
-ਡਾ. ਇੰਦਰਜੀਤ ਸਿੰਘ ਗੋਗੋਆਣੀ
ਹਰਿ ਕੇ ਚਰਨ ਜਪਿ ਜਾਂਉ ਕੁਰਬਾਨੁ॥
ਗੁਰੁ ਮੇਰਾ ਪਾਰਬ੍ਰਹਮ ਪਰਮੇਸੁਰੁ
ਤਾ ਕਾ ਹਿਰਦੈ ਧਰਿ ਮਨ ਧਿਆਨੁ॥ 1 ॥ ਰਹਾਉ॥ (ਅੰਗ 827)
ਸੋਲਾਂ ਕਲਾਵਾਂ ਵਿੱਚੋਂ ਦੂਜੀ ਕਲਾ ਧਿਆਨ ਕਲਾ ਹੈ। ਧਿਆਨ ਧਰਨਾ ਜਾਂ ਲਗਾਉਣਾ ਵੀ ਆਪਣੇ ਆਪ ਵਿਚ ਇਕ ਸ਼ਕਤੀ ਹੈ। “ਮਹਾਨ ਕੋਸ਼’ ਦੇ ਕਰਤਾ ਨੇ ਧਿਆਨ ਦੇ ਅਰਥ ਕੀਤੇ ਹਨ, “ਕਿਸੇ ਵਸਤੂ ਵਿਚ ਵਿੱਤ ਦਾ ਲਿਵਲੀਨ ਹੋਣਾ, ਚਾਰੇ ਪਾਸਿਉਂ ਮਨ ਨੂੰ ਰੋਕ ਕੇ ਇਕ ਵਿਸ਼ਯ ‘ਤੇ ਟਿਕਾਉਣ ਦੀ ਕ੍ਰਿਆ, ਅੰਤਹਕਰਣ ਵਿਚ ਕਿਸੇ ਵਸਤੂ ਦਾ ਪ੍ਰਤੱਖ ਭਾਵ।” ਇਸ ਤਰ੍ਹਾਂ ‘ਸਮ ਅਰਥ ਕੋਸ਼ ਵਿਚ ਧਿਆਨ ਦੇ ਸਮ ਅਰਥੀ ਸ਼ਬਦ- ਖਿਆਲ, ਅਤਫ਼, ਤਸੱਵਰ, ਖਯਾਲ, ਤਵੱਜੋ, ਧਾਨ ਤੇ ਧਯਾਨ ਆਦਿ ਹਨ। ਸੰਸਾਰੀ ਤਲ ‘ਤੇ ਵੀਚਾਰ ਕਰੀਏ ਤਾਂ ਆਮ ਮਨੁੱਖ ਦਾ ਜਿੰਨਾ ਕੁ ਜਿਸ ਪਾਸੇ ਧਿਆਨ ਹੁੰਦਾ ਹੈ ਓਨਾ ਕੁ ਹੀ ਉਸ ਦਾ ਗਿਆਨ ਹੁੰਦਾ ਹੈ। ਜਿਸ ਦਾ ਧਿਆਨ ਡੂੰਘਾ ਤੇ ਗੰਭੀਰ ਹੋਵੇਗਾ, ਉਸ ਦਾ ਗਿਆਨ ਵੀ ਗਹਿਰਾ ਤੇ ਪ੍ਰਭਾਵਸ਼ਾਲੀ ਹੋਵੇਗਾ।
ਸਾਡੇ ਸਮਾਜ ਵਿਚ ਆਮ ਤੌਰ ‘ਤੇ ਜਦ ਕੋਈ ਸੂਚਨਾ ਦੇਣੀ ਜਾਂ ਜ਼ਰੂਰੀ ਗੱਲ ਸਮਝਾਉਣੀ ਹੋਵੇ ਤਾਂ ਕਿਹਾ ਜਾਂਦਾ ਹੈ ਕਿ, ਧਿਆਨ ਨਾਲ ਸੁਣੋ ਜੀ! ਸਿੱਖ ਪੰਥ ਰੋਜ਼ਾਨਾ ਅਰਦਾਸ ਵਿਚ ਅਰਦਾਸ ਦਾ ਹਰ ਬੰਦ ਸੰਪੂਰਨ ਹੋਣ ‘ਤੇ ‘ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਵਾਹਿਗੁਰੂ ਬੋਲਦਾ ਹੈ। ਇਸ ਦਾ ਭਾਵ ਹੈ ਕਿ ਗੁਰੂ ਪਿਆਰਿਉ! ਇਸ ਅਰਦਾਸ ਦੇ ਭਾਵ ਅਰਥਾਂ ‘ਚ ਧਿਆਨ ਧਰ ਕੇ ਆਪਣੇ ਇਤਿਹਾਸ, ਮਰਯਾਦਾ ਤੇ ਪੰਥ ਦੇ ਸਿਰਜਣਹਾਰਿਆਂ ਉੱਪਰ ਤਦ ਹੀ ਮਾਣ ਕਰੋਗੇ ਜੇਕਰ ਧਿਆਨ ਧਰੋਗੇ, ਭਾਵ ਚਾਰੇ ਪਾਸਿਉਂ ਮਨ ਨੂੰ ਰੋਕ ਕੇ ਸੁਰਤੀ ਨੂੰ ਟਿਕਾਉ ਤਾਂ ਸਹੀ। ਧਿਆਨ ਕਿਸੇ ਵੀ ਖੇਤਰ ਦਾ ਹੋਵੇ, ਪ੍ਰਾਪਤੀ ਉਹੀ ਇਨਸਾਨ ਕਰਦਾ ਹੈ ਜੋ ਧਿਆਨ ਨਾਲ ਕਾਰਜਸ਼ੀਲ ਹੁੰਦਾ ਹੈ। ਪੰਚਮ ਪਾਤਸ਼ਾਹ ਜੀ ਦਾ ਫ਼ਰਮਾਨ ਹੈ :
ਗੁਰ ਕੀ ਮੂਰਤਿ ਮਨ ਮਹਿ ਧਿਆਨੁ॥ (ਅੰਗ 864)
ਅਤੇ ਭਗਤ ਕਬੀਰ ਜੀ ਫ਼ਰਮਾਉਂਦੇ ਹਨ :
ਸੋ ਧਿਆਨੁ ਧਰਹੁ ਜਿ ਬਹੁਰਿ ਨ ਧਰਨਾ॥ (ਅੰਗ 327)
ਭਾਵ ਐਸਾ ਧਿਆਨ ਧਰੋ ਕਿ ਵਾਰ-ਵਾਰ ਧਿਆਨ ਨਾ ਧਰਨਾ ਪਵੇ ਤੇ ਬਿਰਤੀ ਖੰਡਤ ਨਾ ਹੋਵੇ। ਸ੍ਰੀ ਗੁਰੂ ਨਾਨਕ ਦੇਵ ਜੀ ਧਿਆਨ ਪ੍ਰਤੀ ਜਾਗ੍ਰਿਤ ਕਰਦੇ ਹਨ :
ਧਿਆਨ ਰੂਪਿ ਹੋਇ ਆਸਣੁ ਪਾਵੈ॥ (ਅੰਗ 327)
ਧਿਆਨ ਇਕ ਅਭਿਆਸ ਹੈ। ਇਹ ਹਰ ਸਿਿਖਆਰਥੀ ਤੇ ਸਤਿ ਮਾਰਗ ਦੇ ਪਾਂਧੀ ਲਈ ਵੱਡੀ ਯੋਗਤਾ ਹੈ। ਜੀਵਨ ਦੇ ਕਿਸੇ ਵੀ ਖੇਤਰ ਵਿਚ ਵਿਚਰਨ ਵਾਲਾ ਮਨੁੱਖ ਧਿਆਨ ਸ਼ਕਤੀ ਤੋਂ ਬਗੈਰ ਸਫਲਤਾ ਨਹੀਂ ਪਾ ਸਕਦਾ। ਧਿਆਨ ਦੇ ਲਈ ਲਗਨ-ਸ਼ੌਂਕ-ਹਿੰਮਤ- ਸਾਹਸ ਤੇ ਸਮਰਪਿਤ ਭਾਵਨਾ ਦਾ ਹੋਣਾ ਜ਼ਰੂਰੀ ਹੈ। ਧਿਆਨ ਆਪਣੀਆਂ ਗਿਆਨ ਤੇ ਕਰਮ ਇੰਦ੍ਰੀਆਂ ਨੂੰ ਇਕਾਗਰ ਕਰਨਾ ਹੈ। ਧਿਆਨ-ਉੱਡਦੇ ਹੋਏ ਮਨ ਰੂਪ ਪੰਛੀ ਨੂੰ ਹੋੜ ਕੇ ਇਕ ਪਾਸੇ ਲਾਉਣਾ ਹੈ। ਧਿਆਨ-ਇਕ ਬੁਝਾਰਤ ਹੈ ‘ਬੁੱਲਿਆ ਰੱਬ ਦਾ ਕੀ ਪਾਉਣਾ, ਏਧਰੋਂ ਪੁੱਟਣਾ ਓਧਰ ਲਾਉਣਾ।” ਧਿਆਨ-ਸਹੀ ਦਿਸ਼ਾ, ਸਹੀ ਕਦਮ, ਸਹੀ ਚੋਣ, ਸਹੀ ਇਰਾਦਾ, ਸਹੀ ਨੀਅਤ ਤੇ ਸਹੀ ਉੱਦਮ ਦੀ ਉਮੰਗ ਕਰਦਾ ਹੈ। ਇਕਸੁਰਤਾ ਤੇ ਇਕਸਾਰਤਾ ਧਿਆਨ ਕਲਾ ਦਾ ਮੂਲ ਆਧਾਰ ਹੈ।
ਗੁਰੂ ਜੀ ਨੇ ਮਾਨਵਤਾ ਨੂੰ ਸਹੀ ਮਾਰਗ ਦੱਸਦਿਆਂ ਫ਼ਰਮਾਇਆ ਕਿ ਹੇ ਭਾਈ! ਪਰਮਾਤਮਾ ਦੇ ਚਰਨ ਹਿਰਦੇ ਵਿਚ ਵਸਾ ਕੇ ਮੈਂ ਉਸ ਤੋਂ ਸਦਕੇ ਜਾਂਦਾ ਹਾਂ। ਹੇ ਮੇਰੇ ਮਨ! ਮੇਰਾ ਗੁਰੂ ਭੀ ਪਰਮਾਤਮਾ ਰੂਪ ਹੈ, ਇਸ ਲਈ ਹਿਰਦੇ ਵਿਚ ਉਸ ਦਾ ਧਿਆਨ ਧਰਿਆ ਕਰ। ਹੁਣ ਜਦ ਧਿਆਨ ਏਨਾ ਪ੍ਰਪੱਕ ਹੋਵੇ ਤਾਂ ਸਭ ਭਟਕਣਾ, ਇੱਛਾਵਾਂ, ਲਾਲਸਾਵਾਂ ਤੇ ਚਿੰਤਾਵਾਂ ਆਦਿ ਖ਼ਤਮ ਹੋ ਜਾਂਦੀਆਂ ਹਨ। ਇਹੀ ਸਥਿਰਤਾ ਤੇ ਟਿਕਾਉ ਹੀ ਜੀਵਨ ਦੀ ਪ੍ਰਾਪਤੀ ਹੈ। ਇਹ ਪ੍ਰਾਪਤੀ ਧਿਆਨ ਸ਼ਕਤੀ ਤੋਂ ਬਿਨਾ ਅਸੰਭਵ ਹੈ।