6 views 18 secs 0 comments

ਨਸ਼ਾ : ਵਿਨਾਸ਼ ਦੀ ਜੜ੍ਹ

ਲੇਖ
September 24, 2025

ਸੂਰਜ ਡੁੱਬਣ ਮਗਰੋਂ ਛੁਹਾਰੇ ਵਾਲਿਆਂ ਦੇ ਘਰ ਸ਼ਰਾਬੀਆਂ ਦੀ ਗਹਿਮਾ-ਗਹਿਮ ਸੀ । ਹਨ੍ਹੇਰਾ ਹੋਣ ਦੇ ਨਾਲ-ਨਾਲ ਨਸ਼ੱਈਆਂ ਦਾ ਨਸ਼ਾ ਵੀ ਗੂੜ੍ਹਾ ਹੁੰਦਾ ਗਿਆ । ਪਹਿਲਾਂ ਇਕ ਚਾਂਗਰ, ਫਿਰ ਦੂਜੀ…. ਤੇ ਫਿਰ ਤੀਜੀ। ਜਵਾਬ ਵਿਚ ਬੱਕਰੇ ਬੁਲਾਉਂਦੇ ਹੋਏ “ਫੜ ਲਉ”, “ਫੜ ਲਉ” ਦੀਆਂ ਅਵਾਜ਼ਾਂ ਨਾਲ ਚੌਗਿਰਦਾ ਗੂੰਜਿਆ। ਮਿੰਟਾਂ ਵਿਚ ਡਾਂਗਾਂ ਤੇ ਛਵੀਆਂ ਦੀ ਕਾਹੜ-ਕਾਹੜ ਤੇ ਗੋਲੀਆਂ ਦੀ ਠਾਹ-ਠਾਹ ਕੰਨੀਂ ਪਈ। ਡਰਾਉਣੀਆਂ ਅਵਾਜ਼ਾਂ ਕੰਨੀ ਪਈਆਂ ਅਤੇ ਪਤਾ ਲੱਗਾ ਕਿ ਨੱਥੂ ਮੱਲ ਦੇ ਦੋਵੇਂ ਗੱਭਰੂ ਪੁੱਤ ਥਾਏਂ ਹੀ ਮਾਰੇ ਗਏ। ਸ਼ਗਨਾਂ ਵਾਲੀ ਥਾਂ ਰੋਣੇ-ਪਿੱਟਣੇ ਪੈ ਗਏ। ਅਗਲੇ ਦਿਨ ਤਫਤੀਸ਼ ਕਰਨ ਆਏ ਪੁਲਸ ਅਫਸਰ ਨੂੰ ਇਕ ਸਾਊ ਬੁੱਢੇ ਨੇ ਡੁੱਲ੍ਹਦੇ ਨੈਣਾਂ ਨਾਲ ਆਖਿਆ, “ਜਨਾਬ! ਦੁਸ਼ਮਣੀ ਤਾਂ ਕੋਈ ਨਹੀਂ ਸੀ, ਇਹ ਸਭ ਨਸ਼ੇ ਦੇ ਪੁਆੜੇ ਨੇ।”

ਨਸ਼ਾ ਜ਼ਹਿਰ ਹੈ; ਨਸ਼ਾ ਕਹਿਰ ਹੈ; ਨਸ਼ਾ ਮੌਤ ਹੈ ਅਤੇ ਨਸ਼ਾ ਵਿਨਾਸ਼ ਦਾ ਮੂਲ ਹੈ। ਨਸ਼ਾ ਸਮਾਜ ਲਈ ਘੁਣ, ਨਸ਼ਾ ਮਨੁੱਖਤਾ ਲਈ ਸਰਾਪ ਅਤੇ ਤਹਿਜ਼ੀਬ ਦਾ ਦੀਵਾਲਾ ਹੈ। ਬਾਦਸ਼ਾਹੀਆਂ ਨਸ਼ੇ ਨੇ ਖਾ ਲਈਆਂ। ਵੱਡੇ-ਵੱਡੇ ਜਾਗੀਰਦਾਰਾਂ ਦੇ ਅਮੀਰਜ਼ਾਦੇ ਅਮਲੀ ਬਣ ਕੇ, ਘਰ-ਕੁੱਲ੍ਹਾ ਵੇਚ ਕੇ, ਠੂਠਾ ਫੜੀ ਦਰ-ਦਰ ਮੰਗਦੇ ਵੇਖੇ ਗਏ। ਕਈ ਖੂਹਾਂ ਵਿਚ ਛਾਲਾਂ ਮਾਰ ਕੇ ਡੁੱਬ ਮੋਏ ਤੇ ਕਈ ਗੱਡੀਆਂ ਥੱਲੇ ਆ ਕੇ ਮਰੇ। ਦੇਸ਼-ਵਿਦੇਸ਼ ਦੇ ਵਿੱਦਿਅਕ ਮਾਹਿਰਾਂ ਨੇ ਆਪਣੇ ਸਰਵੇਖਣ ਦੁਆਰਾ ਸਾਬਤ ਕੀਤਾ ਹੈ ਕਿ ਉੱਚੀ ਵਿੱਦਿਆ ਪ੍ਰਾਪਤ ਕਰਨ ਵਾਲੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਵਿਚ ਨਸ਼ਿਆਂ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ। ਅੰਬੈਸਡਰ ਕਾਲਜ ਟੈਕਸਸ ਕੈਲੇਫੋਰਨੀਆਂ ਦੇ ਖੋਜ ਵਿਭਾਗ ਨੇ ਕੁਝ ਸਮਾਂ ਪਹਿਲਾਂ ਇਕ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਨੌਜਵਾਨਾਂ ਵਿਚ ਨਸ਼ੇਖੋਰੀ, ਬਦਇਖਲਾਕੀ, ਬੇ-ਮਰਯਾਦਗੀ, ਬਗ਼ਾਵਤ ਤੇ ਹਿੰਸਾ ਤੇਜ਼ੀ ਨਾਲ ਵਧ ਰਹੇ ਹਨ। ਭੰਗ, ਹਸ਼ੀਸ਼ (ਗਾਂਜਾ), ਸੁਲਫਾ, ਅਫੀਮ, ਸ਼ਰਾਬ, ਐਲ.ਐਸ.ਡੀ. (ਇਕ ਨਸ਼ੀਲਾ ਤੇਜ਼ਾਬ), ਬਰਾਊਨ ਸ਼ੂਗਰ ਤੇ ਸਮੈਕ ਆਦਿਕ ਨਸ਼ਿਆਂ ਦੇ ਦਰਿਆ ਵਗ ਰਹੇ ਹਨ। ਜ਼ਿੰਦਗੀ ਦੀ ਅਸੰਤੁਸ਼ਟਤਾ ਲੁਕਾਉਣ ਲਈ ਮੁੰਡੇ-ਕੁੜੀਆਂ ਨੀਂਦ ਦੀਆਂ ਜ਼ਹਿਰੀਲੀਆਂ ਗੋਲੀਆਂ ਖਾਂਦੇ ਹਨ। ਲੱਗਭਗ ਤਿੰਨ ਲੱਖ ਅਮਰੀਕਨ ਨੌਜਵਾਨਾਂ ਨੇ ਪੜ੍ਹਾਈ, ਕੰਮ-ਕਾਜ ਤੇ ਮਾਪੇ ਛੱਡ ਦਿੱਤੇ ਹਨ। ਅਜਿਹੇ ਲੀਹੋਂ ਲੱਥੇ ਗੱਭਰੂ ਆਪਣੇ ਆਪ ਨੂੰ ‘ਹਿੱਪੀ’ ਅਖਵਾਉਂਦੇ ਹਨ। ਇਹ ਲੰਮੇ ਵਾਲ ਰੱਖਦੇ, ਅਨੋਖੇ ਕੱਪੜੇ ਪਾਉਂਦੇ, ਗਲ਼ ਵਿਚ ਮਣਕਿਆਂ ਦੀ ਮਾਲਾ ਪਾ ਕੇ ਨੰਗੇ ਪੈਰੀਂ ਤੁਰੇ ਫਿਰਦੇ ਹਨ। ਇਨ੍ਹਾਂ ਵਿਚ ਮਹਾਂ-ਮਾਰੂ ਰੋਗ ਫੈਲ ਰਹੇ ਹਨ। ਉੱਥੋਂ ਦੇ ਖੋਜੀ ਵਿਦਵਾਨਾਂ ਨੇ ਇਸ ਦੇ ਪਤਨ ਦੇ ਮੂਲ ਕਾਰਨ ਇਸ ਪ੍ਰਕਾਰ ਦੱਸੇ ਹਨ-

“ਘਰਾਂ ਵਿਚ ਜੀਵਨ ਬੇਸੁਆਦਾ ਹੈ। ਹਰ ਕੋਈ ਪੈਸੇ ਲਈ ਹਫਿਆ ਫਿਰਦਾ ਹੈ। ਮਾਪਿਆਂ ਤੇ ਬੱਚਿਆਂ ਵਿਚ ਕੋਈ ਸਾਂਝ ਨਹੀਂ। ਘਰ ਨਾ-ਖੁਸ਼ ਹਨ। ਮਾਂ-ਪਿਉ ਆਪਸ ਵਿਚ ਲੜਦੇ-ਭਿੜਦੇ ਰਹਿੰਦੇ ਹਨ। ਬੱਚੇ ਕੀ ਕਰਦੇ ਹਨ, ਕੀਹਦੇ ਨਾਲ ਫਿਰਦੇ ਹਨ, ਮਾਪਿਆਂ ਨੂੰ ਕੋਈ ਚਿੰਤਾ ਨਹੀਂ। ਬੱਚੇ ਟੀ.ਵੀ. ਉੱਤੇ ਦੰਗੇ ਫ਼ਸਾਦ, ਨਜਾਇਜ਼ ਸੰਬੰਧਾਂ ਲਈ ਉਕਸਾਊ, ਨਸ਼ੇ ਉਕਸਾਊ, ਅਸ਼ਲੀਲ ਫਿਲਮਾਂ ਵੇਖਦੇ ਹਨ ਤੇ ਸਮਾਜ ਦਿਨੋ-ਦਿਨ ਨਿੱਘਰਦਾ ਜਾ ਰਿਹਾ ਹੈ। ਇਹ ਤਸਵੀਰ ਅਮੀਰੀ ਦੀ ਸਿਖਰ ‘ਤੇ ਅੱਪੜੀ ਮਹਾਂ ਸ਼ਕਤੀ ਅਮਰੀਕਾ ਦੀ ਹੈ।”

ਆਪਣੇ ਦੇਸ਼ ਦੀ ਵੀ ਅਮਨ-ਕਾਨੂੰਨ ਪੱਖੋਂ ਹਾਲਤ ਕਾਫੀ ਨਾਜ਼ੁਕ ਹੈ। ਭ੍ਰਿਸ਼ਟਾਚਾਰ, ਵੱਢੀ-ਖੋਰੀ, ਬਲੈਕ, ਸਮਗਲਿੰਗ ਆਦਿ ਦੀਆਂ ਪੌਂ-ਬਾਰਾਂ ਹਨ। ਸਰਮਾਏਦਾਰੀ ਵਧ-ਫੁਲ ਤੇ ਪਸਰ ਰਹੀ ਹੈ। ਸਮੁੱਚੇ ਦੇਸ਼ ਵਿਚ ਅਤੇ ਖਾਸ ਕਰਕੇ ਪੰਜ ਦਰਿਆਵਾਂ ਦੀ ਧਰਤੀ-ਪੰਜਾਬ ਵਿਚ ਹੁਣ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ । ਸਫੈਦਪੋਸ਼ ਨੇਤਾ ‘ਕਾਕਟੇਲ’ ਦਾਅਵਤਾਂ ਮਾਣਦੇ ਅਤੇ ਕਲੱਬਾਂ ਵਿਚ ਮੁਜਰੇ ਵੇਖਦੇ ਹਨ। ਕਿੰਨੀ ਹਾਸੋਹੀਣੀ ਗੱਲ ਹੈ ਕਿ ਸਰਕਾਰੀ ਠੇਕਿਆਂ ਦੇ ਬੂਹਿਆਂ ਉੱਤੇ ਅਤੇ ਬੋਤਲਾਂ ਉੱਪਰ ਲਿਖਿਆ ਹੈ ਕਿ ‘ਸ਼ਰਾਬ ਪੀਣਾ ਸਿਹਤ ਲਈ ਹਾਨੀਕਾਰਕ ਹੈ’ ਪਰ ਜੇਕਰ ਪ੍ਰਬੰਧਕਾਂ ਨੂੰ ਇਸ ਦਾ ਪਤਾ ਹੈ ਤਾਂ ਫਿਰ ਸ਼ਰਾਬ ਦੇ ਠੇਕੇ ਕਿਉਂ ਖੋਲ੍ਹੇ ਗਏ ਹਨ? ਇੱਥੇ ਕੱਚ-ਘਰੜ ਡਾਕਟਰ ਨਸ਼ੇ ਛੁਡਾਉਣ ਦਾ ਖੇਖਣ ਰਚ ਕੇ ਨਸ਼ੀਲੇ ਕੈਪਸੂਲ ਵੇਚ ਰਹੇ ਹਨ। ਜ਼ਹਿਰੀਲੀ ਸ਼ਰਾਬ ਪੀ ਕੇ ਅਣਆਈ ਮੌਤ ਮਰਨ ਵਾਲਿਆਂ ਦੇ ਭਿਆਨਕ ਦੁਖਾਂਤ ਦੇਸ਼ ਦੇ ਵੱਡੇ ਸ਼ਹਿਰਾਂ ਬੰਬਈ, ਦਿੱਲੀ, ਅਹਿਮਦਾਬਾਦ, ਨਾਗਪੁਰ ਆਦਿ ਸ਼ਹਿਰਾਂ ਵਿਚ ਅਨੇਕਾਂ ਵਾਰ ਵਾਪਰ ਚੁੱਕੇ ਹਨ। ਡਾਕਟਰੀ ਖੋਜ ਅਨੁਸਾਰ ਸ਼ਰਾਬ ਬਲੱਡ ਪ੍ਰੈਸ਼ਰ, ਟੀ.ਬੀ. ਅਤੇ ਜਿਗਰ ਦੇ ਰੋਗ ਪੈਦਾ ਕਰਦੀ ਹੈ। ਸਿਗਰਟ-ਬੀੜੀ ਅਤੇ ਤਮਾਕੂ ਕੈਂਸਰ ਅਤੇ ਦਮੇ ਵਰਗੇ ਮਾਰੂ ਰੋਗਾਂ ਨੂੰ ਜਨਮ ਦਿੰਦੇ ਹਨ। ਉੱਚ ਅਦਾਲਤਾਂ ਤੇ ਵਿਦਵਾਨ ਜੱਜਾਂ ਦਾ ਮੱਤ ਹੈ ਕਿ ਸੱਤਰ ਫੀਸਦੀ ਤੋਂ ਵੀ ਵੱਧ ਜ਼ੁਰਮ ਕੇਵਲ ਨਸ਼ਿਆਂ ਦੇ ਪ੍ਰਭਾਵ ਹੇਠ ਹੀ ਹੁੰਦੇ ਹਨ। ਗੁਰੂ ਸਾਹਿਬਾਨ ਨੇ ਸਭ ਪ੍ਰਕਾਰ ਦੇ ਨਸ਼ਿਆਂ ਤੋਂ ਬਚਣ ਦੀ ਨਿਰਮਲ ਸਿੱਖਿਆ ਦਿੱਤੀ ਹੈ । ਸ੍ਰੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ:

ਜਿਤੁ ਪੀਤੈ ਮਤਿ ਦੂਰਿ ਹੋਇ ਬਰਲੁ ਪਵੈ ਵਿਚਿ ਆਇ ॥
(ਸ੍ਰੀ ਗੁਰੂ ਗ੍ਰੰਥ ਸਾਹਿਬ ,ਅੰਗ ੫੫੪)

ਅਜਿਹੀ ਹੀ ਤਾੜਨਾ ਭਗਤ ਕਬੀਰ ਜੀ ਨੇ ਵੀ ਆਪਣੀ ਬਾਣੀ ਵਿਚ ਕੀਤੀ ਹੈ:

ਕਬੀਰ ਭਾਂਗ ਮਾਛੁਲੀ ਸੁਰਾ ਪਾਨਿ ਜੋ ਜੋ ਪ੍ਰਾਨੀ ਖਾਂਹਿ ॥
ਤੀਰਥ ਬਰਤ ਨੇਮ ਕੀਏ ਤੇ ਸਭੈ ਰਸਾਤਲਿ ਜਾਂਹਿ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੩੭੭)

ਡਾਕਟਰ, ਵਿਦਵਾਨ, ਦਾਰਸ਼ਨਿਕ, ਚਿੰਤਕ, ਅਧਿਆਤਮਕ ਨੇਤਾ, ਸੰਤ-ਮਹਾਤਮਾਂ, ਸਭੇ ਹੀ ਨਸ਼ੇ ਰਹਿਤ ਸਮਾਜ ਸਿਰਜਣਾ ਚਾਹੁੰਦੇ ਹਨ। ਨਸ਼ਿਆਂ ਤੋਂ ਬਚਣ ਲਈ ਸਾਨੂੰ ਇਹ ਫਾਰਮੂਲਾ ਸਦਾ ਸਾਹਮਣੇ ਰੱਖਣਾ ਚਾਹੀਦਾ ਹੈ ਕਿ:-

“ਅਕਲ ਨਸ਼ਟ- ਸੁੱਖਾ (ਭੰਗ) ਧਰਮ ਨਸ਼ਟ- ਹੁੱਕਾ,ਦੇਹ ਨਸ਼ਟ- ਅਫੀਮ, ਧਨ ਨਸ਼ਟ- ਦਾਰੂ, ਕੋਈ ਵਿਰਲਾ ਗੁਰੂ ਦੀ ਬਾਣੀ ਨਾਲ ਚਿੱਤ ਖਲਿਆਰੂ !”

ਰੁਪਿੰਦਰ ਕੌਰ