(ਖਾਲਸਾ ਅਖ਼ਬਾਰ ਲਾਹੌਰ ਦਾ ਇਕ ਸੰਪਾਦਕੀ ਲੇਖ)
-ਗਿ. ਦਿੱਤ ਸਿੰਘ
ਬਹੁਤ ਸਾਰੇ ਪੁਰਖ ਇਸ ਬਾਤ ਪਰ ਕਈ ਪ੍ਰਕਾਰ ਦੇ ਝਗੜੇ ਕਰਦੇ ਹਨ ਕਿ ਅਸੀਂ ਇਸ ਬਾਤ ਦਾ ਨਿਰਨਯ ਨਹੀ ਕਰ ਸਕਦੇ ਕਿ ਧਰਮ ਕ੍ਯਾ ਹੈ ਅਤੇ ਉਸ ਤੇ ਉਲਟ ਅਧਰਮ ਕ੍ਯਾ ਵਸਤੂ ਹੈ, ਕਿਉਂਕਿ ਹਰ ਇਕ ਆਦਮੀ ਅਪਨੀ-ਅਪਨੀ ਬੁਧੀ ਅਨੁਸਾਰ ਜਿਸ ਨੂੰ ਅੱਛਾ ਸਮਝਦਾ ਹੈ ਉਸ ਨੂੰ ਧਰਮ ਜਾਨਦਾ ਹੈ ਅਤੇ ਜਿਸ ਨੂੰ ਬੁਰਾ ਜਾਨਦਾ ਹੈ ਉਸ ਨੂੰ ਅਧਰਮ ਦੇ ਖਾਨੇ ਵਿਚ ਸਾਮਲ ਕਰ ਦਿੰਦਾ ਹੈ, ਪਰੰਤੂ ਇਸ ਤੇ ਇਹ ਸਿਧ ਨਹੀ ਹੁੰਦਾ ਕਿ ਧਰਮ ਇਹ ਹੈ ਇਸੀ ਪ੍ਰਕਾਰ ਜੋ ਇਕ ਮਜਹਬ ਵਿਚ ਧਰਮ ਹੈ ਸੋਈ ਦੂਸਰੇ ਵਿਚ ਅਧਰਮ ਕਰਕੇ ਸਦਿਆ ਜਾਂਦਾ ਹੈ ਜੈਸਾ ਕਿ ਇਕ ਮੁੱਲਾਂ ਦੇ ਪਾਸ ਹਿੰਦੂ ਅਤੇ ਮੁਸਲਮਾਨਾਂ ਦੇ ਮੁੰਡੇ ਪੜਦੇ ਸਨ ਤਦ ਇਕ ਮੁਸਲਮਾਨਾਂ ਦੇ ਮੁੰਡੇ ਦੇ ਹੱਥੋਂ ਖਾਂਦਿਆਂ ਰੋਟੀ ਦਾ ਇਕ ਟੁੱਕ ਗਿਰ ਪਿਆ ਜਿਸ ਪਰ ਉਸ ਮੁੰਡੇ ਨੇ ਮੌਲਵੀ ਸਾਹਿਬ ਤੇ ਪੁਛਿਆ ਕਿ ਮੀਆਂ ਜੀ ਸਰਾ (ਸ਼ਰ੍ਹਾ) ਵਿਚ ਇਹ ਟੁੱਕਰ ਖਾ ਲੈਣਾ ਠੀਕ ਹੈ ਕਿ ਨਹੀਂ ਇਸ ਪਰ ਮੁੱਲਾਂ ਜੀ ਨੈ ਆਖਿਆ ਕਿ ਠਹਰ ਜਾ ਤੈਨੂੰ ਦੱਸਦਾ ਹਾਂ ਜਿਸ ਪਰ ਉਸਨੇ ਇਕ ਹਿੰਦੂਆਂ ਦੇ ਲੜਕੇ ਨੂੰ ਬੁਲਾ ਕੇ ਪੁਛਿਆ ਕਿ ਭਾਈ ਦੱਸ ਖਾਂ ਜੇ ਖਾਂਦੇ ਦੇ ਹੱਥੋਂ ਗਰਾਹੀ ਗਿਰ ਪਵੇ ਤਦ ਤੁਸੀ ਕ੍ਯਾ ਕਰਦੇ ਹੋ ਇਸ ਪਰ ਉਸ ਲੜਕੇ ਲੈ ਆਯਾ ਕਿ ਅਸੀਂ ਤਾਂ ਉਸ ਨੂੰ ਫੇਰ ਨਹੀ ਚੁਕਦੇ, ਕਿਉਂਕਿ ਸਾਡੇ ਧਰਮ ਅਨੁਸਾਰ ਉਹ ਭਰਿਸਟ ਹੋ ਗਈ ਜਿਸ ਪਰ ਮੁੱਲਾਂ ਨੇ ਉਸ ਲੜਕੇ ਨੂੰ ਸਦ ਕੇ ਆਖ੍ਯਾ ਕੇ (ਓਇ ਮੁੰਡਿਆ ਚੁੱਕ ਕੇ ਖਾ ਲੈ ਸਾਡੀ ਸਰਾ ਵਿਚ ਓਹੋ ਠੀਕ ਹੈ ਜੋ ਹਿੰਦੂਆਂ ਦੇ ਮਜਹਬ ਵਿਚ ਨਾ ਠੀਕ ਹੋਵੇ) ਇਸ ਅਖਾਵਤ ’ਤੇ ਇਹ ਸਿਧ ਹੁੰਦਾ ਹੈ ਕਿ ਜੋ ਬਾਤ ਇਕ ਮਜਹਬ ਵਿਚ ਬੁਰੀ ਸਮਝੀ ਜਾਂਦੀ ਹੈ ਸੋਈ ਦੂਸਰੇ ਵਿਚ ਧਰਮ ਸਮਝਦੇ ਹਨ ਜਿਸ ’ਤੇ ਪਤਾ ਨਹੀਂ ਲਗਦਾ ਕਿ ਧਰਮ ਅਤੇ ਅਧਰਮ ਦਾ ਕਯਾ ਲਖਨ ਹੈ ਅਤੇ ਪੁਰਖ ਕਿਸ ਨੂੰ ਧਰਮ ਸਮਝੇ।।
ਸਾਡੇ ਖ੍ਯਾਲ ਵਿਚ ਤਾਂ ਧਰਮ ਓਹੋ ਹੈ ਜੋ ਪੁਰਖ ਦੇ ਚਿਤ ਵਿਚ ਉਲਟ ਹੋਨ, ਪਰ ਭੀ ਗੁਵਾਹੀ ਦਿੰਦਾ ਹੈ ਅਤੇ ਅਧਰਮ ਸੋਈ ਹੈ ਜੋ ਅਪਨੀ ਆਤਮਾ ਵਿਚ ਉਸ ਤੇ ਉਲਟ ਕਰਦਿਆਂ ਭੀ ਗੁਵਾਹ ਹੁੰਦਾ ਹੈ ਜੈਸਾ ਕਿ ਕਿਸੇ ਅਚੋਰ ਪੁਰਖ ਨੂੰ ਚੋਰ ਜਾਨ ਕੇ ਪਕੜਿਆਂ ਹੋਇਆਂ ਭੀ ਉਸ ਦਾ ਆਤਮਾ ਲੋਕਾਂ ਵਿਚ ਚੋਰ ਪ੍ਰਗਟ ਹੋ ਕੇ ਗੁਵਾਹੀ ਦੇ ਰਿਹਾ ਹੈ ਕਿ ਮੈਂ ਚੋਰ ਨਹੀ ਹਾਂ ਇਸੀ ਵਾਸਤੇ ਏਹੋ ਧਰਮ ਹੈ ਦੂਸਰਾ ਅਧਰਮ ਓਹੋ ਹੈ ਜੋ ਅਪਨੇ ਕਰਮ ਤੇ ਉਲਟ ਸੁਭਾਵ ਹੋ ਕੇ ਗੁਵਾਹੀ ਦੇ ਰਿਹਾ ਹੋਵੇ ਜੈਸੇ ਕਿ ਚੋਰ ਚੋਰੀ ਕਰਦਾ-ਕਰਦਾ ਭੀ ਅਰ ਝੂਠਾ ਪੁਰਖ ਝੂਠ ਬੋਲਦਾ ਬੋਲਦਾ ਭੀ ਅਰ ਉਸ ਨੂੰ ਸੱਚ ਆਖਦਾ ਹੋਇਆ ਭੀ ਅਪਨੇ ਆਤਮਾਂ ਦੀ ਸਾਖੀ ਨਾਲ ਅਪਨੇ ਆਪ ਨੂੰ ਚੋਰ ਅਤੇ ਝੂਠਾ ਜਾਨਦਾ ਹੈ ਇਸ ਤੇ ਸੋਈ ਅਧਰਮ ਸਮਝਨਾ ਚਾਹੀਦਾ ਹੈ ਜਿਸ ਕਰਮ ਨੂੰ ਆਤਮਾ ਕਰਦਿਆਂ-ਕਰਦਿਆਂ ਭੀ ਬੁਰਾ ਸਮਝੇ ਸੋਈ ਅਧਰਮ ਹੈ ਅਤੇ ਜਿਸ ਦੇ ਨਾ ਕਰਦਿਆਂ ਭੀ ਅੱਛਾ ਸਮਝੇ ਸੋਈ ਧਰਮ
ਹੈ।
ਪ੍ਯਾਰੇ ਪਾਠਕੋ ਆਪ ਹਰ ਇਕ ਕੰਮ ਦੇ ਕਰਨ ਸਮ ਇਸ ਬਾਤ ਨੂੰ ਜਰੂਰ ਸੋਚ ਲਵੋ ਕਿ ਤੁਹਾਡਾ ਆਤਮਾਂ ਉਸ ਪਰ ਕ੍ਯਾ ਆਖਦਾ ਹੈ
(ਖ਼ਾਲਸਾ ਅਖ਼ਬਾਰ ਲਾਹੌਰ, ੨੮ ਜੂਨ ੧੮੯੫, ਪੰਨਾ ੩)