਪਿੱਛੇ ਇਕ ਮੰਤਵ ਹੁੰਦਾ ਹੈ ਅਤੇ ਉਸ ਮੰਤਵ ਨੂੰ ਸਿਰੇ ਚੜਾਉਣ ਵਾਲੀਆਂ ਤਾਕਤਵਰ ਸ਼ਕਤੀਆਂ ਸਾਡੇ ਲੋਕਾਂ ਤੋਂ ਬਹੁਤ ਉੱਚੀਆਂ ਅਤੇ ਅਪਹੁੰਚ ਹੁੰਦੀਆਂ ਹਨ। ਇਨ੍ਹਾਂ ਮਹਾਂ-ਸ਼ਕਤੀਆਂ
ਦਾ ਜਾਲ ਸਾਨੂੰ ਆਗਿਆ ਨਹੀਂ ਦੇਂਦਾ ਕਿ ਅਸੀਂ ਆਪਣੀ ਬੁੱਧੀ ਦੀ ਸਹੀ ਵਰਤੋਂ ਕਰਕੇ ਇਹ ਕਹਿ ਸਕੀਏ ਕਿ ਕੀ ਗ਼ਲਤ ਹੈ, ਕੀ ਸਹੀ ਹੈ।

ਅਖ਼ਬਾਰਾਂ ਤੇ ਟੀ.ਵੀ. ਦੇ ਮਾਇਆ ਜਾਲ ਅਤੇ ਝੂਠ ਦੇ ਹਨੇਰੇ ਪਾਸਾਰ ਵਿਚ ਕੁਝ ਸਾਲ ਪਹਿਲਾਂ ਤੋਂ ਇਕ ਰੋਸ਼ਨੀ ਦੀ ਕਿਰਨ ਪੈਦਾ ਹੋਈ ਹੈ ਅਤੇ ਉਸਦਾ ਨਾਂ ਹੈ ਇੰਟਰਨੈੱਟ।

ਸਕੂਲਾਂ, ਕਾਲਜਾਂ ਵਿਚ ਕੰਪਿਊਟਰ ਅਤੇ ਇੰਟਰਨੈੱਟ ਦੀ ਪੜ੍ਹਾਈ ਵਿਚ ਬਹੁਤ ਪਸਾਰ ਹੋਇਆ ਹੈ। ਇੰਟਰਨੈੱਟ ਰਾਹੀਂ ਅਖ਼ਬਾਰਾਂ ਅਤੇ ਟੀ.ਵੀ. ਦੀ ਮੁਥਾਜੀ ਮੁੱਕ ਗਈ ਹੈ । ਹਰ ਸੋਚਵਾਨ ਇਨਸਾਨ ਆਪਣੇ ਖ਼ਿਆਲਾਂ ਦਾ ਪ੍ਰਚਾਰ ਸਿੱਧਾ ਇੰਟਰਨੈੱਟ ‘ਤੇ ਪਾ ਕੇ ਦੁਨੀਆ ਨੂੰ ਹਰ ਕੋਨੇ ਵਿਚ ਪੁਚਾ ਸਕਦਾ ਹੈ। ਖ਼ਿਆਲਾਂ ਦੇ ਏਸ ਲੈਣ ਦੇਣ ਨੇ ਹਰ ਵਿਅਕਤੀ ਨੂੰ ਆਪੋ-ਆਪਣੀ ਸੱਚਾਈ ਬਿਆਨ ਕਰਨ ਦੇ ਸਮਰੱਥ ਕਰ ਦਿੱਤਾ ਹੈ। ਇਕੋ ਜੇਹੇ ਖ਼ਿਆਲਾਂ ਅਤੇ ਕਿੱਤਿਆਂ ਵਾਲੇ ਆਪੋ ਵਿਚ ਰਲ ਗਏ ਹਨ । ਬੇਅੰਤ ਲੋਕਾਂ ਦੀ ਲਿਖਣ ਸ਼ਕਤੀ ਅਤੇ ਸੋਚ ਸ਼ਕਤੀ ਦਾ ਵਿਖਾਵਾ ਇੰਟਰਨੈੱਟ ਰਾਹੀਂ ਹੋਣ ਲੱਗ ਪਿਆ ਹੈ। ਪੱਛਮੀ ਦੇਸਾਂ ਦੇ ਬਹੁਤੇ ਲੋਕ ਅਖ਼ਬਾਰਾਂ ਤੇ ਟੀ.ਵੀ. ਦੀਆਂ ਖ਼ਬਰਾਂ ਵਿਚ ਦਿਨੋ-ਦਿਨ ਘੱਟ ਵਿਸ਼ਵਾਸ ਕਰ ਰਹੇ ਹਨ। ਉਨ੍ਹਾਂ ਦੇ ਨਿੱਜੀ ਤਜਰਬੇ ਨਿੱਤ ਦਿਨ ਵਿਅਕਤੀਆਂ, ਪਾਰਟੀਆਂ ਅਤੇ ਹਕੂਮਤਾਂ ਦੇ ਪਾਜ ਖੋਲ੍ਹ ਰਹੇ ਹਨ।

ਨਤੀਜਾ ਇਹ ਹੋਇਆ ਹੈ ਕਿ ਅੱਜ ਜ਼ਿੰਦਗੀ ਦੇ ਹਰ ਖੇਤਰ ਵਿਚ, ਸਿਹਤ ਤੋਂ

ਲੈ ਕੇ ਵਿਸ਼ਵ ਜੰਗ ਦੇ ਮਸਲਿਆਂ ਤਕ ਹੁਣ ਪਹਿਲਾਂ ਵਾਂਗ ਕਿਸੇ ਜ਼ੋਰਾਵਰ ਦੀ ਇਕੋ-ਇਕ ਰਾਇ ਨਹੀਂ। ਬਲਕਿ ਭਾਂਤ-ਭਾਂਤ ਦੀਆਂ ਵਿਰੋਧੀ ਰਾਵਾਂ ਖੜ੍ਹੀਆਂ ਹੋਣੀਆਂ ਸ਼ੁਰੂ ਹੋ ਗਈਆਂ ਹਨ। ਕਿਸੇ ਦਵਾਈ ਨੂੰ ਜੇ ਇਕ ਧਿਰ ਸੰਜੀਵਨੀ ਬੂਟੀ ਕਹਿੰਦੀ ਹੈ ਤਾਂ ਇਕ ਹੋਰ ਧਿਰ ਏਸੇ ਹੀ ਦਵਾਈ ਨੂੰ ਮੌਤ ਦਾ ਫੰਧਾ ਦੱਸਦੀ ਹੈ।

ਸਾਨੂੰ ਸਭ ਨੂੰ ਜਾਗਣ ਦੀ ਲੋੜ ਹੈ । ਸੱਚਾਈ ਕੀ ਹੈ, ਸਾਨੂੰ ਆਪ ਵੀ ਖੋਜ ਕਰਨ ਦਾ ਹੱਕ ਹੈ।( ਪੁਸਤਕ ਦੂਜਾ ਪਾਸਾ ਵਿਚੋਂ)

ਡਾ. ਦਲਜੀਤ ਸਿੰਘ(ਸਵ.)