167 views 16 secs 0 comments

ਧਰਮੀ ਮਾਂ ਦੇ ਸੰੰਸਕਾਰਾਂ ਦਾ ਪ੍ਰਗਟ ਰੂਪ – ਇੱਕ ਜਰਨੈਲ

ਲੇਖ
May 10, 2025
ਧਰਮੀ ਮਾਂ ਦੇ ਸੰੰਸਕਾਰਾਂ ਦਾ ਪ੍ਰਗਟ ਰੂਪ - ਇੱਕ ਜਰਨੈਲ

-ਡਾ. ਇੰਦਰਜੀਤ ਸਿੰਘ ਗੋਗੋਆਣੀ

ਧਰਤੀ- ਵੱਡੀ ਮਾਂ ਹੈ ਅਤੇ ਮਾਂ- ਇੱਕ ਛੋਟੀ ਧਰਤੀ। ਦੋਹਾਂ ਨੂੰ ਕਾਦਰ ਨੇ ਪੈਦਾਇਸ਼ੀ ਵਰ ਦਿੱਤਾ ਹੈ। ਇਸ ਦ੍ਰਿਸ਼ਟਮਾਨ ਸੰਸਾਰ ਅੰਦਰ ਹਰੇਕ ਧਰਤੀ ’ਚ ਇਕਸਾਰਤਾ ਵੀ ਨਹੀਂ ਹੈ। ਕੱਲਰੀ ਤੇ ਪਥਰੀਲੀ ਧਰਤੀ ਉੱਪਰ ਕਦੀ ਬਹਾਰਾਂ ਨਹੀਂ ਆਉਂਦੀਆਂ। ਕਰਮਾਂ ਵਾਲੀ ਉਪਜਾਊ ਧਰਤੀ ਉੱਪਰ ਬਨਸਪਤੀ ਮੌਲਦੀ ਹੈ। ਇਹ ਭਿੰਨਤਾ ਤੇ ਵਿਲੱਖਣਤਾ ਹੀ ਧਰਤੀ ਨੂੰ ਮਾਣ ਦਿਵਾਉਂਦੀ ਹੈ। ਧਰਤੀਆਂ ਮੁੱਲਵਾਨ ਵੀ ਹਨ, ਅਮੁੱਲ ਵੀ ਤੇ ਬੇਮੁੱਲੀਆਂ ਵੀ। ਆਪਣੀ ਕੁੱਖ ’ਚੋਂ ਉਗਮੇ ਫੁੱਲ, ਬੂਟੇ, ਬਾਗ਼ਾਂ ਨੂੰ ਦੇਖ ਕੇ ਧਰਤੀ ਵਿਗਸਦੀ ਵੀ ਹੈ। ਇਸ ਦਾ ਨਾਉਂ ਅਨੰਦ, ਖੇੜਾ ਤੇ ਵਿਗਾਸ ਹੈ।
‘ਮਾਂ’- ਛੋਟੀ ਧਰਤੀ ਦੇ ਰੂਪ ਵਿਚ ਕੁੱਖ ਰੂਪੀ ਜ਼ਮੀਨ ਤਿਆਰ ਕਰਦੀ ਹੈ। ਵੱਡੀ ਧਰਤੀ ਉੱਪਰ ਛੋਟੀ ਧਰਤੀ, ਜਿਸ ਦੀਆਂ ਸੀਮਾਵਾਂ ਕਾਲ ਦੇ ਅਧੀਨ ਹਨ। ਇਸੇ ਲਈ ਮਾਂਵਾਂ ਦਾ ਵਿਛੋੜਾ ਵੀ ਅਸਹਿ ਤੇ ਅਕਹਿ ਹੁੰਦਾ ਹੈ। ਸੰਸਾਰ ਦੀ ਕੁੱਲ ਸੁੰਦਰਤਾ, ਖੋਜ, ਗਿਆਨ-ਵਿਿਗਆਨ, ਵਿਦਵਤਾ, ਸਾਧੂ, ਸੰਤ, ਸੂਰਬੀਰ, ਦਾਨੀ, ਦਾਤੇ, ਕਿਰਤੀ, ਸਮੂਹ ਕਲਾਵਾਂ, ਸੋਹਜ ਕਲਾ, ਚੱਜ-ਅਚਾਰ, ਧਰਮ-ਕਰਮ ਆਦਿ ਸਭ ਭਲੀਆਂ ਮਾਂਵਾਂ ਦੀ ਬਰਕਤ ਹੈ।

ਅਜਿਹੀ ਹੀ ਇੱਕ ਧਰਮੀ ਮਾਂ ਸੀ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦੀ, ਜਿਸ ਦੀ ਜੀਵਨ-ਜਾਚ ਬਾਰੇ ਸ. ਰਤਨ ਸਿੰਘ (ਭੰਗੂ) ਨੇ ‘ਸ੍ਰੀ ਗੁਰ ਪੰਥ ਪ੍ਰਕਾਸ਼’ ਵਿਚ ਲਿਿਖਆ ਹੈ ਕਿ ਉਸ ਦੀ ਸ਼ਖ਼ਸੀਅਤ ਕਿਹੋ ਜਿਹੀ ਸੀ?
ਉਹ ਸਿੱਖ ਪਰਵਾਰ ਦੀ ਬੇਟੀ ਸੀ ਅਤੇ ਗੁਰਮੁਖ ਪਿਤਾ ਨੇ ਸ਼ਰਧਾ ਭਾਵਨਾ ਨਾਲ ਗੁਰਮੁਖੀ ਵਿੱਦਿਆ ਪੜ੍ਹਾਈ। ਉਸ ਨੂੰ ਘਣੇਰੀ ਬਾਣੀ ਕੰਠ ਸੀ ਅਤੇ ਗੁਰਬਾਣੀ ਦੀ ਪੋਥੀ ਉਹ ਆਪਣੇ ਪਾਸ ਰੱਖਦੀ ਸੀ। ਸਤਿ-ਸੰਗਤਿ ਉਸ ਦੇ ਸੰਸਕਾਰਾਂ ਦਾ ਹਿੱਸਾ ਸੀ। ਅੰਮ੍ਰਿਤ ਵੇਲੇ ਜਾਗਣਾ, ਸਿਮਰਨ, ਕੀਰਤਨ ਕਰਨਾ ਅਤੇ ਸ਼ਾਮ ਵੇਲੇ ਸੋਦਰ ਦਾ ਜਾਪ ਉਸ ਦਾ ਨੇਮ ਸੀ। ਗੁਰਬਾਣੀ ਉਪਰ ਅਤੁੱਟ ਭਰੋਸਾ ਅਤੇ ਉਹ ਗੁਰੂ ਬਖ਼ਸ਼ਿਸ਼ ਦੀ ਪਾਤਰ ਸੀ:

ਹੁਤੀ ਸਿੰਘਨ ਕੀ ਬੇਟੀ ਸੋਇ, ਪਿਤਾ ਪੜ੍ਹਾਈ ਅੱਛਰ ਤੋਇ।
ਗੁਰਬਾਣੀ ਤਿਸ ਕੰਠ ਘਨੇਰੀ, ਹੁਤੀ ਸਿੱਖਣੀ ਦੁਇ ਪਖ ਕੇਰੀ॥4॥
ਪੋਥੀ ਰਾਖਤ ਗਾਤ੍ਰੈ ਪਾਇ, ਸਿਖ ਸੰਗਤ ਮੈਂ ਪਹੁੰਚੈ ਜਾਇ।
ਬਡੀ ਪ੍ਰਾਤ ਉਠ ਚੌਂਕੀ ਕਰੈ, ਸਮੈਂ ਸੰਝੈ ਭੀ ਸੋਦਰ ਪੜੈ੍ਹ॥5॥

ਉਹ ਆਪ ਦੁਤਾਰਾ ਲੈ ਕੇ ਪ੍ਰੇਮ ਨਾਲ ਦੋਨੋਂ ਵਕਤ ਕੀਰਤਨ ਕਰਦੀ ਸੀ। ਜਿੱਥੇ ਵੀ ਸਿੱਖ ਸੰਗਤ ਦਾ ਜੋੜ ਹੁੰਦਾ ਉਹ ਸੱਦਾ ਪ੍ਰਵਾਨ ਕਰ ਕੇ ਪਹੁੰਚਦੀ। ਜੋੜ-ਮੇਲਿਆਂ ’ਤੇ ਗੁਰੂ-ਘਰ ਜਾ ਕੇ ਗੁਰ-ਸੇਵਾ ਜਾਣ ਕੇ ਗੁਰ ਜੱਸ ਕਰਦੀ।
ਪਿਛੋਕੜ ਵਿਚ ਜਾਈਏ ਤਾਂ ਸਰਦਾਰ ਬਦਰ ਸਿੰਘ ਦੇ ਘਰ ਕਈ ਸਾਲਾਂ ਤਕ ਸੰਤਾਨ ਨਹੀਂ ਸੀ ਹੋਈ। ਧਰਮੀ ਮਾਤਾ-ਪਿਤਾ ਨੇ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕੀਤੀ ਅਤੇ ਕਈ ਸਾਲਾਂ ਦੀ ਭਜਨ ਬੰਦਗੀ ਤੋਂ ਉਪਰੰਤ ਮਈ 1718 ਈ. ਵਿਚ ਸਰਦਾਰ ਜੱਸਾ ਸਿੰਘ ਦਾ ਜਨਮ, ਪਿੰਡ ਆਹਲੂ, ਜ਼ਿਲ੍ਹਾ ਲਾਹੌਰ ਵਿਖੇ ਹੋਇਆ। ਇਨ੍ਹਾਂ ਦੇ ਪਿਤਾ ਸ. ਬਦਰ ਸਿੰਘ ਜਦ ਅਕਾਲ ਚਲਾਣਾ ਕਰ ਗਏ ਤਾਂ (ਬਾਲ) ਜੱਸਾ ਸਿੰਘ ਸਿਰਫ ਚਾਰ ਕੁ ਸਾਲ ਦਾ ਸੀ। ਧਰਮੀ ਮਾਤਾ ਦੀ ਭਾਵਨਾ ਸੀ ਕਿ ਕਿਤੇ ਕਲਗੀਧਰ ਪਾਤਸ਼ਾਹ ਦਾ ਦਰਬਾਰ ਸਜਿਆ ਹੁੰਦਾ ਤਾਂ ਮੈਂ ਸ਼ੁਕਰਾਨਾ ਕਰਨ ਜਾਂਦੀ। ਸਮਾਂ ਅੱਗੇ ਲੰਘ ਚੁੱਕਾ ਸੀ। ਦੇਖਦਿਆਂ-ਦੇਖਦਿਆਂ ਬਹੁਤ ਕੁਝ ਵਾਪਰ ਗਿਆ ਤੇ ਕਈ ਖਾਹਿਸ਼ਾਂ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਗਈਆਂ ਸਨ।

ਸਰਦਾਰ ਜੱਸਾ ਸਿੰਘ ਜੀ ਦੀ ਮਾਤਾ ਗੁਰੂ-ਘਰ ਦੇ ਸਨੇਹ ਤੇ ਭਾਵਨਾ ਸਦਕਾ ਬਾਲ ਪੁੱਤਰ ਨੂੰ ਨਾਲ ਲੈ ਕੇ ਦਿੱਲੀ ਜਾ ਪਹੁੰਚੀ, ਜਿੱਥੇ ਕਲਗੀਧਰ ਪਾਤਸ਼ਾਹ ਜੀ ਦੇ ਮਹਿਲ ਮਾਤਾ ਸੁੰਦਰੀ ਜੀ ਦਾ ਬਸੇਰਾ ਸੀ। ਬਾਲ ਪੁੱਤਰ ਵੱਲ ਇਸ਼ਾਰਾ ਕਰਦਿਆਂ ਮਾਂ ਬੋਲੀ ਕਿ ਇਸ ਬਾਲ ਲਈ ਅਸੀਂ ਸ੍ਰੀ ਅਨੰਦਪੁਰ ਸਾਹਿਬ ਜਾ ਕੇ ਅਰਦਾਸ ਕੀਤੀ ਸੀ ਤੇ ਗੁਰੂ-ਘਰ ਦੀ ਬਖ਼ਸ਼ਿਸ਼ ਸਦਕਾ ਇਸ ਪੁੱਤਰ ਦੀ ਦਾਤ ਪ੍ਰਾਪਤ ਹੋਈ। ਮਾਤਾ ਸੁੰਦਰੀ ਜੀ ਨੇ ਇਸ ਬੱਚੇ ਨੂੰ ਪਿਆਰ ਨਾਲ ਚੁੰਮਿਆ ਤੇ ਉਸ ਨੂੰ ਆਪਣੇ ਸਾਹਿਬਜ਼ਾਦਿਆਂ ਵਰਗਾ ਮੋਹ ਜਾਗ ਪਿਆ। ਬਾਲ ਜੱਸਾ ਸਿੰਘ ਨੇ ਵੀ ਐਸਾ ਮੋਹ ਪਾਇਆ ਕਿ ਫਿਰ ਇਨ੍ਹਾਂ ਦਾ ਬਚਪਨ ਮਾਤਾ ਸੁੰਦਰੀ ਜੀ ਪਾਸ ਹੀ ਦਿੱਲੀ ਵਿਖੇ ਬੀਤਿਆ।

ਇੱਥੇ ਸੰਗਤ ਦਾ ਪ੍ਰਤਾਪ ਹੈ। ਪਹਿਲਾਂ ਧਰਮੀ ਮਾਂ ਜਨਨੀ ਦੀ ਅਸੀਸ ਤੇ ਗੁਰਮੁਖੀ ਜੀਵਨ ਦੀਆਂ ਰਹਿਮਤਾਂ ਮਿਲੀਆਂ ਸਨ ਅਤੇ ਦੂਜਾ ਮਾਤਾ ਸੁੰਦਰੀ ਜੀ ਦਾ ਗੁਰੂ ਭਗਤੀ ਦਾ ਸਨੇਹ। ਇਹ ਜੀਵਨ ਘਾੜਤ ਦੀ ਟਕਸਾਲ ਸੀ। ਅੰਮ੍ਰਿਤ ਵੇਲੇ ਅੰਮ੍ਰਿਤਮਈ ਬਾਣੀਆਂ ਦਾ ਜਾਪ, ਗੁਰੂ-ਭਾਵਨਾ ਵਾਲੀਆਂ ਸੰਗਤਾਂ ਦਾ ਸਿਮਰਨ ਤੇ ਬੰਦਗੀ। ਅਜਿਹਾ ਅੰਮ੍ਰਿਤਮਈ ਵਾਤਾਵਰਨ ਬਲਵਾਨ ਸ਼ਖ਼ਸੀਅਤਾਂ ਦੀ ਸਿਰਜਣਾ ਕਰਦਾ ਹੈ। ਜਿੱਥੇ ਬਾਬਾਣੀਆਂ ਕਾਹਾਣੀਆਂ ਦਾ ਚਿੰਤਨ ਹੋਵੇ, ਨਿਰਮਲ ਪੰਥ ਦੇ ਸ੍ਵੈਮਾਣ ਦੀਆਂ ਗੱਲਾਂ ਹੋਣ, ਉੱਥੇ ਚੜ੍ਹਦੀ ਕਲਾ ਦਾ ਬੋਲ-ਬਾਲਾ ਹੋਣਾ ਸਹਿਜ ਸੁਭਾਅ ਪ੍ਰਕਿਿਰਆ ਹੈ। ਇੱਥੇ ਸਰਦਾਰ ਜੱਸਾ ਸਿੰਘ ਜੀ ਦੀ ਮਨੋ-ਅਵਸਥਾ ਸੀ ਸ੍ਰੀ ਗੁਰੂ ਗ੍ਰੰਥ ਤੇ ਪੰਥ ਦੀ ਚੜ੍ਹਦੀ ਕਲਾ ਤੇ ਜੁਗੋ ਜੁੱਗ ਅਟੱਲਤਾ ਲਈ ਤਨੋਂ-ਮਨੋਂ-ਧਨੋਂ ਕੁਰਬਾਨੀ। ਇੱਥੇ ਕਲਗੀਧਰ ਪਾਤਸ਼ਾਹ ਜੀ ਦੇ ਇਲਾਹੀ ਬੋਲ ਸੁਭ ਕਰਮਨ ਤੇ ਕਬਹੂੰ ਨ ਟਰੋਂ ਨਿੱਤ ਅਰਦਾਸ ਦਾ ਹਿੱਸਾ ਸੀ ਅਤੇ ਨਿਸਚੈ ਕਰ ਅਪਨੀ ਜੀਤ ਕਰੋਂ ਸੱਚਾ ਪ੍ਰਣ ਸੀ। ਇਨ੍ਹਾਂ ਨਿਸਚਾਧਾਰੀਆਂ ਰੂਹਾਂ ਪਾਸ ਅਗੰਮੀ ਪੂੰਜੀ ਸੀ, ਦੁਕਾਲੰ ਪ੍ਰਣਾਸੀ ਦਿਆਲੰ ਸਰੂਪੇ॥ ਸਦਾ ਅੰਗ ਸੰਗੇ ਅਭੰਗੰ ਬਿਭੂਤੇ॥ ਅਜਿਹੀ ਟਕਸਾਲੀ ਘਾੜਤ ਦਾ ਪ੍ਰਗਟ ਰੂਪ ਸਰਦਾਰ ਜੱਸਾ ਸਿੰਘ ਜੀ ਦਾ ਜੀਵਨ ਇਤਿਹਾਸ ਹੈ।

ਫਿਰ ਇਕ ਦਿਨ ਮਾਤਾ ਸੁੰਦਰੀ ਜੀ ਤੋਂ ਵਿਦਾਈ ਦਾ ਸਮਾਂ ਆਇਆ। ਦਿੱਲੀ ਤੋਂ ਵਿਦਾ ਕਰਦਿਆਂ ਮਾਤਾ ਸੁੰਦਰੀ ਜੀ ਨੇ ਜੱਸਾ ਸਿੰਘ ਨੂੰ ਇੱਕ ਢਾਲ, ਕਿਰਪਾਨ, ਕਮਾਨ, ਤੀਰਾਂ ਦਾ ਭੱਥਾ, ਇਕ ਗੁਰਜ ਤੇ ਸੁਨਹਿਰੀ ਪੁਸ਼ਾਕ ਦਿੱਤੀ। ਦਿੱਲੀ ਤੋਂ ਵਾਪਸ ਪੰਜਾਬ ਆਉਣ ’ਤੇ ਜੱਸਾ ਸਿੰਘ ਨੂੰ ਨਵਾਬ ਕਪੂਰ ਸਿੰਘ ਦੀ ਸੰਗਤ ਹਾਸਲ ਹੋਈ।
ਕੌਮੀ ਜਜ਼ਬੇ ਨਾਲ ਲਬਰੇਜ਼ ਨਵਾਬ ਕਪੂਰ ਸਿੰਘ ਜੀ ਵਰਗੀ ਉੱਚ ਦੁਮਾਲੜੀ ਸ਼ਖ਼ਸੀਅਤ ਦੀ ਰਹਿਨੁਮਾਈ ਸਰਦਾਰ ਜੱਸਾ ਸਿੰਘ ਲਈ ਸੋਨੇ ’ਤੇ ਸੁਹਾਗਾ ਸੀ। ਨਵਾਬ ਜੀ ਨੇ ਆਪ ਪੰਜਾਂ ਪਿਆਰਿਆਂ ਵਿਚ ਸ਼ਾਮਲ ਹੋ ਕੇੇ ਜੱਸਾ ਸਿੰਘ ਨੂੰ ਅੰਮ੍ਰਿਤ-ਪਾਨ ਕਰਵਾਇਆ। ਸਿੱਖ ਪਰੰਪਰਾਵਾਂ ਦੀ ਪਹਿਰੇਦਾਰੀ ਕਰਦਿਆਂ, ਅੰਮ੍ਰਿਤ ਦੀ ਮਰਯਾਦਾ ਪੰਜ ਬਾਣੀਆਂ ਦਾ ਜਾਪ ਕਰਦਿਆਂ ਪੰਜ ਪਿਆਰਿਆਂ ਨੇ ਨਿਭਾਈ। ਨਵਾਬ ਕਪੂਰ ਸਿੰਘ ਜੀ ਦਾ ਜੀਵਨ ਇਤਿਹਾਸ ਪੜ੍ਹੋ-ਉਨ੍ਹਾਂ ਦਾ ਜੀਵਨ ਬਾਣੀ-ਬਾਣੇ ਦਾ ਜਲੌ ਤੇ ਪ੍ਰਤਾਪ ਸੀ। ਅਜਿਹੀ ਕਰਮ-ਭੂਮੀ ਵਿੱਚੋਂ ਨੇਮੀ ਜੀਵਨ ਜੁਗਤ ਵਾਲਾ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਸਿੱਖ ਇਤਿਹਾਸ ਦਾ ਗੌਰਵਮਈ ਜਰਨੈਲ ਬਣਿਆ।

ਸਰਦਾਰ ਜੱਸਾ ਸਿੰਘ ਨੇ ਕਦੀ ਭੰਡਾਰੀ ਦੀ ਪਦਵੀ ਪਾਈ, ਕਦੇ ਘੱਲੂਘਾਰਿਆਂ ਵਿਚ ਸੂਰਮਗਤੀ ਦੇ ਜੌਹਰ ਵਿਖਾਏ, ਕਦੀ ਉਹ ਮਿਸਲਾਂ ਦਾ ਸਰਦਾਰ, ਕਦੀ ਤਖਤ ਦਾ ਬਾਦਸ਼ਾਹ, ਕਦੀ ਉਸ ਨੇ ਸਰਹਿੰਦ’ਤੇ ਕਬਜ਼ਾ ਕਰ ਕੇ ਗੁਰਦੁਆਰਾ ਫਤਿਹਗੜ੍ਹ੍ਹ ਸਾਹਿਬ ਦਾ ਨਿਰਮਾਣ ਕਰਵਾਇਆ। ਉਹ ਇਕ ਅਜਿਹਾ ਗੁਰਸਿੱਖ ਯੋਧਾ ਸੀ ਜਿਸ ਨੂੰ ਕੌਮ ਨੇ ਅਤਿ ਮਾਣ ਨਾਲ ‘ਸੁਲਤਾਨ-ਉਲ-ਕੌਮ’ ਦੇ ਰੁਤਬੇ ਦਾ ਸਤਿਕਾਰ ਦਿੱਤਾ। ਉਹ ਕਲਗੀਧਰ ਪਾਤਸ਼ਾਹ ਦੀ ਬਖ਼ਸ਼ਿਸ਼ ਦੇ ਪਾਤਰ ਖਾਲਸੇ ਦੇ ਸਿੰਘਊਪੁਣੇ ਤੋਂ ਸਦਕੇ ਇਕ ਧਰਮੀ ਮਾਂ ਦਾ ਸ਼ੇਰ ਪੁੱਤਰ ਸੀ ਜੋ ਹਰ ਮੈਦਾਨ ਫ਼ਤਿਹ ਪਾਉਂਦਾ ਬਾਦਸ਼ਾਹੀਅਤ ਰੂਪ ’ਚ ਜੀਵਿਆ। ‘ਚਾਣਕੀਯ ਨੀਤੀ’ ਵਿਚ ਇੱਕ ਸਲੋਕ ਆਉਂਦਾ ਹੈ:

ਸਿੰਘਨ ਕੇ ਸੁਤ ਏਕ ਹੈਂ, ਸੁਖ ਸੋਵਤ ਹੈ ਨੀਠ।
ਗਧਹੀ ਕੇ ਸੁਤ ਬਹੁਤ ਹੈਂ, ਭਾਰ ਉਠਾਵਤ ਪੀਠ।

ਭਾਵ ਸ਼ੇਰਨੀ (ਸਿੰਘਨ) ਦਾ ਇਕ ਪੁੱਤਰ ਹੈ ਜੋ ਜੰਗਲ ਦਾ ਬਾਦਸ਼ਾਹ ਹੈ ਤੇ ਉਹ ਮਾਣ ਨਾਲ ਸੁੱਖ ਦੀ ਨੀਂਦ ਸੌਂਦੀ ਹੈ। ਦੂਜੇ ਪਾਸੇ ਗਧੀ ਦੇ ਪੱੱੁਤਰ ਤਾਂ ਅਨੇਕ ਹਨ ਪਰ ਸਾਰੇ ਭਾਰ ਢੋਂਦੇ ਤੇ ਗ਼ੁਲਾਮੀ ਕਰਦੇ ਹਨ, ਪਰ ਬਾਦਸ਼ਾਹ ਕੋਈ ਵੀ ਨਹੀਂ ਹੁੰਦਾ। ਸਰਦਾਰ ਜੱਸਾ ਸਿੰਘ ਦੇ ਸਿੰਘਊਪੁਣੇ ਦਾ ਪ੍ਰਤਾਪ ਹਰ ਪਾਸੇ ਫੈਲਿਆ।
ਸਰਦਾਰ ਜੱਸਾ ਸਿੰਘ ਆਹਲੂਵਾਲੀਆ ਦਾ ਜੀਵਨ-ਇਤਿਹਾਸ ਕੌਮੀ ਵਾਰਸਾਂ ਲਈ ਸਦੀਵ-ਕਾਲ ਪ੍ਰੇਰਨਾ ਦਾ ਸੋਮਾ ਹੈ। ਉਨ੍ਹਾਂ ਦੀਆਂ ਪ੍ਰਾਪਤੀਆਂ ਦਾ ਆਧਾਰ ਗੁਰੂ ਭਰੋਸਾ, ਬਾਣੀ-ਬਾਣੇ ਦਾ ਪਿਆਰ ਤੇ ਵਿਸ਼ੇਸ਼ ਕਰ ਕੇ ਗੁਰੂ-ਗ੍ਰੰਥ ਤੇ ਪੰਥ ਨੂੰ ਸਮਰਪਿਤ ਧਰਮੀ ਮਾਂ ਦੀ ਬੰਦਗੀ ਤੇ ਉਚ ਸੰਸਕਾਰ ਸਨ। ਅਜਿਹੇ ਜਰਨੈਲ ਜਥੇਬੰਦਕ ਕੌਮਾਂ ਦੇ ਥੰਮ੍ਹ ਹੁੰਦੇ ਨੇ ਤੇ ਐਸੇ ਬਹਾਦਰਾਂ ਦਾ ਗੌਰਵਮਈ ਇਤਿਹਾਸ ਸਾਡੀ ਅਮੀਰ ਵਿਰਾਸਤ ਹੈ। ਇਨ੍ਹਾਂ ਦੀਆਂ ਜਨਨੀਆਂ ਪੂਜਨੀਕ ਧਰਮੀ ਮਾਵਾਂ ਨੂੰ ਸਦ-ਨਮਸਕਾਰ ਹੈ।

ਪ੍ਰਿੰਸੀਪਲ, ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ, ਸ੍ਰੀ ਅੰਮ੍ਰਿਤਸਰ ਸਾਹਿਬ। ਮੋ: +9198159-85559