ਨਸ਼ਿਆਂ ਨੂੰ ਜਿਸ ਤਰ੍ਹਾਂ ਬੀਮਾਰੀ ਅਤੇ ਨਸ਼ਾ-ਛੁਡਾਊ ਕੇਂਦਰਾਂ ਨੂੰ ਇਲਾਜ ਕੇਂਦਰ ਤਕ ਸੀਮਤ ਕਰ ਕੇ ਦੇਖਿਆ ਜਾ ਰਿਹਾ ਹੈ, ਇਹ ਇਸ ਤਰ੍ਹਾਂ ਨਸ਼ਿਆਂ ਦੀ ਸਮੱਸਿਆ ਨੂੰ ਜੜ੍ਹ ਤੋਂ ਸਮਝਣ ਦੀ ਕੋਸ਼ਿਸ਼ ਨਹੀਂ ਹੈ। ਨਸ਼ੇ, ਇਕ ਸਮਾਜਿਕ ਸਮੱਸਿਆ ਹੈ, ਜਿਸ ਦੇ ਬੀਜ ਸਾਡੇ ਸਮਾਜਿਕ ਢਾਂਚੇ ਵਿਚ ਪਏ ਹਨ। ਜੇਕਰ ਹੋਰ ਬਰੀਕੀ ਨਾਲ ਸਮਝਣਾ ਹੋਵੇ ਤਾਂ ਇਹ ਸਮਾਜੀ-ਮਨੋਵਿਗਿਆਨਕ ਸਮੱਸਿਆ ਹੈ।
ਮਨੋਵਿਗਿਆਨ ਨੂੰ ਸਧਾਰਨ ਸ਼ਬਦਾਂ ਵਿਚ ਸਮਝਣਾ ਹੋਵੇ ਤਾਂ ਇਹ ਹੈ ਮਨੁੱਖ ਦਾ ਆਪਣਾ ਵਿਵਹਾਰ-ਵਰਤਾਉ। ਉਹ ਕੀ ਸੋਚਦਾ, ਮਹਿਸੂਸ ਕਰਦਾ ਹੈ ਤੇ ਕਿਸ ਤਰੀਕੇ ਨਾਲ ਕਾਰਜਸ਼ੀਲ ਹੁੰਦਾ ਨਜ਼ਰ ਆਉਂਦਾ ਹੈ। ਵਿਚਾਰਾਂ ਅਤੇ ਜਜ਼ਬਾਤਾਂ ਦਾ ਪ੍ਰਗਟਾਵਾ, ਮਨੁੱਖ ਦੀ ਮਾਨਸਿਕਤਾ ਨੂੰ ਦਰਸਾਉਂਦਾ ਹੈ। ਨਸ਼ਿਆਂ ਦੇ ਸੰਬੰਧ ਵਿਚ ਅਸੀਂ ਅਕਸਰ ਦਰਸਾਉਂਦੇ ਹਾਂ, ਖਾਸ ਕਰ ਮਾਂ-ਪਿਉ ਆਪਣੇ ਜਵਾਨ ਬੱਚਿਆਂ ਬਾਰੇ ਕਹਿੰਦੇ ਹਨ- “ਤੂੰ ਏਨਾ ਵੱਡਾ ਹੋ ਗਿਆ, ਕੋਈ ਤੇਰੇ ਮੂੰਹ ਵਿਚ ਪਾਉਂਦਾ ਹੈ ਨਸ਼ਾ ‘ਤੇਰੇ ਮੁੱਛਾਂ ਦਾੜੀ ਆ ਗਏ, ਕੋਈ ਜ਼ਬਰਦਸਤੀ ਕਰ ਸਕਦੈ ਤੇਰੇ ਨਾਲ’, ਹੋਰ ਵੀ ਨੌਜਵਾਨ ਫਿਰਦੇ ਨੇ ਤੇਰੇ ਵਰਗੇ, ਮੈਂ ਹੈਗਾਂ, ਕਿਸੇ ਦੀ ਹਿੰਮਤ ਹੈ, ਮਤਲਬ ਤੂੰ ਹੀ ਇਸ ਸਮੱਸਿਆ ਦਾ ਜ਼ਿੰਮੇਵਾਰ ਹੈਂ। ਤੂੰ ਹੀ ਇਹ ਰੋਗ ਚੰਬੇੜਿਆ ਹੈ ਖੁਦ ਨੂੰ।
ਇਸ ਤਰ੍ਹਾਂ ਦੇ ਪ੍ਰਗਟਾਵੇ ਸਭ ਨੂੰ ਸਹੀ ਲਗਦੇ ਹਨ ਤੇ ਜਚਦੇ ਵੀ ਹਨ, ਪਰ ਇਹ ਇੰਨਾ ਸਧਾਰਨ ਨਹੀਂ ਹੈ। ਇਹ ਇਕ ਪੇਚੀਦਾ ਸਮੱਸਿਆ ਹੈ ਕਿ ਕਿਵੇਂ ਪਰਵਾਰ, ਸਮਾਜਿਕ ਆਲਾ-ਦੁਆਲਾ ਵਿਅਕਤੀ ਦੀ ਮਾਨਸਿਕਤਾ, ਉਸ ਦੀ ਸ਼ਖ਼ਸੀਅਤ ਉਸਾਰੀ ਕਰਦਾ ਹੈ, ਕਿਵੇਂ ਇਹੀ ਸਮਾਜ ਉਸ ਦੀ ਮਾਨਸਿਕਤਾ ਨੂੰ ਤੋੜਦਾ-ਮੜੋੜਦਾ ਤੇ ਖੇਰੂੰ-ਖੇਰੂੰ ਕਰਦਾ ਹੈ। ਸਮੱਸਿਆ ਨੂੰ ਵਿਅਕਤੀ ਦੀ ਨਿੱਜਤਾ ਨਾਲ ਜੋੜ ਕੇ ਅਸੀਂ ਇਸ ਸਮੱਸਿਆ ਨੂੰ ਸੁਲਝਾਉਣ ਦੇ ਰਾਹ ਨੂੰ ਭਟਕਾ ਦਿੰਦੇ ਹਾਂ ਤੇ ਸਾਡਾ ਸਾਰਾ ਜ਼ੋਰ ਨੌਜਵਾਨ ਨੂੰ ਤਾੜਨ, ਗੁੱਸੇ ਹੋਣ, ਗਾਲੀ-ਗਲੋਚ, ਮਾਰ ਕੁੱਟ ਤਕ ਜਾਂ ਨਸ਼ਾ-ਛੁਡਾਊ ਕੇਂਦਰ ਵਿਚ ਦਾਖ਼ਲ ਕਰਵਾਉਣ ਤਕ ਰਹਿ ਜਾਂਦਾ ਹੈ।
ਇਸ ਸਥਿਤੀ ਦਾ ਦੂਸਰਾ ਪੱਖ ਹੈ ਕਿ ਵਧੀਆ ਤੋਂ ਵਧੀਆ ਨਸ਼ਾ-ਛੁਡਾਊ ਕੇਂਦਰਾਂ ਦੀ ਕਾਰਗੁਜ਼ਾਰੀ, ਜੇਕਰ ਨੌਜਵਾਨ ਦੀ ਮਾਨਸਿਕਤਾ ਨੂੰ ਸੰਬੋਧਿਤ ਨਹੀਂ ਹੁੰਦੀ ਤੇ ਸਿਰਫ ਤੇ ਸਿਰਫ ਕੁਝ ਦਿਨ ਗੋਲੀਆਂ-ਟੀਕਿਆਂ ਰਾਹੀਂ ਹੁੰਦੀ ਹੈ ਤਾਂ ਇਸ ਦਾ ਕਾਰਗਰ ਅਸਰ ਦੇਖਣ ਨੂੰ ਨਹੀਂ ਮਿਲਦਾ। ਇਹ ਇਲਾਜ ਉਸ ਦੀ ਸਰੀਰਕ ਤੋੜ ਨੂੰ ਜ਼ਰੂਰ ਘੱਟ ਕਰ ਦਿੰਦਾ ਹੈ, ਪਰ ਮਾਨਸਿਕ ਬੇਚੈਨੀ, ਮਨ ਦੀ ਤੋੜ ਉਸ ਨੂੰ ਫਿਰ ਤੋਂ ਵਾਪਸ ਉਸੇ ਰਾਹ ‘ਤੇ ਲੈ ਆਂਦੀ ਹੈ। ਇਸ ਲਈ ਦੇਖਣ ਵਿਚ ਆਇਆ ਹੈ ਕਿ ਅਲੱਗ-ਅਲੱਗ ਕੇਂਦਰਾਂ ਦੀ ਇਲਾਜ ਪ੍ਰਣਾਲੀ ਮੁਤਾਬਕ, ਮੁੜ ਨਸ਼ਾ ਸ਼ੁਰੂ ਕਰਨ ਦੀ ਦਰ 40 ਤੋਂ 80 ਫੀਸਦੀ ਤਕ ਦੇਖੀ ਗਈ ਹੈ।
ਵਧੀਆ, ਪ੍ਰਭਾਵਸ਼ਾਲੀ ਅਤੇ ਲੰਮੇ ਸਮੇਂ ਤਕ ਬਣੇ ਰਹਿਣ ਵਾਲੇ ਅਸਰ ਉੱਥੇ ਹੀ ਦੇਖੇ ਗਏ ਹਨ, ਜਿੱਥੇ ਨੌਜਵਾਨ ਨੂੰ ਨਸ਼ਾ-ਛੁਡਾਊ ਕੇਂਦਰ ਤੋਂ ਵਾਪਸ ਆਉਣ ‘ਤੇ ਉਸ ਨੂੰ ਮਾਨਸਿਕ ਤੌਰ ‘ਤੇ ਸੁਖਾਵਾਂ ਮਾਹੌਲ ਮਿਲਦਾ ਹੈ, ਜਦੋਂ ਉਸ ਦੀ ਮਾਨਸਿਕ ਉਲਝਣ ਨੂੰ ਸੰਬੋਧਿਤ ਹੋਇਆ ਜਾਂਦਾ ਹੈ। ਇਹ ਵੀ ਦੇਖਣ ਨੂੰ ਆਇਆ ਹੈ ਕਿ ਜਿੱਥੇ ਪਰਵਾਰ ਅਤੇ ਸਮਾਜ ਦੇ ਮੋਹਤਬਰ ਸਮੱਸਿਆ ਨੂੰ ਨੌਜਵਾਨ ਦੇ ਕਸੂਰ ਜਾਂ ਕਮੀ ਨਾਲ ਨਾ ਜੋੜ ਕੇ, ਉਸ ਦੀ ਬੇਚੈਨੀ ਨਾਲ ਜੋੜ ਕੇ ਦੇਖਦੇ ਹਨ ਤਾਂ ਉਸ ਨੂੰ ਪਿਆਰ ਅਤੇ ਠਰੰਮੇ ਨਾਲ, ਆਪਣੀ ਹਮਦਰਦੀ ਅਤੇ ਆਪਣੇਪਨ ਦੀ ਭਾਵਨਾ ਨਾਲ ਜੋੜਦੇ ਹਨ ਤਾਂ ਸਿੱਟੇ ਵਧੀਆ ਰਹਿੰਦੇ ਹਨ।
ਇਸ ਤਰ੍ਹਾਂ ਇਹ ਜਿੱਥੇ ਨੌਜਵਾਨ ਦੀ ਉਲਝੀ ਮਾਨਸਿਕਤਾ ਨਾਲ ਜੁੜੀ ਸਮੱਸਿਆ ਹੈ, ਉੱਥੇ ਸਮਾਜਿਕ ਅਦਾਰਿਆਂ ਜਿਵੇਂ— ਮਾਤਾ-ਪਿਤਾ, ਅਧਿਆਪਕ, ਸਾਡੇ ਰਾਜਸੀ ਅਤੇ ਧਾਰਮਿਕ ਆਗੂਆਂ ਦੀ ਮਨੋਵਿਗਿਆਨਕ ਸਮਝ ਨਾਲ ਵੀ ਵਾਸਤਾ ਰੱਖਦੀ ਹੈ। ਤਾਂ ਹੀ ਇਸ ਨੂੰ ਸਮਾਜੀ ਮਨੋਵਿਗਿਆਨਕ ਤੌਰ ‘ਤੇ ਜਾਣਨਾ ਅਤੇ ਸਮਝਣਾ ਜ਼ਰੂਰੀ ਹੈ। ਇਹ ਸਮਾਜਿਕ ਅਦਾਰੇ ਹੀ ਅੰਤ ਮਨੁੱਖੀ ਮਾਨਸਿਕਤਾ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਸਮਾਜ ਹੀ ਮਨੁੱਖੀ ਮਾਨਸਿਕਤਾ ਦਾ ਚਿਤੇਰਾ वै।
ਮਨੁੱਖੀ ਮਾਨਸਿਕਤਾ, ਵੈਸੇ ਤਾਂ ਜ਼ਿੰਦਗੀ ਦੇ ਸਾਰੇ ਪੜਾਵਾਂ ‘ਤੇ ਹੀ ਨਾਲ ਹੁੰਦੀ ਹੈ ਤੇ ਰੋਜ਼ਮਰ੍ਹਾ ਦੇ ਵਰਤਾਰਿਆਂ ਤੋਂ ਪ੍ਰਭਾਵਿਤ ਹੁੰਦੀ ਹੈ, ਪਰ ਜ਼ਿੰਦਗੀ ਦਾ ਸਭ ਤੋਂ ਅਹਿਮ ਪੜਾਅ ਜਵਾਨੀ ਹੈ, ਜੋ ਸਾਨੂੰ ਕਈ ਤਰ੍ਹਾਂ ਦੀ ਉਮੀਦ ਨਾਲ ਜੋੜਦਾ ਹੈ ਕਿ ਇਸ ਨੇ ਘਰ-ਪਰਵਾਰ, ਦੇਸ਼-ਸਮਾਜ ਦੀ ਵਾਗਡੋਰ ਸੰਭਾਲਣੀ ਹੈ। ਇਸ ਲਈ ਸਭਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਇਸ ਨੂੰ ਆਪਣੇ ਢੰਗ-ਤਰੀਕੇ ਨਾਲ ਉਸਾਰਿਆ ਜਾਵੇ ਜਾਂ ਕਹੀਏ ਢਾਲਿਆ ਜਾਵੇ। ਇਹ ਠੀਕ ਹੈ, ਹਰ ਪਰਵਾਰ ਅਤੇ ਸਮਾਜ ਦਾ ਆਪਣਾ ਸਰੂਪ ਹੁੰਦਾ ਹੈ, ਜਿਸ ਦੇ ਤਹਿਤ ਲੋਕ ਆਪਣੀ ਅਗਲੀ ਪੀੜ੍ਹੀ ਨੂੰ ਉਸ ਦੀ ਅਗਵਾਈ ਕਰਦਾ ਦੇਖਣਾ ਚਾਹੁੰਦੇ ਹਨ, ਪਰ ਸਰੀਰ ਦਾ ਇਕ ਕੁਦਰਤੀ ਵਿਕਾਸ ਹੈ, ਜਿਸ ਦੀ ਆਪਣੀ ਇਕ ਲੋੜ ਹੈ ਤੇ ਉਸੇ ਮੁਤਾਬਕ ਉਸ ਦੀ ਮੰਗ ਹੈ। ਇਸ ਲਈ ਇਹ ਜ਼ਰੂਰੀ ਹੈ ਕਿ ਘਰ ਵਿਚ ਮਾਤਾ-ਪਿਤਾ ਨੂੰ ਅਤੇ ਸਕੂਲ ਵਿਚ ਅਧਿਆਪਕਾਂ ਨੂੰ ਇਸ ਉੱਪਰ ਦੇ ਸਹਿਜ ਵਿਕਾਸ ਤਹਿਤ ਹੋ ਰਹੀਆਂ ਤਬਦੀਲੀਆਂ ਦੇ ਮੱਦੇਨਜ਼ਰ ਬੱਚਿਆਂ-ਗਭਰੂਆਂ ਦੇ ਰੂਬਰੂ ਹੋਣਾ ਚਾਹੀਦਾ ਹੈ, ਜੋਕਿ ਅਕਸਰ ਨਹੀਂ ਹੁੰਦਾ।
ਬੱਚੇ-ਕਿਸ਼ੋਰ ਦਾ ਸਹਿਜ ਵਿਕਾਸ ਤੇ ਬੇਚੈਨੀ ਦਾ ਆਲਮ:
ਬੱਚਾ ਜਦੋਂ ਬੋਲਣ ਲਗਦਾ ਹੈ ਤਾਂ ਉਦੋਂ ਉਹ ਆਪਣੇ ਆਲੇ-ਦੁਆਲੇ ਤੋਂ ਜਾਣੂ ਹੋਣ ਲਗਦਾ ਹੈ। ਪਰਵਾਰ ਦੇ ਮੈਂਬਰਾਂ ਨੂੰ ਭਾਵੇਂ ਪਛਾਣਦਾ ਹੈ, ਪਰ ਹੁਣ ਇਕ ਨਾਂ, ਇਕ ਰਿਸ਼ਤਾ ਮਿਲਦਾ ਹੈ।
ਪਾਪਾ, ਮੰਮੀ, ਦੀਦੀ, ਵੀਰਾ, ਦਾਦੂ, ਮਾਮੂ ਆਦਿ ਤੇ ਇਸ ਤਰ੍ਹਾਂ ਹੋਰ ਸਾਮਾਨ-ਮੇਜ, ਕੁਰਸੀ, ਪੱਖਾ, ਕੌਲੀ, ਚਮਚ। ਇਸ ਤਰ੍ਹਾਂ ਉਹ ਆਪਣੇ ਗਿਆਨ ਦਾ ਭੰਡਾਰ ਵਧਾਉਂਦਾ ਹੈ। ਇਸ ਤੋਂ ਅਗਲੇ ਪੜਾਅ ਤੇ ਉਸ ਨੂੰ ਇਕ ਹੋਰ ਸ਼ਬਦ ਮਿਲਦਾ ਹੈ ਮੇਰੀ ਮੰਮੀ, ਮੇਰਾ ਮੇਜ, ਮੇਰਾ ਖਿਡੌਣਾ ਆਦਿ। ਇਹ ਗਿਆਨ ਦਾ ਸੰਸਾਰ ਉਸ ਦੀ ਜਿਗਿਆਸੂ ਪ੍ਰਵਿਰਤੀ ਕਰਕੇ ਵੀ ਹੈ, ਇਹ ਕੀ ਹੈ, ਉਹ ਕੀ ਹੈ ਤੇ ਕੁਝ ਇਸ ਵਿਚ ਮਾਂ-ਪਿਉ ਖ਼ੁਦ ਸਿਖਾਉਂਦੇ ਵੀ ਹਨ। ਬਚਪਨ ਦੇ ਵਿਕਾਸ ਨਾਲ ਉਸ ਦੇ ਕੋਲ ਦੋ ਭਾਵ ਆ ਜਾਂਦੇ ਹਨ, ਮੈਂ ਤੇ ਮੇਰਾ। ਇਹ ਸਿਰਫ ਆਲੇ-ਦੁਆਲੇ ਦੀ ਜਾਣਕਾਰੀ ਹੀ ਨਹੀਂ ਹੈ। ਇਹ ਆਲੇ-ਦੁਆਲੇ ਨਾਲ ਜੁੜਾਅ ਤੇ ਲਗਾਵ ਵੀ ਹੈ, ਜੋ ਬੱਚੇ ਦੇ ਹਾਵ-ਭਾਵ ਵਿਚ ਸਾਫ ਨਜ਼ਰ ਆਉਂਦਾ ਹੈ।
ਉੱਪਰ ਦੇ ਦੂਸਰੇ ਪੜਾਅ ‘ਤੇ ਪਹੁੰਚਦਿਆਂ, ਤਕਰੀਬਨ 13-14 ਸਾਲ ਦੀ ਉਮਰ ‘ਤੇ ਉਸ ਵਿਚ ਇਕ ਹੋਰ ਕੁਦਰਤੀ ਗੁਣ ਵਿਕਸਿਤ ਹੁੰਦਾ ਹੈ ਤੇ ਪ੍ਰਗਟ ਹੁੰਦਾ ਹੈ ਕਿ ਉਹ ‘ਕੀ’ ਦੀ ਜਾਣਕਾਰੀ ਤੋਂ ਅੱਗੇ ‘ਕਿਉਂ’ ਬਾਰੇ ਵੀ ਜਾਣਨ ਦਾ ਇੱਛੁਕ ਹੁੰਦਾ ਹੈ। ਪਹਿਲੇ ਪੜਾਅ ਵਿਚ ਤੁਸੀਂ ਜੋ ਕਹੋ ਉਹ ਉਸੇ ਤਰ੍ਹਾਂ ਕਰਦਾ ਹੈ, ਇਸ ਪੜਾਅ ‘ਤੇ ਪੁੱਛਦਾ ਹੈ ਕਿ ਮੈਂ ਕਿਉਂ ਕਰਾਂ? ਇਸ ਤਰ੍ਹਾਂ ਉਹ ਹੁਣ ਆਪਣੇ ਆਪ ਨੂੰ ਵੀ ਮੁਖ਼ਾਤਬ ਹੁੰਦਾ ਹੈ ਤੇ ਸਵਾਲ ਖੜ੍ਹੇ ਕਰਦਾ ਹੈ, ਮੈਂ ਕੌਣ ਹਾਂ? ਮੈਂ ਕੀ ਕਰਨਾ ਹੈ? ਵੱਡਾ ਹੋ ਕੇ ਕੀ ਬਣਨਾ ਹੈ? ਇਸ ਤੋਂ ਅੱਗੇ ਸਮਾਜ ਵਿਚ ਵਿਚਰਦਿਆਂ ਉਹ ਹੋਰ ਅਨੇਕਾਂ ਸਵਾਲਾਂ ਦੇ ਜਵਾਬ ਚਾਹੁੰਦਾ ਹੈ। ਮੈਂ ਕਾਲਾ ਕਿਉਂ ਹਾਂ? ਮੈਂ ਗਿੱਠਾ ਕਿਉਂ ਹਾਂ? ਮੈਂ ਇਸ ਸਕੂਲ ਵਿਚ ਕਿਉਂ ਪੜ੍ਹਦਾ ਹਾਂ? ਮੇਰੇ ਕੋਲ ਵਧੀਆ ਕੱਪੜੇ ਕਿਉਂ ਨਹੀਂ? ਸਾਡਾ ਘਰ ਗੰਦੇ ਇਲਾਕੇ ਵਿਚ ਕਿਉਂ ਹੈ? ਸਕੂਲ ਵਿਚ ਬੱਚੇ ਅਤੇ ਅਧਿਆਪਕ ਮੇਰੇ ਨਾਲ ਭੇਦ-ਭਾਵ ਕਿਉਂ ਕਰਦੇ ਨੇ? ਇਹ ਸੂਚੀ ਜਿੰਨੀ ਮਰਜ਼ੀ ਵੱਡੀ ਕੀਤੀ ਜਾ ਸਕਦੀ ਹੈ। ਦਿੱਕਤ ਹੈ ਕਿ ਬੱਚੇ ਦੀ ਇਹ ਸਹਿਜ ਅਵਸਥਾ ਹੈ ਜਦੋਂ ਉਹ ਆਪਣੀ ਜਿਗਿਆਸਾ ਪੂਰੀ ਕਰਨਾ ਚਾਹੁੰਦਾ ਹੈ ਤੇ ਉਸ ਨੂੰ ਰੋਕਿਆ, ਵਰਜਿਆ ਜਾ ਰਿਹਾ ਹੁੰਦਾ ਹੈ ਤੇ ਨਿਰਉਤਸ਼ਾਹਿਤ ਕੀਤਾ ਜਾਂਦਾ ਹੈ। ਪਹਿਲਾਂ ਤਾਂ ਸਵਾਲ ਬੇਚੈਨ ਕਰਦੇ ਨੇ ਤੇ ਫਿਰ ਸਵਾਲਾਂ ਦੇ ਜਵਾਬ ਨਾ ਮਿਲਣਾ, ਇਸ ਬੇਚੈਨੀ ਨੂੰ ਹੋਰ ਵਧਾ ਦਿੰਦਾ ਹੈ।
ਇਸ ਤਰ੍ਹਾਂ ਦੇ ਸਵਾਲਾਂ ਨੂੰ ਲੈ ਕੇ, ਮਨੁੱਖੀ ਵਿਕਾਸ ਦਾ ਇਹ ਪੜਾਅ ਨਵਾਂ ਨਹੀਂ ਹੈ। ਇਹ ਕੁਦਰਤ ਵੱਲੋਂ ਮਨੁੱਖ ਦੀ ਹੋਂਦ ਤੋਂ ਜੁੜਿਆ ਹੈ ਤੇ ਇਸ ਦੀ ਤੀਬਰਤਾ ਵਧਦੀ ਹੈ, ਸਮਾਜਿਕ ਤਬਦੀਲੀ ਨਾਲ।
ਕੋਈ ਕਹਿ ਸਕਦਾ ਹੈ, ਪਹਿਲਾਂ ਨੌਜਵਾਨਾਂ ਦਾ ਵਿਕਾਸ ਬਿਨਾਂ ਕਿਸੇ ਅੜਚਨ ਜਾਂ ਸਮੱਸਿਆ ਤੋਂ ਲੰਘ ਜਾਂਦਾ ਸੀ, ਹੁਣ ਕੀ? ਜੇਕਰ ਮੁਖਤਸਰ ਸ਼ਬਦਾਂ ਵਿਚ ਕਹੀਏ ਤਾਂ ਪਰਵਾਰ ਵੱਡੇ ਸੀ, ਕੰਮ ਸਾਂਝੇ ਸੀ, ਵਿਆਹ ਛੇਤੀ ਹੋ ਜਾਂਦਾ ਸੀ । ਲਾਲਸਾਵਾਂ ਕਹਿ ਲਓ, ਰੋਜ਼ਗਾਰ ਲਈ ਭੱਜ-ਨੱਠ ਨਹੀਂ ਸੀ, ਪੜ੍ਹਾਈ ਦੀ ਉਸ ਤਰ੍ਹਾਂ ਦੀ ਅਹਿਮੀਅਤ ਨਹੀਂ ਸੀ, ਜਿਸ ਤਰ੍ਹਾਂ ਦੀ ਅੱਜ ਹੈ। ਸੰਚਾਰ ਦੇ ਸਾਧਨ ਬਹੁਤ ਹੀ ਸੀਮਤ ਸਨ। ਇਸ ਤਰ੍ਹਾਂ ਉਮਰ ਦੀ ਤਬਦੀਲੀ ਵਿਚ ਸਮਾਜ ਦੀ ਤਬਦੀਲੀ ਇਕ ਤੂਫਾਨ ਪੈਦਾ ਕਰਨ ਦਾ ਕੰਮ ਕਰ ਰਹੀ ਹੈ।
ਨੌਜਵਾਨਾਂ ਦੀ ਮਾਨਸਿਕ ਉਲਝਣ ਦਾ ਅਜੋਕਾ ਦ੍ਰਿਸ਼:
ਪਰਵਾਰ ਛੋਟੇ ਹੋਏ ਹਨ। ਇਕ ਜਾਂ ਦੋ ਬੱਚੇ ਹਨ। ਮਾਂ-ਪਿਉ ਦਾ ਸਾਰਾ ਧਿਆਨ ਬੱਚੇ ‘ਤੇ ਹੈ। ਉਨ੍ਹਾਂ ਦਾ ਸਾਰਾ ਦਾਅ ਇਨ੍ਹਾਂ ‘ਤੇ ਲੱਗਦਾ ਹੈ। ਇਹੀ ਭਵਿੱਖ ਹਨ ਅਤੇ ਇਹੀ ਅੰਤਮ ਸਹਾਰਾ ਹਨ। ਬੱਚੇ ਉੱਪਰ ਪਹਿਲਾ ਜ਼ੋਰ ਪੜ੍ਹਾਈ ਦਾ ਹੈ। ਹਰ ਹੀਲੇ ਨਰਸਰੀ ਤੋਂ ਵੀ ਪਹਿਲਾਂ ਸਕੂਲ ਦੀ ਚੋਣ ਤੇ ਫਿਰ ਪੜ੍ਹਾਈ। ਮਾਤਾ-ਪਿਤਾ ਦੀ ਸਾਰੀ ਜਮ੍ਹਾ-ਪੁੰਜੀ ਬੱਚੇ ‘ਤੇ ਲੱਗ ਰਹੀ ਹੈ। ਉਸ ਨੂੰ ਵਾਰੀ-ਵਾਰੀ, ਕੋਈ ਵੱਡਾ ਅਫ਼ਸਰ, ਵੱਡੇ ਓਹਦੇ, ਚੰਗੇ ਪੈਕਜ ਦਾ ਸੁਪਨਾ ਦਿਖਾ ਕੇ ਉਠਾਇਆ-ਸੁਣਾਇਆ ਜਾ ਰਿਹਾ ਹੈ। ਇਸ ਹਾਲਤ ਨੂੰ ਦੇਖਦੇ ਹੋਏ, ਵੱਡੇ-ਵੱਡੇ ਘਰਾਣੇ, ਕਾਰਪੋਰੇਟ, ਰਾਜਸੀ ਆਗੂਆਂ ਨੇ ਸਿੱਖਿਆ ਦੇ ਵਪਾਰ ਵਿਚ ਪੈਰ ਪਸਾਰੇ ਹਨ। ਗਲੀ-ਗਲੀ ਕਾਲਜ ਹੈ ਤੇ ਸ਼ਹਿਰ-ਸ਼ਹਿਰ ਯੂਨੀਵਰਸਿਟੀ।
ਸਭ ਮਨਮਰਜ਼ੀ ਦੀ ਖੇਡ ਹੈ। ਸਰਕਾਰ ਦਾ ਕਿਤੇ ਵੀ ਕੋਈ ਦਖ਼ਲ ਨਜ਼ਰ ਨਹੀਂ ਆਉਂਦਾ। ਲੱਖਾਂ ਰੁਪਏ ਦੇ ਕੇ ਦਾਖ਼ਲੇ ਮਿਲਦੇ ਹਨ।
ਨੌਜਵਾਨ ਇਨ੍ਹਾਂ ਚਮਚਮਾਉਂਦੀਆਂ ਇਮਾਰਤਾਂ ਦੀਆਂ ਤਸਵੀਰਾਂ ਵਿਚ ਆਪਣੇ ਚਮਕਦੇ ਭਵਿੱਖ ਦੇਖਦਾ ਪਹੁੰਚਦਾ ਹੈ ਤੇ ਪਹਿਲੇ ਦਿਨ ਹੀ ਪਤਾ ਚਲਦਾ ਹੈ ਕਿ ਇੱਥੇ ਪੂਰੇ ਅਧਿਆਪਕ ਨਹੀਂ ਹਨ, ਇੱਥੇ ਲਾਇਬ੍ਰੇਰੀ ਦੀ ਘਾਟ ਹੈ, ਲਾਇਬ੍ਰੇਰੀ ਬਸ ਨਾਂ ਦੀ ਹੈ। ਇਹ ਪੜ੍ਹਾਈ ਦੀ ਸੰਸਥਾ ਘੱਟ ਤੇ ਡਿਗਰੀਆਂ ਵੰਡਣ ਦੀ ਦੁਕਾਨ ਵੱਧ ਲਗਦੀ ਹੈ। ਨੌਜਵਾਨ ਆਪਣੇ ਮਾਤਾ-ਪਿਤਾ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ। ਉਹ ਫਿਰ ਬਹੁਤ ਸਮਾਂ ਕਲਾਸ ਰੂਮ ਦੀ ਬਜਾਏ ਕੰਟੀਨ ਜਾਂ ਦੋਸਤਾਂ ਨਾਲ ਇਧਰ-ਉਧਰ ਬੈਠ ਕੇ ਗੁਜ਼ਾਰਦਾ ਹੈ। ਉਸ ਦੀ ਮਾਨਸਿਕਤਾ ਵਿਚ ਗੁੰਝਲਾਂ ਪੈਣੀਆਂ ਸ਼ੁਰੂ ਹੁੰਦੀਆਂ ਹਨ।
ਇਸੇ ਦੌਰਾਨ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਲੱਖਾਂ ਰੁਪਏ ਦੇ ਕੋਰਸ ਕਰਨ ਤੋਂ ਬਾਅਦ ਰੁਜ਼ਗਾਰ ਨਹੀਂ ਹੈ ਜਾਂ ਹੈ ਤਾਂ ਉਹ ਕੁਝ ਕੁ ਹਜ਼ਾਰ ਰੁਪਏ ਦਾ। ਉਸ ਨੂੰ ਬੇਰੁਜ਼ਗਾਰਾਂ ਦੀ ਭੀੜ ਵੀ ਦਿੱਸਣ ਲੱਗਦੀ ਹੈ।
ਸਾਨੂੰ ਸਮਝਣਾ ਚਾਹੀਦਾ ਹੈ ਕਿ ਇਹ ਉਮਰ ਸੁਪਨੇ ਦੇਖਣ ਦੀ ਹੈ ਤੇ ਸੁਪਨੇ ਪੂਰੇ ਕਰਨ ਦੀ ਵੀ। ਇਸ ਉਮਰੇ ਜੋ ਅਸੀਂ ਇਨ੍ਹਾਂ ਨੂੰ ਹੋਸ਼ ਨਹੀਂ ਤੇ ਜੋਸ਼ ਹੀ ਜੋਸ਼ ਹੈ ਨਾਲ ਸੰਬੋਧਿਤ ਕਰਦੇ ਹਾਂ ਤਾਂ ਅਸੀਂ ਭੁੱਲ ਕਰਦੇ ਹਾਂ ਕਿ ਹੋਸ਼ ਵੀ ਹੈ ਤੇ ਇਹ ਹੋਸ਼ ਜਦੋਂ ਆਲੇ-ਦੁਆਲੇ ਅਜਿਹੀਆਂ ਬੇਤਰਤੀਬੀਆਂ ਦੇਖਦੇ ਹਾਂ ਤਾਂ ਹੋਸ਼ ਗੁੰਮ ਹੋ ਜਾਂਦੀ ਹੈ ਤੇ ਜੋਸ਼ ਭਾਰੂ। ਮਨੋਵਿਗਿਆਨ ਦਾ ਅਧਿਐਨ ਦੱਸਦਾ ਹੈ ਕਿ ਇਸ ਉਮਰ ਦੀਆਂ ਦੋ ਖਾਮੀਆਂ ਮੁੱਖ ਹਨ। ਪਹਿਲੀ, ਨਵੀਂ ਸੋਚ ਅਤੇ ਦੂਜੀ, ਕੁਝ ਕਰ ਦਿਖਾਉਣ ਦੀ ਚਾਹ। ਜੇਕਰ ਅਸੀਂ ਮਨੁੱਖੀ ਵਿਕਾਸ ਅਤੇ ਇਸ ਦੌਰਾਨ ਹੋਈਆਂ ਪ੍ਰਾਪਤੀਆਂ ‘ਤੇ ਨਜ਼ਰ ਮਾਰੀਏ ਤਾਂ ਇਹ ਬਹੁਗਿਣਤੀ ਖੋਜਾਂ ਅਤੇ ਕਾਰਜ ਇਸੇ ਉਮਰ ਨੇ ਹੀ ਕੀਤੇ ਹਨ। ਵਿਗਿਆਨ ਅਤੇ ਫ਼ਲਸਫ਼ੇ ਵਿਚ ਵੀ। ਪਰ ਨਵੀ ਸੋਚ ਉਦੋਂ ਹੀ ਪ੍ਰਫੁਲਿਤ ਹੁੰਦੀ ਹੈ ਜਦੋਂ ਉਸ ਨੂੰ ਜ਼ਮੀਨ ‘ਤੇ ਕੋਈ ਰੂਪ ਦੇਣ ਦਾ ਮੌਕਾ ਮਿਲੇ, ਮਾਹੌਲ ਮਿਲੇ। ਜਦੋਂ ਕਿ ਅਸੀਂ ਦੇਖਦੇ ਹਾਂ ਕਿ ਅੱਜ ਕਹਿਣ ਨੂੰ ਵਿਕਾਸ ਦੀ ਰਫ਼ਤਾਰ ਸਿਖਰਾਂ ‘ਤੇ ਹੈ ਤੇ ਨੌਜਵਾਨਾਂ ਵਿਚ ਬੇਚੈਨੀ ਅਤੇ ਅਸੁਰੱਖਿਆ ਦੀ ਭਾਵਨਾ ਵੱਧ ਹੈ। ਇਸ ਹਾਲਤ ਦੇ ਜ਼ਿੰਮੇਵਾਰ ਵੀ ਮਾਤਾ-ਪਿਤਾ ਅਤੇ ਅਧਿਆਪਕ ਹਨ, ਜੋ ਹਰ ਵੇਲੇ ਨੌਜਵਾਨਾਂ ਨੂੰ ਅਸੁਰੱਖਿਆ ਦਾ ਅਹਿਸਾਸ ਕਰਵਾਉਂਦੇ ਰਹਿੰਦੇ ਹਨ। ਪੜ੍ਹਾਈ ਉਹ ਵੀ ‘ਰੱਟਾ ਨੁਮਾ’ ਅਤੇ ਉਸੇ ‘ਤੇ ਆਧਾਰਿਤ ਇਮਤਿਹਾਨ ਅਤੇ ਕਾਲਜਾਂ/ਨੌਕਰੀਆਂ ਲਈ ਸਿਲੇਕਸ਼ਨ। ਇਸ ਵਿਚ ਅਸੁਰੱਖਿਆ ਮਾਪਿਆਂ ਦੀ ਆਪਣੀ ਹੈ ਜਿਨ੍ਹਾਂ ਨੂੰ ਆਪਣੇ ਭਵਿੱਖ ਅਤੇ ਲਾਏ ਗਏ ਪੈਸੇ ਦੀ ਚਿੰਤਾ ਹੈ ਕਿ ਬੱਚਾ ਸੈੱਟ ਨਹੀਂ ਹੋ ਰਿਹਾ। ਇਹ ਚਿੰਤਾ ਵੀ ਵਾਜ਼ਬ ਹੈ ਪਰ ਅੰਤ ਨਿਕਲਦਾ ਕੀ ਹੈ- ਬੇਚੈਨ, ਪ੍ਰੇਸ਼ਾਨ ਨੌਜਵਾਨ ਜੋ ਕਿ ਇਸ ਉਮਰ ਦੀਆਂ ਖਾਸੀਅਤਾਂ ਨੂੰ ਕੁਝ ਕਰ ਕੇ ਦਿਖਾਉਣ ਦੀ ਭਾਵਨਾ ਹੇਠ, ਨਸ਼ੇ ਵਿਚ ਜਾਂ ਅਜਿਹੀਆਂ ਹੋਰ ਗ਼ੈਰ-ਉਸਾਰੂ ਸਰਗਰਮੀਆਂ ਵਿਚ ਪ੍ਰਗਟਾਉਂਦਾ ਹੈ।
ਪੜ੍ਹਾਈ ਵਿਚ ਵੀ ਸਮਾਂ ਨਹੀਂ ਲੰਘ ਰਿਹਾ, ਰੁਜ਼ਗਾਰ ਹੈ ਨਹੀਂ ਜਾਂ ਸੰਤੁਸ਼ਟੀ ਵਾਲਾ ਨਹੀਂ ਹੈ। ਨਸ਼ੇ ਦੇ ਵਪਾਰੀ ਇਸ ਮਾਹੌਲ ਨੂੰ ਤੱਕ ਰਹੇ ਹੁੰਦੇ ਹਨ ਤੇ ਫਿਰ ਉਹ ਇਨ੍ਹਾਂ ਨੌਜਵਾਨਾਂ ਵਿਚ ਆਣ ਵੜ੍ਹਦੇ ਹਨ। ਪਹਿਲਾਂ ਸਵਾਦ ਦਿਖਾਉਂਦੇ ਹਨ। ਜਵਾਨੀ ਦੀ ਉਸ ਭਾਵਨਾ ਨੂੰ ਉਕਸਾਉਂਦੇ ਹਨ- “ਕਰ ਕੇ ਦੇਖ ਤਜ਼ਰਬਾ ਕਰਨ ਵਿਚ ਕੀ ਹਰਜ਼ ਹੈ? ਹੁਣ ਨਹੀਂ ਕਰੇਂਗਾ, ਫਿਰ ਕਦੋਂ ਕਰੇਂਗਾ।” ਇਸ ਤਰ੍ਹਾਂ ਇਹ ਵੰਗਾਰ ਉਸ ਨੌਜਵਾਨ ਨੂੰ ਕਬੂਲਣੀ ਪੈਂਦੀ ਹੈ ਤੇ ਉਹ ਫਸ ਜਾਂਦਾ ਹੈ ਤੇ ਫਿਰ ਉਸ ਦੀ ਲੋੜ, ਨਸ਼ਾ ਵੇਚਣ ਦੇ ਰਾਹ ਪਾਉਂਦੀ ਹੈ ਤੇ ਨਸ਼ਾ ਵੇਚਣ ਵਾਲਾ ਅਸਲੀ ਸੌਦਾਗਰ ਆਪਣੇ ਘਰੇ ਬੈਠਾ ਖੁਸ਼ ਹੋ ਰਿਹਾ ਹੁੰਦਾ ਹੈ।
ਸਮਾਜ ਵਿਚ ਕਿਸੇ ਆਦਰਸ਼, ਕਿਸੇ ਰੋਲ-ਮਾਡਲ ਦੀ ਘਾਟ: ਹਰ ਇਕ
ਸ਼ਖ਼ਸ ਨੂੰ ਇਕ ਰੋਲ-ਮਾਡਲ ਦੀ ਲੋੜ ਹੁੰਦੀ ਹੈ, ਜਿਸ ਵਰਗਾ ਉਹ ਬਣਨਾ ਚਾਹੁੰਦਾ ਹੈ। ਜਿਸ ਦੀਆਂ ਪੈੜਾਂ ‘ਤੇ ਤੁਰ ਕੇ ਉਹ ਕੁਝ ਹਾਸਲ ਕਰਨਾ ਚਾਹੁੰਦਾ ਹੈ। ਉਹ ਮਾਤਾ-ਪਿਤਾ ਹੋ ਸਕਦੇ ਹਨ ਜਾਂ ਦੂਸਰਾ ਅਧਿਆਪਕ ਜਾਂ ਸਮਾਜਿਕ-ਧਾਰਮਿਕ ਆਗੂ ਹੋ ਸਕਦੇ ਨੇ ਜਾਂ ਇਤਿਹਾਸ ਦੇ ਬੁਲੰਦ ਨਾਇਕ ਵੀ। ਕੋਈ ਵੀ ਸ਼ਖ਼ਸ ਵਿਸ਼ੇਸ਼ ਕਰਕੇ ਕਿਸ਼ੋਰ, ਨੌਜਵਾਨ ਜਦੋਂ ਆਪਣੇ ਪ੍ਰਤੀ ਸੁਚੇਤ ਹੁੰਦੇ ਹਨ ਤਾਂ ਸਮਾਜ ਦੇ ਅਜਿਹੇ ਕਿਰਦਾਰਾਂ ਤੋਂ ਪ੍ਰਭਾਵਿਤ ਹੁੰਦੇ ਹਨ। ਉਨ੍ਹਾਂ ਨੂੰ ਪ੍ਰਭਾਵਿਤ ਕਰਨ ਵਾਲੇ ਗੁਣ ਹਨ ਕਿ ਉਹ ਸ਼ਖ਼ਸੀਅਤ ਈਮਾਨਦਾਰ ਹੋਵੇ, ਮਿਹਨਤੀ ਹੋਵੇ, ਪਰਵਾਹ ਕਰਨ ਵਾਲੀ, ਵੰਡ ਕੇ ਖਾਣ-ਪੀਣ ਵਾਲੀ ਹੋਵੇ, ਮਦਦਗਾਰ ਹੋਵੇ ਆਦਿ। ਪਰ ਅੱਜ ਜਦੋਂ ਨੌਜਵਾਨਾਂ ਨਾਲ ਗੱਲ ਕਰੋ ਤਾਂ ਤਕਰੀਬਨ ਇਕ ਚੌਥਾਈ ਨੌਜਵਾਨ ਕਹਿੰਦੇ ਹਨ ਕਿ ਉਨ੍ਹਾਂ ਦਾ ਕੋਈ ਰੋਲ ਮਾਡਲ ਨਹੀਂ ਹੈ। ਮਾਂ-ਪਿਉ ਵੀ ਨਹੀਂ। ਇਹ ਸੂਚਕ ਹੈ ਕਿ ਸਮਾਜ ਵਿਚ ਹੌਲੀ-ਹੌਲੀ ਅਜਿਹੇ ਕਿਰਦਾਰਾਂ ਦੀ ਗਿਣਤੀ ਘੱਟ ਹੈ, ਜਿਨ੍ਹਾਂ ਵਿਚ ਕੁਝ ਸਦੀਵੀ-ਮਨੁੱਖੀ ਗੁਣ ਹੋਣ। ਇਹ ਕੋਈ ਸਧਾਰਨ ਵਰਤਾਰਾ ਨਹੀਂ ਹੈ, ਇਕ ਖ਼ਤਰਨਾਕ ਵਰਤਾਰਾ ਹੈ ਕਿ ਸਾਡੇ ਨੌਜਵਾਨਾਂ ਨੂੰ ਆਪਣੇ ਆਲੇ-ਦੁਆਲੇ ਕੋਈ ਰੋਲ-ਮਾਡਲ ਹੀ ਨਜ਼ਰ ਨਹੀਂ ਆ ਰਿਹਾ।
ਮਾਤਾ-ਪਿਤਾ, ਅਧਿਆਪਕ ਅਤੇ ਨੌਜਵਾਨਾਂ ਦੀ ਸ਼ਖ਼ਸੀਅਤ ਉਸਾਰੀ:
ਨਸ਼ਿਆਂ ਦੀ ਵਰਤੋਂ ਦੇ ਪੱਖ ਤੋਂ ਇਕ ਪਹਿਲੂ ਹੈ ਕਿ ਨਸ਼ਾ ਕਰਨ ਵਾਲੇ ਨੌਜਵਾਨ ਦੀ ਸ਼ਖ਼ਸੀਅਤ ਕਮਜ਼ੋਰ ਹੁੰਦੀ ਹੈ, ਜੋ ਨਸ਼ਿਆਂ ਵੱਲ ਛੇਤੀ ਝੁੱਕ ਜਾਂਦਾ ਹੈ। ਜਦੋਂ ਕਿ ਉਸ ਦੇ ਕੁਝ ਸਾਥੀ ਇਸ ਤਰ੍ਹਾਂ ਦੀ ਹਾਲਤ ਤੋਂ ਬਚੇ ਰਹਿੰਦੇ ਹਨ। ਇਸ ਵਿਚ ਕੋਈ ਦੋ ਰਾਵਾਂ ਨਹੀਂ ਕਿ ਸ਼ਖ਼ਸੀਅਤ ਦੀ ਇਕ ਅਹਿਮ ਭੂਮਿਕਾ ਹੈ, ਪਰ ਨੌਜਵਾਨਾਂ ਨੂੰ ਇਸ ਦਾ ਜ਼ਿੰਮੇਵਾਰ ਠਹਿਰਾਉਣ ਦੀ ਥਾਂ, ਆਪਣੇ ਆਪ ਨੂੰ ਮੁਖਾਤਿਬ ਹੋਣ ਦੀ ਲੋੜ ਹੈ ਕਿ ਸਮਾਜ-ਪਰਵਾਰ ਵਿਚ ਰੋਲ ਮਾਡਲ ਨਹੀਂ ਹਨ। ਮਾਤਾ-ਪਿਤਾ ਅਤੇ ਅਧਿਆਪਕਾਂ ਦੇ ਆਪਣੇ ਕਿਰਦਾਰ ਹੀ ਕਮਜ਼ੋਰ ਹਨ। ਦੂਸਰਾ, ਉਨ੍ਹਾਂ ਨੂੰ ਨੌਜਵਾਨਾਂ ਦੀਆਂ ਸਮਾਜੀ ਮਨੋਵਿਗਿਆਨਕ ਲੋੜਾਂ ਦਾ ਵੀ ਪਤਾ ਨਹੀਂ ਹੈ ਤੇ ਇਕ ਪਰੰਪਰਕ ਪਰਵਰਿਸ਼ ਤਹਿਤ ਮਾਤਾ-ਪਿਤਾ ਡਰਾਉਣੀ ਦਿੱਖ ਵਾਲੇ ਹਨ ਤੇ ਅਧਿਆਪਕ ਡੰਡਾਧਾਰੀ। ਸਜ਼ਾ ਹੀ ਇੱਕੋ-ਇਕ ਤਰੀਕਾ ਹੈ ਬੱਚਿਆਂ ਨੂੰ ਸਹੀ ਕਾਇਦੇ ‘ਤੇ ਲਿਆਉਣ ਦਾ। ਜਦੋਂ ਕਿ ਅਧਿਐਨ ਕਹਿੰਦੇ ਹਨ ਕਿ ਆਪਣੀ ਦੋਸਤੀ-ਨੁਮਾ ਸੰਵਾਦ ਹੀ ਸਭ ਤੋਂ ਵਧੀਆ ਤਰੀਕਾ ਹੈ। ਸੰਵਾਦ ਅਤੇ ਉੱਥੇ ਵੀ ਖੁੱਲ ਕੇ ਗੱਲ ਕਹਿਣ ਅਤੇ ਸੁਣਨ ਦਾ ਵਾਤਾਵਰਨ ਜੋ ਕਿ ਸਾਡੀ ਭਾਰਤੀ ਪਰੰਪਰਾ ਦਾ ਹਿੱਸਾ ਨਹੀਂ ਬਣ ਸਕਿਆ ਹੈ।
ਦੇਸ਼ ਦਾ ਰਾਜਸੀ ਮਾਹੌਲ:
ਸਿੱਖਿਆ ਅਤੇ ਰੁਜ਼ਗਾਰ ਦੀ ਗੱਲ ਕੀਤੀ ਹੈ ਜੋਕਿ
ਇਕ ਵਧੀਆ ਸੇਧ ਅਤੇ ਰੁਝੇਵਾਂ ਦੇਣ ਵਾਲੇ ਹੁੰਦੇ ਹਨ ਤੇ ਮਨੁੱਖੀ ਮਾਨਸਿਕਤਾ ਨੂੰ ਤਾਕਤ ਬਖ਼ਸ਼ਦੇ ਹਨ। ਇਹ ਕੰਮ ਸਰਕਾਰਾਂ ਦੇ ਹੁੰਦੇ ਹਨ, ਰਾਜਸੀ ਫੈਸਲਿਆਂ ਤਹਿਤ ਹੁੰਦੇ ਹਨ। ਰਾਜਸੀ ਆਗੂਆਂ ਨੇ ਦੇਸ਼ ਦੇ ਲੋਕਾਂ ਦੇ ਵਿਕਾਸ ਲਈ ਨੀਤੀਆਂ ਬਣਾਉਣੀਆਂ ਹੁੰਦੀਆਂ ਹਨ ਤੇ ਅਸੀਂ ਦੇਖ ਸਕਦੇ ਹਾਂ ਕਿ ਨੌਜਵਾਨਾਂ ਨੂੰ ਲੈ ਕੇ, ਦੇਸ਼ ਜਾਂ ਰਾਜ ਵਿਚ ਕੋਈ ਠੋਸ ਨੀਤੀ ਨਹੀਂ ਹੈ ਕਿ ਕਿਵੇਂ ਇਸ ਉੱਪਰ ਦੀਆਂ ਸਮੱਸਿਆਵਾਂ ਨਾਲ ਨਜਿੱਠਣਾ ਹੈ।
ਮਾਨਸਿਕਤਾ ਕਿਸੇ ਵੀ ਉਮਰ ‘ਤੇ ਇਕ ਚਾਲਕ ਸ਼ਕਤੀ ਹੁੰਦੀ ਹੈ। ਜੇਕਰ ਮਨ ਦੇ ਅੰਦਰ ਵਧੀਆ, ਅਗਾਂਹਵਧੂ, ਉਸਾਰੂ ਤਰੰਗਾਂ ਹੋਣ ਤਾਂ ਇਹ ਕਿੰਨੇ ਹੀ ਕਰਤਬ ਕਰ ਸਕਦੀ ਹੈ ਤੇ ਜੇਕਰ ਇਸ ਵਿਚ ਬੇਚੈਨ-ਪ੍ਰੇਸ਼ਾਨ ਤਰੰਗਾਂ ਹੋਣ ਤਾਂ ਨਤੀਜਾ ਉਦਾਸੀਆਂ ਤੇ ਨਿਰਾਸ਼ਾ ਵਿਚ ਨਿਕਲਦਾ ਹੈ।ਗੁਰਬਾਣੀ ਦਾ ਵਾਕ— ਮਨਿ ਜੀਤੈ ਜਗੁ ਜੀਤੁ ਇੱਥੇ ਬਿਲਕੁਲ ਢੁਕਵਾਂ ਹੋਵੇਗਾ ਕਿ ਜੇਕਰ ਅਸੀਂ ਆਪਣੇ ਮਨ ਨੂੰ, ਮਾਨਸਿਕਤਾ ਨੂੰ ਅਤੇ ਆਪਣੀ ਜ਼ਿੰਦਗੀ ਦੇ ਪ੍ਰਵਾਹ ਨੂੰ ਸਮਝ ਲਈਏ, ਜਿੱਤ ਲਈ ਤਾਂ ਕੁਝ ਵੀ ਔਖਾ ਨਹੀਂ ਹੈ। ਪਰ ਇਹ ਕਿਸੇ ਨੂੰ ਕਹਿਣਾ ਜਿੰਨਾ ਸੌਖਾ ਅਤੇ ਸਹਿਜ ਹੈ, ਓਨਾ ਇਸ ਦਾ ਕਾਰਜ ਰੂਪ ਔਖਾ ਹੈ। ਮਨ ਨੂੰ ਜਿੱਤਣ ਦੀ ਕਲਾ ਸਿੱਖਣੀ ਪੈਂਦੀ ਹੈ। ਇਹ ਸਮਰਥਾ ਸਾਡੇ ਨੌਜਵਾਨਾਂ ਵਿਚ ਹੈ ਕਿ ਉਹ ਬਹੁਤ ਕੁਝ ਸਿੱਖ ਸਕਦੇ ਹਨ, ਪਰ ਸਿਖਾਉਣ ਵਾਲੇ ਕੌਣ ਹਨ? ਕੀ ਉਹ ਆਪਣਾ ਫ਼ਰਜ਼ ਨਿਭਾ ਰਹੇ ਹਨ ਜਾਂ ਜੇਕਰ ਉਹ ਦਾਅਵਾ ਕਰਦੇ ਹਨ ਤਾਂਹੀ ਸਚਮੁੱਚ ਉਨ੍ਹਾਂ ਦੀ ਸਿਖਲਾਈ ਕਾਰਗਰ ਹੈ, ਪ੍ਰਭਾਵਸ਼ਾਲੀ ਹੈ। ਜੇਕਰ ਨਹੀਂ ਹੈ ਤੇ ਕੋਈ ਅਸਰ ਨਜ਼ਰ ਨਹੀਂ ਆ ਰਿਹਾ ਤਾਂ ਉਨ੍ਹਾਂ ਨੂੰ ਖ਼ੁਦ ਨੂੰ ਵੀ ਸਵਾਲਾਂ ਦੇ ਘੇਰੇ ਵਿਚ ਲੈ ਕੇ, ਆਤਮ-ਵਿਸ਼ਲੇਸ਼ਣ ਕਰਨ ਦੀ ਲੋੜ ਹੈ।
-ਡਾ. ਸ਼ਿਆਮ ਸੁੰਦਰ ਦੀਪਤੀ
