6 views 3 secs 0 comments

ਧੰਨ ਗੁਰੂ ਰਾਮਦਾਸ ਮਹਾਰਾਜ

ਲੇਖ
October 07, 2025

ਸਿੱਖੀ ਦੇ ਕੇੰਦਰੀ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਬਾਨੀ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਕੱਤਕ ਵਦੀ 2 ਬਿਕ੍ਰਮੀ ਸੰਮਤ ੧੫੯੧ (1534 ਈ:) ਨੂੰ ਅੰਮ੍ਰਿਤ ਵੇਲੇ ਮਾਤਾ ਦਇਆ ਕੌਰ ਜੀ ਦੀ ਪਾਵਨ ਕੁੱਖੋੰ ਬਾਬਾ ਹਰਿਦਾਸ ਜੀ ਦੇ ਘਰ ਡੱਬੀ ਬਾਜ਼ਾਰ ਚੂਨਾ ਮੰਡੀ ਲਾਹੌਰ ਹੋਇਆ ਬਾਬਾ ਹਰਿਦਾਸ ਜੀ ਦਾ ਨਾਂ ਬਾਣੀ ਚ ਅਉਦਾ
ਕਵਿ ਕਲ ਠਕੁਰ ਹਰਦਾਸ ਤਨੇ
ਗੁਰ ਰਾਮਦਾਸ ਸਰ ਅਭਰ ਭਰੇ ॥੪॥

ਮਾਤਾ ਪਿਤਾ ਨੇ ਪੁੱਤ ਦਾ ਨਾਂ #ਰਾਮਦਾਸ ਹੀ ਰੱਖਿਆ ਸੀ ਪਿਤਾ ਦਾ ਨਾਮ “ਹਰਦਾਸ” ਹੋਣਾ ਹੀ ਸਬੂਤ ਆ ਹਰਦਾਸ ਰਾਮਦਾਸ ਨਾਮ ਰਲਦੇ ਆ ਦੂਜੀ ਗੱਲ ਗੁਰੂ ਰਾਮਦਾਸ ਜੀ ਦੀ ਮਹਿਮਾ ਚ ਭਟ ਸਾਹਿਬਾਨ ਦੇ ਸੱਠ ਸਵਯੇ ਆ ਵਾਰ ਵਾਰ ਰਾਮਦਾਸ ਹੀ ਆਉਂਦਾ ਹਾਂ ਪਹਿਲਾ ਪੁੱਤਰ ਹੋਣ ਕਰਕੇ ਸਾਰੇ ”ਜੇਠਾ” ਕਹਿ ਅਵਾਜ ਮਾਰਦੇ ਇਸ ਲੀ ਬਚਪਨ ਦਾ ਨਾਮ #ਜੇਠਾ ਪ੍ਰਚਲਤ ਹੋ ਗਿਆ ਅਜੇ 5 ਕੁ ਸਾਲ ਦੇ ਸੀ ਜਦੋ ਮਾਂ ਚਲਾਣਾ ਕਰ ਗੀ 7 ਸਾਲ ਦੇ ਹੋਏ ਤਾਂ ਪਿਤਾ ਦਾ ਸਾਇਆ ਵੀ ਸਿਰੋ ਉਠ ਗਿਆ ਇੱਕ ਦੋ ਲਿਖਤਾਂ‌ ਭੈਣ‌ਭਰਾ ਦਾ ਵੀ ਜ਼ਿਕਰ ਆ ਸਿਰਫ ਦੋ ਸਾਲ ਦੇ ਸੀ ਜਦੋਂ ਮਾਂ ਚਲਾਣਾ ਕਰਗੀ ਸੋ ਇਸ ਹਿਸਾਬ ਨਾਲ ਭੈਣ‌ ਭਰਾ ਨਹੀਂ ਸੀ

ਇੱਕ ਗੱਲ ਹੋਰ ਕਮਾਲ ਦੀ ਆ 1534 ਈ ਤੋਂ 1539 ਦਾ ਸਮਾਂ ਇਸ ਵੱਖੋ ਬੜਾ ਵੱਖਰਾ ਕਿ ਪਹਿਲੇ ਚਾਰੇ ਗੁਰੂ ਸਰੂਪ ਸਰੀਰਕ ਰੂਪ ਚ ਪੰਜਾਬ ਦੀ (ਖਾਸ ਕਰਕੇ ਮਾਝੇ ਦੀ ) ਧਰਤੀ ਤੇ ਮੌਜੂਦ ਆ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਕਰਤਾਰਪੁਰ ਸਾਹਿਬ ਰਾਵੀ ਦੇ ਕੰਢੇ ਮਿਹਰਾਂ ਕਰਨ ਡਏ ਦੂਜੇ ਪਾਤਸ਼ਾਹ ਗੁਰੂ ਅੰਗਦ ਸਾਹਿਬ ਭਾਈ ਲਹਿਣੇ ਦੇ ਰੂਪ ਚ ਗੁਰੂ ਬਾਬੇ ਦੀ ਸੇਵਾ ਚ ਹਾਜਰ ਆ ਤੀਜੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਬਾਸਰਕੇ ਪਿੰਡ ਆਪਣੀ ਕਿਰਤ ਕਰਦੇ ਆ ਨਾਲ ਗੰਗਾ ਦੀ ਯਾਤਰਾ ਜਾਂਦੇ ਛੇ ਮਹੀਨੇ ਬਾਅਦ ਤੇ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਬਚਪਨ ਚ ਲਾਹੌਰ ਕੌਤਕ ਕਰਦੇ ਆ

ਪਰ ਖੇਡ ਵੇਖੋ ਗੁਰੂ ਅਮਰਦਾਸ ਕਦੇ ਵੀ ਸਰੀਰ ਰੂਪ ਚ ਗੁਰੂ ਨਾਨਕ ਸਾਹਿਬ ਨੂੰ ਨਹੀ ਮਿਲੇ ਜਦਕਿ ਬਾਸਰਕੇ ਤੋਂ ਕਰਤਾਰਪੁਰ ਕੋਈ ਦੂਰ ਨਹੀਂ ਫੇਰ ਗੁਰੂ ਰਾਮਦਾਸ ਜੀ ਨਾ ਗੁਰੂ ਨਾਨਕ ਸਾਹਿਬ ਤੇ ਨ ਕਦੇ ਗੁਰੂ ਅੰਗਦ ਦੇਵ ਜੀ ਨੂੰ ਮਿਲੇ ਸਰੀਰਕ ਰੂਪ ਚ ….ਖੈਰ
ਗੁਰੂ ਦੀਆਂ ਗੁਰੂ ਜਾਣੇ

ਬਾਬਾ ਹਰਦਾਸ ਜੀ ਦਾ ਵਿਆ ਬਾਸਰਕੇ ਪਿੰਡ ਹੋਇਆ ਸੀ ਜੋ ਹੁਣ ਅੰਮ੍ਰਿਤਸਰ ਸਾਹਿਬ ਚ ਪੈਂਦਾ ਮਲਵ ਚੌਥੇ ਪਾਤਸ਼ਾਹ ਦਾ ਏ ਨਾਨਕਾ ਪਿੰਡ ਸੀ ਦੋਹਤੇ ਨੂੰ ਅਨਾਥ ਹੋਇਆ ਵੇਖ ਨਾਨੀ ਆਪਣੇ ਪਿੰਡ ਬਾਸਰਕੇ ਲੈ ਆਈ ਨਾਨਕੇ ਪਰਿਵਾਰ ਦੀ ਮਾਲੀ ਹਾਲਤ ਵੀ ਕੋਈ ਚੰਗੀ ਨਹੀ ਸੀ ਜਿਸ ਕਰਕੇ ਬਚਪਨ ਚ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਨਾਨੀ ਜੀ ਘੁੰਗਣੀਆਂ ਤਿਆਰ ਕਰ ਦਿੰਦੀ ਤੇ ਭਾਈ ਜੇਠਾ ਜੀ ਸਾਰਾ ਦਿਨ ਫਿਰ ਤੁਰ ਕੇ ਵੇਚਦੇ ਸ਼ਾਮ ਨੂੰ ਜੇੜੇ 4 ਪੈਸੇ ਹੋਣੇ ਨਾਨੀ ਦੇ ਹੱਥ ਰੱਖ ਦੇਣੇ ਬਾਸਰਕੇ ਤੀਜੇ ਪਾਤਸ਼ਾਹ ਬਾਬਾ ਅਮਰਦਾਸ ਜੀ ਦਾ ਜਿੱਦੀ ਪਿੰਡ ਆ ਇੱਥੇ ਰਹਿੰਦਿਅਾ ਉਨ੍ਹਾਂ ਦੇ ਨਾਲ ਵੀ ਕਈ ਅਰ ਮਿਲਾਪ ਹੋਇਆ ਗੁਰੂ ਰਾਮਦਾਸ ਮਹਾਰਾਜ ਖੁਦ ਕਹਿੰਦੇ ਹਨ ਗੁਰੂ ਸਾਹਿਬ ਮੇਰੇ ਬਚਪਨ ਤੋ ਮੇਰੇ ਮਿਤਰ ਨੇ ਮੇਰੇ ਸਾਥੀ ਨੇ
ਸਤਿਗੁਰੁ ਮਿਤ੍ਰੁ ਮੇਰਾ ਬਾਲ ਸਖਾਈ ॥
ਹਉ ਰਹਿ ਨ ਸਕਾ ਬਿਨੁ ਦੇਖੇ ਮੇਰੀ ਮਾਈ ॥ (ਅੰਗ -੯੪) 94

ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਦੇ ਹੁਕਮ‌‌ ਨਾਲ ਪਹਿਲਾ ਗੋਇੰਦਵਾਲ ਪਿੰਡ ਵਸਾਇਆ ਫੇਰ ਜਦੋ‌ ਗੁਰਤਾਗੱਦੀ ਮਿਲੀ ਤਾਂ ਏਥੇ ਸਿੱਖ ਇਤਿਹਾਸ ਦੀ ਪਹਿਲੀ ਬਾਉਲੀ ਸਾਹਿਬ ਦੀ ਉਸਾਰੀ ਸ਼ੁਰੂ ਕਰਵਾਈ ਤਾਂ ਭਾਈ ਜੇਠਾ ਜੀ ਵੀ ਗੋਇੰਦਵਾਲ ਆ ਗਏ ਉਥੇ ਆਪਣੀ ਕਿਰਤ ਕਰਦਿਆਂ ਕੁਝ ਸਮਾਂ ਘੁੰਗਣੀਆਂ ਵੇਚਦੇ ਤੇ ਬਾਕੀ ਸਮਾਂ ਟੋਕਰੀ ਫੜ ਕੇ ਬਉਲੀ ਦੀ ਸੇਵਾ ਕਰਨੀ ਗੁਰੂ ਅਮਰਦਾਸ ਜੀ ਨੇ ਜੇਠਾ ਜੀ ਨੂੰ ਲਾਇਕ ਜਾਣ ਆਪਣੀ ਸਪੁੱਤਰੀ ਬੀਬੀ ਭਾਨੀ ਜੀ ਨਾਲ ਰਿਸ਼ਤਾ ਕਰ ਦਿੱਤਾ ਸਮੇ ਨਾਲ ਘਰ ਚ ਤਿੰਨ ਪੁੱਤਰਾਂ ਦਾ ਜਨਮ ਵੱਡੇ ਬਾਬਾ ਪ੍ਰਿੰਥੀਚੰਦ ਛੋਟੇ ਬਾਬਾ ਮਹਾਂਦੇਵ ਸਭ ਤੋਂ ਛੋਟੇ (ਗੁਰੂ)ਅਰਜਨ ਦੇਵ ਜੀ

ਚਾਹੇ ਗੁਰੂ ਸਾਹਿਬ ਨਾਲ ਸਹੁਰੇ ਜਵਾਈ ਵਾਲਾ ਰਿਸ਼ਤਾ ਜੁੜ ਗਿਆ ਪਰ ਫਿਰ ਵੀ ਨਿਮਰਤਾ ਧਾਰਕੇ ਦਿਨ ਰਾਤ ਸੇਵਾ ਚ ਤਤਪਰ ਰਹਿੰਦੇ ਕਦੇ ਸੇਵਾ ਦਾ ਹੰਕਾਰ ਨਹੀਂ ਕਦੇ ਕਿਸੇ ਗੱਲ ਦਾ ਗਿਲਾ ਨਹੀਂ ਕੀਤਾ ਕਦੇ ਗੁਰੂ ਦਾ ਹੁਕਮ ਨਹੀਂ ਮੋੜਿਆ ਜਿਥੇ ਭੇਜਿਆ ਉਥੇ ਗਏ ਜਦੋਂ ਗੁਰੂ ਸਾਹਿਬ ਵਿਰੁੱਧ ਸ਼ਕਾਇਤਾਂ ਹੋਈਆਂ ਤਾਂ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਹੀ ਜਵਾਬ ਦੇਣ ਲਈ ਲਾਹੌਰ ਦਰਬਾਰ ਭੇਜਿਆ ਜਿਥੇ ਜਾਕੇ ਕਾਜ਼ੀਆਂ ਪੰਡਿਤਾਂ ਨੂੰ ਨਿਰੁਤਰ ਕੀਤਾ ਇਸ ਸੇਵਾ ਭਾਵ ਤੋ ਪ੍ਰਸੰਨ ਹੋਕੇ ਗੁਰੂ ਅਮਰਦਾਸ ਜੀ ਨੇ ਗੁਰਤਾ ਗੱਦੀ ਬਖਸ਼ਿਸ਼ ਕੀਤੀ ਗੁਰੂ ਸਾਹਿਬ ਦੀ ਏਨੀ ਵੱਡੀ ਬਖਸ਼ਿਸ਼ ਦੇਖ ਨਿਮਰਤਾ ਚ ਬੇਨਤੀ ਕੀਤੀ ਸਤਿਗੁਰੂ ਤੁਸੀ ਤਾਂ ਜਾਣਦੇ ਹੋ ਕਿ ਜਦੋ ਮੈਂ ਲਾਹੌਰ ਦੀਆਂ ਗਲੀਆਂ ਚ ਕੱਖਾਂ ਵਾਂਗ ਰੁਲਦਾ ਫਿਰਦਾ ਸੀ ਤਾਂ ਕੋਈ ਮੇਰਾ ਹਾਲ ਪੁੱਛਣ ਵਾਲਾ ਵੀ ਨਹੀ ਸੀ ਤੇ ਅਾਪ ਨੇ ਅੱਜ ਤਖਤਾਂ ਤੇ ਬਿਰਾਜਮਾਨ ਕਰ ਦਿੱਤਾ
ਜੋ ਹਮਰੀ ਬਿਧਿ ਹੋਤੀ ਮੇਰੇ ਸਤਿਗੁਰਾ
ਸਾ ਬਿਧਿ ਤੁਮ ਹਰਿ ਜਾਣਹੁ ਆਪੇ ॥
ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ
ਗੁਰ ਸਤਿਗੁਰ ਸੰਗਿ ਕੀਰੇ ਹਮ ਥਾਪੇ ॥
ਧੰਨੁ ਧੰਨੁ ਗੁਰੂ ਨਾਨਕ ਜਨ ਕੇਰਾ
ਜਿਤੁ ਮਿਲਿਐ ਚੂਕੇ ਸਭਿ ਸੋਗ ਸੰਤਾਪੇ ॥੪॥
(ਅੰਗ -੧੬੭)167

ਗੁਰੂ ਰਾਮਦਾਸ ਜੀ ਨੇ ਤੀਜੇ ਗੁਰਦੇਵ ਦੇ ਹੁਕਮਾ ਨਾਲ ਹੀ ਨਵੇਂ ਨਗਰ ਅੰਮ੍ਰਿਤਸਰ ਦੀ ਉਸਾਰੀ ਸ਼ੁਰੂ ਕੀਤੀ ਨਾਲ ਹੀ ਸਰੋਵਰ ਦੀ ਪੁਟਾਈ ਸ਼ੁਰੂ ਕਰਵਾਈ ਗੁਰੂ ਅਮਰਦਾਸ ਜੀ ਨੇ ਪ੍ਰਚਾਰ ਲਈ ਬਾਈ ਮੰਜੀਆਂ ਸਥਾਪਤ ਕੀਤੀਆਂ ਗੁਰੂ ਰਾਮਦਾਸ ਜੀ ਨੇ ਸਿੱਖੀ ਪ੍ਰਚਾਰ ਦੇ ਲਈ ਤੇ ਦਸਵੰਧ ਭੇਟਾ ਦੇ ਲਈ ਮਸੰਦ ਪ੍ਰਥਾ ਦੀ ਆਰੰਭਤਾ ਕੀਤੀ ਦੂਰੋਂ ਦੂਰੋਂ ਲਿਆ ਕੇ 52 ਤਰਾਂ ਦੀ ਵੱਖ ਵੱਖ ਕਿਰਤ ਵਾਲੇ ਲੋਕ ਅੰਮ੍ਰਿਤਸਰ ਸਾਹਿਬ ਨਗਰ ਚ ਵਸਾਏ

ਭਾਈ ਸੋਮੇ ਵਰਗੇ ਅਨੇਕਾਂ ਰੁਲਦਿਆਂ ਖੁਲਦਿਆਂ ਨੂੰ ਸ਼ਾਹ ਬਣਾ ਦਿੱਤਾ ਬਾਬੇ ਆਦਮ ਵਰਗਿਆਂ ਦੀ ਬਜ਼ੁਰਗ ਉਮਰ ਚ ਵੀ ਸੰਸਾਰ ਨਾਲ ਗੰਢ ਪਵਾ ਦਿੱਤੀ ਨਿਮਰਤਾ ਏਨੀ ਕੇ ਬਾਬਾ ਸਿਰੀ ਚੰਦ ਵਰਗੇ ਪੁਰਖ ਜੋ ਗੁਰੂ ਅੰਗਦ ਗੁਰੂ ਅਮਰਦਾਸ ਜੀ ਸਮੇਂ ਦੂਰ ਰਹੇ ਉਵੀ ਗੁਰੂ ਰਾਮਦਾਸ ਜੀ ਦੇ‌ ਦਰ ਆ ਜੁੜੇ ਏਸੇ ਕਰਕੇ ਭੱਟ ਸਾਹਿਬਾਨਾਂ ਨੇ ਸਭ ਤੋਂ ਵੱਧ ਪੂਰੇ 60 ਸਵੱਈਏ ਚੌਥੇ ਪਾਤਸ਼ਾਹ ਦੀ ਮਹਿਮਾ ਚ ਉਚਾਰੇ

ਇੱਕ ਸਵਯਾ ਦੋ ਸੰਗਤ ਚ ਆਪ ਪ੍ਰਚਲਤ ਹੈ

ਹਮ ਅਵਗੁਣਿ ਭਰੇ ਏਕੁ ਗੁਣੁ ਨਾਹੀ
ਅੰਮ੍ਰਿਤੁ ਛਾਡਿ ਬਿਖੈ ਬਿਖੁ ਖਾਈ ॥
ਮਾਯਾ ਮੋਹ ਭਰਮ ਪੈ ਭੂਲੇ
ਸੁਤ ਦਾਰਾ ਸਿਉ ਪ੍ਰੀਤਿ ਲਗਾਈ ॥
ਇਕੁ ਉਤਮ ਪੰਥੁ ਸੁਨਿਓ ਗੁਰ ਸੰਗਤਿ
ਤਿਹ ਮਿਲੰਤ ਜਮ ਤ੍ਰਾਸ ਮਿਟਾਈ ॥
ਇਕ ਅਰਦਾਸਿ ਭਾਟ ਕੀਰਤਿ ਕੀ
ਗੁਰ ਰਾਮਦਾਸ ਰਾਖਹੁ ਸਰਣਾਈ ॥੪॥੫੮॥
ਅੰਗ -(੧੪੦੬) 1406

ਸਤਿਗੁਰਾਂ ਨੇ ਆਪ ਵੀ ਬਹੁਤ ਸਾਰੀ ਇਲਾਹੀ ਬਾਣੀ ਉਚਾਰਨ ਕੀਤੀ ਜੋ 30 ਰਾਗਾਂ ਚ ਦਰਜ ਹੈ ਲਾਵਾਂ ਤੇ ਘੋੜੀਆਂ ਪ੍ਰਸਿਧ ਬਾਣੀਆਂ ਨੇ

ਇੱਕ ਵਾਰ ਸਿੱਖਾਂ ਨੇ ਬੇਨਤੀ ਕੀਤੀ ਮਹਾਰਾਜ ਸਿੱਖ ਨਿਤ ਕਰਮ ਸੰਖੇਪ ਰੂਪ ਚ ਦਸੋ ਤਾਂ ਕੇ ਅਸੀ ਸਿੱਖੀ ਦੀ ਕਮਾਈ ਕਰਕੇ ਅਾਪ ਦੀ ਖੁਸ਼ੀ ਲੈ ਸਕੀਏ

ਗੁਰੂ ਰਾਮਦਾਸ ਮਹਾਰਾਜ ਨੇ ਸਲੋਕ ਉਚਾਰਿਆ

ਮ ੪॥
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤਸਰਿ ਨਾਵੈ ॥
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥
ਜਿਸਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥( ਅੰਗ -੩੦੫) 305

ਬਾਬਾ_ਸੱਤਾ_ਬਲਵੰਡ ਜੀ ਬਚਨ ਕਰਦੇ ਨੇ
ਧੰਨੁ ਧੰਨੁ ਰਾਮਦਾਸ ਗੁਰੁ ਜਿਨਿ ਸਿਰਿਆ ਤਿਨੈ ਸਵਾਰਿਆ ॥
ਪੂਰੀ ਹੋਈ ਕਰਾਮਾਤਿ ਆਪਿ ਸਿਰਜਣਹਾਰੈ ਧਾਰਿਆ ॥
(ਅੰਗ-੯੬੮)968

ਸੋਢੀ ਸੁਲਤਾਨ ਚੌਥੇ ਗੁਰਦੇਵ ਸਤਿਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ

ਮੇਜਰ ਸਿੰਘ