91 views 7 secs 0 comments

ਧਰਮ ਮਾਪਿਆਂ ਦੀ ਗੋਦ ਵਿਚ ਖੇਡਦਾ ਹੈ

ਲੇਖ
February 24, 2025

-ਪ੍ਰਿੰ. ਨਰਿੰਦਰ ਸਿੰਘ ‘ਸੋਚ’*

ਗੱਲਾਂ ਚੱਲ ਰਹੀਆਂ ਸਨ ਕਿ ਉਨ੍ਹਾਂ ਦੀ ਪੰਦਰ੍ਹਾਂ ਮਹੀਨੇ ਦੀ ਬੱਚੀ ਖੇਡ ਛੱਡ ਕੇ ਇਕ ਚਿੱਟਾ ਦੁੱਧ ਵਰਗਾ ਕੱਪੜਾ ਚੁੱਕ ਕੇ ਲੈ ਆਈ। ਬੀਬੀ ਕੌਰ ਨੇ ਆਪਣੀ ਘੜੀ ਵੱਲ ਤਕਿਆ ਤੇ ਕਿਹਾ, “ਮੇਰੀ ਘੜੀ ਨਾਲੋਂ ਮੇਰੀ ਬੱਚੀ ਦੀ ਘੜੀ ਦਾ ਟਾਈਮ ਹਮੇਸ਼ਾ ਠੀਕ ਰਹਿੰਦਾ ਹੈ। ਹੁਣ ਅੱਠ ਵਜ ਗਏ ਹਨ ਅਤੇ ਇਹ ਆਪਣਾ ਕੱਪੜਾ ਲੈ ਕੇ ਸੌਣ ਲਈ ਆ ਗਈ ਹੈ, ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ, ਜਿਸ ਤਰ੍ਹਾਂ ਇਸ ਕੱਪੜੇ ਵਿਚ ਨੀਂਦਰ ਦੀ ਪੰਡ ਬੱਝੀ ਹੁੰਦੀ ਹੈ।

ਬੀਬੀ ਕੌਰ ਨੇ ਆਪਣੀ ਬੱਚੀ ਦੇ ਦਿਨ ਦੇ ਕੱਪੜੇ ਲਾਹ ਕੇ, ਰਾਤ ਦੇ ਖੁਲ੍ਹੇ ਕੱਪੜੇ ਪਾ ਦਿੱਤੇ। ਸੀਖਾਂ ਦੇ ਜੰਗਲੇ ਵਾਲੀ ਪਲੰਘੀਰੀ ਉੱਪਰ ਚਿੱਟੀ ਵਿਛਾਈ ਕਰ ਦਿੱਤੀ ਗਈ। ਉਸ ਨੂੰ ਦੁਹਰੇ ਕੱਪੜੇ ਦਾ ਲੰਗੋਟ ਜੇਹਾ ਬੰਨ੍ਹ ਦਿੱਤਾ ਅਤੇ ਦੁੱਧ ਦੀ ਬੋਤਲ ਉਸ ਦੇ ਮੂੰਹ ਨੂੰ ਲਾ ਦਿੱਤੀ। ਮਾਂ ਨੇ ਆਪਣੀ ਧੀ ਦੀ ਨੀਂਦਰ ਲਈ ਸੋਹਿਲਾ ਸਾਹਿਬ ਦਾ ਪਾਠ ਕੀਤਾ। ਉਧਰ ਸੋਹਿਲਾ ਸਾਹਿਬ ਦੇ ਪਾਠ ਦਾ ਭੋਗ ਪਿਆ, ਉਧਰ ਬੋਤਲ ਦਾ ਦੁੱਧ ਖਤਮ ਹੋ ਗਿਆ। ਮਾਂ ਨੇ ਦੁੱਧ ਦੇ ਨਾਲ ਨਾਲ ਸੋਹਿਲਾ ਸਾਹਿਬ ਦਾ ਪਾਠ ਸੁਣਾਇਆ ਅਤੇ ਪੰਦਰ੍ਹਾਂ ਮਹੀਨੇ ਦੀ ਬੱਚੀ ਨੇ ਆਪਣੀ ਮਾਂ ਕੋਲੋਂ ਦੁੱਧ ਪੀਤਾ ਅਤੇ ਨਾਲ-ਨਾਲ ਪਾਠ ਨੂੰ ਧਿਆਨ ਨਾਲ ਸੁਣਿਆ। ਮੈਨੂੰ ਇਸ ਤਰ੍ਹਾਂ ਜਾਪਿਆ ਜਿਵੇਂ ਮਾਂ ਨੇ ਆਪਣੀ ਧੀ ਦੇ ਚਾਰ ਚੁਫੇਰੇ ਇਕ ਹੋਰ ਰੱਖਿਆ ਦਾ ਸੁਨਹਿਰੀ ਜੰਗਲਾ ਖੜਾ ਕਰ ਦਿੱਤਾ ਹੈ, ਜਿਵੇਂ ਕੂੰਜ ਨੇ ਲੰਮੀ ਉਡਾਰੀ ਮਾਰਨ ਤੋਂ ਪਹਿਲਾਂ ਆਪਣੇ ਆਂਡਿਆਂ ਨੂੰ ਸਾਇਬੇਰੀਆ ਦੀਆਂ ਨਿੱਘੀਆਂ ਬਰਫਾਂ ਦੀ ਤੈਹ ਵਿਚ ਲੁਕਾ ਦਿੱਤਾ ਹੋਵੇ, ਜਿਵੇਂ ਕੱਛੂ ਕੁੰਮੀ ਨੇ ਆਪਣੇ ਆਂਡੇ ਬਾਹਰ ਧਰਤੀ ’ਤੇ ਰੱਖ ਕੇ ਨਦੀ ਵਿਚ ਜਾਣ ਦੀ ਤਿਆਰੀ ਕਰ ਲਈ ਹੋਵੇ। ਜਿਵੇਂ ਪ੍ਰਹਿਲਾਦ ਭਗਤ ਨੂੰ ਯਕੀਨ ਦਿਵਾਉਣ ਲਈ ਘੁਮਿਆਰੀ ਨੇ ਬਿੱਲੀ ਦੇ ਨਿੱਕੇ ਨਿੱਕੇ ਬਲੂੰਗੜੇ ਮਘਦੀ ਆਵੀ ਵਿਚ “ਰਾਮ ਰਾਖਾ” ਕਹਿ ਕੇ ਛੱਡ ਦਿੱਤੇ ਹੋਣ, ਬੀਬੀ ਕੌਰ ਦੇ ਮਾਂ-ਦਿਲ ਨੇ ਅਰਦਾਸ ਕੀਤੀ। ਬੀਬੀ ਕੌਰ ਦੀ ਪੰਦਰ੍ਹਾ ਮਹੀਨੇ ਦੀ ਬੱਚੀ ਨੇ ਅਰਦਾਸ ਸੁਣੀ। ਬੀਬੀ ਕੌਰ ਨੇ ਆਪਣੀ ਪੰਦਰ੍ਹਾਂ ਮਹੀਨੇ ਦੀ ਬੱਚੀ ਨੂੰ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬੁਲਾਈ। ਬੀਬੀ ਕੌਰ ਦੀ ਪੰਦਰ੍ਹਾਂ ਮਹੀਨੇ ਦੀ ਬੱਚੀ ਨੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਦਾ ਉੱਤਰ ਦਿੱਤਾ। ਸਾਨੂੰ ਦੰਪਤੀ ਨੂੰ ਉਠਣ ਦਾ ਇਸ਼ਾਰਾ ਕੀਤਾ ਗਿਆ। ਅਸੀਂ ਦੋਵੇਂ ਉਠ ਕੇ ਕਮਰੇ ਵਿੱਚੋਂ ਬਾਹਰ ਆ ਗਏ। ਬਾਹਰ ਆ ਕੇ ਉਸ ਨੇ ਸਹਿਜ ਨਾਲ ਦਰਵਾਜ਼ਾ ਢੋਅ ਦਿੱਤਾ। ਦਰਵਾਜ਼ੇ ਦੇ ਬੰਦ ਹੋਣ ਨਾਲ ਬੀਬੀ ਕੌਰ ਦੀ ਪੰਦਰ੍ਹਾਂ ਮਹੀਨਿਆਂ ਦੀ ਬਲੂੰਗੜੀ ਜਿਹੀ ਬੱਚੀ ਨੇ ਨੀਂਦਰ ਨਾਲ ਭਰੀਆਂ ਹੋਈਆਂ ਪਲਕਾਂ ਨੂੰ ਬੰਦ ਕਰ ਦਿੱਤਾ। ਸੋਹਿਲਾ ਸਾਹਿਬ ਦੀ ਗੋਦ ਵਿਚ ਪੰਦਰ੍ਹਾਂ ਮਹੀਨਿਆਂ ਦੀ ਬੱਚੀ ਦੀ ਪਵਿੱਤਰ ਆਤਮਾ ਸੌਂ ਗਈ। ਅੱਜ ਉਸ ਦੀ ਰਾਤ ਦੀ ਨੀਂਦਰ ਦੀ ਚਾਰ ਸੌ ਪਚਵੰਜਵੀਂ ਵਾਰੀ ਸੀ। ਉਹ ਬੱਚੀ ਜਨਮ ਤੋਂ ਲੈ ਕੇ ੨੬ ਜੁਲਾਈ ਤਕ ਰਾਤ ਨੂੰ ਆਪਣੀ ਮਾਂ ਦੀ ਗੋਦ ਵਿਚ ਨਹੀਂ ਸੁੱਤੀ ਸਗੋਂ ਮਾਂ ਨੇ ਹਮੇਸ਼ਾਂ ਆਪਣੀ ਗੋਦ ਤੋਂ ਬਹੁਤ ਉੱਚੀ ਸੋਹਿਲਾ ਸਾਹਿਬ ਦੀ ਗੋਦ ਵਿਚ ਆਪਣੀ ਬੱਚੀ ਨੂੰ ਸੁਲਾਇਆ ਸੀ।

ਇਹ ਬੱਚੀ ਸਵੇਰੇ ਆਪਣੀ ਘੜੀ ਦੇ ਠੀਕ ਸਮੇਂ ਸਿਰ, ਸੱਤ ਵਜੇ ਉਠ ਖੜੋਵੇਗੀ, ਆਪਣੀ ਚਿੱਟੀ ਦੁੱਧ ਨੀਂਦਰ ਵਾਲੀ ਚਾਦਰ ਨੂੰ ਲੱਤਾਂ ਮਾਰ ਕੇ ਪਰੇ ਸੁਟ ਦੇਵੇਗੀ। ਜਿਵੇਂ ਸੂਰਜ ਰਾਤ ਨੂੰ ਵਗਾਹ ਮਾਰਦਾ ਹੈ।

ਬੀਬੀ ਕੌਰ ਦੀ ਬੱਚੀ ਚਾਦਰ ਨੂੰ ਉੱਪਰ ਨਹੀਂ ਲੈ ਸਕਦੀ, ਉਹ ਕੇਵਲ ਉਸ ਨਾਲ ਮੂੰਹ ਲੁਕਾ ਲੈਂਦੀ ਹੈ ਜਾਂ ਛੱਡ ਦਿੰਦੀ ਹੈ।

ਬੱਚੀ ਦੇ ਅਸਮਾਨੀ ਰੰਗ ਦੇ ਕਮਰੇ ਅੰਦਰ ਇਕ ਮੱਧਮ ਜਿਹਾ ਬਲਬ ਜਗਦਾ ਰਹਿੰਦਾ ਹੈ। ਬੱਚੀ ਜਦੋਂ ਕਦੇ ਜਾਗਦੀ ਹੈ, ਉਹ ਬਲਬ ਵੱਲ ਵੇਖਦੀ ਹੈ ਉਸ ਦਾ ਉਹੋ ਚੰਦ ਹੈ, ਉਹੋ ਸੂਰਜ ਹੈ, ਉਸੇ ਇਕ ਦੀਆਂ ਅਨੇਕਾਂ ਰੁੱਤਾਂ ਹਨ ਤੇ ਉਹ ਵੇਖਦੀ ਵੇਖਦੀ ਫਿਰ ਸੌਂ ਜਾਂਦੀ ਹੈ ਕਿਉਂਕਿ ਉਸ ਦੀ ਘੜੀ ਉੱਪਰ ਅਜੇ ਤਕ ਠੀਕ ਸੱਤ ਨਹੀਂ ਵੱਜੇ। ਇਹ ਸੋਹਿਲਾ ਸਾਹਿਬ ਦੀ ਕਰਾਮਾਤ ਹੈ।

ਜਦੋਂ ਮੇਰੀ ਪਤਨੀ ਨੇ ਭੈਣ ਕੌਰ ਨੂੰ ਕਿਹਾ, “ਇਹ ਬੜੀ ਚੰਗੀ ਗੱਲ ਹੈ, ਇਸ ਨਾਲ ਬੱਚਾ ਕਿਸੇ ਉੱਪਰ ਨਿਰਭਰ ਹੋਣ ਦੀ ਕੋਹੜ ਵਰਗੀ ਬੀਮਾਰੀ ਤੋਂ ਬਚ ਜਾਂਦਾ ਹੈ ਅਤੇ ਆਪਣੀਆਂ ਹੋਣੀਆਂ ਨਾਲ ਆਪ ਹੀ ਲੜਨ ਦੀ ਸਮਰੱਥਾ ਪੈਦਾ ਕਰ ਲੈਂਦਾ ਹੈ।”

ਬੀਬੀ ਕੌਰ ਹੱਸ ਕੇ ਬੋਲੀ, “ਭੈਣ ਜੀ, ਇਹ ਗੱਲ ਮੈਂ ਤੁਹਾਥੋਂ ਹੀ ਸਿੱਖੀ ਹੈ, ਤੁਸੀਂ ਆਪਣੇ ਨਿੱਕੇ ਲੜਕੇ ਨੂੰ ਤਾਰੇ ਦਿਸਣ ਉੱਪਰ ਸੌਣ ਦੀ ਆਦਤ ਪਾ ਦਿੱਤੀ ਸੀ ਅਤੇ ਉਹ ਜਦੋਂ ਤਾਰੇ ਨਿਕਲਦੇ ਵੇਖਦਾ ਸੀ ਤਾਂ ਉਸੇ ਵੇਲੇ ਤਾਰੇ ਲਟਕ ਪਏ ਕਹਿ ਕੇ ਅੰਦਰ, ਹਨੇਰੇ ਕਮਰੇ ਅੰਦਰ ਜਾ ਕੇ ਇਕੱਲਾ ਸੌਂ ਜਾਂਦਾ ਸੀ। ਸਮੇਂ ਸਿਰ ਸੌਣਾ ਅਤੇ ਸਵੇਰੇ ਜਾਗਣਾ ਲਗਾਤਾਰ ਸਾਲਾਂ ਬੱਧੀ ਅਭਿਆਸ ਦਾ ਅੰਮ੍ਰਿਤ ਫਲ ਹੈ।

ਧਰਮ ਦੀ ਭੀ ਜਾਗ ਲਾਈ ਜਾਂਦੀ ਹੈ, ਧਰਮ ਦੀ ਭੀ ਪਿਉਂਦ ਕੀਤੀ ਜਾਂਦੀ ਹੈ, ਧਰਮ ਦੀ ਭੀ ਪਨੀਰੀ ਪੁੱਟ ਕੇ ਖੁੱਲ੍ਹੀ ਪੈਲੀ ਵਿਚ ਗੱਡੀ ਜਾਂਦੀ ਹੈ। ਕੋਈ ਬੀਜ ਧਰਤੀ ਤੋਂ ਬਿਨਾ ਨਹੀਂ ਉਗਦਾ, ਕੋਈ ਫੁੱਲ ਸੂਰਜ ਅਤੇ ਚੰਦ ਦੀਆਂ ਕਿਰਨਾਂ ਤੋਂ ਬਿਨਾ ਨਹੀਂ ਖਿੜਦਾ। ਕੋਈ ਭੀ ਕਲੀ ਆਪਣੇ ਪੋਸ਼ਣ ਸੂਰਜ ਰਿਸ਼ਮਾਂ ਦੀਆਂ ਰੰਗ-ਮਟਕੀਆਂ ਤੋਂ ਬਿਨਾ ਰੰਗ ਨਹੀਂ ਸਕਦੀ। ਕੋਈ ਭੀ ਫੁੱਲ ਧਰਤੀ ਦੀ ਗੋਦੀ ਤੋਂ ਬਿਨਾ ਸੁਗੰਧੀ ਪ੍ਰਾਪਤ ਨਹੀਂ ਕਰ ਸਕਦਾ। ਜਦੋਂ ਇਕ ਮਾਂ ਸੇਵਾ ਕਰਦੀ ਕਰਦੀ ਬਿਨਾ ‘ਸੀ’ ਕਰਨ ਦੇ ਚੌਂਕੀ ਦੇ ਤਿੱਖੇ ਕਿੱਲ ਪੈਰ ਦੀ ਛੱਤ ਉੱਪਰ ਖੁਭਵਾਕੇ ਪਾਣੀਆਂ ਨੂੰ ਲਹੂ-ਲੁਹਾਣ ਕਰ ਸਕਦੀ ਹੈ ਤਾਂ ਉਸੇ ਦੀ ਕੁੱਖ ਨੂੰ ਸਫਲ ਕਰਨਹਾਰ ਤੱਤੀਆਂ ਲੋਹਾਂ ’ਤੇ ਬੈਠ ਸਕਦਾ ਹੈ ਅਤੇ ਸੜਦੀਆਂ ਬਲਦੀਆਂ ਰੇਤਾਂ ਸਿਰ ਉੱਪਰ ਪਵਾ ਕੇ ਬਿਨਾ ‘ਸੀ’ ਕਰਨ ਦੇ ਪਾਠ ਕਰ ਸਕਦਾ ਹੈ। ਜਿਨ੍ਹਾਂ ਦੇ ਇਤਿਹਾਸ ਵਿਚ ਮਾਈਆਂ, ਬੀਬੀਆਂ ਮੰਨੂ ਦੇ ਭੌਰੇ ਵਿਚ ਕੈਦ ਰਹਿੰਦੀਆਂ ਹਨ, ਉਨ੍ਹਾਂ ਦੇ ਘਰਾਂ ਅੰਦਰ ਖੋਪਰੀਆਂ ਲੁਹਾਉਣ ਵਾਲੇ ਬੰਦ-ਬੰਦ ਜੁਦਾ ਕਰਵਾਉਣ ਵਾਲੇ ਅਤੇ ਆਰਿਆਂ ਨਾਲ ਸਰੀਰ ਤਕ ਚਿਰਵਾਉਣ ਵਾਲੇ ਪੈਦਾ ਹੁੰਦੇ ਹਨ।

ਅੱਜ ਦੇ ਮਨੋ-ਵਿਗਿਆਨੀ ਮੰਨਦੇ ਹਨ ਕਿ ਪਚਾਨਵੇਂ ਫ਼ੀ ਸਦੀ ਮਨੁੱਖ ਉੱਪਰ ਵਾਤਾਵਰਨ ਦਾ ਅਸਰ ਹੁੰਦਾ ਹੈ, ਜੇ ਵਿਰਸੇ ਨਾਮ ਦੀ ਕੋਈ ਚੀਜ਼ ਹੈ ਤਾਂ ਉਹ ਕੇਵਲ ਪੰਜ ਫ਼ੀ ਸਦੀ ਹੁੰਦੀ ਹੈ ਅਤੇ ਉਹ ਭੀ ਬਹੁਤੀ ਸਰੀਰਕ ਹੁੰਦੀ ਹੈ, ਮਾਂ ਜਾਂ ਪਿਤਾ ਵਿਰਸੇ ਵਿਚ ਬਿੱਲੀਆਂ ਅੱਖਾਂ ਜਾਂ ਘੁੰਗਰਾਲੇ ਵਾਲ ਤਾਂ ਪੁੱਤਰਾਂ ਧੀਆਂ ਨੂੰ ਦੇ ਸਕਦੇ ਹਨ ਪਰ ਬਿੱਲੀ ਅੱਖ ਦੇ ਨਾਲ-ਨਾਲ ਆਪਣੀ ਜ਼ਿੰਦਗੀ ਦਾ ਦ੍ਰਿਸ਼ਟੀਕੋਣ ਨਹੀਂ ਦੇ ਸਕਦੇ ਅਤੇ ਪਰ ਮਾਪੇ ਆਪਣੇ ਬੱਚਿਆਂ ਨੂੰ ਧਾਰਮਿਕ ਵਾਤਾਵਰਨ ਦੇ ਸਕਦੇ ਅਤੇ ਇਸ ਕੰਮ ਲਈ ਮਾਪੇ ਸਮਰੱਥ ਹੁੰਦੇ ਹਨ।

ਸਭ ਤੋਂ ਪਹਿਲੀ ਸੰਸਥਾ ਘਰ ਹੀ ਹੁੰਦਾ ਹੈ, ਜਿੱਥੇ ਬੱਚਿਆਂ ਦੀ ਆਉਣ ਵਾਲੀ ਜ਼ਿੰਦਗੀ ਦੀ ਨੀਂਹ ਰੱਖੀ ਜਾਂਦੀ ਹੈ।

ਮੇਰੇ ਸਾਹਮਣੇ ਇਕ ਗੁਰਸਿੱਖ ਦੀ ਤਸਵੀਰ ਉਘੜ ਆਈ, ਜਿਸ ਦੀ ਗੋਦ ਵਿਚ ਉਸ ਦੀ ਮਾਂ-ਮਹਿੱਟਰ ਬੱਚੀ ਹੁੰਦੀ ਸੀ ਅਤੇ ਉਹ ਸਿਆਲ ਦੀਆਂ ਰਾਤਾਂ ਨੂੰ ਤਿੰਨ ਵਜੇ ਇਸ਼ਨਾਨ ਕਰ ਕੇ ਇਕੱਲਾ ਹੀ ਆਪਣੇ ਘਰ ਕੀਰਤਨ ਕਰਨ ਬੈਠ ਜਾਂਦਾ ਸੀ। ਉਨ੍ਹਾਂ ਦੇ ਸੱਜੇ ਹੱਥ ਵਿਚ ਇਕ ਤਾਰਾ ਹੁੰਦਾ ਸੀ ਅਤੇ ਖੱਬੇ ਹੱਥ ਵਿਚ ਖੜਤਾਲਾਂ। ਉਨ੍ਹਾਂ ਦੀ ਅਵਾਜ਼ ਨਾ ਸੁਰੀਲੀ ਸੀ ਅਤੇ ਨਾ ਰਸੀਲੀ ਸੀ, ਪਰ ਉਨ੍ਹਾਂ ਦੇ ਦਿਲ ਅੰਦਰ ਗੁਰਬਾਣੀ ਪ੍ਰੇਮ ਦਾ ਠਾਠਾਂ ਮਾਰਦਾ ਦਰਿਆ ਵਗਦਾ ਸੀ। ਉਨ੍ਹਾਂ ਦੀ ਲੈਅ ਕਾਫੀ ਤੇਜ਼ ਸੀ ਅਤੇ ਉਹ ਸੱਤ ਸਵਾ ਸੱਤ ਵਜੇ ਤਕ ਸਾਰੀ ‘ਆਸਾ ਕੀ ਵਾਰ’ ਅਤੇ ‘ਸੁਖਮਨੀ ਸਾਹਿਬ’ ਜੀ ਦਾ ਕੀਰਤਨ ਰਾਹੀਂ ਭੋਗ ਪਾ ਦਿੰਦੇ ਸਨ। ਉਹ ਕੀਰਤਨ ਕਰਦੇ ਕਰਦੇ, ਕੁਝ ਖਾਸ ਤੁਕਾਂ ਉੱਪਰ ਰੁਕ ਜਾਂਦੇ ਅਤੇ ਉਨ੍ਹਾਂ ਨੂੰ ਮੁੜ-ਮੁੜ ਦੁਹਰਾਉਂਦੇ। ਮੈਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ, ਜਿਵੇਂ ਉਹ ਆਪਣੇ ਗੁਰੂ ਪਿਤਾ ਜੀ ਨਾਲ ਪ੍ਰੇਮ-ਜ਼ਿੱਦ ਤੇ ਰਿਹਾੜ ਕਰ ਰਹੇ ਹੁੰਦੇ ਹਨ ਅਤੇ ਗੁਰੂ ਜੀ ਨੂੰ ਉਨ੍ਹਾਂ ਦੀ ਪ੍ਰੇਮ-ਜ਼ਿੱਦ ਅੱਗੇ ਆਪਣੇ ਹਥਿਆਰ ਸੁੱਟਣੇ ਪੈਂਦੇ। ਜੇ ਉਹ ਬਾਣੀ ਰਾਹੀਂ ਨਾਮ ਦੀ ਮੰਗ ਕਰਦੇ ਤਾਂ ਉਨ੍ਹਾਂ ਨੂੰ ਨਾਮ ਮਿਲ ਜਾਂਦਾ। ਜੇ ਉਹ ਦਰਸ਼ਨ ਦੀ ਮੰਗ ਕਰਦੇ ਤਾਂ ਉਨ੍ਹਾਂ ਨੂੰ ਪ੍ਰਤੱਖ ਗੁਰੂ ਸ਼ਬਦ ਦੇ ਦਰਸ਼ਨ ਹੋ ਜਾਂਦੇ, ਜੇ ਉਹ ਬਖਸ਼ਿਸ਼ ਦੀ ਮੰਗ ਕਰਦੇ ਤਾਂ ਉਨ੍ਹਾਂ ਉੱਪਰ ਗੁਰੂ ਕਿਰਪਾ ਦਾ ਮੀਂਹ ਵਰ੍ਹਣ ਲੱਗ ਜਾਂਦਾ। ਜੇ ਉਹ ਮੈਲੇ ਮਨ ਦੀ ਸ਼ੁੱਧਤਾ ਦੀ ਮੰਗ ਕਰਦੇ ਤਾਂ ਮਨ ਪਵਿੱਤਰ ਜਲ ਵਾਂਗ ਨਿਰਮਲ ਹੋ ਜਾਂਦਾ।

ਉਹ ਲਗਾਤਾਰ ਸੱਠ ਸਾਲ ਤਕ ਸ੍ਰੀ ਗੁਰੂ ਰਾਮਦਾਸ ਜੀ ਦਰਬਾਰ ਸਾਹਿਬ ਦੇ ਰੋਜ਼ ਦਰਸ਼ਨ ਕਰਦੇ ਰਹੇ, ਲਗਾਤਾਰ ਸੱਠ ਸਾਲ ਤਕ ਸ਼ਾਮ ਨੂੰ ਪੰਜ ਪਰਕਰਮਾ ਕਰਦੇ ਰਹਰਾਸਿ ਸਾਹਿਬ ਦਾ ਪਾਠ ਕਰਦੇ ਰਹੇ। ਉਨ੍ਹਾਂ ਨੂੰ ਰੋਟੀ ਵੱਲੋਂ ਕਈ ਵਾਰ ਫਾਕਾ ਕਰਨਾ ਪਿਆ ਸੀ, ਪਰ ਉਨ੍ਹਾਂ ਕਦੇ ਨਿਤਨੇਮ ਵਿਚ ਨਾਗਾ ਨਹੀਂ ਸੀ ਪਾਇਆ। ਉਨ੍ਹਾਂ ਨੂੰ ਕਈ ਵਾਰ ਪਿਆਸਾ ਰਹਿਣਾ ਪਿਆ ਸੀ ਪਰ ਉਹ ਹਰ ਇਕ ਮਹੀਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਆਪ ਭੋਗ ਪਾਉਂਦੇ ਸਨ। ਇਹ ਭੋਗ ਉਹ ਸੰਗਰਾਂਦ ਨੂੰ ਪਾਉਂਦੇ ਸਨ, ਜਿਸ ਦਿਨ ਨਵੇਂ ਮਹੀਨੇ ਦਾ ਨਾਮ ਸੁਣਾਇਆ ਜਾਂਦਾ ਸੀ, ਉੱਥੇ ਨਾਲ ਹੀ ਇਕ ਸਾਧਾਰਨ ਪਾਠ ਹੋਰ ਰੱਖਿਆ ਜਾਂਦਾ ਸੀ ।

ਬਹੁਤ ਛੇਤੀ ਉਨ੍ਹਾਂ ਦੀ ਲੜਕੀ ਨੇ ਉਤਨਾ ਪਾਠ ਯਾਦ ਕਰ ਲਿਆ, ਜਿਤਨਾ ਉਸ ਦੇ ਪਿਤਾ ਜੀ ਨੂੰ ਆਉਂਦਾ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਿਨਾ ਨਾਗਾ ਕਰਨ ਦੇ ਪਾਠ ਕਰਨ ਲੱਗ ਪਈ। ਹੁਣ ਉਨ੍ਹਾਂ ਦੇ ਘਰ ਮਹੀਨੇ ਪਿੱਛੋਂ ਦੋ ਸਾਧਾਰਨ ਪਾਠਾਂ ਦਾ ਭੋਗ ਪੈਂਦਾ। ਉਨ੍ਹਾਂ ਦੇ ਪਿਤਾ ਜੀ ਨੇ ਆਪਣੀ ਦੁਬਲੀ ਪਤਲੀ ਅਤੇ ਨਿੱਕੀ ਉਮਰ ਦੀ ਲੜਕੀ ਲਈ ਬਾਬਾ ਜੀ ਦੀ ਇਕ ਨਿੱਕੀ ਬੀੜ ਲੈ ਆਂਦੀ। ਉਨ੍ਹਾਂ ਦੀ ਲੜਕੀ ਹੁਣ ਬਾਬਾ ਜੀ ਦਾ ਆਪ ਪ੍ਰਕਾਸ਼ ਕਰਨ ਲੱਗ ਪਈ। ਆਪ ਸੁਖਾਸਨ ਕਰਨ ਲੱਗ ਪਈ। ਆਪ ਮਹੀਨੇ ਪਿੱਛੋਂ ਸਧਾਰਨ ਪਾਠ ਦਾ ਭੋਗ ਪਾਉਣ ਲੱਗ ਪਈ। ਆਪ ਸਵੇਰੇ ਉਠ ਕੇ ਤ੍ਰਿਪਹਿਰੇ ਜਾਣ ਲੱਗ ਪਈ। ਨਿਤਨੇਮ ਨਾਲ ਛਬੀਲ ਦੇ ਭਾਂਡਿਆਂ ਦੀ ਸੇਵਾ ਕਰਨ ਲੱਗ ਪਈ।

ਪ੍ਰੀਖਿਆ ਦਾ ਸਮਾਂ ਆਇਆ। ਗੁਰਮੁਖ ਪਿਆਰੇ ਦਾ ਮੁੰਡਾ ਔਖੀਆਂ ਘੜੀਆਂ ‘ਤੇ ਆ ਗਿਆ। ਚੰਗੀ ਸਿਹਤ ਵਾਸਤੇ ਸ੍ਰੀ ਅਖੰਡ ਪਾਠ ਸਾਹਿਬ ਰੱਖ ਦਿੱਤਾ ਗਿਆ। ਸ੍ਰੀ ਅਖੰਡ ਪਾਠ ਮੱਧ ਵਿਚ ਆ ਗਿਆ। ਗੁਰਮੁਖ ਪਿਆਰਾ ਉਠਿਆ ਅਤੇ ਅਰਦਾਸ ਕਰਨ ਲੱਗ ਪਿਆ। “ਸਤਗੁਰੂ ਅਸੀਂ ਕਮਜ਼ੋਰ ਕਲਜੁਗੀ ਜੀਵ ਹਾਂ, ਜੇ ਹੁਣੇ ਕੋਈ ਭਾਣਾ ਵਰਤ ਗਿਆ ਤਾਂ ਹੋ ਸਕਦਾ ਹੈ, ਅਸੀਂ ਪੂਰੇ ਧਿਆਨ ਨਾਲ ਆਪ ਜੀ ਦੀ ਸੇਵਾ ਨਾ ਕਰ ਸਕੀਏ। ਪਾਠ ਵਿਚ ਪੂਰਾ ਮਨ ਨਾ ਲਾ ਸਕੀਏ। ਤੁਸੀਂ ਆਪਣੀ ਸੰਪੂਰਨ ਬਾਣੀ ਦਾ ਪਾਠ ਸੁਣ ਲਵੋ ਫਿਰ ਜੋ ਤੁਹਾਨੂੰ ਚੰਗਾ ਲੱਗੇ ਕਰ ਲੈਣਾ।” ਇਹ ਅਰਦਾਸ ਕਰ ਕੇ ਸਿੰਘ ਜੀ ਨੇ ਗੁਰੂ ਨੂੰ ਨਮਸਕਾਰ ਕੀਤੀ।

ਜਿਵੇਂ ਦੀਵਾ ਡੁਬਦਾ ਡੁਬਦਾ ਇਕ ਵਾਰ ਬੁੱਝਣ ਤੋਂ ਪਹਿਲਾਂ ਫਿਰ ਉਜਾਗਰ ਹੁੰਦਾ ਹੈ, ਲੜਕੇ ਵਿਚ ਫਿਰ ਜੀਵਨ-ਰੌਂ ਚੱਲ ਪਈ, ਇਸ ਤਰ੍ਹਾਂ ਜਾਪਦਾ ਸੀ, ਜਿਵੇਂ ਲੜਕਾ ਬੀਮਾਰ ਹੋਇਆ ਹੀ ਨਹੀਂ, ਸਾਰੇ ਕੰਮ ਉਤਸ਼ਾਹ ਨਾਲ ਹੋਣ ਲੱਗੇ। ਸਾਰੇ ਵਧਾਈਆਂ ਦੇਣ ਲੱਗੇ ਪਰ ਗੁਰਮੁਖ ਪਿਆਰੇ ਸਧਾਰਨ ਹੂੰ ਹਾਂ ਕਰ ਛੱਡਦੇ।

ਸ੍ਰੀ ਅਖੰਡ ਪਾਠ ਦਾ ਭੋਗ ਪਿਆ। ਰਾਗੀਆਂ ਨੇ ਬੜੇ ਉਤਸ਼ਾਹ ਵਿਚ ਆ ਕੇ ਕੀਰਤਨ ਕੀਤਾ। ਭੋਗ ਪਿਆ। ਦੋ ਦਿਨ ਦੇ ਵਿਚ ਸਭ ਦਾ ਸਾਮਾਨ ਵਾਪਸ ਭੇਜ ਦਿੱਤਾ ਗਿਆ। ਤੀਜੇ ਦਿਨ, ਜਿਸ ਨੇ ਸਪੁੱਤਰ ਦੀ ਦਾਤ ਬਖਸ਼ੀ ਸੀ, ਉਹ ਲੈਣ ਆ ਗਿਆ।

ਗੁਰਮੁਖ ਪਿਆਰੇ ਨੇ ਫਿਰ ਅਰਦਾਸ ਕੀਤੀ, “ਸਤਿਗੁਰੂ ਜੀ, ਆਪ ਜੀ ਨੇ ਬੜੀ ਹੀ ਕਿਰਪਾ ਕੀਤੀ ਹੈ, ਜਿੰਨੇ ਸਮੇਂ ਦੀ ਮੈਂ ਮੰਗ ਕੀਤੀ ਸੀ, ਉਸ ਤੋਂ ਭੀ ਦੋ ਦਿਨ ਵੱਧ ਬਖਸ਼ੇ ਹਨ। ਸ੍ਰੀ ਅਖੰਡ ਪਾਠ ਦੀ ਨਿਰਵਿਘਨ ਸਮਾਪਤੀ ਕੀਤੀ ਹੈ ਅਤੇ ਹੁਣ ਅਸੀਂ ਤੁਹਾਡੇ ਵਰਤਾਏ ਹੋਏ ਭਾਣੇ ਪਿੱਛੋਂ ਬੱਚੇ ਦੀ ਆਤਮਾ ਲਈ ਸਧਾਰਨ ਪਾਠ ਰੱਖਾਂਗੇ।

ਆਪਣੇ ਬੱਚੇ ਨੂੰ ਪਿਤਾ ਬੜੇ ਉਤਸ਼ਾਹ ਨਾਲ ਲੈ ਕੇ ਗਿਆ ਅਤੇ ਸਭ ਨੂੰ ਕਹਿ ਦਿੱਤਾ ਕਿ ਇਹ ਮੇਰਾ ਇੱਕੋ ਇਕ ਪੁੱਤਰ ਹੈ, ਮੈਂ ਉਸ ਦੀ ਜੰਞ ਲੈ ਕੇ ਜਾ ਰਿਹਾ ਹਾਂ। ਮੈਨੂੰ ਵਧਾਈਆਂ ਦਿਓ ਪਰ ਮੇਰੇ ਨਾਲ ਸੋਗ ਦੀ ਕੋਈ ਗੱਲ ਨਾ ਕਰੋ। ਵਿਆਹ ਵੇਲੇ ਸੋਗ ਦੀਆਂ ਗੱਲਾਂ ਕਰਨੀਆਂ ਠੀਕ ਨਹੀਂ ਹਨ।

ਜਿਸ ਦਿਨ ਇਸ ਗੁਰੂ ਪਿਆਰੇ ਨੇ ਆਪ ਚਲਾਣਾ ਕਰਨਾ ਸੀ, ਸਾਰੀ ਰਾਤ ਬੇਹੋਸ਼ ਪਿਆ ਰਿਹਾ। ਅੰਮ੍ਰਿਤ ਵੇਲੇ ਉਸ ਦੀ ਜਾਗ ਖੁੱਲ੍ਹੀ ਤੇ ਉਸ ਨੇ ਆਪਣੀ ਲੜਕੀ ਨੂੰ ਕਿਹਾ, “ਤ੍ਰਿਪਹਿਰਾ ਹੋ ਗਿਆ ਹੈ, ਜਾਓ ਆਪਣੇ ਸਤਿਗੁਰੂ ਦਾ ਦਰਸ਼ਨ ਕਰੋ”, ਲੜਕੀ ਪੌੜੀਆਂ ਰਾਹੀਂ ਦਰਸ਼ਨ ਕਰਨ ਲਈ ਜਾ ਰਹੀ ਸੀ ਅਤੇ ਉਸ ਦੇ ਪਿਤਾ ਜੀ ਅਕਾਸ਼ ਮਾਰਗ ਰਾਹੀਂ ਸਤਿਗੁਰੂ ਜੀ ਦੇ ਚਰਨਾਂ ਵਿਚ ਪੁੱਜ ਰਹੇ ਸਨ।

ਉਨ੍ਹਾਂ ਦੀ ਲੜਕੀ ਨੂੰ ਦੋ ਵਾਰ ਪੰਜ ਸੌ-ਸਤ ਸੌ ਮੀਲ ਦੀ ਦੂਰੀ ’ਤੇ ਸ੍ਰੀ ਅੰਮ੍ਰਿਤਸਰ ਤੋਂ ਜਾਣਾ ਪਿਆ। ਉਹ ਬਹੁਤੀ ਵਾਰ ਵਾਹਿਗੁਰੂ ਵਾਹਿਗੁਰੂ ਕਹਿੰਦੇ ਸਵਾ ਤਿੰਨ ਵਜੇ ਉਠ ਪੈਂਦੇ ਅਤੇ ਜਦੋਂ ਉਨ੍ਹਾਂ ਨੂੰ ਪੁੱਛਿਆ ਜਾਂਦਾ “ਕੀ ਗੱਲ ਹੈ?”

ਤਾਂ ਉਹ ਚੁੱਪ ਕਰ ਜਾਂਦੇ, ਮਜਬੂਰ ਕਰਨ ਤੇ ਉਹ ਦੱਸ ਦਿੰਦੇ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਵਾਰੀ ਸ੍ਰੀ ਹਰਿਮੰਦਰ ਸਾਹਿਬ ਜੀ ਨੂੰ ਜਾ ਰਹੀ ਹੈ ਅਤੇ ਮੇਰੇ ਕੰਨਾਂ ਵਿਚ ਨਰ ਸਿੰਗਿਆਂ ਦੀ ਅਵਾਜ਼ ਆ ਰਹੀ ਹੈ, ਐਹ ਸੁਣੋ।”

ਪੰਜ ਜਾਂ ਸੱਤ ਸੌ ਮੀਲ ਦੀ ਦੂਰੀ ਕੋਈ ਦੂਰੀ ਨਹੀਂ, ਜਿੱਥੇ ਨਰਸਿੰਗੇ ਦੀ ਅਵਾਜ਼ ਨਾ ਜਾ ਸੱਕੇ। ਅੱਠ ਸੌ, ਨੌ ਸੌ ਮੀਲ ਦੀ ਦੂਰੀ ਕੋਈ ਦੂਰੀ ਨਹੀਂ, ਜਿੱਥੇ ਪਏ ਹੋਏ ਬੱਚੇ ਦੇ ਪੰਘੂੜੇ ਨੂੰ ਹਿਲਾਇਆ ਨਾ ਜਾ ਸਕੇ।

ਦੂਰੋਂ ਬੈਠ ਕੇ ਤੱਕੜੀ ਦੇ ਵੱਟੇ ਬਦਲੇ ਜਾਂਦੇ ਹਨ, ਦੂਰੋਂ ਬੈਠ ਕੇ ਅੱਗਾਂ ਬੁਝਾਈਆਂ ਜਾਂਦੀਆਂ ਹਨ, ਦੂਰੋਂ, ਮਚਦੀ ਭੱਠੀ ਦਾ ਸੇਕ ਅਨੁਭਵ ਕੀਤਾ ਜਾ ਸਕਦਾ ਹੈ। ਦੂਰੋਂ, ਕਿਸੇ ਗੁਰਸਿੱਖ ਦੇ ਮੂੰਹ ਰਾਹੀਂ ਅੰਬ ਚੂਪਿਆ ਜਾ ਸਕਦਾ ਹੈ, ਦੂਰੋਂ ਤਿਆਰ ਕੀਤਾ ਹੋਇਆ ਪੌਸ਼ਾਕਾ ਪਹਿਨਿਆ ਜਾ ਸਕਦਾ ਹੈ। ਸਰੀਰਕ ਪੂਜਾ ਨਾਲੋਂ ਭੀ ਮਾਨਸਿਕ ਪੂਜਾ ਦੀਆਂ ਬਾਹਵਾਂ ਲੰਮੀਆਂ ਹੁੰਦੀਆਂ ਹਨ।

ਮਹਾਤਮਾ ਬੁਧ ਜੀ ਨੇ ਠੀਕ ਕਿਹਾ ਸੀ, “ਇਕ ਬੁਧਾਂ ਦਾ ਖ਼ਾਨਦਾਨ ਹੈ, ਮੈਂ ਤੁਹਾਡੇ ਰਾਜਿਆਂ ਦੇ ਖ਼ਾਨਦਾਨ ਵਿੱਚੋਂ ਨਹੀਂ ਹਾਂ, ਮੈਂ ਬੁਧਾਂ ਦੀ ਪੁਰਾਣੀ ਪੀੜ੍ਹੀ ਵਿੱਚੋਂ ਹਾਂ। ਸਿੱਖੀ ਦਾ ਭੀ ਇਕ ਆਪਣਾ ਖ਼ਾਨਦਾਨ ਹੁੰਦਾ ਹੈ।

ਸਿੱਖੀ ਦਾ ਬੂਟਾ ਮਾਪਿਆਂ ਦੀ ਗੋਦ ਵਿਚ ਜੜ੍ਹ ਲਾ ਕੇ ਉੱਪਰ ਨੂੰ ਉਠਦਾ ਹੈ।

ਬੀਬੀ ਭਾਨੀ ਜੀ ਨੇ ਮਾਤਾਵਾਂ ਲਈ ਲੀਹਾਂ ਪਾਈਆਂ ਹਨ, ਇਹੋ ਮਾਵਾਂ ਕੋਲ ਸੱਚੀ ਲੋਰੀ ਹੈ, ਇਸੇ ਨਾਲ ਮਾਂਵਾਂ ਆਪਣੇ ਪੁੱਤਰਾਂ ਨੂੰ ਸਪੁੱਤਰ ਬਣਾ ਸਕਦੀਆਂ ਹਨ, ਇਸੇ ਨਾਲ ਮਾਂਵਾਂ ਆਪਣੇ ਪੁੱਤਰਾਂ ਨੂੰ ਸਿਮਰਨ ਦੀ ਜਾਗ ਲਾ ਸਕਦੀਆਂ ਹਨ, ਇਸੇ ਨਾਲ ਮਾਵਾਂ ਪ੍ਰੀਤ ਦਾ ਮਾਰਗ ਦੱਸ ਸਕਦੀਆਂ ਹਨ, ਇਸੇ ਨਾਲ ਮਾਂਵਾਂ ਪ੍ਰਭੂ ਦੇ ਕੱਪੜੇ ਪਾ ਕੇ ਆਪਣੇ ਬੱਚਿਆਂ ਦਾ ਨੰਗੇਜ਼ ਢੱਕ ਸਕਦੀਆਂ ਹਨ, ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜੋ ਲੋਰੀਆਂ ਅਤੇ ਅਸੀਸਾਂ ਆਪਣੀ ਮਾਤਾ ਜੀ ਤੋਂ ਸੁਣੀਆਂ ਸਨ, ਉਹ ਰਾਗ ਗੂਜਰੀ ਵਿਚ ਵਰਣਨ ਕੀਤੀਆਂ ਹਨ:

ਜਿਸੁ ਸਿਮਰਤ ਸਭਿ ਕਿਲਵਿਖ ਨਾਸਹਿ ਪਿਤਰੀ ਹੋਇ ਉਧਾਰੋ॥
ਸੋ ਹਰਿ ਹਰਿ ਤੁਮ੍ਹ ਸਦ ਹੀ ਜਾਪਹੁ ਜਾ ਕਾ ਅੰਤੁ ਨ ਪਾਰੋ॥੧॥
ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ੍ਹ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥੧॥ਰਹਾਉ॥
ਸਤਿਗੁਰੁ ਤੁਮ੍ਹ ਕਉ ਹੋਇ ਦਇਆਲਾ ਸੰਤਸੰਗਿ ਤੇਰੀ ਪ੍ਰੀਤਿ॥
ਕਾਪੜੁ ਪਤਿ ਪਰਮੇਸਰੁ ਰਾਖੀ ਭੋਜਨੁ ਕੀਰਤਨੁ ਨੀਤਿ॥੨॥
ਅੰਮ੍ਰਿਤੁ ਪੀਵਹੁ ਸਦਾ ਚਿਰੁ ਜੀਵਹੁ ਹਰਿ ਸਿਮਰਤ ਅਨਦ ਅਨੰਤਾ॥
ਰੰਗ ਤਮਾਸਾ ਪੂਰਨ ਆਸਾ ਕਬਹਿ ਨ ਬਿਆਪੈ ਚਿੰਤਾ॥੩॥
ਭਵਰੁ ਤੁਮ੍ਹਾਰਾ ਇਹੁ ਮਨੁ ਹੋਵਉ ਹਰਿ ਚਰਣਾ ਹੋਹੁ ਕਉਲਾ॥
ਨਾਨਕ ਦਾਸੁ ਉਨ ਸੰਗਿ ਲਪਟਾਇਓ ਜਿਉ ਬੂੰਦਹਿ ਚਾਤ੍ਰਿਕੁ ਮਉਲਾ॥

(ਪੰਨਾ ੪੯੬)