116 views 17 secs 0 comments

ਨਸ਼ਿਆਂ ਦੇ ਕਾਰਨ, ਉਪਾਅ ਤੇ ਇਨ੍ਹਾਂ ਦੇ ਆਰਥਿਕ ਅਤੇ ਰਾਜਨੀਤਿਕ ਪ੍ਰਭਾਵ

ਲੇਖ
January 17, 2025

-ਡਾ. ਸਰਬਜੀਤ ਸਿੰਘ

ਬਹੁਤ ਸਮਾਂ ਪਹਿਲਾਂ ੧੯੮੦ ਦੀਆਂ ਅਖ਼ਬਾਰਾਂ ਵਿਚ ਇਕ ਬਹੁਤ ਦਿਲਚਸਪ ਖ਼ਬਰ ਛਪਦੀ ਹੁੰਦੀ ਸੀ ਕਿ ਇਕ ਜਰਮਨ ਸ਼ਹਿਰੀ, ਜੋ ਦੂਸਰੀ ਸੰਸਾਰ ਜੰਗ ਵਿਚ ਬਹੁਤ ਸਾਰੇ ਕਤਲਾਂ ਲਈ ਜ਼ਿੰਮੇਵਾਰ ਸੀ ਉਹ ਜੰਗ ਤੋਂ ਬਾਅਦ ਲੁਕ ਕੇ ਬੋਲੀਵੀਆ ਦੇਸ਼ ਵਿਚ ਚਲਾ ਗਿਆ ਸੀ ਅਤੇ ਉਹ ਆਪਣੇ ਨਵੇਂ ਅਪਣਾਏ ਨਾਂ ‘ਬਾਰਬਾਈ’ ਨਾਲ ਰਹਿਣ ਲੱਗ ਪਿਆ। ਉਸ ਨੇ ਨਸ਼ਿਆਂ ਅਤੇ ਦਵਾਈਆਂ ਦੇ ਵਪਾਰ ਨਾਲ ਇੰਨਾ ਜ਼ਿਆਦਾ ਪੈਸਾ ਕਮਾਇਆ ਕਿ ਉਹ ਵਿਅਕਤੀ ਉਸ ਦੇਸ਼ ਦੀ ਇਕ ਵੱਡੀ ਰਾਜਨੀਤਿਕ ਸ਼ਕਤੀ ਬਣ ਗਿਆ। ਕਿਹਾ ਜਾਂਦਾ ਸੀ ਕਿ ਉਸ ਛੋਟੇ ਜਿਹੇ ਦੇਸ਼ ਵਿਚ ਉਨ੍ਹਾਂ ਪਿਛਲੇ ੩੫ ਸਾਲਾਂ ਵਿਚ ਜਿਹੜੀਆਂ ੨੦ ਸਰਕਾਰਾਂ ਬਦਲੀਆਂ; ਉਨ੍ਹਾਂ ਦੇ ਬਦਲਣ ਵਿਚ ਉਸ ਦੀ ਵੱਡੀ ਭੂਮਿਕਾ ਸੀ। ਭਾਵੇਂ ਕਿ ਜਰਮਨੀ ਵਿਚ ਕਤਲਾਂ ਤੋਂ ਬਾਅਦ ਫਿਰ ਗ਼ੈਰ-ਸਮਾਜਿਕ ਕੰਮਾਂ ਵਿਚ ਲੱਗ ਕੇ ਉਸ ਨੇ ਬਹੁਤ ਜ਼ਿਆਦਾ ਪੈਸਾ ਕਮਾ ਲਿਆ ਹੋਵੇਗਾ, ਪਰ ਉਸ ਨੇ ਕਈ ਘਰ ਬਰਬਾਦ ਕਰ ਦਿੱਤੇ ਅਤੇ ਕਈ ਜਵਾਨੀਆਂ ਨੂੰ ਉਸ ਨੇ ਮੌਤ ਦੇ ਮੂੰਹ ਧੱਕ ਦਿੱਤਾ ਹੈ। ਇਹੋ ਹਾਲਤ ਨਸ਼ੇ ਦੇ ਸੌਦਾਗਰਾਂ ਨੇ ਹੋਰ ਦੇਸ਼ਾਂ ਵਿਚ ਕੀਤੀ ਹੈ ਜਿਸ ਵਿਚ ਸਿਰਫ ਉਨ੍ਹਾਂ ਦਾ ਆਪਣਾ ਹਿੱਤ ਸਾਹਮਣੇ ਹੁੰਦਾ ਹੈ। ਇਸ ਤਰ੍ਹਾਂ ਨਾਲ ਸੌਖੀ ਕਮਾਈ ਕਰਨ ਵਾਲੇ ਨਸ਼ੇ ਮਾਫ਼ੀਏ ਰਾਜਨੀਤੀ ਅਤੇ ਦੇਸ਼ ਦੀ ਆਰਥਿਕਤਾ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਕ ਰਿਪੋਰਟ ਅਨੁਸਾਰ ਸੰਨ ੨੦੧੨ ਵਿਚ ਅਫ਼ਗਾਨਿਸਤਾਨ ਦਾ ਕੁੱਲ ਘਰੇਲੂ ਉਤਪਾਦਨ ੧੯.੭੦ ਅਰਬ ਡਾਲਰ ਦਾ ਸੀ, ਜਿਸ ਵਿਚ ਨਸ਼ਿਆਂ ਤੋਂ ਹੋਈ ਵਿਕਰੀ ਵਿਚ ੨.੬ ਅਰਬ ਡਾਲਰ ਸਨ। ਉਹ ਸਭ ਨਸ਼ੇ ਅਫ਼ਗਾਨਿਸਤਾਨ ਤੋਂ ਬਾਹਰ ਹੋਰ ਦੇਸ਼ਾਂ ਵਿਚ ਜਾ ਕੇ ਉੱਥੋਂ ਦੇ ਸਮਾਜ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ।

ਅਫ਼ਗਾਨਿਸਤਾਨ ਕੁਦਰਤੀ ਨਸ਼ੀਲੇ ਪਦਾਰਥਾਂ ਦੀ ਪੂਰਤੀ ਲਈ ਇਕ ਵੱਡਾ ਦੇਸ਼ ਹੈ, ਉੱਥੇ ਇਕ ਹੈਕਟਰ ਵਿਚ ਪੋਸਤ ਦੀ ਕਾਸ਼ਤ ਕਰ ਕੇ ਕਿਸਾਨ ੯੦੦੦ ਡਾਲਰ ਕਮਾ ਲੈਂਦਾ ਹੈ ਜਦੋਂ ਕਿ ਕਣਕ ਦੀ ਕਾਸ਼ਤ ਵਿਚ ਉਸ ਨੂੰ ੧੨੦੦ ਡਾਲਰ ਦੀ ਕਮਾਈ ਹੁੰਦੀ ਹੈ। ਅਫ਼ਗਾਨਿਸਤਾਨ, ਜਿਸ ਦਾ ਸਿਰਫ ੬ ਫੀਸਦੀ ਖੇਤਰ ਖੇਤੀ ਦੇ ਯੋਗ ਹੈ ਉਸ ਵਿੱਚੋਂ ੧.੭੫ ਲੱਖ ਹੈਕਟਰ ਖੇਤਰ ‘ਤੇ ਪੋਸਤ ਦੀ ਖੇਤੀ ਕੀਤੀ ਜਾਂਦੀ ਹੈ। ਉਹ ਦੇਸ਼ ਗਰੀਬੀ ਵਿਚ ਜੂਝ ਰਿਹਾ ਹੈ ਅਤੇ ਜੇ ਇਸੇ ਹੀ ਖੇਤਰ ‘ਤੇ ਖੁਰਾਕ ਦਾ ਉਤਪਾਦਨ ਕੀਤਾ ਜਾਵੇ ਜਾਂ ਉਦਯੋਗਾਂ ਲਈ ਕੱਚੇ ਮਾਲ ਨੂੰ ਪੈਦਾ ਕੀਤਾ ਜਾਵੇ ਤਾਂ ਉਸ ਦੇਸ਼ ਦੀ ਆਰਥਿਕ ਸਥਿਤੀ ਸੁਧਰ ਸਕਦੀ ਹੈ। ਅਫ਼ਗਾਨਿਸਤਾਨ ਦੀ ਤਰ੍ਹਾਂ ਹੀ ਹੋਰ ਉਨ੍ਹਾਂ ਦੇਸ਼ਾਂ ਦੀ ਹਾਲ ਹੈ ਜੋ ਨਸ਼ੀਲੀਆਂ ਵਸਤੂਆਂ ਦੀ ਪੂਰਤੀ ਵੱਡੀ ਪੱਧਰ ‘ਤੇ ਕਰਦੇ ਹਨ।

ਗ਼ੈਰ-ਕਾਨੂੰਨੀ ਨਸ਼ੀਲੇ ਪਦਾਰਥਾਂ ਦੀਆਂ ਤਿੰਨ ਕਿਸਮਾਂ ਹਨ, ਪਹਿਲੀਆਂ ਹਨ— ਜਿਹੜੀਆਂ ਕੁਦਰਤੀ ਪੌਦਿਆਂ ਤੋਂ ਤਿਆਰ ਹੁੰਦੀਆਂ ਹਨ, ਜਿਵੇਂ: ਪੋਸਤ ਜਿਸ ਤੋਂ ਅਫੀਮ, ਮਾਰਫੀਨ ਅਤੇ ਹੈਰੋਇਨ ਤਿਆਰ ਹੁੰਦੀ ਹੈ। ਦੂਜੀਆਂ ਹਨ— ਨਕਲੀ ਦਵਾਈਆਂ, ਜਿਵੇਂ: ਐਮਫਟਾਮਾਈਨ ਅਤੇ ਤੀਸਰੀਆਂ ਉਹ ਦਵਾਈਆਂ ਹਨ, ਜਿਨ੍ਹਾਂ ਦੀ ਇਲਾਜ ਲਈ ਵਰਤੋਂ ਕੀਤੀ ਜਾਂਦੀ ਹੈ, ਪਰ ਉਨ੍ਹਾਂ ਨੂੰ ਨਸ਼ਿਆਂ ਦੇ ਤੌਰ ’ਤੇ ਵਰਤਣਾ ਸ਼ੁਰੂ ਹੋ ਜਾਂਦਾ ਹੈ। ਨਸ਼ੀਲੇ ਪਦਾਰਥਾਂ ਦੀ ਵਿਕਰੀ ਵਿਚ ਤਿੰਨ ਅੰਗ ਹਨ— ਇਕ ਜਿਹੜੇ ਪੈਦਾ ਕਰਦੇ ਹਨ, ਦੂਸਰੇ ਜਿਹੜੇ ਇਨ੍ਹਾਂ ਦੀ ਵਿਕਰੀ ਅਤੇ ਪੂਰਤੀ ਕਰਦੇ ਹਨ ਅਤੇ ਤੀਸਰੇ ਹਨ ਇਨ੍ਹਾਂ ਦੇ ਗ੍ਰਾਹਕ, ਜਿਹੜੇ ਇਨ੍ਹਾਂ ਦੀ ਵਰਤੋਂ ‘ ਕਰਦੇ ਹਨ। ਇਨ੍ਹਾਂ ਦੇ ਉਤਪਾਦਿਕ ਅਤੇ ਵਪਾਰੀ ਤਾਂ ਇਨ੍ਹਾਂ ਨਸ਼ਿਆਂ ਦੇ ਵਪਾਰ ਵਿੱਚੋਂ ਵੱਡੀ ਕਮਾਈ ਕਰਦੇ ਹਨ, ਜਦੋਂ ਕਿ ਇਨ੍ਹਾਂ ਦੇ ਉਪਭੋਗੀਆਂ ਦਾ ਇਨ੍ਹਾਂ ਨਾਲ ਸ਼ੋਸ਼ਣ ਕੀਤਾ ਜਾਂਦਾ ਹੈ ਕਿਉਂ ਜੋ ਉਹ ਇਨ੍ਹਾਂ ਨਸ਼ਿਆਂ ’ਤੇ ਸਰੀਰਕ ਤੌਰ ‘ਤੇ ਨਿਰਭਰ ਹੋ ਜਾਂਦੇ ਹਨ ਅਤੇ ਉਨ੍ਹਾਂ ਨਸ਼ਿਆਂ ਦੇ ਵਰਤਣ ਵਾਲਿਆਂ ਦੇ ਪਰਵਾਰ ਇਨ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।

ਇਸ ਦੇ ਵੱਡੇ ਉਤਪਾਦਿਕ ਦੇਸ਼ ਉਹ ਹਨ, ਜਿਹੜੇ ਸੁਨਿਹਰੀ ਦੇ ਘੇਰੇ ਦੇਸ਼ ਹਨ ਜਿਵੇਂ: ਅਫ਼ਗਾਨਿਸਤਾਨ, ਈਰਾਨ ਅਤੇ ਪਾਕਿਸਤਾਨ। ਦੂਸਰੇ ਹਨ— ਸੁਨਿਹਰੀ ਤਿਕੋਨ ਦੇ ਦੇਸ਼ ਜਿਵੇਂ: ਲਾਉਸ, ਮਾਇਨਾਮਾਰ (ਬਰਮ੍ਹਾ) ਅਤੇ ਥਾਈਲੈਂਡ ਅਤੇ ਤੀਸਰੇ ਹਨ ਕੁਝ ਹੋਰ ਦੇਸ਼ ਜਿਵੇਂ: ਪੀਰੂ, ਮੈਕਸੀਕੋ ਆਦਿ। ਕੋਕ ਜੋ ਨਸ਼ੇ ਦੀ ਇਕ ਕਿਸਮ ਹੈ, ਉਹ ਬੋਲੀਵੀਆ, ਕੋਲੰਬੀਆ ਅਤੇ ਪੀਰੂ ਵਿਚ ਜ਼ਿਆਦਾ ਪੈਦਾ ਹੁੰਦੀ ਹੈ। ਇਨ੍ਹਾਂ ਨਸ਼ੇ ਦੇ ਉਤਪਾਦਿਕ ਦੇਸ਼ਾਂ ਤੋਂ ਇਹ ਵਸਤੂਆਂ ਗ਼ੈਰ-ਕਾਨੂੰਨੀ ਢੰਗ ਨਾਲ ਸਮੱਗਲਰਾਂ ਰਾਹੀਂ ਹੋਰ ਦੇਸ਼ਾਂ ਵਿਚ ਭੇਜੀਆਂ ਜਾਂਦੀਆਂ ਹਨ। ਵੱਡੇ ਵਪਾਰੀਆਂ ਤੋਂ ਇਹ ਅੱਗੋਂ ਪ੍ਰਚੂਨ ਦੇ ਵਪਾਰੀਆਂ ਕੋਲ ਜਾਂਦੇ ਹਨ, ਜੋ ਫਿਰ ਇਨ੍ਹਾਂ ਨੂੰ ਨਸ਼ੇ ਦੀ ਵਰਤੋਂ ਕਰਨ ਵਾਲਿਆਂ ਕੋਲ ਵੇਚਦੇ ਹਨ।

ਭਾਵੇਂ ਕਿ ਇਹ ਨਸ਼ੇ ਵਿਕਸਿਤ ਦੇਸ਼ਾਂ ਵਿਚ ਜਾਂਦੇ ਹਨ ਜਿੱਥੇ ਇਨ੍ਹਾਂ ਤੋਂ ਵੱਡੀ ਕਮਾਈ ਕੀਤੀ ਜਾਂਦੀ ਹੈ, ਪਰ ਇਹ ਘੱਟ ਵਿਕਸਿਤ ਦੇਸ਼ਾਂ ਦੀ ਜਨਤਾ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੇ ਹਨ। ਭਾਰਤ ਵਰਗੇ ਦੇਸ਼ ਵਿਚ ਇਨ੍ਹਾਂ ਨੇ ਹਰ ਪ੍ਰਾਂਤ ਅਤੇ ਹਰ ਖੇਤਰ ਨੂੰ ਪ੍ਰਭਾਵਿਤ ਕੀਤਾ ਹੈ। ਇਸ ਦੇ ਕਾਰਨ ਇਸ ਪ੍ਰਕਾਰ ਹਨ:-

੧. ਬੇਰੁਜ਼ਗਾਰੀ: ਬੇਰੁਜ਼ਗਾਰੀ ਇਸ ਦਾ ਸਭ ਤੋਂ ਵੱਡਾ ਅਤੇ ਮੁਢਲਾ ਕਾਰਨ ਹੈ, ਕਿਉਂ ਜੋ ਬੇਰੁਜ਼ਗਾਰ ਵਿਅਕਤੀ ਆਪਣੀ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਇਸ ਦਾ ਆਸਰਾ ਲੈਂਦਾ ਹੈ। ਰੁਜ਼ਗਾਰ ’ਤੇ ਲੱਗੇ ਵਿਅਕਤੀ ਨੂੰ ਸਮੇਂ ਸਿਰ ਆਪਣੀ ਡਿਊਟੀ ’ਤੇ ਹਾਜ਼ਰ ਹੋਣਾ ਪੈਂਦਾ ਹੈ ਅਤੇ ਕੰਮ ਵਿਚ ਲੀਨ ਰਹਿੰਦਾ ਹੈ, ਇਸ ਲਈ ਨਸ਼ੇ ਦੀ ਜ਼ਿਆਦਾ ਰੁਚੀ ਉਨ੍ਹਾਂ ਲੋਕਾਂ ਵਿਚ ਵੇਖੀ ਗਈ ਹੈ ਜਿਹੜੇ ਬੇਰੁਜ਼ਗਾਰ
ਹਨ।

੨. ਪ੍ਰੇਸ਼ਾਨੀ: ਭਾਵੇਂ ਕਿ ਬੇਰੁਜ਼ਗਾਰੀ ਵੀ ਇਕ ਵੱਡੀ ਪ੍ਰੇਸ਼ਾਨੀ ਹੈ, ਪਰ ਇਸ ਤੋਂ ਇਲਾਵਾ ਵੀ ਘਰੇਲੂ ਸਮੱਸਿਆਵਾਂ, ਘਰੇਲੂ ਕਲੇਸ਼ ਅਤੇ ਹੋਰ ਮਾਨਸਿਕ ਪ੍ਰੇਸ਼ਾਨੀਆਂ ਵੀ ਨਸ਼ੇ ਦੀ ਆਦਤ ਵੱਲ ਪ੍ਰੇਰਿਤ ਕਰਦੀਆਂ ਹਨ ਅਤੇ ਉਹ ਵਿਅਕਤੀ ਜਿਹੜਾ ਪਹਿਲਾਂ ਕਦੀ- ਕਦੀ ਨਸ਼ਾ ਵਰਤਦਾ ਸੀ ਉਹ ਇਸ ਦਾ ਆਦੀ ਬਣ ਜਾਂਦਾ ਹੈ।

੩. ਬੁਰੀ ਸੰਗਤ: ਜਿਹੜੇ ਲੋਕ ਪਹਿਲਾਂ ਹੀ ਨਸ਼ੇ ਦੇ ਆਦੀ ਹੋ ਚੁੱਕੇ ਹੁੰਦੇ ਹਨ ਉਨ੍ਹਾਂ ਦੀ ਸੰਗਤ ਵਿਚ ਆਇਆ ਵਿਅਕਤੀ ਵੀ ਇਸ ਵੱਲ ਪ੍ਰੇਰਿਤ ਹੁੰਦਾ ਜਾਂਦਾ ਹੈ ਅਤੇ ਫਿਰ ਇਸ ਦਾ ਆਦੀ ਬਣ ਜਾਂਦਾ ਹੈ।

੪. ਅਸਾਨ ਪੂਰਤੀ: ਜੇ ਉਹ ਨਸ਼ਾ, ਵਰਤਣ ਵਾਲੇ ਨੂੰ ਅਸਾਨੀ ਨਾਲ ਉਸ ਦੇ ਘਰ ਦੇ ਨੇੜ੍ਹੇ ਨਸ਼ਾ ਮਿਲ ਜਾਂਦਾ ਹੋਵੇ ਤਾਂ ਉਹ ਇਸ ਵੱਲ ਪ੍ਰੇਰਿਤ ਹੋ ਜਾਂਦਾ ਹੈ। ਇਹੋ ਕਾਰਨ ਹੈ ਕਿ ਨਸ਼ਾ ਵੇਚਣ ਵਾਲੇ ਹਰ ਖੇਤਰ ਵਿਚ ਹੀ ਮਿਲ ਜਾਂਦੇ ਹਨ।

੫. ਵਿੱਦਿਆ ਦਾ ਅਧੂਰਾ ਛੱਡ ਦੇਣਾ: ਭਾਵੇਂ ਕਿ ਵਿੱਦਿਆ ਨੂੰ ੧੪ ਸਾਲ ਤਕ ਜ਼ਰੂਰੀ ਅਤੇ ਮੁਫ਼ਤ ਵੀ ਕੀਤਾ ਹੋਇਆ ਹੈ, ਪਰ ਫਿਰ ਵੀ ਬਹੁਤ ਸਾਰੇ ਵਿਦਿਆਰਥੀ ਕੁਝ ਕਾਰਨਾਂ ਕਰ ਕੇ ਆਪਣੀ ਵਿੱਦਿਆ ਨੂੰ ਅਧੂਰਾ ਹੀ ਛੱਡ ਦਿੰਦੇ ਹਨ। ਨਸ਼ੇ ਦੇ ਆਦੀਆਂ ਵਿਚ ਜ਼ਿਆਦਾ ਵਿਅਕਤੀ ਉਹ ਵੇਖੇ ਗਏ ਹਨ ਜਿਨ੍ਹਾਂ ਨੇ ਸਕੂਲ ਜਾਂ ਕਾਲਜ ਦੀ ਵਿੱਦਿਆ ਨੂੰ ਵਿਚਾਲੇ ਹੀ ਛੱਡ ਦਿੱਤਾ ਹੁੰਦਾ ਹੈ।

੬. ਘਰ ਵਿਚ ਨਸ਼ੇ ਦੀ ਵਰਤੋਂ: ਜੇ ਘਰ ਵਿਚ ਪਹਿਲਾਂ ਹੀ ਕਿਸੇ ਵੱਡੀ ਉਮਰ ਦੇ ਵਿਅਕਤੀ ਵੱਲੋਂ ਨਸ਼ੇ ਵਰਤੇ ਜਾਂਦੇ ਹੋਣ, ਤਾਂ ਇਕ ਤਾਂ ਬੱਚਿਆਂ ਨੂੰ ਉਹ ਨਸ਼ੇ ਪ੍ਰੇਰਿਤ ਕਰਦੇ ਹਨ ਅਤੇ ਦੂਸਰਾ ਉਨ੍ਹਾਂ ਨੂੰ ਘਰ ਤੋਂ ਨਸ਼ਿਆਂ ਪੂਰਤੀ ਹੋ ਜਾਂਦੀ ਹੈ।

੭. ਨੈਤਿਕ ਕਦਰਾਂ-ਕੀਮਤਾਂ ਵਿਚ ਕਮੀ: ਨੈਤਿਕ ਕਦਰਾਂ-ਕੀਮਤਾਂ ਅਤੇ ਨੈਤਿਕ ਵਿੱਦਿਆ ਦੀ ਕਮੀ ਆਈ ਹੈ ਜੋ ਨਸ਼ੇ ਦੇ ਇਕ ਕਾਰਨ ਬਣਦੀ ਹੈ।

ਰੋਕਣ ਦੇ ਉਪਾਅ:- ਨਸ਼ਿਆਂ ਨਾਲ ਹੋ ਰਹੇ ਘਾਣ ਨੂੰ ਰੋਕਣ ਲਈ ਹੇਠਾਂ ਦਿੱਤੇ ਉਪਾਅ ਸਹਾਇਕ ਹੋ ਸਕਦੇ ਹਨ:—

੧. ਵਿੱਦਿਆ ਨੂੰ ਯਕੀਨੀ ਬਣਾਉਣਾ: ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਹਰ ਵਿਦਿਆਰਥੀ ਦੀ ਵਿੱਦਿਆ ਪੂਰੀ ਹੋਵੇ ਅਤੇ ਉਹ ਵਿੱਦਿਆ ਨੂੰ ਵਿਚ-ਵਿਚਾਲੇ, ਅਧੂਰੀ ਨਾ ਛੱਡੇ। ਵਿੱਦਿਆ ਨੂੰ ਵਿਚ ਛੱਡਣ ਦੇ ਕਾਰਨਾਂ ਨੂੰ ਪਹਿਚਾਣ ਕੇ ਉਨ੍ਹਾਂ ਦਾ ਹੱਲ ਹੋਣਾ ਚਾਹੀਦਾ ਹੈ।

੨. ਰੁਜ਼ਗਾਰ: ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਪੈਦਾ ਹੋਣੇ ਚਾਹੀਦੇ ਹਨ। ਨੌਜਵਾਨਾਂ ਕੋਲ ਵਿੱਦਿਆ ਅਤੇ ਕੁਸ਼ਲਤਾ ਅਨੁਸਾਰ ਉਨ੍ਹਾਂ ਲਈ ਰੁਜ਼ਗਾਰ ਦੀ ਕਮੀ ਨਹੀਂ ਹੋਣੀ ਚਾਹੀਦੀ।

੩. ਨੈਤਿਕ ਵਿੱਦਿਆ ‘ਤੇ ਜ਼ੋਰ: ਸਕੂਲਾਂ-ਕਾਲਜਾਂ ਅਤੇ ਸ੍ਵੈ-ਸੇਵੀ ਸੰਸਥਾਵਾਂ ਵੱਲੋਂ ਨੈਤਿਕ ਵਿੱਦਿਆ ’ਤੇ ਜ਼ੋਰ ਦੇਣਾ ਚਾਹੀਦਾ ਹੈ ਅਤੇ ਨਸ਼ਿਆਂ ਦੀ ਬੁਰਾਈ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।

੪. ਮੁੜ-ਵਸੇਬਾ ਕੇਂਦਰਾਂ ਨੂੰ ਨਸ਼ਾ-ਛੁਡਾਊ ਕੇਂਦਰਾਂ ਨਾਲ ਜੋੜਣਾ: ਨਸ਼ਾ ਛੁਡਾਊ ਕੇਂਦਰ ਦੇ ਨਾਲ, ਨਸ਼ਾ ਛੱਡਣ ਵਾਲੇ ਵਿਅਕਤੀ ਦੇ ਸਮਾਜ ਵਿਚ ਮੁੜ ਸਥਾਪਿਤ ਹੋਣ ਲਈ ਵਿਵਸਥਾ ਪੈਦਾ ਕਰਨੀ ਚਾਹੀਦੀ ਹੈ ਤਾਂ ਕਿ ਨਸ਼ਾ ਛੱਡਣ ਤੋਂ ਬਾਅਦ ਉਹ ਪੂਰੀ ਲਗਨ ਨਾਲ ਆਪਣੇ ਕੰਮ ਵਿਚ ਲੱਗ ਕੇ ਸੰਤੁਸ਼ਟੀ ਨਾਲ ਆਪਣਾ ਜੀਵਨ ਬਸਰ ਕਰਨ ਅਤੇ ਦੁਬਾਰਾ ਨਸ਼ੇ ਦੀ ਆਦਤ ਨੂੰ ਨਾ ਅਪਣਾਉਣ। ਨਸ਼ਿਆਂ ਦੇ ਆਰਥਿਕ ਪ੍ਰਭਾਵ:-
ਕਿਸੇ ਵੀ ਦੇਸ਼ ਜਾਂ ਸਮਾਜ ਨੂੰ ਵੱਡੇ ਰੂਪ ਵਿਚ ਨਸ਼ੇ ਪ੍ਰਭਾਵਿਤ ਕਰਦੇ ਹਨ। ਇਹ ਆਮ ਵੇਖਿਆ ਗਿਆ ਹੈ ਕਿ ਨਸ਼ਿਆਂ ਦੇ ਨਾਲ ਗ਼ੈਰ-ਕਾਨੂੰਨੀ ਹਥਿਆਰਾਂ ਦਾ ਵੀ ਸਹਿ-ਸੰਬੰਧ ਹੈ। ਇਸ ਤਰ੍ਹਾਂ ਦੇ ਸਮਾਜ ਵਿਚ ਲੁੱਟ-ਖੋਹ ਅਤੇ ਜਾਲਸਾਜ਼ੀ ਦੀਆਂ ਜ਼ਿਆਦਾ ਘਟਨਾਵਾਂ ਹੁੰਦੀਆਂ ਹਨ ਜਿਸ ਕਰਕੇ ਇਕ ਤਾਂ ਯਾਤਰੀ ਉਨ੍ਹਾਂ ਇਲਾਕਿਆਂ ਵਿਚ ਨਹੀਂ ਆਉਂਦੇ, ਦੂਸਰਾ ਬਾਹਰੋਂ ਤਾਂ ਨਿਵੇਸ਼ ਕੀ ਹੋਣਾ, ਉਸ ਹੀ ਖੇਤਰ ਦੇ ਵਿਅਕਤੀ ਜਿਹੜੇ ਨਿਵੇਸ਼ ਕਰਨ ਯੋਗ ਤਾਂ ਹਨ, ਪਰ ਉਹ ਨਿਵੇਸ਼ ਨਹੀਂ ਕਰਦੇ, ਜਿਸ ਕਰਕੇ ਉੱਥੋਂ ਦਾ ਰੁਜ਼ਗਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦਾ ਹੈ ਅਤੇ ਰੁਜ਼ਗਾਰ ਦੇ ਮੌਕੇ ਹੋਰ ਘਟਦੇ ਜਾਂਦੇ ਹਨ। ਉਸ ਖੇਤਰ ਦਾ ਵਿਕਾਸ ਰੁਕਦਾ ਹੈ ਅਤੇ ਖੁਸ਼ਹਾਲੀ ਦੀ ਜਗ੍ਹਾ ‘ਬਦਹਾਲੀ ਫੈਲਦੀ ਹੈ।

ਨਸ਼ਿਆਂ ਨਾਲ ਕੀਤੀ ਕਮਾਈ ਗ਼ੈਰ-ਕਾਨੂੰਨੀ ਕਮਾਈ ਹੁੰਦੀ ਹੈ, ਇਸ ਨੂੰ ਕਿਸੇ ਲੇਖੇ ਵਿਚ ਨਹੀਂ ਲਿਆਂਦਾ ਜਾਂਦਾ, ਫਿਰ ਇਹ ਕਾਲੇ ਧਨ ਵਿਚ ਬਦਲਦੀ ਹੈ ਜਿਸ ਕਰਕੇ ਇਹ ਚਲਣ ਵਿਚ ਨਹੀਂ ਆਉਂਦੀ। ਇਹ ਨਾ ਤਾਂ ਖਰਚ ਹੁੰਦੀ ਹੈ ਅਤੇ ਨਾ ਹੀ ਦੂਸਰੇ ਦੀ ਆਮਦਨ ਬਣਦੀ ਹੈ। ਇਸ ਆਮਦਨ ਨੂੰ ਟੈਕਸ ਤੋਂ ਬਚਾ ਲਿਆ ਜਾਂਦਾ ਹੈ ਜਿਸ ਕਰਕੇ ਸਰਕਾਰ ਦੀ ਆਮਦਨ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਬੈਂਕਾਂ ਵਿਚ ਵੀ ਜਮ੍ਹਾਂ ਨਹੀਂ ਕਰਵਾਇਆ ਜਾਂਦਾ ਜਿਸ ਕਰਕੇ ਇਸ ਦੇ ਆਧਾਰ ‘ਤੇ ਕਰਜ਼ਾ ਦੇ ਕੇ ਵਪਾਰ ਅਤੇ ਉਦਯੋਗਾਂ ਨੂੰ ਵਧਾਉਣ ਵਿਚ ਮਦਦ ਨਹੀਂ ਕੀਤੀ ਜਾ ਸਕਦੀ। ਆਮਦਨ ਦੀ ਨਾ-ਬਰਾਬਰੀ ਵਧਦੀ ਹੈ ਅਤੇ ਇਸ ਧਨ ਨਾਲ ਕਾਲੇ ਧਨ ਦੀਆਂ ਸਭ ਬੁਰਾਈਆਂ ਫੈਲਦੀਆਂ ਹਨ।

ਕਿਸੇ ਦੇਸ਼ ਦੇ ਕਲਿਆਣ ਲਈ ਉਸ ਦੇਸ਼ ਵਿਚ ਮਿਲਣ ਵਾਲੀ ਸਮਾਜਿਕ ਸੁਰੱਖਿਆ ਇਸ ਦਾ ਵੱਡਾ ਸੂਚਕ ਹੈ, ਪਰ ਜਦੋਂ ਟੈਕਸ ਟਾਲੇ ਜਾਂਦੇ ਹਨ, ਸਰਕਾਰ ਦੀ ਆਮਦਨ ਘਟਦੀ ਹੈ ਤਾਂ ਸਮਾਜਿਕ ਸੁਰੱਖਿਆ ਦੀ ਵਿਵਸਥਾ ਵਿਚ ਰੁਕਾਵਟ ਆਉਂਦੀ ਹੈ, ਜਿਸ ਨਾਲ ਬੇਰੁਜ਼ਗਾਰੀ ਭੱਤਾ, ਬੁਢਾਪਾ ਪੈਨਸ਼ਨ, ਦੁਰਘਟਨਾ ਦੀ ਹਾਲਤ ਵਿਚ ਮੁਆਵਜ਼ਾ ਅਤੇ ਪੈਨਸ਼ਨ ਆਦਿ ਸਭ ਕੁਝ ਪ੍ਰਭਾਵਿਤ ਹੁੰਦੇ ਹਨ।

ਬੇਰੁਜ਼ਗਾਰੀ ਅਤੇ ਨਸ਼ਿਆਂ ਦੀ ਵਰਤੋਂ ਇਕ-ਦੂਜੇ ਨੂੰ ਵਧਾਉਂਦੇ ਹਨ। ਨਸ਼ੇ ਦੀ ਆਦਤ ਦਾ ਬੇਰੁਜ਼ਗਾਰੀ ਮੁਢਲਾ ਕਾਰਨ ਮੰਨਿਆ ਜਾਂਦਾ ਹੈ, ਪਰ ਇਸ ਨਾਲ ਕੁਸ਼ਲਤਾ ਹਾਸਲ ਕਰਨਾ ਅਤੇ ਨੌਕਰੀ ਦੇ ਯੋਗ ਹੋਣਾ ਵੀ ਪ੍ਰਭਾਵਿਤ ਹੁੰਦਾ ਹੈ। ਬਹੁਤ ਸਾਰੇ ਅਧਿਐਨਾਂ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਆਦਾਤਰ ਨਸ਼ੇੜੀ ੧੮ ਤੋਂ ੩੫ ਸਾਲ ਦੀ ਉਮਰ ਵਿਚ ਹਨ, ਇਹੋ ਹੀ ਉਮਰ ਕੰਮ ਕਰਨ ਦੀ ਉਮਰ ਹੈ। ਨਸ਼ੇ ਦੇ ਆਦੀ ਬਣਨ ਨਾਲ ਉਨ੍ਹਾਂ ਦੀ ਰੁਜ਼ਗਾਰ ’ਤੇ ਲੱਗਣ ਦੀ ਯੋਗਤਾ ਪ੍ਰਭਾਵਿਤ ਹੁੰਦੀ ਹੈ ਅਤੇ ਗ਼ੈਰ- ਕੁਸ਼ਲ ਅਤੇ ਅਨਪੜ੍ਹ ਰਹਿ ਜਾਂਦੇ ਹਨ।

ਰਾਜਨੀਤਿਕ ਪ੍ਰਭਾਵ:- ਗ਼ੈਰ-ਕਨੂੰਨੀ ਨਸ਼ਿਆਂ ਦੇ ਵਪਾਰ ਨਾਲ ਕੀਤੀ ਗਈ ਸੌਖੀ ਕਮਾਈ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦੀ ਹੈ। ਰਾਜਨੀਤਿਕ ਨੇਤਾਵਾਂ ਦੀ ਸਰਪ੍ਰਸਤੀ ਲੈਣ ਲਈ ਇਨ੍ਹਾਂ ਨਸ਼ੇ ਦੇ ਵਪਾਰੀਆਂ ਵੱਲੋਂ ਖ਼ੁਲਦਿਲ੍ਹੀ ਨਾਲ ਪੈਸਾ ਖਰਚ ਕੀਤਾ ਜਾਂਦਾ ਹੈ। ਪੰਚਾਇਤ ਦੇ ਪੱਧਰ ਤੋਂ ਸ਼ੁਰੂ ਹੋ ਕੇ ਪਾਰਲੀਮੈਂਟ ਤਕ ਉਨ੍ਹਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਜਾਂ ਉਹ ਆਪ ਜਾਂ ਉਨ੍ਹਾਂ ਦੇ ਆਪਣੇ ਆਦਮੀ ਚੋਣਾਂ ਜਿੱਤਣ ਤਾਂ ਕਿ ਉਹ ਉਨ੍ਹਾਂ ਲਈ ਬਾਅਦ ਵਿਚ ਸਹਾਇਕ ਰਹਿਣ। ਸੌਖੇ ਢੰਗ ਨਾਲ ਵੱਡੀ ਕਮਾਈ ਨੂੰ ਉਹ ਬਹੁਤ ਖੁੱਲੇ ਢੰਗ ਨਾਲ ਵਰਤਦੇ ਹਨ ਤਾਂ ਕਿ ਉਨ੍ਹਾਂ ਦੇ ਸੋੜੇ ਹਿੱਤ ਦੀ ਪੂਰਤੀ ਹੋ ਸਕੇ। ਬਹੁਤ ਸਾਰੀਆਂ ਰਿਪੋਰਟਾਂ ਆਉਂਦੀਆਂ ਹਨ ਕਿ ਨਸ਼ੇ ਅਤੇ ਪੈਸੇ ਦੀ ਵਰਤੋਂ ਚੋਣਾਂ ਨੂੰ ਪ੍ਰਭਾਵਿਤ ਕਰਦੇ ਹਨ।

ਕਿਸੇ ਵੀ ਲੋਕਤੰਤਰ ਲਈ ਖੁਸ਼ਹਾਲੀ ਅਤੇ ਵਿੱਦਿਆ ਦੋ ਮੁਢਲੇ ਤੱਤ ਹਨ, ਪਰ ਗ਼ੈਰ-ਕਾਨੂੰਨੀ ਨਸ਼ਿਆਂ ਦਾ ਵਪਾਰ ਅਤੇ ਵਰਤੋਂ ਇਨ੍ਹਾਂ ਦੋਵਾਂ ਨੂੰ ਪ੍ਰਭਾਵਿਤ ਕਰਦੇ ਹਨ। ਬਹੁਤ ਸਾਰੇ ਅਧਿਐਨਾਂ ਨੇ ਇਹ ਸਾਬਿਤ ਕੀਤਾ ਹੈ ਕਿ ਸਕੂਲ ਜਾਂ ਕਾਲਜ ਵਿੱਚੋਂ ਪੜ੍ਹਾਈ ਛੱਡ ਚੁੱਕੇ ਅਧਪੜ੍ਹੇ ਵਿਅਕਤੀ ਵੋਟਾਂ ਲਈ ਸੌਖੇ ਪ੍ਰਭਾਵਿਤ ਹੋ ਜਾਂਦੇ ਹਨ। ਉਨ੍ਹਾਂ ਦੀ ਆਰਥਿਕ ਹਾਲਤ ਵੀ ਉਨ੍ਹਾਂ ਤੋਂ ਵੋਟ ਦੀ ਯੋਗ ਵਰਤੋਂ ਲਈ ਰੁਕਾਵਟ ਬਣਦੀ ਹੈ। ਬੇਰੁਜ਼ਗਾਰੀ ਇਸ ਦਾ ਵੱਡਾ ਕਾਰਨ ਹੈ। ਇਕ ਰਿਪੋਰਟ ਅਨੁਸਾਰ ਨਸ਼ਿਆਂ ਦੇ ਆਦੀਆਂ ਵਿਚ ਪੇਂਡੂ ਵੱਸੋਂ ਦੀ ਗਿਣਤੀ ਜ਼ਿਆਦਾ ਹੈ। ਬਹੁਤ ਸਾਰੇ ਉਹ ਲੋਕ ਜਿਨ੍ਹਾਂ ਨੂੰ ਖੇਤੀ ਵਿਚ ਘੱਟ ਕੰਮ ਹੋਣ ਕਰਕੇ ਉਨ੍ਹਾਂ ਦੀ ਕਮਾਈ ਘੱਟ ਹੈ, ਉਨ੍ਹਾਂ ਲਈ ਪਿੰਡਾਂ ਵਿਚ ਗ਼ੈਰ-ਖੇਤੀ ਕੰਮ ਦੀ ਘਾਟ ਹੈ, ਇਸ ਲਈ ਉਹ ਛੇਤੀ ਹੀ ਨਸ਼ਿਆਂ ਵੱਲ ਪ੍ਰੇਰਿਤ ਹੋ ਜਾਂਦੇ ਹਨ। ਭਾਵੇਂ ਕਿ ਦੇਸ਼ ਵਿਚ ਵੱਡੀ ਗਿਣਤੀ ਵਿਚ ਹਨ, ਪਰ ਇਕ ਵਾਰ ਨਸ਼ਾ ਛੱਡਣ ਤੋਂ ਬਾਅਦ ਉਹ ਨਸ਼ੇੜੀ ਫਿਰ ਨਸ਼ੇ ਵਿਚ ਗ੍ਰਸਤ ਹੋ ਜਾਂਦਾ ਹੈ। ਇਸ ਲਈ ਨਸ਼ਾ-ਛੁਡਾਊ ਕੇਂਦਰਾਂ ਦੇ ਨਾਲ ਮੁੜ-ਵਸੇਬਾ ਕੇਂਦਰਾਂ ਦਾ ਜੋੜਣਾ ਜ਼ਰੂਰੀ ਹੈ। ਪਰਵਾਰ ਦੇ ਮੁਖੀ ਵੱਲੋਂ ਇਹ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਉਨ੍ਹਾਂ ਦਾ ਬੱਚਾ ਕਿਸੇ ਨਾ ਕਿਸੇ ਕੰਮ ਜਾ ਉਸਾਰੂ ਗਤੀਵਿਧੀ ਵਿਚ ਰੁੱਝਿਆ ਰਹੇ। ਰਾਜਨੀਤਿਕ ਨੇਤਾਵਾਂ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਹਰ ਉਹ ਯਤਨ ਕਰਨਾ ਚਾਹੀਦਾ ਹੈ ਜਿਸ ਨਾਲ ਇਸ ਬੁਰਾਈ ਦੀ ਰੋਕਥਾਮ ਹੋਵੇ ਅਤੇ ਰਾਜਨੀਤਿਕ ਨੇਤਾਵਾਂ ਅਤੇ ਹੋਰ ਪ੍ਰਭਾਵਸ਼ਾਲੀ ਵਿਅਕਤੀਆਂ ਵੱਲੋਂ ਨਸ਼ੇ ਦੇ ਵਪਾਰੀਆਂ ਦੀਆਂ ਕਾਰਵਾਈਆਂ ਦੀ ਨਿਖੇਧੀ ਕਰਨੀ ਚਾਹੀਦੀ ਹੈ। ਧਾਰਮਿਕ ਅਤੇ ਸਮਾਜਿਕ ਪ੍ਰਤੀਨਿਧਾਂ ਵੱਲੋਂ ਨਸ਼ੇ ਦੀ ਬੁਰਾਈ ਸੰਬੰਧੀ ਪ੍ਰਚਾਰਨ ਨੂੰ ਤਰਜੀਹ ਦੇਣੀ ਚਾਹੀਦੀ ਹੈ। ਨਸ਼ਿਆਂ ਦੀ ਪੂਰਤੀ ਦਾ ਬੁਰੀ ਤਰ੍ਹਾਂ ਖਤਮ ਕਰਨਾ, ਪਰ ਇਸ ਦੇ ਨਾਲ ਹੀ ਰੁਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਪੈਦਾ ਕਰਨੇ, ਵਿੱਦਿਆ ਨੂੰ ਪੂਰੀ ਕਰਨਾ, ਨਸ਼ੇ ਦੇ ਆਦੀਆਂ ਨਾਲ ਹਮਦਰਦੀ ਵਾਲਾ ਵਿਵਹਾਰ ਕਰ ਕੇ, ਉਨ੍ਹਾਂ ਨੂੰ ਨਸ਼ੇ ਛੱਡਣ ਲਈ ਪ੍ਰੇਰਿਤ ਕਰਨਾ ਸਮਾਜ ਦੀ ਸਭ ਤੋਂ ਵੱਡੀ ਜ਼ਰੂਰਤ