ਡਾ. ਇੰਦਰਜੀਤ ਸਿੰਘ ਗੋਗੋਆਣੀ
ਨਹ ਬਿਲੰਬ ਧਰਮੰ ਬਿਲੰਬ ਪਾਪੰ॥ ਦ੍ਰਿੜੰਤ ਨਾਮੰ ਤਜੰਤ ਲੋਭੰ॥ (ਅੰਗ ੧੩੫੪)
ਸੋਲਾਂ ਕਲਾਵਾਂ ਵਿੱਚੋਂ ਪੰਜਵੀਂ ਕਲਾ ‘ਧਰਮ ਕਲਾ’ ਹੈ। ਪ੍ਰੋ. ਸਾਹਿਬ ਸਿੰਘ ਜੀ ਨੇ ਧਰਮ ਨੂੰ ਇਕ ਕੋਮਲ ਹੁਨਰ ਅਤੇ ਜਿਊਂਣ ਦਾ ਹੁਨਰ ਵੀ ਕਿਹਾ ਹੈ। ‘ਸਮ ਅਰਥ ਕੋਸ਼’ ਵਿਚ ਧਰਮ ਦੇ ਸਮਾਨ-ਅਰਥੀ ਸ਼ਬਦ ਹਨ, ‘ਆਚਾਰ, ਈਮਾਨ, ਸੱਚ, ਸ਼ਬਦ, ਸੁਕ੍ਰਿਤ, ਯ, ਸੁਭਾਵ, ਹੱਕ, ਦੀਨ, ਪੁਣਯ, ਪੁੰਨ, ਬਿਰਦ ਆਦਿ। ‘ਮਹਾਨ ਕੋਸ਼’ ਦੇ ਕਰਤਾ ਅਨੁਸਾਰ ਧਰਮ ਦੀ ਪਰਿਭਾਸ਼ਾ ਜਿਸ ਦੇ ਆਧਾਰ ਵਿਸ਼ਵ ਹੈ, ਸ਼ੁਭ ਕਰਮ, ਮਜ਼ਹਬ, ਦੀਨ, ਰਿਵਾਜ, ਰਸਮ, ਫ਼ਰਜ਼, ਇਨਸਾਫ ਤੇ ਸੁਭਾਵ ਆਦਿ। ਇਸ ਤੋਂ ਇਲਾਵਾ ਧੀਰਜ, ਖਿਮਾ, ਮਨ ਦਾ ਵੱਸ ਕਰਨਾ, ਚੋਰੀ ਦਾ ਤਯਾਗ, ਪਵਿਤ੍ਰਤਾ, ਇੰਦ੍ਰੀਆਂ ਨੂੰ ਕੁਕਰਮਾਂ ਤੋਂ ਰੋਕਣਾ, ਨਿਰਮਲ ਬੁੱਧਿ ਵਿਦਯਾ ਦਾ ਅਭਯਾਸ, ਸਤਯ, ਕ੍ਰੋਧ ਦਾ ਤਯਾਗ ਆਦਿ ਧਰਮ ਦੇ ਦਸ ਅੰਗ ਮੰਨੇ ਜਾਂਦੇ ਹਨ।
ਦਾਨਸ਼ਵਰਾਂ ਦਾ ਕਥਨ ਹੈ ਕਿ ਜਿਵੇਂ ਬੇੜੀ ਮਲਾਹ ਤੋਂ ਬਗੈਰ ਕੰਢੇ ਨਹੀਂ ਲੱਗ ਸਕਦੀ ਇਸੇ ਤਰ੍ਹਾਂ ਮਨੁੱਖਤਾ ਦਾ ਧਰਮ ਤੋਂ ਬਗੈਰ ਉੱਧਾਰ ਨਹੀਂ ਹੋ ਸਕਦਾ। ਧਰਮ ਤਾਂ ਇਕ ਮਾਰਗ ਹੈ, ਜਿਸ ਉੱਪਰ ਚੱਲ ਕੇ ਕੋਈ ਇਨਸਾਨ ਸਹੀ ਟਿਕਾਣੇ ‘ਤੇ ਪਹੁੰਚ ਸਕਦਾ ਹੈ। ਅਮਲੀ ਜੀਵਨ ਵਿਚ ਦੇਖੋ ਤਾਂ ਸਾਡੇ ਸਮਾਜ ਦਾ ਨਜ਼ਰੀਆ ਇਸ ਤਰ੍ਹਾਂ ਹੈ ਕਿ ਇਹ ਆਸਤਿਕਤਾ ਤੇ ਨਾਸਤਿਕਤਾ ਨੂੰ ਹੀ ਕੇਵਲ ਧਰਮ ਦਾ ਆਧਾਰ ਸਮਝਦਾ ਹੈ। ਜਦ ਕਿ ਆਸਤਿਕਤਾ-ਰੱਬ ਨੂੰ ਮੰਨਣਾ ਅਤੇ ਨਾਸਤਿਕਤਾ-ਨਾ ਮੰਨਣਾ ਹੈ। ਪਰ ਕੀ ਚੰਗਾ ਜੀਵਨ ਜਿਊਂਣ ਲਈ ਅਤੇ ਚੰਗਾ ਸਮਾਜ ਸਿਰਜਣ ਲਈ ਦੋਨਾਂ ਧਿਰਾਂ ਨੂੰ ਹੀ ਧਰਮ ਦੇ ਬਿਆਨ ਕੀਤੇ ਉਪਰੋਕਤ ਗੁਣਾਂ ਦੀ ਲੋੜ ਨਹੀਂ ਹੈ? ਜਵਾਬ ਹੋਵੇਗਾ ਕਿ ਸਭਨਾਂ ਨੂੰ ਹੀ ਲੋੜ ਹੈ।
ਹਕੀਕਤ ਤੋਂ ਅੱਖਾਂ ਮੀਚ ਕੇ ਧਰਮ ਦਾ ਵਿਰੋਧ ਕਰਨ ਵਾਲਿਆਂ ਨੂੰ ਅਤੇ ਮੰਨਣ ਵਾਲਿਆਂ ਨੂੰ ਵੀ ਦੀਰਘਤਾ ਤੇ ਸਪੱਸ਼ਟਤਾ ਦੇ ਨਾਲ ‘ਧਰਮ ਕਲਾ’ ਨੂੰ ਸਮਝਣ ਦੀ ਲੋੜ ਹੈ। ਧਰਮ ਕਿਸੇ ਖਿੱਤੇ ਦੇ ਸੱਭਿਆਚਾਰ ਨੂੰ ਵੀ ਜਨਮ ਦਿੰਦਾ ਹੈ। ਉਦਾਹਰਨ ਲਈ ਜਿਵੇਂ ਸਤਿਗੁਰਾਂ ਨੇ ਭਾਰਤੀ ਸੱਭਿਆਚਾਰ ਵਿੱਚ ਸਿੱਖ ਸੱਭਿਆਚਾਰ ਨੂੰ ਸਥਾਪਿਤ ਕੀਤਾ। ਸਾਡੀ ਭਾਸ਼ਾ, ਰੀਤੀ ਰਿਵਾਜ਼, ਰਹਿਣ-ਸਹਿਣ, ਬੋਲ-ਚਾਲ, ਜੀਵਨ-ਜਾਚ, ਜਨਮ-ਵਿਆਹ, ਮ੍ਰਿਤਕ ਸੰਸਕਾਰ, ਜੋੜ-ਮੇਲੇ, ਤਿਉਹਾਰ ਮਰਯਾਦਾ, ਪਹਿਰਾਵਾ, ਸੰਗੀਤ, ਕਿਰਤ, ਦਾਨ, ਸਿਮਰਨ, ਚੜ੍ਹਦੀ-ਕਲਾ, ਪਿੰਡਾਂ-ਕਸਬਿਆਂ, ਸ਼ਹਿਰਾਂ ਦੇ ਨਾਂ, ਵਿਅਕਤੀਗਤ ਨਾਮ ਅਤੇ ਸਭਾ- ਸੁਸਾਇਟੀਆਂ ਦੇ ਨਾਮਕਰਣ ਆਦਿ ਸਭ ਦਾ ਆਧਾਰ ਧਰਮ ਹੈ। ਇਸੇ ਪ੍ਰਕਾਰ ਹੀ ਬਾਕੀ ਧਰਮਾਂ ਵਿਚ ਹੈ। ਇੱਥੋਂ ਤਕ ਕਿ ਪੰਜਾਬ ਵਿਚ ਨਾਮਵਰ ਨਾਸਤਿਕ ਬੰਦਿਆਂ ਦੇ ਨਾਉਂ ਵੀ ਧਰਮ ਆਧਾਰਿਤ ਸਨ ਤੇ ਬਹੁਤਿਆਂ ਦੀ ਰੋਜ਼ੀ-ਰੋਟੀ ਦਾ ਆਧਾਰ ਵੀ ਧਾਰਮਿਕ ਅਦਾਰੇ ਰਹੇ ਹਨ। ਪਰ ਉਨ੍ਹਾਂ ਨੇ ਆਪਣੀ ਹਉਮੈ ਵਿਚ ਧਰਮ ਤੋਂ ਦੂਰੀ ਬਣਾ ਕੇ ਰੱਖੀ। ਬਹੁਤਿਆਂ ਦਾ ਅੰਤਮ ਸੰਸਕਾਰ ਵੀ ਧਾਰਮਿਕ ਰਹੁ-ਰੀਤਾਂ ਅਨੁਸਾਰ ਹੀ ਹੋਇਆ, ਕਿਉਂਕਿ ਉਨ੍ਹਾਂ ਪਾਸ ਬਦਲਾਉ ਕੋਈ ਨਹੀਂ ਸੀ।
ਇਸੇ ਤਰ੍ਹਾਂ ਕਿਸੇ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਉਨ੍ਹਾਂ ਲੋਕਾਂ ਨੂੰ ਧਰਮ ਸਮਝਾਇਆ ਸੀ ਜੋ ਸਮਝਦੇ ਸਨ ਕਿ ਧਰਤੀ, ਧੌਲ ਬਲਦ ਦੇ ਸਿੰਗਾਂ ‘ਤੇ ਖੜ੍ਹੀ ਹੈ। ਗੁਰੂ ਜੀ ਤੱਤ ਗਿਆਨ ਬਖ਼ਸ਼ਦੇ ਹਨ :
ਧੌਲੁ ਧਰਮੁ ਦਇਆ ਕਾ ਪੂਤੁ॥ ਸੰਤੋਖੁ ਥਾਪਿ ਰਖਿਆ ਜਿਨਿ ਸੂਤਿ॥
(ਅੰਗ ੩)
ਭਾਵ ਧੌਲ ਇਕ ਬਲਦ ਨਹੀਂ,ਸਗੋਂ ਧਰਮ ਹੈ ਜੋ ਦਇਆ ਦਾ ਪੁੱਤਰ ਹੈ, ਜਿਸ ਨੇ ਸੰਤੋਖ ਦੁਆਰਾ ਸਾਰੀ ਸ੍ਰਿਸ਼ਟੀ ਦੀ ਮਰਯਾਦਾ ਨੂੰ ਕਾਇਮ ਰੱਖਿਆ ਹੋਇਆ ਹੈ। ਇੱਥੇ ਚਾਰ ਮਹਾਨ ਵਿਚਾਰ ਹਨ ਕਿ ਸਭ ਤੋਂ ਪਹਿਲਾਂ ਦਇਆ ਹੈ ਤੇ ਦਇਆ ‘ਚੋਂ ਧਰਮ ਪੈਦਾ ਹੁੰਦਾ ਹੈ। ਫਿਰ ਸੰਤੋਖ ਇਕ ਮਰਯਾਦਾ ਨੂੰ ਕਾਇਮ ਰੱਖਦਾ ਹੈ ਤੇ ਮਨੁੱਖਤਾ ਨੂੰ ਵੀ ਇਨ੍ਹਾਂ ਗੁਣਾਂ ਦੀ ਸਦਾ ਲੋੜ ਹੈ।
ਸਮਕਾਲੀ ਹਾਲਾਤਾਂ ਵਿਚ ਬਾਹਰੀ ਲਿਪਾ-ਪੋਚੀ ਤੇ ਵਿਖਾਵਾ ਕਈ ਵਾਰ ਬਹੁਤਾ ਦਿੱਸਦਾ ਹੈ ਪਰ ਅਮਲੀ ਜੀਵਨ ਵਿਚ ਗੁਣ ਨਹੀਂ ਹੁੰਦੇ। ਇਹ ਹੁਣ ਹਰ ਧਰਮੀ ਨੇ ਸੋਚਣਾ ਹੈ ਕਿ ਧਰਮ ਦੀਆਂ ਅਮੀਰ ਪਰੰਪਰਾਵਾਂ ਨੂੰ ਬਰਕਰਾਰ ਕਿਵੇਂ ਰੱਖਣਾ ਹੈ। ਇਕ ਗੱਲ ਸਪੱਸ਼ਟ ਹੈ ਕਿ ਧਰਮ ਕੋਈ ਵੀ ਹੋਵੇ ਉਹ ਚੰਗੀ ਜੀਵਨ ਜਾਚ ਲਈ ਹੀ ਮਾਨਵਤਾ ਨੂੰ ਪ੍ਰੇਰਦਾ ਹੈ। ਅਗਰ ਉਸ ਦਾ ਗਲਤ ਰੂਪ ਸਮਾਜ ਵਿਚ ਉਭਰਦਾ ਹੈ ਤਾਂ ਉਹ ਦੁਰਵਰਤੋਂ ਕਰਨ ਵਾਲਿਆਂ ਦਾ ਕਸੂਰ ਹੁੰਦਾ ਹੈ। ਜਿਵੇਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਕੇ ਉਸ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਅਤੇ ਜੇ ਉਸ ਨੂੰ ਖੂਹ ਵਿਚ ਧੱਕਾ ਦੇ ਦੇਵੇ ਤਾਂ ਉਸੇ ਪਾਣੀ ਵਿਚ ਡੁਬੋ ਕੇ ਉਸ ਦੀ ਜੀਵਨ ਲੀਲ੍ਹਾ ਵੀ ਖ਼ਤਮ ਕੀਤੀ ਜਾ ਸਕਦੀ ਹੈ। ਹੁਣ ਉਸ ਨੂੰ ਪਾਣੀ ਪਿਲਾਉਣਾ ਧਰਮ ਹੈ ਪਰ ਖੂਹ ‘ਚ ਧੱਕਾ ਦੇਣਾ ਅਧਰਮ ਹੈ। ਪਰ ਪਾਣੀ ਤਾਂ ਪਾਣੀ ਹੀ ਹੈ। ਉਹੋ ਪਾਣੀ ਉਪਕਾਰੀ ਤੇ ਉਹੋ ਪਾਣੀ ਘਾਤਕ। ਇਹੋ ਹਾਲ ਕਈ ਵਾਰ ‘ਧਰਮ ਨਾਲ ਹੁੰਦਾ ਹੈ। ਬਹੁਤਾ ਸਮਾਜ ਧਰਮੀ ਹੁੰਦਾ ਹੋਇਆ ਵੀ ਧਰਮ ਦੀਆਂ ਕਦਰਾਂ-ਕੀਮਤਾਂ ਤੋਂ ਵਿਹੂਣਾ ਰਹਿੰਦਾ ਹੈ। ਇਸੇ ਲਈ ਪੰਚਮ ਪਾਤਸ਼ਾਹ ਜੀ ਫ਼ਰਮਾਨ ਕਰਦੇ ਹਨ :
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ॥
(ਅੰਗ ੬੨੨)
ਭਾਵ ਵੱਡਿਆਂ ਭਾਗਾਂ ਵਾਲਾ ਹੀ ਧਰਮ ਦੀ ਮੰਜ਼ਲ ਨੂੰ ਸਮਝਦਾ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉਪਰੋਕਤ ਪੰਕਤੀਆਂ ਵਿਚ ਧਰਮ ਕਲਾ ਦ੍ਰਿੜਾਉਂਦੇ ਹੋਏ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਧਰਮ ਕਮਾਉਣ ਲੱਗਿਆਂ ਦੇਰ ਨਾ ਕਰੋ ਸਗੋਂ ਪਾਪ ਕਰਨ ਲੱਗੇ ਦੇਰੀ ਕਰੋ ਭਾਵ ਸੋਚੋ ਤਾਂ ਕਿ ਬੁਰਿਆਈ ਤੋਂ ਹਟ ਕੇ ਮਨ ਭਲਿਆਈ ਕਰਨ ਵੱਲ ਲੱਗ ਜਾਵੇ। ਪ੍ਰਭੂ ਨਾਮ ਹਿਰਦੇ ਵਿਚ ਦ੍ਰਿੜ ਕਰਨਾ, ਜਿਸ ਨਾਲ ਦਇਆ, ਨਿਮਰਤਾ, ਖਿਮਾ, ਪਰਉਪਕਾਰ ਦੀ ਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਪ੍ਰਭੂ ਪਰਉਪਕਾਰੀ ਹੈ, ਪਰ ਮਾਰੂ ਲੋਭ ਦਾ ਤਿਆਗ ਕਰਨ ਦੀ ਲੋੜ ਹੈ। ਧਰਮ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸੂਤਰ ਹੈ, ਜਿਊਂਣ ਦਾ ਹੁਨਰ ਹੈ ਤੇ ਧਰਮ ਕਲਾ’ ਪ੍ਰਤੀ ਸਮਾਜ ਦਾ ਗਿਆਨਵਾਨ ਹੋਣਾ ਤੇ ਧਾਰਨੀ ਹੋਣਾ ਅਤਿ ਜ਼ਰੂਰੀ ਹੈ।
ਸਮਕਾਲੀ ਹਾਲਾਤਾਂ ਵਿਚ ਬਾਹਰੀ ਲਿਪਾ-ਪੋਚੀ ਤੇ ਵਿਖਾਵਾ ਕਈ ਵਾਰ ਬਹੁਤਾ ਦਿੱਸਦਾ ਹੈ ਪਰ ਅਮਲੀ ਜੀਵਨ ਵਿਚ ਗੁਣ ਨਹੀਂ ਹੁੰਦੇ। ਇਹ ਹੁਣ ਹਰ ਧਰਮੀ ਨੇ ਸੋਚਣਾ ਹੈ ਕਿ ਧਰਮ ਦੀਆਂ ਅਮੀਰ ਪਰੰਪਰਾਵਾਂ ਨੂੰ ਬਰਕਰਾਰ ਕਿਵੇਂ ਰੱਖਣਾ ਹੈ। ਇਕ ਗੱਲ ਸਪੱਸ਼ਟ ਹੈ ਕਿ ਧਰਮ ਕੋਈ ਵੀ ਹੋਵੇ ਉਹ ਚੰਗੀ ਜੀਵਨ ਜਾਚ ਲਈ ਹੀ ਮਾਨਵਤਾ ਨੂੰ ਪ੍ਰੇਰਦਾ ਹੈ। ਅਗਰ ਉਸ ਦਾ ਗਲਤ ਰੂਪ ਸਮਾਜ ਵਿਚ ਉਭਰਦਾ ਹੈ ਤਾਂ ਉਹ ਦੁਰਵਰਤੋਂ ਕਰਨ ਵਾਲਿਆਂ ਦਾ ਕਸੂਰ ਹੁੰਦਾ ਹੈ। ਜਿਵੇਂ ਕਿਸੇ ਪਿਆਸੇ ਨੂੰ ਪਾਣੀ ਪਿਲਾ ਕੇ ਉਸ ਦੀ ਜਾਨ ਵੀ ਬਚਾਈ ਜਾ ਸਕਦੀ ਹੈ ਅਤੇ ਜੇ ਉਸ ਨੂੰ ਖੂਹ ਵਿਚ ਧੱਕਾ ਦੇ ਦੇਵੇ ਤਾਂ ਉਸੇ ਪਾਣੀ ਵਿਚ ਡੁਬੋ ਕੇ ਉਸ ਦੀ ਜੀਵਨ ਲੀਲ੍ਹਾ ਵੀ ਖ਼ਤਮ ਕੀਤੀ ਜਾ ਸਕਦੀ ਹੈ। ਹੁਣ ਉਸ ਨੂੰ ਪਾਣੀ ਪਿਲਾਉਣਾ ਧਰਮ ਹੈ ਪਰ ਖੂਹ ‘ਚ ਧੱਕਾ ਦੇਣਾ ਅਧਰਮ ਹੈ। ਪਰ ਪਾਣੀ ਤਾਂ ਪਾਣੀ ਹੀ ਹੈ। ਉਹੋ ਪਾਣੀ ਉਪਕਾਰੀ ਤੇ ਉਹੋ ਪਾਣੀ ਘਾਤਕ। ਇਹੋ ਹਾਲ ਕਈ ਵਾਰ ‘ਧਰਮ’ ਨਾਲ ਹੁੰਦਾ ਹੈ। ਬਹੁਤਾ ਸਮਾਜ ਧਰਮੀ ਹੁੰਦਾ ਹੋਇਆ ਵੀ ਧਰਮ ਦੀਆਂ ਕਦਰਾਂ-ਕੀਮਤਾਂ ਤੋਂ ਵਿਹੂਣਾ ਰਹਿੰਦਾ ਹੈ। ਇਸੇ ਲਈ ਪੰਚਮ ਪਾਤਸ਼ਾਹ ਜੀ ਫ਼ਰਮਾਨ ਕਰਦੇ ਹਨ :
ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ॥
(ਅੰਗ ੬੨੨)
ਭਾਵ ਵੱਡਿਆਂ ਭਾਗਾਂ ਵਾਲਾ ਹੀ ਧਰਮ ਦੀ ਮੰਜ਼ਲ ਨੂੰ ਸਮਝਦਾ ਹੈ। ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਉਪਰੋਕਤ ਪੰਕਤੀਆਂ ਵਿਚ ਧਰਮ ਕਲਾ ਦ੍ਰਿੜਾਉਂਦੇ ਹੋਏ ਉਪਦੇਸ਼ ਬਖ਼ਸ਼ਿਸ਼ ਕਰਦੇ ਹਨ ਕਿ ਧਰਮ ਕਮਾਉਣ ਲੱਗਿਆਂ ਦੇਰ ਨਾ ਕਰੋ ਸਗੋਂ ਪਾਪ ਕਰਨ ਲੱਗੇ ਦੇਰੀ ਕਰੋ ਭਾਵ ਸੋਚੋ ਤਾਂ ਕਿ ਬੁਰਿਆਈ ਤੋਂ ਹਟ ਕੇ ਮਨ ਭਲਿਆਈ ਕਰਨ ਵੱਲ ਲੱਗ ਜਾਵੇ। ਪ੍ਰਭੂ ਨਾਮ ਹਿਰਦੇ ਵਿਚ ਦ੍ਰਿੜ ਕਰਨਾ, ਜਿਸ ਨਾਲ ਦਇਆ, ਨਿਮਰਤਾ, ਖਿਮਾ, ਪਰਉਪਕਾਰ ਦੀ ਭਾਵਨਾ ਪੈਦਾ ਹੁੰਦੀ ਹੈ ਕਿਉਂਕਿ ਪ੍ਰਭੂ ਪਰਉਪਕਾਰੀ ਹੈ, ਪਰ ਮਾਰੂ ਲੋਭ ਦਾ ਤਿਆਗ ਕਰਨ ਦੀ ਲੋੜ ਹੈ। ਧਰਮ ਇਕ ਚੰਗੇ ਸਮਾਜ ਦੀ ਸਿਰਜਣਾ ਲਈ ਸੂਤਰ ਹੈ, ਜਿਊਂਣ ਦਾ ਹੁਨਰ ਹੈ ਤੇ ਧਰਮ ਕਲਾ’ ਪ੍ਰਤੀ ਸਮਾਜ ਦਾ ਗਿਆਨਵਾਨ ਹੋਣਾ ਤੇ ਧਾਰਨੀ ਹੋਣਾ ਅਤਿ ਜ਼ਰੂਰੀ ਹੈ।