
ਦੁਨੀਆਂ ਸੁਖ ਲਈ ਤਰਦੱਦ ਕਰਦੀ ਆਈ ਹੈ । ਸੁਖ ਦਾ ਨਾਂ ਲੈਣਾ ਚਾਹੁੰਦੀ ਹੈ ਤੇ ਦੁਖ ਤੋਂ ਨੱਸਦੀ ਹੈ । ਨੱਸਦਿਆਂ ਰਾਹ ਵਿਚ ਕਈ ਗ਼ਮੀਆਂ ਟਕਰਦੀਆਂ ਹਨ, ਪਰ ਓਹ ਗ਼ਮੀਆਂ ਜਾਂ ਤਕਲੀਫ਼ਾਂ ਸਤਾਂਦੀਆਂ ਨਹੀਂ, ਕਿਉਂਕਿ ਓਨ੍ਹਾਂ ਦਾ ਨਤੀਜਾ ਸੁਖ ਹੋਂਦਾ ਹੈ, ਦੁਖ ਭੁੱਲ ਜਾਂਦਾ ਹੈ । ਸੁਖ ਜੀਵਨ ਨੂੰ ਖਿੜਾਓ ਵਿਚ ਲਿਆਉਂਦਾ ਹੈ, ਏਹ ਆਮ ਖ਼ਿਆਲ ਹੈ।
ਸੋਗ ਜਾਂ ਗ਼ਮੀ ਵੀ ਦੁਨੀਆਂ ਦਾ ਮੇਵਾ ਹੈ, ਜੋ ਹਰ ਬੰਦੇ ਨੂੰ ਚੱਖਣਾ ਪੈਂਦਾ ਹੈ । ਪੀਰ ਪੈਗੰਬਰ ਵੀ ਏਸ ਤੋਂ ਵਾਂਝਿਆ ਨਹੀਂ ਰਹਿੰਦਾ । ਦੁਖ ਨਾਲ ਰਾਮ ਜੀ ਰੋਏ, ਸੀਤਾ ਜੀ ਨੇ ਆਹਾਂ ਮਾਰੀਆਂ ਤੇ ਲਛਮਣ ਜੀ ਲੁੱਛੇ । ਗੁਰੂ ਨਾਨਕ ਸਾਹਿਬ ਨੇ ਦੁਖ ਦਾ ਇਤਿਹਾਸ ਫੋਲਦਿਆਂ ਏਥੇ ਮੁਕਾਈ “ਨਾਨਕ ਦੁਖੀਆ ਸਭੁ ਸੰਸਾਰੁ।”
ਸੰਸਾਰ ਸੋਗੀ, ਪਰ ਕਿਸੇ ਵੇਲੇ ਕਈ ਬੰਦੇ, ਦੁਖ ਵਿਚ ਸੁਖ ਮਨਾ ਜਾਂਦੇ ਹਨ। ਕਈ ਬੰਦੇ ਤਕਲੀਫ਼ਾਂ ਨਾਲ ਏਸ ਤਰ੍ਹਾਂ ਇਕ ਜਾਨ ਹੋ ਜਾਂਦੇ ਹਨ ਕਿ ਓਨ੍ਹਾਂ ਨੂੰ ਤਕਲੀਫ਼ਾਂ ਜਾਂ ਮੁਸ਼ਕਿਲਾਂ, ਦੁਖਦਾਈ ਨਹੀਂ ਭਾਸਦੀਆਂ, ਸਗੋਂ ਆਸਾਨੀ ਜਾਪਦੀਆਂ ਹਨ, ਜਿਸ ਤਰ੍ਹਾਂ ਗ਼ਾਲਿਬ ਕਹਿੰਦਾ ਹੈ :
“ਮੁਸ਼ਕਲੇਂ ਇਤਨੀ ਪੜੀ ਮੁਝ ਪਰ ਕਿ ਆਸਾਂ ਹੋ ਗਈਂ”
ਏਹ ਹਿਸਾਬ ਕਦੇ ਹੀ ਹੋਂਦਾ ਹੈ। ਉਂਜ ਦੁਖ, ਦੁਖ ਹੀ ਲਗਦਾ ਹੈ, ਆਮ ਤੌਰ ‘ਤੇ ਗ਼ਮੀ ਹੀ ਸ਼ਕਲ ਰੱਖਦੀ ਹੈ, ਪਰ ਅਸ਼ਕੇ ਜਾਈਏ, ਓਸ ਮਹਾਨ ਆਤਮਾ ਦੇ, ਜਿਸ ਨੇ ਦੁਖ ਨੂੰ ਦੁਖ ਕਹਿ ਕੇ ਨਮਸਕਾਰਿਆ, ਜਿਸ ਨੇ ਆਪਣਾ ਪਰਿਵਾਰ ਵਾਰ ਕੇ, ਮਹਾਂ ਸੋਗ ਦੀ ਪੂਜਾ ਕੀਤੀ । ਪਰਿਵਾਰੋਂ ਵਧ, ਆਪਣੇ ਸਿੱਖਾਂ ਨੂੰ ਸੋਗ ਦੀ ਭੇਟਾ ਕਰ ਕੇ ਆਪ ਸੋਗ-ਭਗਤੀ ਤੋਂ ਨਹੀਂ ਡਿੱਗੇ । ਜਿਹੜਾ ਗੁਰੂ ਸੋਗ ਨੂੰ ਕੀ, ਸੋਗਾਂ ਦੇ ਸੋਗ ਨੂੰ ਵੀ ਯਾਦ ਕਰਦਾ ਹੈ, ਓਹ ਭਲਾ ਕਿਹੜੇ ਸੋਗ ਤੋਂ ਨੱਸ ਸਕਦਾ ਹੈ ? ਗੁਰੂ ਗੋਬਿੰਦ ਸਿੰਘ ਨੇ ਬ੍ਰਹਮ (ਵਾਹਿਗੁਰੂ) ਦੀ ਪੂਜਾ ਕੀਤੀ, ਓਹਦੀ ਹਰ ਸਿਫਤ ਨੂੰ ਸਲਾਹਿਆ। ਓਹਦੇ ਹਰ ਗੁਣ ਨੂੰ ਤੱਕਿਆ ਤੇ ਨਮਸਕਾਰਿਆ । ਬ੍ਰਹਮ ਰੋਗਾਂ ਦਾ ਰੋਗ ਦਿੱਸਿਆ, ਸੀਸ ਨਿਵਾਇਆ, ਬ੍ਰਹਮ ਸੋਗਾਂ ਦਾ ਸੋਗ ਪਛਾਣ ਕੇ, ਮਸਤਕ ਨਿਹੁੜਾਇਆ, ਤਾਂ ਕਿ ਸਿੱਖ ਸੋਗ ਦੀ ਪੂਜਾ ਕਰਨ, ਸ਼ਹੀਦੀਆਂ ਦੇਣ, ਕਿਸੇ ਤੋਂ ਡਰਨ ਨਾ, ਨਾ ਹੀ ਚਿੰਤਾ ਤੇ ਭਰਮ ਨੂੰ ਫਟਕਣ ਦੇਣ । ਗੁਰੂ ਜੀ ਚਾਹੁੰਦੇ ਸਨ ਕਿ ਸਿੱਖ ਸੋਗ ਨੂੰ ਰੱਬ ਸਮਝਕੇ, ਹਿੱਕੇ ਲਾਉਣ, ਸੋਗ ਨੂੰ ਹਿੱਕੇ ਲਾਉਣ ਵਾਲਾ ਹੀ ਸੂਰਮਾ ਕਹਾਉਂਦਾ ਹੈ । ਆਪ ਨੂੰ ਸੂਰਮਿਆਂ ਦੀ ਲੋੜ ਸੀ । ਜੰਗ ਵਿਚ ਤੀਰ, ਤੁਪਕ, ਤਲਵਾਰ ਤੇ ਤੋਪ ਵਗੈਰਾ ਆਪਣੇ ਢੰਗ ਨਾਲ ਸੋਗ ਵਰਤਾ ਰਹੇ ਹਨ, ਪਰ ਹਜੂਰ ਸੋਗਾਂ ਦੇ ਸੋਗ ਨੂੰ ਸਿਰ ਨਿਵਾ ਰਹੇ ਹਨ, ਤਾਂ ਜੋ ਸਿੱਖ ਦੁੱਖਾਂ ਤੋਂ ਭੱਜ ਨਾ ਜਾਣ । ਦੁੱਖਾਂ ਦੇ ਦੁਖ ਦਾ ਖ਼ਿਆਲ ਕਰ ਕੇ, ਜੀਵਨ-ਪੰਥ ਉੱਤੇ ਤੁਰੇ ਰਹਿਣ, ਡਟੇ ਰਹਿਣ । ਸਿੱਖਾਂ ਏਸ ਤੁੱਕ ਦਾ ਸਹੀ ਭਾਵ ਜਾਤਾ। ਸੋਗ ਤੇ ਦੁਖ ਆਏ। ਜਾਣਿਆ, ਪਿਆਰੇ ਨੇ ਪਿਆਰੀ ਚੀਜ਼ ਹੀ ਨਹੀਂ ਘਲੀ, ਸਗੋਂ ਓਹ ਆਪ ਆਇਆ ਹੈ। ਓਹਨੂੰ ਸਿਰ ਮੱਥੇ ਤੇ ਚੁੱਕਿਆ, ਚੁੱਕ ਕੇ ਇਤਿਹਾਸ, ਕਾਮਯਾਬੀਆਂ ਦੀ ਕਿਤਾਬ ਬਣਾ ਦਿੱਤਾ।
‘ਨਮੋ ਸੋਗ ਸੋਗੇ’ ਵਿਚ ਇਕ ਸਪਿਰਿਟ ਹੈ, ਜਿਹੜੀ ਜੀਵਨ ਲਈ ਉਭਾਰਦੀ ਹੈ । ਇਕ ਇਸ਼ਾਰਾ ਹੈ, ਜਿਹੜਾ ਦੁਖ ਦਾ ਰੰਗ ਦਸ ਕੇ, ਸੁਖ ਲਭਾਉਂਦਾ ਹੈ ।
‘ਨਮੋ ਸੋਗ ਸੋਗੇ’ ਇਕ ਅਟੱਲ ਸਚਾਈ ਹੈ, ਜਿਹੜੀ ਭੁਲਾਈ ਨਹੀਂ ਜਾ ਸਕਦੀ। ਜਦੋਂ ਇਨਸਾਨ ਉੱਤੇ ਦੁਖਾਂ ਦੇ ਪਹਾੜ ਡਿਗਦੇ ਹਨ, ਤਾਂ ਓਹ ਸੋਗਾਂ ਅੱਗੇ ਆਪਣੀ ਬੇਵਸੀ ਜ਼ਾਹਿਰ ਕਰਦਾ ਹੈ । ਦੂਜੇ ਲਫ਼ਜ਼ਾਂ ਵਿਚ ਸੋਗ ਨੂੰ ਵੱਡਾ ਮੰਨ ਕੇ ਚੁੱਪ ਹੋ ਜਾਂਦਾ ਹੈ । ਕਲਗੀਧਰ ਵਾਂਗ ਕਹਿੰਦਾ ਹੈ: “ਨਮੋ ਸੋਗ ਸੋਗੇ॥”
ਸ. ਹਰਿੰਦਰ ਸਿੰਘ ਰੂਪ