1 views 10 secs 0 comments

ਨਸ਼ਾ ਅਤੇ ਨਸ਼ੇ ਰਾਹੀਂ ਕੌਮਾਂ ਦੀ ਤਬਾਹੀ

ਲੇਖ
March 25, 2026

ਨਸ਼ਾ ਕੀ ਹੈ ?

ਮਹਾਨ ਕੋਸ਼ ਅਨੁਸਾਰ ਨਸ਼ੇ ਦਾ ਭਾਵ, ਅਮਲ, ਮਾਦਕ ਦ੍ਰਵਯ, ਦਿਮਾਗ਼ ਨੂੰ ਕੋਭ ਕਰਨ ਵਾਲਾ ਪਦਾਰਥ ਹੈ। ਨਸ਼ੀਲੇ ਪਦਾਰਥਾਂ ਦੇ ਵਰਤਣ ਤੋਂ ਹੋਈ ਨੀਮ ਬੇਹੋਸ਼ੀ ਦੀ ਹਾਲਤ ਨੂੰ ਕੋਭ ਅਵਸਥਾ ਕਹਿੰਦੇ ਹਨ।

ਕੋਭ ਅਵਸਥਾ ਦਿਮਾਗ ਦੀ ਇੱਕ ਐਸੀ ਹਾਲਤ ਹੈ ਜੋ ਮਨੁੱਖ ਦਾ ਅਸਲੀਅਤ ਨਾਲੋਂ ਨਾਤਾ ਤੋੜ ਦਿੰਦੀ ਹੈ ਅਤੇ ਮਨੁੱਖ ਨੂੰ ਮਦਹੋਸ਼ੀ ਦੀ ਅਵਸਥਾ ਵਿਚ ਲੈ ਜਾਂਦੀ ਹੈ। ਇਸ ਹਾਲਤ ਵਿਚ ਨਾ ਮਨੁੱਖ ਸਹੀ ਸੋਚ ਸਕਦਾ ਹੈ ਅਤੇ ਨਾ ਹੀ ਸਹੀ ਕਰਮ ਕਰ ਸਕਦਾ ਹੈ ਕਿਉਂਕਿ ਮਨੁੱਖ ਦੀ ਮੱਤ ਦਾ ਸਹੀ ਸੋਚਣ ਸ਼ਕਤੀ ਨਾਲੋਂ ਨਾਤਾ ਟੁੱਟਾ ਹੋਇਆ ਹੁੰਦਾ ਹੈ। ਜੇ ਮਨੁੱਖ ਨਸ਼ੀਲੇ ਪਦਾਰਥ ਜ਼ਿਆਦਾ ਸੇਵਨ ਕਰ ਲਵੇ ਤਾਂ ਇਹ ਕੋਭ ਅਵਸਥਾ ਹੀ “ਪਾਗਲਪਨ’ ਬਣ ਜਾਂਦੀ ਹੈ। ਐਸੀ ਅਵਸਥਾ ਵਿਚ ਜਿਥੇ ਮਨੁੱਖ ਨੂੰ ਮਾੜੇ ਚੰਗੇ ਦੀ ਪਰਖ ਨਹੀਂ ਰਹਿੰਦੀ ਉੱਥੇ ਉਸਦੀ ਆਪਣੇ ਅਤੇ ਪਰਾਏ ਦੀ ਸੂਝ ਵੀ ਖ਼ਤਮ ਹੋ ਜਾਂਦੀ ਹੈ, ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਮਰੀ ਹੋਈ ਮੱਤ ਅਧੀਨ ਮਨੁੱਖ ਲੋਕ ਪਰਲੋਕ ਵਿਚ ਬੇ-ਇੱਜ਼ਤ ਹੋ ਕੇ ਧੱਕੇ ਖਾਣ ਦੇ ਕਰਮ ਕਰ ਬੈਠਦਾ ਹੈ ਅਤੇ ਅੰਤ ਸਾਰੀ ਆਯੂ ਪਛਤਾਵੇ ਅਤੇ ਹਉਕਿਆਂ ਵਿਚ ਬਤੀਤ ਕਰਦਾ ਇਥੋਂ ਤੁਰ ਜਾਂਦਾ ਹੈ। ਨਸ਼ੇ ਅਧੀਨ ਬਣੀ ਐਸੀ ਪਾਗਲਪਨ ਦੀ ਅਵਸਥਾ ਵਿਚ ਨਸ਼ੱਈ ਮਨੁੱਖ ਨੂੰ ਨਾ ਸਰਕਾਰ ਦਾ ਡਰ, ਨਾ ਹੀ ਸਮਾਜ ਦੀ ਲੱਜਾ ਅਤੇ ਨਾ ਹੀ ਪ੍ਰਮਾਤਮਾ ਦਾ ਭੈਅ ਰਹਿੰਦਾ ਹੈ। ਉਹ ਪਾਗਲ-ਪਨ ਦੀ ਅਵਸਥਾ ਵਿਚ ਮਨ ਆਈਆਂ ਕਰਦਾ, ਆਪਣਾ ਲੋਕ ਪਰਲੋਕ ਵਿਗਾੜੀ ਜਾਂਦਾ ਹੈ। ਨਸ਼ੱਈ ਮਨੁੱਖ ਦੀ ਬਣੀ ਦਸ਼ਾ ਪ੍ਰਥਾਇ ਸ੍ਰੀ ਗੁਰੂ ਅਮਰਦਾਸ ਜੀ ਨੇ ਫੁਰਮਾਨ ਕੀਤਾ ਹੈ-

ਮਾਣਸੁ ਭਰਿਆ ਆਣਿਆ ਮਾਣਸੁ ਭਰਿਆ ਆਇ॥ ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ॥ ਆਪਣਾ ਪਰਾਇਆ ਨ ਪਛਾਣਈ ਖਸਮਹੁ ਧਕੇ ਖਾਇ॥
ਜਿਤੁ ਪੀਤੈ ਖਸਮੁ ਵਿਸਰੈ ਦਰਗਹ ਮਿਲੈ ਸਜਾਇ॥
ਝੂਠਾ ਮਦੁ ਮੂਲਿ ਨ ਪੀਚਈ ਜੇ ਕਾ ਪਾਰਿ ਵਸਾਇ॥ ਨਾਨਕ ਨਦਰੀ ਸਚੁ ਮਦੁ ਪਾਈਐ ਸਤਿਗੁਰੁ ਮਿਲੈ ਜਿਸੁ ਆਇ॥
( ਅੰਗ ੫੫੪)

ਨਸ਼ੇ ਅਧੀਨ ਬਣੀ ਮਦਹੋਸ਼ੀ ਦੀ ਅਵਸਥਾ ਵਿਚ ਮਨੁੱਖ ਆਪਣੀ ਹੀ ਖ਼ਿਆਲੀ ਦੁਨੀਆਂ ਰਚ ਲੈਂਦਾ ਹੈ, ਜੋ ਬਿਲਕੁਲ ਹਵਾਈ ਕਿਲ੍ਹਿਆਂ ਦੀ ਤਰ੍ਹਾਂ ਬੇ-ਬੁਨਿਆਦੀ ਰਚਨਾ ਹੁੰਦੀ ਹੈ, ਇਸ ਦਾ ਅਸਲੀਅਤ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੁੰਦਾ। ਜਿਉਂ-ਜਿਉਂ ਨਸ਼ੇ ਦਾ ਪ੍ਰਭਾਵ ਘੱਟਦਾ ਹੈ, ਤਿਉਂ-ਤਿਉਂ ਮਦਹੋਸ਼ੀ ਅਵਸਥਾ ਅਧੀਨ ਬਣੀ ਹੋਈ ਕਲਪਿਤ ਦੁਨੀਆਂ ਵੀ ਖ਼ਤਮ ਹੋਣ ਲੱਗ ਜਾਂਦੀ ਹੈ ਤੇ ਅਸਲੀਅਤ ਮਨੁੱਖ ਦੇ ਸਾਹਮਣੇ ਆ ਸਾਕਾਰ ਹੁੰਦੀ ਹੈ। ਉਸ ਅਸਲੀਅਤ ਨੂੰ, ਜਿਸ ਨੂੰ ਮਨੁੱਖ ਨੇ ਨਸ਼ਾ ਪੀ ਕੇ ਭੁਲਾਉਣ ਦਾ ਯਤਨ ਕੀਤਾ ਸੀ ਮੁੜ ਵੇਖ ਕੇ ਮਨੁੱਖ ਪਹਿਲਾਂ ਤੋਂ ਜ਼ਿਆਦਾ ਦੁਖੀ ਅਤੇ ਪ੍ਰੇਸ਼ਾਨ ਹੁੰਦਾ ਹੈ, ਮੁੜ ਪ੍ਰੇਸ਼ਾਨੀ ਅਤੇ ਦੁੱਖ ਤੋਂ ਨਿਜ਼ਾਤ ਪਾਉਣ ਲਈ ਅਤੇ ਮਦਹੋਸ਼ੀ ਦੀ ਕਲਪਿਤ ਰਚਨਾ ਨੂੰ ਪ੍ਰਾਪਤ ਕਰਨ ਲਈ ਮਨੁੱਖ ਨਸ਼ੇ ਦਾ ਮੁੜ ਸੇਵਨ ਕਰ ਲੈਂਦਾ ਹੈ। ਬਾਰ-ਬਾਰ ਨਸ਼ਾ ਸੇਵਨ ਦੇ ਕਰਮ, ਆਦਤ ਬਣ ਕੇ ਮਨੁੱਖ ਦੇ ਸੁਭਾਅ ਦਾ ਅੰਗ ਬਣ ਜਾਂਦੇ ਹਨ ਜੋ ਮਨੁੱਖ ਨੂੰ ਆਪਣਾ ਸਦੀਵੀ ਗੁਲਾਮ ਬਣਾ ਲੈਂਦੇ ਹਨ। ਇਹ ਨਸ਼ੱਈ ਸੁਭਾਅ ਦੀ ਗੁਲਾਮੀ ਮਨੁੱਖ ਦਾ ਉਨਾ ਚਿਰ ਖਹਿੜਾ ਨਹੀਂ ਛੱਡਦੀ ਜਿੰਨਾ ਚਿਰ ਮਨੁੱਖ ਵੱਸਦੇ ਸੰਸਾਰ ਤੋਂ ਸ਼ਮਸ਼ਾਨ ਘਾਟ ਵਿਚ ਨਹੀਂ ਪੁੱਜ ਜਾਂਦਾ ।

ਜੇ ਕਿਤੇ ਚੰਗੀ ਸੁਹਬਤ ਦੁਆਰਾ ਜਾਂ ਗੁਰੂ ਉਪਦੇਸ਼ ਨੂੰ ਸੁਣ ਕੇ ਨਸ਼ੱਈ ਮਨੁੱਖ ਦੇ ਮਨ ਵਿਚ ਨਸ਼ੇ ਨੂੰ ਛੱਡਣ ਲਈ ਕੁਝ ਸੰਸਕਾਰ ਬਣਦੇ ਵੀ ਹਨ, ਉਨ੍ਹਾਂ ਚੰਗੇ ਸੰਸਕਾਰਾਂ ਉੱਤੇ ਨਸ਼ਾ ਸੇਵਨ ਕਰਨ ਦੇ ਸੁਭਾਵੀ ਸੰਸਕਾਰ ਹਾਵੀ ਹੋ ਕੇ, ਚੰਗੇ ਸੰਸਕਾਰਾਂ ਨੂੰ ਸਾਕਾਰ ਨਹੀਂ ਹੋਣ ਦਿੰਦੇ। ਮਨੁੱਖ ਨਸ਼ੇ ਤੋਂ ਛੁਟਕਾਰਾ ਪਾਉਣਾ ਚਾਹੁੰਦਾ ਹੋਇਆ ਵੀ ਨਸ਼ੇ ਦੀ ਗ੍ਰਿਫਤ ‘ਚੋਂ ਨਿਕਲ ਨਹੀਂ ਸਕਦਾ। ਭਾਈ ਗੁਰਦਾਸ ਜੀ ਦਾ ਪੰਜ ਸੋ ਇਕਾਨਵੇਂ ਸਵੱਯੇ ਵਿਚ ਪ੍ਰਗਟਾਇਆ ਹੋਇਆ ਫੁਰਮਾਨ ਨਸ਼ੱਈ ਮਨੁੱਖ ਉੱਤੇ ਐਨ ਲਾਗੂ ਹੋ ਨਿਬੜਦਾ ਹੈ। ਆਪ ਜੀ ਦਾ ਫੁਰਮਾਨ ਹੈ—

ਜੈਸੇ ਪੋਸਤੀ ਸੁਨਤ ਕਹਤ ਪੋਸਤ ਬੁਰੋ, ਤਾਂ ਕੇ ਬਸਿ ਭਯੋ ਛਾਡਯੋ ਚਾਹੈ ਪੈ ਨ ਛੂਟਈ॥

ਜੈਸੇ ਜੂਆ ਖੇਲ ਬਿਤ ਹਾਰ ਬਿਲਖੈ ਜੁਆਰੀ,

ਤਊ ਪਰ ਜੁਆਰਨ ਕੀ ਸੰਗਤਿ ਨ ਟੂਟਈ॥

ਜੈਸੇ ਚੋਰ ਚੋਰੀ ਜਾਤ ਹਿਰਦੈ ਸਹਕਤ ਪੁਨਿ

ਤਜਤ ਨ ਚੋਰੀ ਜੌ ਲੌ ਸੀਸ ਹੀ ਨ ਫੂਟਈ॥

ਤੈਸੇ ਸਭ ਕਹਤ ਸੁਨਤ ਮਾਯਾ ਦੁਖਦਾਈ,
ਕਾਹੂ ਪੈ ਨ ਜੀਤੀ ਪਰੈ ਮਾਯਾ ਜਗ ਲੂਟਈ॥੫੯੧॥

ਜਿਸ ਤਰ੍ਹਾਂ ਪੋਸਤ ਪੀਣ ਵਾਲਾ ਅਮਲੀ ਮਨੁੱਖ, ਸਿਆਣਿਆਂ ਪਾਸੋਂ ਅਮਲ
ਦੇ ਅਵਗੁਣ ਸੁਣਦਾ ਵੀ ਹੈ ਅਤੇ ਖ਼ੁਦ ਆਪ ਵੀ ਆਪਣੇ ਮੂੰਹ ਵਿਚੋਂ ਨਸ਼ੇ ਨੂੰ ਮਾੜਾ ਕਹਿੰਦਾ, ਆਪਣੇ ਬੱਚਿਆਂ ਨੂੰ ਤੇ ਹੋਰਨਾਂ ਨੂੰ ਨਸ਼ੇ ਤੋਂ ਬਚਣ ਦਾ ਉਪਦੇਸ਼ ਵੀ ਕਰਦਾ ਹੈ ਪਰ ਖ਼ੁਦ ਨਸ਼ਿਆਂ ਦਾ ਇੰਨਾ ਗੁਲਾਮ ਹੋ ਜਾਂਦਾ ਹੈ ਕਿ ਉਹ ਨਸ਼ੇ ਨੂੰ ਛੱਡਣਾ ਚਾਹੁੰਦਾ ਹੋਇਆ ਵੀ ਛੱਡ ਨਹੀਂ ਸਕਦਾ। ਨਸ਼ੱਈ ਮਨੁੱਖ ਦੀ ਹਾਲਤ ਐਨ ਉਸ ਜੁਆਰੀਏ ਵਰਗੀ ਹੋ ਜਾਂਦੀ ਹੈ ਜੋ ਜੂਆ ਖੇਲ ਕੇ ਸਾਰੀ ਸੰਪਦਾ ਹਾਰ ਦਿੰਦਾ ਹੈ। ਅਤੇ ਸੰਪਦਾ ਦੇ ਹਾਰ ਜਾਣ ਦਾ ਦੁੱਖ ਵੀ ਮਹਿਸੂਸ ਕਰਦਾ ਹੈ ਅਤੇ ਮਾਇਕ ਤੰਗੀ ਕਾਰਣ ਰੋਂਦਾ ਅਤੇ ਵਿਰਲਾਪ ਵੀ ਕਰਦਾ ਹੈ ਪਰ ਜੂਆ ਖੇਡਣ ਦੀ ਮਾੜੀ ਲੱਤ ਅਤੇ ਜੁਆਰੀਆਂ ਦੀ ਕੁਸੰਗਤ ਨੂੰ ਛੱਡ ਵੀ ਨਹੀਂ ਸਕਦਾ। ਇੱਕ ਹੋਰ ਉਦਾਹਰਣ ਦੇ ਕੇ ਭਾਈ ਸਾਹਿਬ ਫੁਰਮਾਉਂਦੇ ਹਨ ਕਿ ਨਸ਼ੱਈ ਮਨੁੱਖ ਦੀ ਹਾਲਤ ਉਸ ਚੋਰ ਵਰਗੀ ਬਣ ਜਾਂਦੀ ਹੈ ਜਿਸ ਨੂੰ ਪਤਾ ਵੀ ਹੈ ਕਿ ਚੋਰੀ ਕਰਨਾ ਮਾੜਾ ਕਰਮ ਹੈ। ਉਹ ਚੋਰੀ ਕਰਨ ਦੇ ਫਲਸਰੂਪ ਮਿਲਣ ਵਾਲੇ ਦੰਡ ਨੂੰ ਵੀ ਜਾਣਦਾ ਹੈ ਅਤੇ ਹਰ ਸਮੇਂ ਡਰਦਾ ਵੀ ਰਹਿੰਦਾ ਹੈ ਕਿ ਮੇਰੇ ਇਸ ਮਾੜੇ ਕਰਮ ਦਾ ਕਿਸੇ ਨੂੰ ਪਤਾ ਨਾ ਲੱਗ ਜਾਵੇ ਅਤੇ ਸਹਿਮ ਵਾਲਾ ਜੀਵਨ ਬਤੀਤ ਕਰਦਾ ਹੈ। ਕਿਸੇ-ਕਿਸੇ ਸਮੇਂ ਚੋਰੀ ਛੱਡ ਦੇਣ ਦਾ ਹੌਂਸਲਾ ਵੀ ਕਰਦਾ ਹੈ ਪਰ ਚੋਰੀ ਕਰਨ ਦੇ ਸੁਭਾਵੀ ਸੰਸਕਾਰ ਉਸ ਨੂੰ ਚੋਰੀ ਨਹੀਂ ਛੱਡਣ ਦਿੰਦੇ। ਇਕ ਦਿਨ ਚੋਰੀ ਕਰਨ ਦਾ ਬਣਿਆ ਸੁਭਾਅ ਹੀ ਚੋਰ ਦੀ ਮੌਤ ਦਾ ਕਾਰਣ ਬਣ ਜਾਂਦਾ ਹੈ। ਤਿਵੇਂ ਸਾਰੇ ਮਨੁੱਖ ਮਾਇਆ ਦੇ ਜੰਜਾਲ ਨੂੰ ਦੁਖਦਾਈ ਕਹਿੰਦੇ ਸੁਣਦੇ ਹਨ ਪਰ ਇਹ ਮਾਇਆ ਕਿਸੇ ਪਾਸੋਂ ਜਿੱਤੀ ਨਹੀਂ ਜਾਂਦੀ ਸਗੋਂ ਇਹ ਸਾਰੇ ਸੰਸਾਰ ਨੂੰ ਆਪਣੇ ਫੰਦਿਆਂ ਵਿਚ ਫਸਾ ਕੇ ਖੁਆਰ ਕਰ ਪ੍ਰਭੂ ਤੋਂ ਵਿਛੋੜ ਰਹੀ ਹੈ।

ਨਸ਼ੇ ਕੌਮਾਂ ਨੂੰ ਤਬਾਹ ਕਰਨ ਦਾ ਸਾਧਨ:- ਇਤਿਹਾਸ ਇਸ ਗੱਲ ਦਾ ਗਵਾਹ

ਹੈ ਕਿ ਜਿਸ ਕੌਮ ਨੂੰ ਤਲਵਾਰ ਨਾਲ ਜਾਂ ਕਿਸੇ ਹੋਰ ਮਾਰੂ ਹਥਿਆਰ ਨਾਲ ਤਬਾਹ ਨਾ ਕੀਤਾ ਜਾ ਸਕੇ ਉਸ ਨੂੰ ਸ਼ਰਾਬ ਦੇ ਪਿਆਲੇ ਵਿਚ ਡੋਬ ਕੇ ਅਤੇ ਹੋਰ ਐਸ਼ੋ ਇਸ਼ਰਤ ਦੀ ਜ਼ਿਲਤ ਵਿਚ ਫਸਾ ਕੇ ਸੁਖੈਨ ਹੀ ਤਬਾਹ ਕੀਤਾ ਜਾ ਸਕਦਾ ਹੈ। ਜਿਸ ਕੌਮ ਨੂੰ ਜਾਂ ਦੇਸ਼ ਨੂੰ ਗੁਲਾਮ ਬਨਾਉਣਾ ਹੋਵੇ ਉਸ ਦੇ ਗਲ ਨਸ਼ਿਆਂ ਦਾ ਜੂਲਾ ਪਾ ਦਿੱਤਾ ਜਾਵੇ। ਨਸ਼ੇ ਦੀਆਂ ਗੁਲਾਮ ਕੌਮਾਂ, ਨਸ਼ਿਆਂ ਦੀ ਗੁਲਾਮੀ ਅਧੀਨ ਜਿੱਥੇ ਆਪਣੀ ਜ਼ਮੀਰ ਵੇਚ ਦਿੰਦੀਆਂ ਹਨ, ਧਨ-ਧਾਮ, ਇੱਜ਼ਤ-ਆਬਰੂ ਨੂੰ ਵੀ ਬਰਬਾਦ ਕਰ ਲੈਂਦੀਆਂ ਹਨ ਉੱਥੇ ਆਪਣੇ ਮੁਲਕ ਨੂੰ ਵੀ ਨਸ਼ਿਆਂ ਦੇ ਵੱਟੇ ਦੂਸਰੇ ਮੁਲਕ ਅਤੇ ਕੌਮਾਂ ਪਾਸ ਗਹਿਣੇ ਰੱਖ ਦਿੰਦੀਆਂ ਹਨ। ਇਤਿਹਾਸ ਦੇ ਪੰਨਿਆਂ ਵਿਚੋਂ ਉਨ੍ਹਾਂ ਕੌਮਾਂ ਦੀ ਦਾਸਤਾਨ ਅੱਜ ਵੀ ਪੜ੍ਹੀ ਜਾ ਸਕਦੀ ਹੈ ਜੋ ਨਸ਼ਿਆਂ ਦੇ ਮਾਰੂ ਹਥਿਆਰ ਦੁਆਰਾ ਤਬਾਹ ਹੋਈਆਂ। ਜਿਵੇਂ ਗੋਰਿਆਂ ਨੇ ਅਮਰੀਕਾ ਦੇ ਮੂਲ ਨਿਵਾਸੀ ਰੈਡ ਇੰਡੀਅਨ ਦੀ ਬਹਾਦਰੀ ਅਤੇ ਗੌਰਵ ਨੂੰ ਸ਼ਰਾਬ ਦੇ ਜ਼ਹਿਰੀਲੇ ਪਾਣੀ ਰਾਹੀਂ ਨਾਸ਼ ਕੀਤਾ ਅਤੇ ਸਾਰੇ ਦਾ ਸਾਰਾ ਮੁਲਕ ਆਪਣੇ ਕਬਜ਼ੇ ਵਿਚ ਕਰ ਲਿਆ। ਅੱਜ ਵੀ ਉਨ੍ਹਾਂ ਦੀ ਨਵੀਂ ਪਨੀਰੀ ਨੂੰ ਖੁਲ੍ਹੀ ਸ਼ਰਾਬ ਅਤੇ ਨਸ਼ੇ ਦੇ ਕੇ ਉਨ੍ਹਾਂ ਦੀ ਸੋਚ-ਸ਼ਕਤੀ ਨੂੰ ਤਾਲਾ ਲਾਇਆ ਜਾ ਰਿਹਾ ਹੈ। ਅੱਜ ਉਨ੍ਹਾਂ ਦੀ ਬਹਾਦਰੀ ਅਜਾਇਬ ਘਰਾਂ ਵਿਚ ਹੀ ਚਿੱਤਰੀ ਵੇਖੀ ਜਾ ਸਕਦੀ ਹੈ ਜਾਂ ਫਿਰ ਇਹ ਲੋਕ ਨਸ਼ੇ ਦੇ ਲੋਰ ਵਿਚ ਸਿਰ ਉੱਤੇ ਮੋਰ ਦੇ ਖੰਭ ਟੰਗ ਕੇ ਅਤੇ ਨੱਚ-ਟੱਪ ਕੇ ਆਪਣੇ ਹਾਕਮ ਲੋਕਾਂ ਦਾ ਮਨੋਰੰਜਨ ਕਰਨ ਤੱਕ ਹੀ ਸੀਮਤ ਰਹਿ ਗਏ ਹਨ। ਰੈਡ ਇੰਡੀਅਨਜ਼ ਦੀ ਤਰ੍ਹਾਂ ਹੀ ਇਨ੍ਹਾਂ ਗੋਰਿਆਂ ਨੇ ਆਸਟ੍ਰੇਲੀਆ ਦੇ ਮੂਲ ਨਿਵਾਸੀ ਐਬੋਰਿਜਨਾਂ ਨੂੰ ਵੀ ਨਸ਼ਿਆਂ ਦੇ ਮਾਰੂ ਹਥਿਆਰ ਨਾਲ ਮਾਰ ਕੇ, ਉਨ੍ਹਾਂ ਦਾ ਹਸ਼ਰ ਵੀ ਅਮਰੀਕਾ ਅਤੇ ਕੈਨੇਡਾ ਦੇ ਰੈਡ ਇੰਡੀਅਨ ਵਰਗਾ ਹੀ ਕੀਤਾ ਹੈ।

ਨਸ਼ਿਆਂ ਦੇ ਮਾਰੂ ਹਥਿਆਰ ਨਾਲ ਹੀ ਆਇਰਲੈਂਡ ਨਿਵਾਸੀਆਂ ਦੇ ਆਜ਼ਾਦੀ ਪ੍ਰਤੀ ਸੁਪਨਿਆਂ ਨੂੰ ਖ਼ਤਮ ਕਰਨ ਲਈ ਬਰਤਾਨੀਆਂ ਵੱਲੋਂ ਆਇਰਲੈਂਡ ਵਿਚ ਸ਼ਰਾਬਖ਼ਾਨੇ ਲਾ ਕੇ ਖੁੱਲ੍ਹੀ ਸ਼ਰਾਬ ਸਸਤੇ ਭਾਅ ਅਤੇ ਮੁਫ਼ਤ ਦੇ ਕੇ ਆਇਰਲੈਂਡ ਦੇ ਲੋਕਾਂ ਨੂੰ ਪਾਗਲ ਬਣਾਈ ਰੱਖਿਆ। ਆਇਰਲੈਂਡ ਦਾ ਇਕ ਹਿੱਸਾ ਭਾਵੇਂ ਅੱਜ ਆਜ਼ਾਦ ਹੋ ਚੁੱਕਾ ਹੈ ਪਰ ਸ਼ਰਾਬ ਦਾ ਨਸ਼ਾ ਆਇਰਸ਼ ਲੋਕਾਂ ਦੇ ਖੂਨ ਦਾ ਇੱਕ ਹਿੱਸਾ ਬਣ ਚੁੱਕਾ ਹੈ। ਆਇਰਸ਼ ਲੋਕ ਬਹੁਤੀ ਸ਼ਰਾਬ ਪੀਣ ਕਾਰਣ ਸਾਰੀ ਦੁਨੀਆਂ ਵਿਚ ਬਦਨਾਮ ਹੋ ਚੁੱਕੇ ਹਨ।

ਨਸ਼ਿਆਂ ਦੇ ਘਾਤਕ ਹਥਿਆਰ ਦੁਆਰਾ ਹੀ ਜਪਾਨੀਆਂ ਨੇ ਚੀਨੀ ਲੋਕਾਂ ਨੂੰ ਅਤੇ ਰੂਸ ਨੇ ਮੰਗੋਲੀਅਨ ਲੋਕਾਂ ਨੂੰ ਆਪਣੇ ਗੁਲਾਮ ਬਣਾਈ ਰੱਖਿਆ। ਅੱਜ ਚੀਨ ਸ਼ਕਤੀਸ਼ਾਲੀ ਮੁਲਕ ਬਣ ਕੇ ਸਾਰੀ ਦੁਨੀਆਂ ਸਾਹਮਣੇ ਉਭਰ ਰਿਹਾ ਹੈ। ਇਸ ਦਾ ਵੱਡਾ ਕਾਰਨ ਸੰਨ ੧੯੪੮ ਦਾ ਚੀਨੀ ਇਨਕਲਾਬ ਹੈ, ਇਸ ਇਨਕਲਾਬ ਦੀ ਬਦੌਲਤ ਜਦੋਂ ਅਫੀਮ ਚੀਨ ਵਿਚੋਂ ਬਾਹਰ ਨਿਕਲ ਗਈ ਤਾਂ ਮੁਲਕ ਨੇ ਤਰੱਕੀ ਕਰਨੀ ਸ਼ੁਰੂ ਕਰ ਦਿੱਤੀ।

ਨਸ਼ਿਆਂ ਦੇ ਮਾਰੂ ਹਥਿਆਰ ਦੀ ਵਰਤੋਂ ਕਰਕੇ ਹੀ ਗੋਰਿਆਂ ਨੇ ਕਾਲਿਆਂ ਨੂੰ ਆਪਣਾ ਗੁਲਾਮ ਬਣਾਈ ਰੱਖਿਆ ਅਤੇ ਪਸ਼ੂਆਂ ਦੀ ਤਰ੍ਹਾਂ ਉਨ੍ਹਾਂ ਪਾਸੋਂ ਕੰਮ ਲੈਂਦੇ ਰਹੇ। ਇਸੇ ਸੋਚ ਅਧੀਨ ੧੮੪੯ ਈ. ਵਿਚ ਜਦੋਂ ਫਰੰਗੀਆਂ ਨੇ ਖਾਲਸਾ ਰਾਜ ਨੂੰ ਅਨੇਕਾਂ ਲੂੰਬੜ ਚਾਲਾਂ ਚੱਲ ਕੇ ਹੜੱਪ ਕਰ ਲਿਆ ਅਤੇ ਸਿੱਖ ਕੌਮ ਦੇ ਬਹਾਦਰ ਫੌਜੀ ਜਵਾਨਾਂ ਦੇ ਮਨਾਂ ਵਿਚੋਂ ਰਾਜ ਭਾਗ ਦਾ ਸੰਕਲਪ ਕੱਢਣ ਅਤੇ ਸਦਾ ਵਾਸਤੇ ਗੁਲਾਮੀ ਦਾ ਜੂਲਾ ਚੁਕਾਈ ਰੱਖਣ ਵਾਸਤੇ ਸ਼ਰਾਬ ਅਤੇ ਅਫ਼ੀਮ ਦੇ ਨਸ਼ੇ ਦਾ ਹਥਿਆਰ ਵਰਤਿਆ। ਇਹ ਹਥਿਆਰ ਵਰਤਣ ਵਿਚ ਫਰੰਗੀਆਂ ਨੂੰ ਕਾਮਯਾਬੀ ਵੀ ਮਿਲੀ। ਜਿੱਥੇ ਬਹੁਤਾਤ ਵਿਚ ਫੌਜੀ ਜਵਾਨ ਸ਼ਰਾਬ ਪੀਣ ਦੇ ਆਦੀ ਹੋ ਗਏ ਉਥੇ ਅਣਖੀ ਨਿਹੰਗ ਸਿੰਘ ਜੋ ਕਿ ਅਕਾਲੀ ਫੂਲਾ ਸਿੰਘ ਜੀ ਦੀ ਕਮਾਨ ਹੇਠ ਆਪਣੀ ਅਣਖ ਅਤੇ ਖ਼ਾਲਸਾ ਰਾਜ ਦੀ ਪ੍ਰਾਪਤੀ ਲਈ ਸਦਾ ਅੱਗੇ ਹੋ ਕੇ ਜੂਝਦੇ ਰਹੇ ਅਤੇ ਆਪਣੀਆਂ ਜਾਨਾਂ ਨਿਛਾਵਰ ਕਰਨ ਤੋਂ ਸੰਕੋਚ ਨਹੀਂ ਕਰਦੇ ਸਨ, ਉਨ੍ਹਾਂ ਨੂੰ ਚੁਣ-ਚੁਣ ਕੇ ਮੌਤ ਦੇ ਘਾਟ ਉਤਾਰ ਦਿੱਤਾ, ਜੋ ਬਚੇ ਉਨ੍ਹਾਂ ਨੂੰ ਭੰਗ, ਅਫੀਮ ਅਤੇ ਪੋਸਤ ਵਰਗੇ ਨਸ਼ੇ ਲਾ ਕੇ ਅਮਲ ਦੇ ਮੀਚਕਣੇ-ਵਣ ਵਿਚ ਧਕੇਲ ਦਿੱਤਾ ਜਿਸ ਵਿਚੋਂ ਅੱਜ ਤੱਕ ਉਹ ਛੁਟਕਾਰਾ ਨਹੀਂ ਪਾ ਸਕੇ।

ਐਨ ਉਨ੍ਹਾਂ ਲੀਹਾਂ ਉੱਪਰ ਚੱਲਦੇ ਹੋਏ ਇਸ ਸਮੇਂ ਆਪਣੇ ਹੀ ਮੁਲਕ ਦੇ ਵਪਾਰੀ ਆਪਣੇ ਹੀ ਲੋਕਾਂ ਨੂੰ ਨਸ਼ਿਆਂ ਦੇ ਮਾਰੂ ਹਥਿਆਰ ਨਾਲ ਮਾਰਨ ਲਈ ਖ਼ੁਦ ਯਤਨਸ਼ੀਲ ਹਨ। ਹਰ ਚੁਰਾਹੇ ਅਤੇ ਸੜਕ ਉੱਤੇ ਸ਼ਰਾਬ ਦੇ ਠੇਕਿਆਂ ਦਾ ਜਾਲ ਵਿਛਾਇਆ ਜਾ ਰਿਹਾ ਹੈ। ਹਰ ਦੁਕਾਨ ਅਤੇ ਰੇਹੜੀਆਂ ਉੱਤੇ ਬੜੇ ਹੀ ਆਕਰਸ਼ਿਤ ਪੈਕਟਾਂ ਦੇ ਵਿਚ ਤੰਬਾਕੂ ਪੈਕ ਕਰਕੇ, ਗੁਟਕਾ, ਜਰਦਾ, ਸਕੂਲਾਂ-ਕਾਲਜਾਂ ਅਤੇ ਪਬਲਿਕ ਥਾਵਾਂ ਉੱਤੇ ਅਵਾਜ਼ਾਂ ਮਾਰ-ਮਾਰ ਕੇ ਵੇਚਿਆ ਜਾ ਰਿਹਾ ਹੈ ਜਿਸ ਤੋਂ ਬਚਣ ਅਤੇ ਬਚਾਓ ਕਰਨ ਦੀ ਸਭਨਾਂ ਨੂੰ ਲੋੜ ਹੈ ।

-ਬਾਬਾ ਸੇਵਾ ਸਿੰਘ ਜੀ (ਰਾਮਪੁਰ ਖੇੜਾ)