-ਸ. ਜਗਰਾਜ ਸਿੰਘ*
ਸਾ ਧਰਤੀ ਭਈ ਹਰੀਆਵਲੀ ਜਿਥੈ ਮੇਰਾ ਸਤਿਗੁਰੁ ਬੈਠਾ ਆਇ॥
ਸੇ ਜੰਤ ਭਏ ਹਰੀਆਵਲੇ ਜਿਨੀ ਮੇਰਾ ਸਤਿਗੁਰੁ ਦੇਖਿਆ ਜਾਇ॥
ਧਰਤੀ ਉੱਤੇ ਜਿੱਥੇ ਜਿੱਥੇ ਵੀ ਗੁਰੂ ਸਾਹਿਬਾਨ ਜੀ ਨਿਵਾਸ ਕਰਦੇ ਰਹੇ ਸਨ, ਉਹ ਸਥਾਨ ਸੋਹਾਵਣੇ ਅਤੇ ਸਿੱਖ ਧਰਮ ਦੇ ਸੋਮੇ ਬਣੇ। ਹਰੇਕ ਗੁਰਸਿੱਖ ਦੀ ਇਨ੍ਹਾਂ ਧਾਰਮਿਕ ਅਸਥਾਨਾਂ ਦੀ ਧੂੜ ਨੂੰ ਮੱਥੇ ’ਤੇ ਲਾਉਣ ਦੀ ਤਾਂਘ ਰਹਿੰਦੀ ਹੈ। ਦਸਮ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਇਤਿਹਾਸ ਸਾਡਾ ਸਰਵੋਤਮ ਵਿਰਸਾ ਹੈ, ਜਿਸ ਦੀਆਂ ਪੈੜਾਂ ਉੱਤੇ ਅਸੀਂ ਆਪਣੇ ਜੀਵਨ ਨੂੰ ਸਹੀ ਸੇਧ ਦੇਣੀ ਹੈ। ਸ੍ਰੀ ਹਜ਼ੂਰ ਸਾਹਿਬ ਨਾਂਦੇੜ ਦਾ ਇਤਿਹਾਸ ਵੀ ਸਾਨੂੰ ਉੱਥੋਂ ਦੇ ਰਾਜਸੀ ਅਤੇ ਧਾਰਮਿਕ ਹਾਲਾਤਾਂ ਦਾ ਅਨੁਭਵ ਕਰਾਉਂਦਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ ਦੀ ਧਰਤੀ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਿਆਈ ਦੇ ਕੇ ਜੋ ਇਤਿਹਾਸਿਕ ਪ੍ਰਸੰਗ ਰਚਿਆ, ਉਸ ਨੇ ਸਿੱਖ ਇਤਿਹਾਸ ਨੂੰ ਨਵਾਂ ਮੋੜ ਦਿੱਤਾ।੨ ਨਾਂਦੇੜ ਸਾਹਿਬ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਜੁਲਮ ਦਾ ਨਾਸ਼ ਕਰਨ ਲਈ ਪੰਜਾਬ ਵੱਲ ਤੋਰਿਆ। ਨਾਂਦੇੜ ਸਾਹਿਬ ਵਿਖੇ ਗੁਰੂ ‘ ਜੀ ਯਾਦ ਵਿਚ ਸੁਸ਼ੋਭਿਤ ਗੁਰਦੁਆਰਾ ਸਾਹਿਬਾਨ ਦਾ ਇਤਿਹਾਸਿਕ ਵਰਣਨ ਇਸ ਤਰ੍ਹਾਂ ਹੈ:-
ਗੁਰਦੁਆਰਾ ਦਮਦਮਾ ਸਾਹਿਬ (ਬਸਮਤ ਨਗਰ)
ਗੁਰਦੁਆਰਾ ਦਮਦਮਾ ਸਾਹਿਬ (ਬਸਮਤ ਨਗਰ) ਦਾ ਪ੍ਰਬੰਧ ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਦੇ ਅਧੀਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੱਖਣ ਦੀ ਯਾਤਰਾ ਵੇਲੇ ਆਗਰਾ, ਉਜੈਨ, ਬੁਰਹਾਨਪੁਰ, ਨਾਗਪੁਰ, ਬਾਲਾਪੁਰ, ਅਮਰਾਵਤੀ ਅਤੇ ਹਿੰਗੋਲੀ ਦੇ ਰਸਤੇ ਸੰਗਤ ਨੂੰ ਤਾਰਦੇ ਹੋਏ, ਸੰਨ ੧੭੦੮ ਵਿਚ ਬਸਮਤ ਨਗਰ ਪਹੁੰਚੇ। ਬੁਰਹਾਨਪੁਰ ਦੇ ਪੜਾਅ ਬਾਰੇ ਕਵੀ ਸੈਨਾਪਤਿ ਜ਼ਿਕਰ ਕਰਦੇ ਹਨ:
ਇਹੈ ਹੋਇ ਬੀਤੀ ਤਹਾ ਕੀਤੇ ਦਿਵਸ ਬਿਹਾਇ॥
ਬੁਰਹਾਨੰ ਪੁਰ ਜਾਇ ਕੈ ਬਸੈ ਧਾਮ ਮੈ ਧਾਇ॥੨੯॥੭੬੫॥
ਬਸਮਤ ਨਗਰ ਵਿਚ ਗੁਰੂ ਸਾਹਿਬ ਨੇ ਇਕ ਖੁੱਲੀ ਇਕਾਂਤ ਅਤੇ ਸੁੰਦਰ ਥਾਂ ਵੇਖ ਕੇ ਡੇਰਾ ਕੀਤਾ ਤੇ ਤੰਬੂ ਲਾ ਦਿੱਤੇ। ਇਸ ਅਸਥਾਨ ਉਪਰ ਗੁਰੂ ਸਾਹਿਬ ਨੇ ਅੱਠ ਦਿਨ ਵਿਸ਼ਰਾਮ ਕੀਤਾ। ਸੰਗਤ ਬਸਮਤ ਨਗਰ ਦੇ ਪੜਾਅ ਬਾਰੇ ਸੁਣ ਕੇ ਦੂਰੋਂ ਦੂਰੋਂ ਗੁਰੂ ਜੀ ਦੇ ਦਰਸ਼ਨਾਂ ਲਈ ਆਉਂਦੀ ਅਤੇ ਖੁਸ਼ੀਆਂ ਪ੍ਰਾਪਤ ਕਰਦੀ। ਬਸਮਤ ਨਗਰ ਦੇ ਪੜਾਅ ਬਾਰੇ ਭਾਈ ਸੰਤੋਖ ਸਿੰਘ ਜ਼ਿਕਰ ਕਰਦੇ ਹਨ:
ਬਿਸਮਤਿ ਨਗਰ ਬਿਲੋਕਿ ਬਿਸਾਲਾ। ਤਿਸ ਕੇ ਨਿਕਟ ਸਿਵਰ ਕੋ ਘਾਲਾ।
ਆਠ ਦਿਵਸ ਤਹਿ ਕੀਨ ਮੁਕਾਮੂ।ਸੰਗਤਿ ਗੁਰ ਕੋ ਪਿਖਹਿ ਤਮਾਮੂ॥੧੭॥
ਇਹ ਇਤਿਹਾਸਿਕ ਅਸਥਾਨ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨਾਂਦੇੜ ਤੋਂ ਲਗਪਗ ੩੦ ਕਿਲੋਮੀਟਰ ਦੀ ਦੂਰੀ ‘ਤੇ ਮਹਾਰਾਸ਼ਟਰ ਦੇ ਜ਼ਿਲ੍ਹਾ ਹਿੰਗੋਲੀ ਦੇ ਬਸਮਤ ਨਗਰ ਵਿਚ ਸੁਸ਼ੋਭਿਤ ਹੈ। ਇਸ ਅਸਥਾਨ ਦੇ ਪੜਾਅ ਤੋਂ ਬਾਅਦ ਗੁਰੂ ‘ ਸਾਹਿਬ ਨੇ ਨਾਂਦੇੜ ਲਈ ਕੂਚ ਕੀਤਾ ਜਿੱਥੇ ਅੱਜ ਤਖ਼ਤ ਸ੍ਰੀ ਹਜ਼ੂਰ ਸਾਹਿਬ ਸੋਭਾ ਪਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਬਸਮਤ ਨਗਰ ਵਿਖੇ ‘ਗੁਰਦੁਆਰਾ ਦਮਦਮਾ ਸਾਹਿਬ’ ਦਾ ਪਵਿੱਤਰ ਅਸਥਾਨ ਬਣਿਆ ਹੋਇਆ ਹੈ।
ਗੁਰਦੁਆਰਾ ਹੀਰਾ ਘਾਟ ਸਾਹਿਬ (ਨਾਂਦੇੜ)
ਗੁਰਦੁਆਰਾ ਹੀਰਾ ਘਾਟ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਬਸਮਤ ਨਗਰ ਤੋਂ ਬਾਅਦ ਨਾਂਦੇੜ ਦੇ ਬਾਹਮਣਵਾੜਾ ਪਿੰਡ ਗੋਦਾਵਰੀ ਨਦੀ ਦੇ ਕੰਢੇ ਉੱਪਰ ਆ ਕੇ ਡੇਰੇ ਲਾਏ ਅਤੇ ਨਾਮ- ਬਾਣੀ, ਕੀਰਤਨ ਦਾ ਪ੍ਰਵਾਹ ਚਲਾਇਆ। ਇਹ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੧੨ ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ ਤੋਂ ਮੁਗਟ ਰੋਡ ਦੇ ਉੱਪਰ ਗੋਦਾਵਰੀ ਨਦੀ ਦੇ ਕਿਨਾਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਯਾਦ ਵਿਚ ਸੁਸ਼ੋਭਿਤ ਹੈ। ਮੁਗ਼ਲ ਬਾਦਸ਼ਾਹ ਬਹਾਦਰ ਸ਼ਾਹ ਨੇ ਇਸ ਅਸਥਾਨ ਉਪਰ ਇੱਕ ਦਿਨ ਗੁਰੂ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਣ ਸਮੇਂ ਸਤਿਕਾਰ ਵਜੋਂ ਇਕ ਕੀਮਤੀ ਹੀਰਾ ਗੁਰੂ ਜੀ ਨੂੰ ਭੇਟ ਕੀਤਾ। ਗੁਰੂ ਸਾਹਿਬ ਨੇ ਬਾਦਸ਼ਾਹ ਦੇ ਮਨ ਦੀ ਅਵਸਥਾ ਜਾਣ ਕੇ, ਇਹ ਹੀਰਾ ਸਾਹਮਣੇ ਵਗ ਰਹੀ ਗੋਦਾਵਰੀ ਨਦੀ ਵਿਚ ਸੁੱਟ ਦਿੱਤਾ। ਜਿਸਦਾ ਗਿਆਨੀ ਗਿਆਨ ਸਿੰਘ ਨੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ:
ਤਬ ਗੁਰ ਢਿਗ ਸ਼ਾਹਿ ਬਹਾਦੁਰ।ਕਰ ਜੋਰ ਬੋਲਿਓ ਸਾਦਰ।
ਹੋ ਗੁਰ ਇਹੁ ਨੀਕੋ ਹੀਰਾ। ਕਿਸ ਕਾਰਣ ਗੇਰਯੋ ਨੀਰਾ।
ਇਹ ਸਾਰਾ ਕੁਝ ਵੇਖ ਕੇ ਬਹਾਦਰ ਸ਼ਾਹ ਬਹੁਤ ਹੈਰਾਨ ਹੋਇਆ। ਗੁਰੂ ਜੀ ਨੇ ਬਹਾਦਰ ਸ਼ਾਹ ਦੀ ਪਰੇਸ਼ਾਨੀ ਜਾਣ ਕੇ, ਉਸ ਨੂੰ ਕਿਹਾ ਤੁਹਾਡਾ ਹੀਰਾ ਨਦੀ ਵਿੱਚੋਂ ਕੱਢ ਕੇ ਲਿਆਉ। ਜਦੋਂ ਬਹਾਦਰ ਸ਼ਾਹ ਨੇ ਨਿਗ੍ਹਾ ਮਾਰੀ ਤਾਂ ਨਦੀ ਵਿਚ ਉਸਨੂੰ ਕਈ ਤਰ੍ਹਾਂ ਦੇ ਬੇਅੰਤ ਬੇਸ਼ਕੀਮਤੀ ਹੀਰੇ ਜਵਾਹਰਾਤ ਨਜ਼ਰੀਂ ਪਏ :
ਤਹਿ ਭਾਂਤ ਅਨੇਕ ਜਵਾਹਰ।ਆਨੰਦ ਅਮੋਲਕ ਜਾਹਰ
ਹੋਯੋ ਪਿਖ ਅਧਕ ਹਿਰਾਨਾ।ਗੁਰ ਪਗ ਪਰ ਬੰਦਨ ਠਾਂਨਾ।
ਤਿਸ ਜਾਗਾ ਕਾ ਅਬ ਨਾਂਮੂ।ਕਹਿ ਹੀਰਾ ਘਾਟ ਤਮਾਮੂ
ਇਹ ਕੌਤਕ ਵੇਖ ਕੇ ਬਹਾਦਰ ਸ਼ਾਹ ਬਹੁਤ ਹੈਰਾਨ ਹੋਇਆ ਤੇ ਵਾਪਸ ਆ ਕੇ ਗੁਰੂ ਦੀ ਹਜ਼ੂਰੀ ਵਿਚ ਹਾਜ਼ਰ ਹੋ ਕੇ ਭੁੱਲ ਬਖ਼ਸ਼ਾਈ ਅਤੇ ਉਸ ਦਾ ਹੰਕਾਰ ਨਵਿਰਤ ਹੋਇਆ।ਜਿਸ ਕਾਰਨ ਇਸ ਅਸਥਾਨ ਦਾ ਨਾਮ ‘ਹੀਰਾ ਘਾਟ ਸਾਹਿਬ’ ਹੈ।
ਗੁਰਦੁਆਰਾ ਸ਼ਿਕਾਰ ਘਾਟ ਸਾਹਿਬ
ਗੁਰਦੁਆਰਾ ਸ਼ਿਕਾਰ ਘਾਟ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੧੨ ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ ਤੋਂ ਸ਼ਿਕਾਰ ਘਾਟ ਰੋਡ ਉੱਪਰ ਗੋਦਾਵਰੀ ਨਦੀ ਦੇ ਕੰਢੇ ਤੋਂ ਥੋੜਾ ਪਿਛੇ ਹਟ ਕੇ, ਇਕ ਪਹਾੜੀ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਯਾਦ ਵਿਚ ਸੁਭਾਇਮਾਨ ਹੈ। ਇਸ ਇਤਿਹਾਸਿਕ ਅਸਥਾਨ ਦਾ ਸਾਰਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਸਿੱਖ ਇਤਿਹਾਸ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ, ਉਨ੍ਹਾਂ ਦਾ ਇਕ ਅਨਿਨ ਸੇਵਕ ਭਾਈ ਮੂਲਾ ਖੱਤਰੀ ਜੀ ਨਿਵਾਸੀ ਸਿਆਲਕੋਟ (ਪਾਕਿਸਤਾਨ), ਇਕ ਵਾਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨਾਂ ਤੋਂ ਬੇਮੁਖ ਹੋ ਗਿਆ ਅਤੇ ਆਪਣੇ ਹੀ ਘਰ ਵਿਚ ਸੱਪ ਲੜ ਕੇ ਮਰ ਗਿਆ ਸੀ:
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਏ॥
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥੨੧॥੭
ਉਸ ਸਮੇਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਚਨ ਕੀਤਾ ਸੀ ਕਿ ਇਸਦਾ ਉੱਧਾਰ ਅਸੀਂ ਆਪਣੇ ਦਸਵੇਂ ਜਾਮੇ ਵਿਚ ਆ ਕੇ ਕਰਾਂਗੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਨਾਂਦੇੜ ਸਾਹਿਬ ਆਏ ਹੋਏ ਸੀ, ਤਾਂ ਇਕ ਦਿਨ ਇਸ ਅਸਥਾਨ ਉੱਪਰ ਆ ਕੇ ਸ਼ਿਕਾਰ ਖੇਡ ਰਹੇ ਸਨ। ਇੱਥੇ ਇਕ ਸਹੇ (ਖਰਗੋਸ਼) ਦਾ ਸ਼ਿਕਾਰ ਕਰ ਕੇ ਦਸਮੇਸ਼ ਪਿਤਾ ਨੇ ਆਪਣੇ ਪਵਿੱਤਰ ਬਚਨ ਪੂਰੇ ਕੀਤੇ ਸੀ। ਸਿੱਖਾਂ ਵੱਲੋਂ ਪੁੱਛਣ ’ਤੇ ਗੁਰੂ ਜੀ ਨੇ ਦੱਸਿਆ ਕਿ ਉਨ੍ਹਾਂ ਨੇ ੮੪ ਲੱਖ ਜੂਨਾਂ ਵਿਚ ਪਏ, ਸਹੇ ਦੀ ਜੂਨ ਭੋਗ ਰਹੇ ਭਾਈ ਮੂਲਾ ਖੱਤਰੀ, ਜੋ ਸਿਆਲਕੋਟ ਦਾ ਰਹਿਣ ਵਾਲਾ ਸੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬਚਨ ਤੋਂ ਬੇਮੁਖ ਹੋ ਗਿਆ ਸੀ, ਦਾ ਉੱਧਾਰ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਕਸਰ ਇਸ ਅਸਥਾਨ ਉੱਪਰ ਸ਼ਿਕਾਰ ਖੇਡਣ ਤੋਂ ਬਾਅਦ ਆਰਾਮ ਕਰਿਆ ਕਰਦੇ ਸਨ। ਸ਼ਿਕਾਰ ਕਰਨ ’ਤੇ ਇਸ ਅਸਥਾਨ ਦਾ ਨਾਂ “ਗੁਰਦੁਆਰਾ ਸ਼ਿਕਾਰ ਘਾਟ ਸਾਹਿਬ’ ਕਰਕੇ ਪ੍ਰਸਿੱਧ ਹੋਇਆ। ਇਸ ਦੀ ਨਵੀਂ ਇਮਾਰਤ ਬਾਬਾ ਜੀਵਨ ਸਿੰਘ ਅਤੇ ਬਾਬਾ ਦਲੀਪ ਸਿੰਘ ਨੇ ਸੰਨ ੧੯੭੧ ਈ. ਵਿਚ ਮੁਕੰਮਲ ਕਰਵਾਈ ਸੀ।
ਗੁਰਦੁਆਰਾ ਮਾਤਾ ਸਾਹਿਬ ਕੌਰ
ਗੁਰਦੁਆਰਾ ਮਾਤਾ ਸਾਹਿਬ ਕੌਰ ਦਾ ਪ੍ਰਬੰਧ ਸ੍ਰੋਮਣੀ ਪੰਥ ਅਕਾਲੀ ਬੁੱਢਾ ਦਲ ਚਲਦਾ ਵਹੀਰ ਚੱਕਰਵਰਤੀ ਪੰਜਾਬ (ਹਿੰਦੁਸਤਾਨ) ੯੬ ਕਰੋੜੀ ਜਥੇਦਾਰ ਬਾਬਾ ਪ੍ਰੇਮ ਸਿੰਘ ਜੀ ਅਕਾਲੀ ਮੁਖੀ ਬੁੱਢਾ ਦਲ ਦੇ ਅਧੀਨ ਹੈ। ਇਹ ਪਵਿੱਤਰ ਅਸਥਾਨ ਤਖ਼ਤ ਸੱਚਖੰਡ ਹਜ਼ੂਰ ਸਾਹਿਬ ਤੋਂ ੧੪ ਕਿਲੋਮੀਟਰ ਦੂਰੀ ‘ਤੇ ਨਾਂਦੇੜ ਤੋਂ ਮੁਗਟ ਰੋਡ ਉੱਤੇ ਗੋਦਾਵਰੀ ਨਦੀ ਦੇ ਕਿਨਾਰੇ ਤੇ ਸੁਸ਼ੋਭਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਨੇ ਜਦੋਂ ਬਾਹਮਣਵਾੜੇ (ਹੀਰਾ ਘਾਟ) ਦੇ ਅਸਥਾਨ ’ਤੇ ਪੜਾਅ ਕੀਤਾ ਤਾਂ ਕੁਝ ਦੂਰੀ ‘ਤੇ ਖਾਲਸੇ ਦੀ ਮਾਤਾ ਸਾਹਿਬ ਕੌਰ ਲਈ ਤੰਬੂ ਲਗਵਾ ਕੇ ਰਿਹਾਇਸ਼ ਦਾ ਪ੍ਰਬੰਧ ਕੀਤਾ ਸੀ।ਇੱਥੇ ਮਾਤਾ ਜੀ ਨੇ ਗੁਰੂ ਜੀ ਨਾਲ ਆ ਕੇ ਕੁਝ ਸਮੇਂ ਲਈ ਨਿਵਾਸ ਕੀਤਾ ਸੀ ਅਤੇ ‘ਗੁਰੂ ਕਾ ਲੰਗਰ” ਦੀ ਵਿਵਸਥਾ ਕੀਤੀ ਸੀ।੯ ਇਹ ਮਾਤਾ ਜੀ ਦਾ ਤਪ ਅਸਥਾਨ ਹੈ। ਸਾਹਿਬ ਕੌਰ ਮਾਤਾ ਰੋਹਤਾਸ ਨਿਵਾਸੀ ਭਾਈ ਰਾਮੂ ਬਸੀ ਖਤ੍ਰੀ ਦੀ ਸਪੁਤ੍ਰੀ, ਜਿਸ ਦਾ ਆਨੰਦ ੧੮ ਵੈਸਾਖ ਸੰਮਤ ੧੭੫੭ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਹੋਇਆ। ਕਲਗੀਧਰ ਨੇ ਇਸੇ ਦੀ ਗੋਦੀ ਪੰਥ ਖਾਲਸਾ ਪਾਇਆ ਹੈ।
ਇਸ ਅਸਥਾਨ ਉੱਪਰ ਸੰਗਤ ਅਤੇ ਗੁਰੂ ਜੀ ਲਈ ਲੰਗਰ ਤਿਆਰ ਹੁੰਦਾ ਸੀ।ਮਾਤਾ ਸਾਹਿਬ ਕੌਰ ਦਾ ਇਹ ਨੇਮ ਕਿ ਆਪ ਸਦਾ ਹੀ ਪਤੀ-ਪ੍ਰਮੇਸ਼ਵਰ ਦੇ ਦਰਸ਼ਨ ਕਰ ਕੇ ਭੋਜਨ ਛਕਦੇ ਸੀ।ਗੁਰੂ ਸਾਹਿਬ ਵੀ ਨਾਂਦੇੜ ਰਹਿੰਦੇ ਹੋਏ ਆਪ ਇੱਥੇ ਆ ਕੇ ਲੰਗਰ ਛਕਿਆ ਕਰਦੇ ਸੀ। ਗੁਰੂ ਜੀ ਨੇ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਨਾਂਦੇੜ ਸਾਹਿਬ ਤੋਂ ਮਾਤਾ ਸਾਹਿਬ ਕੌਰ ਨੂੰ ਆਪਣੇ ਨਿੱਜੀ ਪੰਜ ਸ਼ਸਤਰ ਦੇ ਕੇ ਭਾਈ ਮਨੀ ਸਿੰਘ ਤੇ ਹੋਰ ਸਿੰਘਾਂ ਸਮੇਤ ਵਾਪਿਸ ਦਿੱਲੀ ਮਾਤਾ ਸੁੰਦਰੀ ਜੀ ਕੋਲ ਭੇਜ ਦਿੱਤਾ ਸੀ। ਮਾਤਾ ਸਾਹਿਬ ਕੌਰ ਗੁਰੂ ਜੀ ਤੋਂ ਆਗਿਆ ਲੈ ਕੇ ਦਿੱਲੀ ਆ ਗਏ ਸੀ।ਦਿੱਲੀ ਵਿਚ ਹੀ ਮਾਤਾ ਸਾਹਿਬ ਕੌਰ ਜੀ ਨੇ ਆਪਣਾ ਸਰੀਰ ਤਿਆਗਿਆ ਸੀ। ਗੁਰਦੁਆਰਾ ਮਾਤਾ ਸਾਹਿਬ ਕੌਰ, ਨਾਂਦੇੜ ਵਿਚ ਲੰਗਰ ਦੀ ਪ੍ਰਥਾ ਅੱਜ ਵੀ ਉਸੇ ਤਰ੍ਹਾਂ ਚੱਲੀ ਆ ਰਹੀ ਹੈ। ਜਿੱਥੇ ਚੌਵੀ ਘੰਟੇ ਗੁਰੂ ਕਾ ਅਤੁੱਟ ਲੰਗਰ ਚੱਲਦਾ ਰਹਿੰਦਾ ਹੈ।
ਗੁਰਦੁਆਰਾ ਸੰਗਤ ਸਾਹਿਬ
ਗੁਰਦੁਆਰਾ ਸੰਗਤ ਸਾਹਿਬ ਦੀ ਵਿਵਸਥਾ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਇਹ ਇਤਿਹਾਸਿਕ ਅਸਥਾਨ ਤਖ਼ਤ ਹਜ਼ੂਰ ਸਾਹਿਬ ਤੋਂ ਲਗਪਗ 2 ਕਿਲੋਮੀਟਰ ਦੀ ਦੂਰੀ ‘ਤੇ ਨਾਂਦੇੜ ਸ਼ਹਿਰ ਦੇ ਬ੍ਰਹਮਪੁਰੀ ਮੁਹੱਲੇ ਵਿਚ ਗੁਰਦੁਆਰਾ ਰੋਡ, ਉੱਪਰ ਗੋਦਾਵਰੀ ਨਦੀ ਦੇ ਕੰਢੇ ‘ਤੇ ਸ਼ੋਭਾ ਪਾ ਰਿਹਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜਦੋਂ ਨਾਂਦੇੜ ਸ਼ਹਿਰ ਵਿਚ ਆਏ ਤਾਂ ਸਭ ਤੋਂ ਪਹਿਲਾਂ ਇਸ ਸਥਾਨ ਤੇ ਬਿਰਾਜੇ ਸਨ। ਗੁਰਦੁਆਰਾ ਸੰਗਤ ਸਾਹਿਬ ਦੀ ਮਹੱਤਤਾ, ਸੰਗਤ ਦੇ ਜੁੜਨ, ਨਾਮ
ਸਿਮਰਨ, ਗੁਰੂ ਜੀ ਦੀ ਕਥਾ-ਵਾਰਤਾ ਤੇ ਕੀਰਤਨ ਨਾਲ ਸੰਬੰਧਿਤ ਹੈ। ਇਸ ਸਥਾਨ ਉੱਤੇ ਗੁਰੂ ਸਾਹਿਬ ਨਾਲ ਪੰਜਾਬ ਤੋਂ ਆਈ ਫੌਜ ਨੇ ਵਾਪਸ ਪੰਜਾਬ ਮੁੜਨ ਤੋਂ ਪਹਿਲਾਂ ਤਨਖ਼ਾਹਾਂ ਦੀ ਮੰਗ ਕੀਤੀ ਸੀ। ਦਸਮ ਗੁਰੂ ਜੀ ਨੇ ਗੁਰਦੁਆਰਾ ਮਾਲਟੇਕਰੀ ਤੋਂ ਕੱਢੇ ਹੋਏ ਧਨ ਨੂੰ ਆਪਣੇ ਸਿਪਾਹੀਆਂ ਵਿਚ ਤਨਖ਼ਾਹ ਵਜੋਂ ਇੱਥੇ ਹੀ ਵੰਡਿਆ ਸੀ। ਗੁਰੂ ਸਾਹਿਬ ਨੇ ਆਪਣੀ ਅਤੇ ਬਹਾਦਰ ਸ਼ਾਹ ਦੀ ਫੌਜ ਨੂੰ ਢਾਲਾਂ ਭਰ-ਭਰ ਕੇ ਸੋਨੇ ਦੀਆਂ ਮੋਹਰਾਂ ਵੰਡੀਆਂ ਸਨ ਅਤੇ ਸੰਗਤ ਨੂੰ ਉਪਦੇਸ਼ ਸੁਣਾਇਆ ਸੀ ਕਿ ਸਾਰੇ ਸੁੱਖ ਧਨ ਇਕੱਠਾ ਕਰਨ ਵਿਚ ਨਹੀਂ ਸਗੋਂ ਲੋੜ ਪੈਣ ’ਤੇ ਵੰਡ ਕੇ ਵਰਤਣ ਵਿਚ ਹਨ :
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥੩॥
ਗੁਰੂ ਜੀ ਦੀ ਛੋਹ ਪ੍ਰਾਪਤ ਪਾਵਨ ਇਤਿਹਾਸਿਕ ਢਾਲ ਅੱਜ ਵੀ ਗੁਰਦੁਆਰਾ ਸੰਗਤ ਸਾਹਿਬ ਵਿਖੇ ਸੰਭਾਲੀ ਹੋਈ ਹੈ ਅਤੇ ਸੰਗਤ ਨੂੰ ਦਰਸ਼ਨ ਕਰਵਾਏ ਜਾਂਦੇ ਹਨ।
ਗੁਰਦੁਆਰਾ ਮਾਲਟੇਕੜੀ ਸਾਹਿਬ
ਗੁਰਦੁਆਰਾ ਮਾਲਟੇਕੜੀ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੫ ਕਿਲੋਮੀਟਰ ਦੂਰੀ ‘ਤੇ ਮਾਲਟੇਕੜੀ ਰੋਡ, ਨਾਂਦੇੜ ਉੱਪਰ ਸੁਸ਼ੋਭਿਤ ਹੈ। ਇਸ ਅਸਥਾਨ ਦਾ ਸਾਰਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੀ ਦੂਜੀ ਉਦਾਸੀ ਦੌਰਾਨ ਬਿਦਰ (ਕਰਨਾਟਕ) ਨੂੰ ਜਾਣ ਸਮੇਂ ਨਾਂਦੇੜ ਵਿਚ ਇਸ ਮਾਲਟੇਕੜੀ ਵਾਲੀ ਥਾਂ ਉੱਤੇ ਡੇਰਾ ਲਾ ਕੇ ਸੰਗਤ ਕਾਇਮ ਕੀਤੀ ਸੀ। ਇਹ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਦੇ ਗੁਪਤ ਖ਼ਜ਼ਾਨੇ ਦੀ ਥਾਂ ਹੈ। ਸਰਕਾਰੀ ਰਿਕਾਰਡਾਂ ਵਿਚ ਇਸ ਨੂੰ ‘ਚਕਰੀ ਮਾਲ’ ਅਤੇ ‘ਮਾਲ ਟਿਲਾ’ ਵੀ ਲਿਖਿਆ ਹੋਇਆ ਹੈ।੩ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਇਸ ਅਸਥਾਨ ਤੋਂ ਪੁਰਾਣਾ ਖ਼ਜ਼ਾਨਾ ਕਢਵਾ ਕੇ ਗੁਰਦੁਆਰਾ ਸੰਗਤ ਸਾਹਿਬ ਦੇ ਅਸਥਾਨ ਤੇ ਸਿੱਖ ਸੈਨਾਵਾਂ ਅਤੇ ਸ਼ਾਹੀ ਸੈਨਾਵਾਂ ਵਿਚ ਢਾਲਾਂ ਭਰ ਕੇ ਵੰਡਿਆ ਸੀ ਅਤੇ ਬਾਕੀ ਬਚਿਆ ਖ਼ਜ਼ਾਨਾ ਵਾਪਸ ਮਾਲਟੇਕੜੀ ਵਾਲੇ ਅਸਥਾਨ ‘ਤੇ ਗੁਪਤ ਰਖਵਾ ਕੇ ਬਚਨ ਕੀਤਾ ਸੀ ਕਿ ਜਦੋਂ ਖਾਲਸੇ ਦੀ ਗਿਣਤੀ ਛਿਆਨਵੇਂ ਕਰੋੜ ਹੋ ਜਾਵੇਗੀ ਤਾਂ ਇਸ ਗੁਪਤ ਰੱਖੇ ਹੋਏ ਖ਼ਜ਼ਾਨੇ ਤੋਂ ਅਤੁੱਟ ਲੰਗਰ ਵਰਤੇਗਾ।ਨਾਂਦੇੜ ਵਿਖੇ ਇਹ ਰਵਾਇਤ ਵੀ ਪ੍ਰਚਲਤ ਹੈ ਕਿ ਇੱਥੇ ਗੁਰੂ ਛੇਵੇਂ ਪਾਤਸ਼ਾਹ ਵੱਲੋਂ ਭੇਜਿਆ ਗਿਆ ਇਕ ਲੱਕੜਸ਼ਾਹ ਫ਼ਕੀਰ ਸਿੱਖ ਧਰਮ ਦਾ ਪ੍ਰਚਾਰ ਕਰਦਾ ਸੀ।“ ਇਹ ਫ਼ਕੀਰ ਛੇਵੇਂ ਗੁਰੂ ਤੋਂ ਲੈ ਕੇ ਦਸਵੇਂ ਗੁਰੂ ਜੀ ਤਕ ਇਸ ਖ਼ਜ਼ਾਨੇ ਦੀ ਦੇਖਭਾਲ ਕਰਦਾ ਰਿਹਾ ਸੀ। ਸੰਨ ੧੯੨੬ ਵਿਚ ਮੁਸਲਮਾਨਾਂ ਨੇ ਇਸ ਅਸਥਾਨ ਉਪਰ ਇਕ ਮੁਰਦਾ (ਲਾਸ਼) ਦਫਨਾ ਕੇ, ਇਸ ਥਾਂ ਨੂੰ ਕਬਰਸਤਾਨ ਵਿਚ ਬਦਲਣ ਦੀ ਕੋਸ਼ਿਸ਼ ਕੀਤੀ। ਸਿੱਖਾਂ ਅਤੇ ਮੁਸਲਮਾਨਾਂ ਦਾ ਇਹ ਮੁਕੱਦਮਾ ਸਰਕਾਰ ਤਕ ਪਹੁੰਚ ਗਿਆ ਸੀ। ਇਸਦੇ ਆਖਰੀ ਫੈਸਲੇ ਲਈ ਨਜ਼ਾਮ ਸਰਕਾਰ ਦੀ ਇੰਨਸਾਫ਼ੀਆ ਪਾਲਸੀ ਕਰਕੇ ਕਲਕੱਤੇ ਤੋਂ ਸਰ. H. Coming ਸਾਹਿਬ ਜੱਜ ਹਾਈ ਕੋਰਟ, ਹੈਦਰਾਬਾਦ ਪੁੱਜੇ।੧੫ ਆਖਰ ਵਿਚ ਫੈਸਲਾ ਖਾਲਸਾ ਪੰਥ ਦੇ ਹੱਕ ਵਿਚ ਆਇਆ ਅਤੇ ਸਰਕਾਰੀ ਹੁਕਮ ਨਾਲ ਮੁਰਦਾ ਜ਼ਮੀਨ ਵਿੱਚੋਂ ਕੱਢਵਾ ਦਿੱਤਾ ਸੀ।
ਗੁਰਦੁਆਰਾ ਬੰਦਾ ਘਾਟ ਸਾਹਿਬ
ਗੁਰਦੁਆਰਾ ਬੰਦਾ ਘਾਟ ਸਾਹਿਬ ਦੀ ਸਾਰੀ ਵਿਵਸਥਾ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਇਹ ਇਤਿਹਾਸਿਕ ਅਸਥਾਨ ਤਖ਼ਤ ਸੱਚਖੰਡ ਸਾਹਿਬ ਤੋਂ ਲਗਪਗ ੧ ਕਿਲੋਮੀਟਰ ਦੀ ਦੂਰੀ ’ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਨਜ਼ਦੀਕ ਗੋਦਾਵਰੀ ਨਦੀ ਦੇ ਕੰਢੇ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਬੰਦਾ ਸਿੰਘ ਬਹਾਦਰ ਦੀ ਯਾਦ ਵਿਚ ਸੁਸ਼ੋਭਿਤ ਹੈ।ਬਚਪਨ ਵਿਚ ਬਾਬਾ ਬੰਦਾ ਸਿੰਘ ਬਹਾਦਰ ਦਾ ਨਾਉਂ ਲਛਮਨ ਦੇਵ ਸੀ। ਇਸ ਦਾ ਜਨਮ ਸੰਨ ੧੬੭੦ ਨੂੰ ਪੁਣਛ (ਕਸ਼ਮੀਰ) ਦੇ ਪਿੰਡ ਰਾਜੋਰੀ ਵਿਚ ਹੋਇਆ।੯ ਇਕ ਵਾਰੀ ਲਛਮਨ ਦੇਵ ਨੇ ਗਰਭਵਤੀ ਹਿਰਨੀ ਦਾ ਸ਼ਿਕਾਰ ਕਰ ਦਿੱਤਾ ਸੀ। ਇਸ ਦਰਦਨਾਕ ਘਟਨਾ ਨੇ ਲਛਮਨ ਦੇਵ ਦਾ ਜੀਵਨ ਹੀ ਪਲਟ ਦਿੱਤਾ ਅਤੇ ਉਹ ਲਛਮਨ ਦੇਵ ਤੋਂ ਮਾਧੋ ਦਾਸ ਵੈਰਾਗੀ ਬਣ ਗਿਆ। ਘਰ- ਬਾਰ ਤਿਆਗ ਦੱਖਣ ਵਿਚ ਪੰਚਵਟੀ, ਨਾਸਿਕ ਆਦਿ ਸਥਾਨਾਂ ਤੋਂ ਘੁੰਮਦਾ ਹੋਇਆ ਅਖ਼ੀਰ ਨਾਂਦੇੜ ਸ਼ਹਿਰ ਦੇ ਬਾਹਰ ਗੋਦਾਵਰੀ ਨਦੀ ਦੇ ਕੰਢੇ ਡੇਰਾ ਲਾ ਕੇ ਰਹਿਣ ਲੱਗਿਆ ਅਤੇ ਰਿਧੀਆਂ ਸਿਧੀਆਂ ਨਾਲ ਲੋਕਾਂ ਤੇ ਸਾਧੂ ਸੰਤਾਂ ਨੂੰ ਭਰਮਾਉਣ ਲੱਗਾ। ਅੰਤ ਸੰਮਤ ੧੭੬੫ ਬਿਕ੍ਰਮੀ (ਸੰਨ ੧੭੦੮ ਈ.) ਇਕ ਸ਼ਸਤਰ-ਧਾਰੀ ਘੋੜ-ਚੜ੍ਹੇ ਸੰਤ-ਸਿਪਾਹੀ ਦੇ ‘ ਰੂਪ ਵਿਚ ਸ੍ਰੀ ਗੁਰੂ ‘ਗੋਬਿੰਦ ਸਿੰਘ ਜੀ ਉੱਥੇ ਆ ਪੁੱਜੇ ਅਤੇ ਉਸ ਦੇ ਪਲੰਘ ਉੱਪਰ ਜਾ ਬੈਠੇ। ਮਾਧੋ ਦਾਸ ਨੇ ਆਪਣੀ ਸਕਤੀ ਦੇ ਪ੍ਰਭਾਵ ਨਾਲ ਗੁਰੂ ਜੀ ਨੂੰ ਸਮੇਤ ਪਲੰਘ ਉਲਟਾਉਣ ਦੀ ਅਸਫ਼ਲ ਕੋਸ਼ਿਸ਼ ਕੀਤੀ, ਪਰ ਅੰਤ ਵਿਚ ਗੁਰੂ ਜੀ ਦੇ ਚਰਨਾਂ ਵਿਚ ਆਪਣਾ ਸਿਰ ਝੁਕਾ ਦਿੱਤਾ। ਜਿਸਦਾ ਗਿਆਨੀ ਗਿਆਨ ਸਿੰਘ ਨੇ ਇਸ ਤਰ੍ਹਾਂ ਜ਼ਿਕਰ ਕੀਤਾ ਹੈ:
ਹਾਥ ਜੋਰ ਬਿਨੈ ਸਾਥ ਪ੍ਰੇਮ ਪਾਥ ਨਾਇ ਮਾਥ ਕਹਯੋ
ਮੈਤੋ ਆਪ ਕਾ ਹੂੰ ਬੰਦਾ ਸੁਨ ਲੀਜੀਏ।੧੮
ਸ੍ਰੀ ਗੁਰੂ ਗੋਬਿੰਦ ਸਿੰਘ ਨੇ ਮਾਧੋ ਦਾਸ ਦੀ ਭੁੱਲ ਬਖਸ਼ ਕੇ, ਉਸ ਨੂੰ ਅੰਮ੍ਰਿਤ ਛਕਾ ਕੇ ਖਾਲਸਾ ਬਣਾਇਆ ਤੇ ਨਾਮ ਬੰਦਾ ਸਿੰਘ ਬਹਾਦਰ ਰੱਖਿਆ। ਇੱਥੋਂ ਹੀ ਗੁਰੂ ਸਾਹਿਬ ਨੇ ਬੰਦਾ ਸਿੰਘ ਬਹਾਦਰ ਨੂੰ ਪੰਜ ਤੀਰ, ਇਕ ਨਗਾਰਾ, ਨਿਸ਼ਾਨ ਸਾਹਿਬ ਬਖਸ਼ ਕੇ ਪੰਜ ਪਿਆਰਿਆਂ ਦੀ ਅਗਵਾਈ ਵਿਚ ਪੰਜਾਬ ਵਿਚ ਜਾਲਮ ਮੁਗ਼ਲਾਂ ਨੂੰ ਸੋਧਣ ਲਈ ਤੋਰਿਆ ਸੀ। ਬਾਬਾ ਬੰਦਾ ਸਿੰਘ ਬਹਾਦਰ ਖਾਲਸਾ ਰਾਜ ਦਾ ਪਹਿਲਾ ਮੋਢੀ ਸੀ, ਜਿਸਨੇ ਪੰਜਾਬ ਵਿਚ ਖਾਲਸਾ ਰਾਜ ਸਥਾਪਿਤ ਕੀਤਾ ਸੀ। ਮੌਜੂਦਾ ਸਮੇਂ ਗੁਰਦੁਆਰਾ ਬੋਰਡ ਵੱਲੋਂ ਬੰਦਾ ਘਾਟ ਦੇ ਅਸਥਾਨ ‘ਤੇ ਸਿੱਖ ਧਰਮ ਦੇ ਪ੍ਰਚਾਰ ਲਈ ਇਕ ਗੁਰਮਤਿ ਸੰਗੀਤ ਵਿਦਿਆਲਾ ਚਲਾਇਆ ਜਾ ਰਿਹਾ ਹੈ। ਜਿਸ ਵਿਚ ਸੈਂਕੜੇ ਵਣਜਾਰਾ, ਲੁਬਾਣਾ ਅਤੇ ਸਿਕਲੀਗਰ ਸਮਾਜ ਦੇ ਬੱਚੇ ਗੁਰਮਤਿ ਦੀ ਵਿੱਦਿਆ ਪ੍ਰਾਪਤ ਕਰ ਰਹੇ ਹਨ।
ਗੁਰਦੁਆਰਾ ਨਗੀਨਾ ਘਾਟ ਸਾਹਿਬ
ਗੁਰਦੁਆਰਾ ਨਗੀਨਾ ਘਾਟ ਸਾਹਿਬ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਤੋਂ ਤਕਰੀਬਨ ੧ ਕਿਲੋਮੀਟਰ ਦੂਰੀ ‘ਤੇ ਗੁਰਦੁਆਰਾ ਲੰਗਰ ਸਾਹਿਬ ਦੇ ਨਜ਼ਦੀਕ ਹੀ, ਲੰਗਰ ਸਾਹਿਬ ਰੋਡ ਉੱਪਰ ਗੋਦਾਵਰੀ ਨਦੀ ਦੇ ਕੰਢੇ ‘ਤੇ ਬਣਿਆ ਹੋਇਆ ਹੈ। ਇਸ ਇਤਿਹਾਸਿਕ ਗੁਰਦੁਆਰੇ ਦਾ ਪ੍ਰਬੰਧ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਗੁਰਦੁਆਰਾ ਹੀਰਾ ਘਾਟ ਸਾਹਿਬ ਅਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦਾ ਇਤਿਹਾਸ ਕਾਫੀ ਹੱਦ ਤਕ ਮੇਲ ਖਾਂਦਾ ਹੈ। ਇਸ ਅਸਥਾਨ ਉੱਪਰ ‘ ਜੀ ਦੇ ਇਕ ਅਤੀ ਸ਼ਰਧਾਲੂ ਵਣਜਾਰੇ ਸਿੱਖ ਕਾਲੂ ਨਾਇਕ ਨੇ ਗੁਰੂ ‘ ਸਾਹਿਬ ਨੂੰ ਦਰਸ਼ਨਾਂ ਸਮੇਂ ਸਤਿਕਾਰ ਵਜੋਂ ਇਕ ਨਗੀਨਾ ਭੇਟ ਕੀਤਾ ਸੀ:
ਏਕ ਸਿੱਖ ਆਯੋ ਤਿਹ ਸਮੇਂ।ਭੇਟ ਨਗੀਨਾ ਧਰਿ ਕਿਯ ਨਮੋਂ।
ਅਵਲੋਕਯੋ ਲੇ ਕਰਿ ਨਿਜ ਹਾਥ। ਗੇਰਿ ਗੁਦਾਵਰਿ ਮੈਂ ਦਿਯ ਨਾਥ॥੧੩॥੯
ਗੁਰੂ ਸਾਹਿਬ ਨੇ ਇਸ ਵਣਜਾਰੇ ਸਿੱਖ ਨੂੰ ਬ੍ਰਹਮ ਗਿਆਨ ਦੀ ਬਖ਼ਸ਼ਿਸ਼ ਕਰਨ ਲਈ ਭੇਟ ਕੀਤਾ ਨਗੀਨਾ ਨੇੜੇ ਵਗਦੀ ਗੋਦਾਵਰੀ ਨਦੀ ਵਿਚ ਸੁੱਟ ਦਿੱਤਾ। ਵਣਜਾਰੇ ਸਿੱਖ ਦੇ ਦੁਖੀ ਹੋਣ ਤੇ ਗੁਰੂ ਜੀ ਨੇ ਉਸਨੂੰ ਗੋਦਾਵਰੀ ਨਦੀ ਵਿਚ ਬੇਅੰਤ ਬਹੁਮੁੱਲੇ ਨਗੀਨਿਆਂ ਤੇ ਹੀਰਿਆਂ ਦੇ ਦਰਸ਼ਨ ਕਰਵਾਏ ਅਤੇ ਗੁਰਮਤਿ ਦੇ ਸਿਧਾਂਤ ਦੀ ਸਹੀ ਪਹਿਚਾਣ ਕਰਵਾ ਕੇ, ਧਰਮ ਦੇ ਅਸਲ ਮਾਰਗ ਉੱਪਰ ਚੱਲਣ ਦਾ ਉਪਦੇਸ਼ ਦਿੱਤਾ। ਇਸੇ ਕਾਰਨ ਇਸ ਅਸਥਾਨ ਦਾ ਨਾਮ ਗੁਰਦੁਆਰਾ ਨਗੀਨਾ ਘਾਟ ਸਾਹਿਬ’ ਕਰਕੇ ਪ੍ਰਸਿੱਧ ਹੋਇਆ।ਇੱਥੇ ਆ ਕੇ ਅਜੇ ਤਕ ਵਣਜਾਰੇ ਸਿੱਖ ਸੁੱਖਣਾਂ ਸੁਖਦੇ ਤੇ ਪ੍ਰਸਾਦਿ ਚੜ੍ਹਦੇ ਤੇ ਸ਼ਰਧਾ ਭਗਤੀ ਰੱਖਦੇ ਹਨ।
ਨਗਰ ਨਦੇੜ ਬਸਤ ਤਟ ਭਾਰੋ। ਕਵਨ ਤਾਹਿ ਛਬਿ ਸਕਤ ਉਚਾਰੋ।
ਆਦਿ ਸਭ ਜੁਗ ਕੀ ਇਹ ਪੂਰੀ।ਯਾ ਕੋ ਨਿਰਖ ਅਵਰੁ ਸਭ ਦੂਰੀ॥੫੮॥੨੧
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅੰਤਿਮ ਸਮੇਂ ਦੀ ਪਵਿੱਤਰ ਯਾਦ ਨੂੰ ਤਾਜਾ ਕਰਵਾ ਰਿਹਾ ਹੈ। ‘ਮਹਾਨ ਕੋਸ਼’ ਅਨੁਸਾਰ, ਨੰਦੇੜ, ਜੀ. ਆਈ. ਪੀ. ਰੇਲਵੇ ਦਾ ਸਫਰ ਮਨਮਾਡ ਜੰਕਸ਼ਨ ਤੋਂ ਨਿਜਾਮ ਸਟੇਟ ਰੇਲਵੇ ਦੇ ਰਸਤੇ ੧੭੨ ਮੀਲ ਹੈ।੨੨ ਭਾਰਤ ਦਾ ਇਹ ਪੁਰਾਤਨ ਇਤਿਹਾਸਿਕ ਅਤੇ ਧਾਰਮਿਕ ਨਗਰ ਪਹਿਲਾਂ ਹੈਦਰਾਬਾਦ ਰਿਆਸਤ ਦਾ ਹਿੱਸਾ ਸੀ। ਸੰਨ ੧੯੫੬ ਵਿਚ ਪ੍ਰਾਂਤਾਂ ਦੀ ਹੋਈ ਨਵੀਂ ਹੱਦ-ਬੰਦੀ ਵਿਚ ਨਾਂਦੇੜ ਸਾਹਿਬ ਨੂੰ ਮਹਾਂਰਾਸ਼ਟਰ ਪ੍ਰਾਂਤ ਵਿਚ ਸ਼ਾਮਲ ਕਰ ਦਿੱਤਾ ਸੀ। ਮਹਾਂਰਾਸ਼ਟਰ ਪ੍ਰਾਂਤ ੧੯੫੬ ਵਿਚ ਬੰਬਈ ਪ੍ਰਾਂਤ ਦੇ ਭਾਸ਼ਾਈ ਪੁਨਰਗਠਨ ਦੇ ਨਤੀਜੇ ਵਜੋਂ ਹੋਂਦ ਵਿਚ ਆਇਆ।੨੩ ਹਜੂਰ ਸਾਹਿਬ ਦਸਮ ਪਾਤਸ਼ਾਹ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰਿਆਈ ਸੌਂਪ ਕੇ ਆਪਣੀ ਸੰਸਾਰ ਯਾਤਰਾ ਪੂਰੀ ਕੀਤੀ ਸੀ। ਨਾਂਦੇੜ ਸਾਹਿਬ ਦੇ ਸਟੇਸ਼ਨ ਤੋਂ ਡੇਢ ਕਿਲੋਮੀਟਰ ਦੂਰੀ ‘ਤੇ ਮੌਜੂਦ ਇਹ ਪਵਿੱਤਰ ਅਸਥਾਨ ਸਿੱਖ ਧਰਮ ਦੇ ਪੰਜ ਤਖ਼ਤਾਂ ਵਿੱਚੋਂ ਇਕ ਤਖ਼ਤ ਵਜੋਂ ਸਥਾਪਿਤ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇਸ ਅਸਥਾਨ ਉਪਰ ਆਗਮਨ ਵੇਲੇ ਇਸ ਥਾਂ ਦਾ ਮਾਲਕ ਇਕ ਮੁਸਲਮਾਨ ਸੀ। ਦਸਮ ਪਾਤਸ਼ਾਹ ਨੇ ਇਸ ਅਸਥਾਨ ਦੇ ਚਾਰੇ ਪਾਸੇ ਇਕ ਜੋਜਨ ਤਕ ਜਮੀਨ ਮੁੱਲ ਖਰੀਦੀ ਸੀ ਅਤੇ ਉਸ ਮੁਸਲਮਾਨ ਨੂੰ ਇਸ ਥਾਂ ਦੇ ਬਦਲੇ ਮੋਹਰਾਂ ਭੇਟ ਕੀਤੀਆਂ ਸੀ। ਭਾਈ ਸੰਤੋਖ ਸਿੰਘ ਨੇ ਇਸ ਦਾ ਜ਼ਿਕਰ ਇਉਂ ਕੀਤਾ ਹੈ:
ਇਕ ਜੋਜਨ ਲਗਿ ਗੁਰੂ ਸਥਾਨਾ।ਕੋ ਨ ਕਰੈ ਦਾਵਾ ਲਿਹੁ ਜਾਨਾ।
ਸਗਰੇ ਨਗਰ ਪ੍ਰਗਟ ਭੀ ਗਾਥਾ।ਭੂਮਿ ਮੋਲ ਲੀਨਸਿ ਗੁਰ ਨਾਥਾ॥੭॥
ਜਦੋਂ ਦਸਮ ਪਾਤਸ਼ਾਹ ਜੀ ਨਾਂਦੇੜ ਵਿਚ ਰਹਿ ਰਹੇ ਸੀ ਤਾਂ ਇਕ ਦਿਨ ਸਰਹੰਦ ਦੇ ਨਵਾਬ ਵਜੀਰ ਖਾਂ ਵੱਲੋਂ ਗੁਰੂ ਜੀ ਨੂੰ ਕਤਲ ਕਰਨ ਲਈ ਭੇਜੇ ਦੋ ਪਠਾਣਾਂ ਵਿੱਚੋਂ ਇਕ ਨੇ ਮੌਕਾ ਦੇਖ ਕੇ ਗੁਰੂ ਜੀ ਦੀ ਵੱਖੀ ਵਿਚ ਕਟਾਰ ਨਾਲ ਵਾਰ ਕਰ ਦਿੱਤਾ ਸੀ।ਗੁਰੂ ਸਾਹਿਬ ਨੇ ਵੀ ਕਿਰਪਾਨ ਨਾਲ ਉਸ ਨੂੰ ਉੱਥੇ ਹੀ ਚਿਤ ਕਰ ਦਿੱਤਾ ਅਤੇ ਉਸਦੇ ਦੂਜੇ ਸਾਥੀ ਨੂੰ ਸਿੰਘਾਂ ਨੇ ਢੇਰ ਕਰ ਦਿੱਤਾ ਸੀ। ਸ਼ਹਿਰ ਦੇ ਇਕ ਸਿਆਣੇ ਜੱਰਾਹ ਨੇ ਗੁਰੂ ਜੀ ਦੇ ਜ਼ਖ਼ਮ ਨੂੰ ਸਾਫ਼ ਕਰ ਕੇ ਟਾਂਕੇ ਲਗਾ ਦਿੱਤੇ ਸੀ:
ਯਹ ਬਚ ਸੁਨੇ ਖਲਸਾ ਜਬੈ।ਧੋਆ ਘਾਉ ਨਾਥ ਕਾ ਸਬੈ।
ਸੂਈ ਧਾਗਾ ਰੇਸਮ ਮਾਹੀ। ਸੀਤਾ ਜਖਮ ਪ੍ਰਭੂ ਕਾ ਆਹੀ।੪੬।੨੫
ਕੁਝ ਹੀ ਦਿਨਾਂ ਵਿਚ ਜਖ਼ਮ ਰਾਜ਼ੀ ਹੋ ਗਿਆ। ਇਕ ਦਿਨ ਇਕ ਸਿੱਖ ਦੀ ਭੇਟ ਕੀਤੀ ਕਮਾਨ ਦਾ ਚਿੱਲਾ ਚੜਾਉਂਦਿਆਂ ਜ਼ਖ਼ਮ ਮੁੜ ਖੁਲ੍ਹ ਗਿਆ। ਜਿਸ ਨੂੰ ਮੁੜ ਟਾਂਕੇ ਲਾਉਣ ਤੋਂ ਗੁਰੂ ਸਾਹਿਬ ਨੇ ਸੰਗਤ ਨੂੰ ਵਰਜ ਦਿੱਤਾ ਤੇ ਕਿਹਾ ਹੁਣ ਸਾਡੇ ਸੱਚਖੰਡ ਗਮਨ ਦਾ ਸਮਾਂ ਨੇੜੇ ਆ ਗਿਆ ਹੈ। ਮੌਜੂਦਾ ਸੱਚਖੰਡ ਸਾਹਿਬ ਵਾਲੇ ਪਵਿੱਤਰ ਅਸਥਾਨ ਉੱਤੇ ਆਪ ਨੇ ਤਖ਼ਤ ਸਜਾਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਮੰਗਵਾ ਕੇ ਤਖ਼ਤ ਉੱਤੇ ਪ੍ਰਕਾਸ਼ ਕੀਤਾ। ੪ ਅਕਤੂਬਰ, ੧੭੦੮ ਈ. ਨੂੰ ਸੱਚਖੰਡ ਗਮਨ ਤੋਂ ਤਿੰਨ ਦਿਨ ਪਹਿਲਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਨਾਂਦੇੜ ਦੀ ਧਰਤੀ ਤੇ ਹੀ ਸ੍ਰੀ ਗੁਰੂ ਗੰਥ ਸਾਹਿਬ ਜੀ ਮਹਾਰਾਜ ਨੂੰ ਗੁਰਿਆਈ ਪ੍ਰਦਾਨ ਕੀਤੀ ਅਤੇ ਦੇਹਧਾਰੀ ਗੁਰੂ ਪਰੰਪਰਾ ਸਿੱਖ ਧਰਮ ਵਿੱਚੋਂ ਖਤਮ ਕਰ ਕੇ ਖਾਲਸਾ ਪੰਥ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ਬਦ ਗੁਰੂ’ ਮੰਨਣ ਦਾ ਹੁਕਮ ਦਿੱਤਾ।
ਪੈਸੇ ਪਾਂਚ ਨਸ਼ੇਰ ਲੈ ਤਿਸ ਅਗਰ ਟਿਕਾਯੋ।
ਕਰ ਪ੍ਰਕਰਮਾਂ ਗੁਰੂ ਜੀ ਨਿਜ ਮਾਥ ਝੁਕਾਯੋ।
ਗੁਰੂ ਗ੍ਰੰਥ ਕੋ ਗੁਰੂ ਥਾਪਿਓ ਕੁਣਕਾ ਬਟਵਾਯੋ।
ਸ੍ਰੀ ਮੁਖ ਤੈ ਸਭ ਸਿਖਨ ਕੋ ਇਮ ਹੁਕਮ ਸੁਣਾਯੋ।
ਤਥਾ ਹੀ ਸ੍ਰੀ ਮੁਖਵਾਕ ਦੋਹਰਾ
ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ।
ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੀੳ ਗ੍ਰੰਥ।
ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ।
ਜੋ ਪ੍ਰਭੁ ਕੋ ਮਿਲਬੋ ਚਹੇ ਖੋਜ ਸਬਦ ਮੈਂ ਲੇਹ।
ਗੁਰੂ ਸਾਹਿਬ ਨੇ ਸੰਗਤ ਨੂੰ ਹੁਕਮ ਕੀਤਾ ਕਿ ਖਾਲਸਾ ਜੀ ਸਾਡੇ ਤੋਂ ਪਿੱਛੋਂ ਵਿਰਲਾਪ ਨਹੀਂ ਕਰਨਾ, ਹਮੇਸ਼ਾ ਕੀਰਤਨ ਤੇ ਸਤਿਨਾਮ ਦਾ ਜਾਪ ਕਰਨਾ ਹੈ, ਪੂਰਨ ਰਹਿਤ ਵਿਚ ਰਹਿਣਾ ਹੈ, ਗੁਰੂ ਸਦਾ ਤੁਹਾਡੇ ਅੰਗ ਸੰਗ ਹੈ। ੭ ਅਕਤੂਬਰ, ੧੭੦੮ ਈ. ਨੂੰ ਗੁਰੂ ਜੀ ਜੋਤੀ ਜੋਤ ਸਮਾ ਗਏ ਸਨ।੨੮ ਸ੍ਰੀ ਗੁਰਸੋਭਾ’ ਮੁਤਾਬਕ ਇਹ ਸਮਾਂ ੭ ਅਕਤੂਬਰ, ੧੭੦੮ ਈ. ਦਾ ਸੀ:
ਸੰਮਤ ਸਤ੍ਹਾ ਸੈ ਭਏ ਪੈਂਸਠ ਬਰਖ ਪ੍ਰਮਾਨ
ਕਾਤਕ ਸੂਦ ਭਈ ਪੰਚਮੀ ਨਿਸ ਕਾਰਨ ਕਰਿ ਜਾਨ॥੩੭॥੮੦੨॥੨੯
ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਅੰਗੀਠੇ ਵਾਲੇ ਅਸਥਾਨ ਨੂੰ ਗੁਰੂ ਕੇ ਸਿੰਘਾਂ ਨੇ ਪੱਕਾ ਕਰਵਾਇਆ ਅਤੇ ਉੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ। ਜਿਸ ਥਾਂ ਉੱਤੇ ਗੁਰੂ ਸਾਹਿਬ ਦਾ ਅੰਗੀਠਾ ਤਿਆਰ ਕੀਤਾ ਗਿਆ, ਉੱਥੇ ਹੁਣ ਮੁੱਖ ਗੁਰੂ-ਧਾਮ ਬਣਿਆ ਹੋਇਆ ਹੈ, ਉਸ ਨੂੰ ‘ਤਖ਼ਤ ਸਾਹਿਬ’ ਵੀ ਕਿਹਾ ਜਾਂਦਾ ਹੈ। ਇਸ ਅਸਥਾਨ ਦੀ ਜਥੇਦਾਰੀ ਸਭ ਤੋਂ ਪਹਿਲਾਂ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਦੇ ਸਪੁਰਦ ਹੋਈ।ਇਨ੍ਹਾਂ ਤੋਂ ਬਾਅਦ ਭਾਈ ਸੰਤੋਖ ਸਿੰਘ ਨੂੰ ਜਥੇਦਾਰ ਥਾਪਿਆ ਗਿਆ ਸੀ। ਸੰਨ ੧੮੨੩ ਈ. ਦੇ ਨੇੜੇ-ਤੇੜੇ ਗੁਰੂ-ਧਾਮ ਦੀ ਵਿਵਸਥਾ ਹੈਦਰਾਬਾਦ ਰਿਆਸਤ ਦੇ ਦੀਵਾਨ ਰਾਜਾ ਚੰਦੂ ਲਾਲ ਨੇ ਉਦਾਸੀ ਸਾਧਾਂ ਦੇ ਹਵਾਲੇ ਕੀਤੀ ਅਤੇ ੫੨੫ ਏਕੜ ਜ਼ਮੀਨ ਗੁਰਦੁਆਰੇ ਦੇ ਨਾਂ ਲਗਵਾਈ। ਸੰਨ ੧੮੩੨ ਈ. ਵਿਚ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਤੋਂ ਮਿਸਤਰੀ ਭੇਜ ਕੇ ਗੁਰੂ-ਧਾਮ ਦੀ ਨਵੀਂ ਇਮਾਰਤ ਉਸਰਵਾਈ। ਨਾਭਾ, ਪਟਿਆਲਾ, ਕਪੂਰਥਲਾ, ਜੀਂਦ, ਤੇ ਫਰੀਦਕੋਟ ਦੇ ਰਾਜਿਆਂ ਨੇ ਵੀ ਇਸ ਅਸਥਾਨ ਦੀ ਸੇਵਾ ਵਿਚ ਪਿਆਰ ਤੇ ਸ਼ਰਧਾ ਦਿਖਾਈ ਸੀ। ਮੌਜੂਦਾ ਸਮੇਂ ਗਿਆਨੀ ਕੁਲਵੰਤ ਸਿੰਘ ਜੀ ਇਸ ਅਸਥਾਨ ਤੇ ਜਥੇਦਾਰੀ ਦੀ ਸੇਵਾ ਸੰਭਾਲ ਰਹੇ ਹਨ।
ਬੁੰਗਾ ਮਾਤਾ ਭਾਗ ਕੌਰ
ਬੁੰਗਾ ਮਾਤਾ ਭਾਗ ਕੌਰ ਸੱਚਖੰਡ ਦੇ ਪਰਿਸਰ ਵਿਚ ਹੀ ਦਰਸ਼ਨੀ ਡਿਉਢੀ ਵੱਲੋਂ ਜਾਂਦਿਆਂ, ਤਖ਼ਤ ਸੱਚਖੰਡ ਸਾਹਿਬ ਦੇ ਨਾਲ ਹੀ ਸੱਜੇ ਪਾਸੇ ਮੌਜੂਦ ਹੈ। ਇਸ ਅਸਥਾਨ ਉੱਪਰ ਮਾਤਾ ਭਾਗ ਕੌਰ ਜੀ ਦੇ ਪੁਰਾਤਨ ਸ਼ਸਤਰ ਸੰਭਾਲੇ ਹੋਏ ਹਨ। ਜਿਨ੍ਹਾਂ ਨਾਲ ਉਹ ਜੰਗ ਕਰਦੇ ਰਹੇ ਸਨ। ਇਨ੍ਹਾਂ ਵਿਚ ਇਕ ਵੱਡੀ ਬੰਦੂਕ, ਇਕ ਤੋਪ ਅਤੇ ਕੁਝ ਹੋਰ ਸ਼ਸਤਰ ਸੰਗਤ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ। ਮਾਤਾ ਭਾਗ ਕੌਰ ਪੰਜਾਬ ਦੇ ਪਿੰਡ ਝਬਾਲ ਦੇ ਰਹਿਣ ਵਾਲੇ ਸੀ। ਸ੍ਰੀ ਮੁਕਤਸਰ ਦੇ ਜੰਗ ਵਿਚ ਬੜੀ ਬਹਾਦਰੀ ਨਾਲ ਇਨ੍ਹਾਂ ਨੇ ਮੁਗਲਾਂ ਦਾ ਟਾਕਰਾ ਕਰ ਕੇ, ਸ੍ਰੀ ਗੁਰੂ ਗੋਬਿੰਦ ਸਿੰਘ ਦਾ ਸਾਥ ਦਿੱਤਾ ਸੀ। ਮਾਤਾ ਭਾਗ ਕੌਰ ਤਲਵੰਡੀ ਸਾਬੋ ਵਿਚ ਗੁਰੂ ਸਾਹਿਬ ਦੇ ਨਾਲ ਹੀ ਫੌਜ ਵਿਚ ਰਹੇ ਸੀ ਅਤੇ ਦੱਖਣ ਵੱਲ ਜਾਣ ਵੇਲੇ ਵੀ ਨਾਂਦੇੜ ਸਾਹਿਬ ਗੁਰੂ ‘ ਜੀ ਨਾਲ ਇੱਥੇ ਹੀ ਆਏ ਸੀ। ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ ਮਾਤਾ ਭਾਗ ਕੌਰ ਬਿਦਰ ਦੇ ਇਲਾਕੇ ਵਿਚ ਜਨਵਾੜੇ ਦੇ ਆਸ-ਪਾਸ ਸਿੱਖ ਧਰਮ ਦਾ ਪ੍ਰਚਾਰ ਕਰਦੇ ਰਹੇ ਸੀ। ਪਿੰਡ ਜਨਵਾੜਾ (ਕਰਨਾਟਕਾ) ਵਿਚ ਉਨ੍ਹਾਂ ਦੀ ਯਾਦ ਵਿਚ ਗੁਰਦੁਆਰਾ ਮਾਤਾ ਭਾਗ ਕੌਰ ਬਣਿਆ ਹੋਇਆ ਹੈ, ਇੱਥੇ ਉਨ੍ਹਾਂ ਨੇ ਅੰਤਿਮ ਸਵਾਸ ਤਿਆਗੇ ਅਤੇ ਉਨ੍ਹਾਂ ਦਾ ਸਸਕਾਰ ਵੀ ਇਥੇ ਹੀ ਹੋਇਆ ਸੀ। ਮਾਤਾ ਭਾਗੋ ਜੀ ਨੇ ਭਾਵੇਂ ਕਿ ਜਨਵਾੜੇ (ਕਰਨਾਟਕਾ) ਸਰੀਰ ਤਿਆਗਿਆ ਪਰ ਉਨ੍ਹਾਂ ਦੇ ਫੁੱਲ ਇੱਥੇ ਨਾਂਦੇੜ ਵਿਚ ਲਿਆਂਦੇ ਗਏ। ਜਿਸ ਥਾਂ ਉਹਨਾਂ ਦਾ ਨਿਵਾਸ ਸੀ। ਨਾਂਦੇੜ ਸਾਹਿਬ ਜਿਸ ਅਸਥਾਨ ’ਤੇ ਮਾਤਾ ਜੀ ਰਹਿੰਦੇ ਸੀ, ਉਸ ਨੂੰ ਬੁੰਗਾ ਮਾਤਾ ਭਾਗੋ ਜੀ ਕਿਹਾ ਜਾਂਦਾ ਹੈ।
ਅੰਗੀਠਾ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ
ਤਖ਼ਤ ਸੱਚਖੰਡ ਦੇ ਪਰਿਸਰ ਵਿਚ, ਤਖ਼ਤ ਸੱਚਖੰਡ ਸਾਹਿਬ ਦੇ ਬਿਲਕੁਲ ਨਜ਼ਦੀਕ ਹੀ ਸੱਜੇ ਪਾਸੇ ਅੰਗੀਠਾ ਭਾਈ ਦਇਆ ਸਿੰਘ ਅਤੇ ਅੰਗੀਠਾ ਭਾਈ ਧਰਮ ਸਿੰਘ ਦੇ ਅਸਥਾਨ ਹਨ। ਸ੍ਰੀ ਗੁਰੂ ਗੋਬਿੰਦ ਸਿੰਘ ਦੇ ਪੰਜ ਪਿਆਰਿਆਂ ਵਿੱਚੋਂ ਦੋ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਜੰਗਾਂ ਯੁੱਧਾਂ ਵਿਚ ਜੂਝਦੇ ਹੋਏ ਆਖਰੀ ਸਮੇਂ ਗੁਰੂ ਸਾਹਿਬ ਜੀ ਨਾਲ ਨਾਂਦੇੜ ਦੀ ਧਰਤੀ ’ਤੇ ਪਹੁੰਚੇ ਸੀ। ਔਰੰਗਜ਼ੇਬ ਨੂੰ ਜ਼ਫ਼ਰਨਾਮਾ ਭੇਜਣ ਲਈ ਗੁਰੂ ਸਾਹਿਬ ਨੇ ਆਪਣੇ ਵਿਸ਼ਵਾਸ ਪਾਤਰ ਭਾਈ ਦਇਆ ਸਿੰਘ ਤੇ ਭਾਈ ਧਰਮ ਸਿੰਘ ਦੀ ਹੀ ਚੋਣ ਕੀਤੀ ਸੀ। ਗੁਰੂ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਸਿੱਖ ਧਰਮ ਦਾ ਪ੍ਰਚਾਰ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਕਰਦੇ ਹੋਏ, ਇਨ੍ਹਾਂ ਨੇ ਵੀ ਨਾਂਦੇੜ ਸਾਹਿਬ ਵਿਚ ਹੀ ਆਪਣੀ ਸੰਸਾਰ ਯਾਤਰਾ ਪੂਰੀ ਕੀਤੀ ਸੀ। ਅੰਗੀਠਾ ਭਾਈ ਦਇਆ ਸਿੰਘ ਅਤੇ ਅੰਗੀਠਾ ਭਾਈ ਧਰਮ ਸਿੰਘ ਦੇ ਅਸਥਾਨ ਮਾਈ (ਮਾਤਾ ਭਾਗ ਕੌਰ) ਦੇ ਬੁੰਗੇ ਵਿਚ ਬਣੇ ਹੋਏ ਸਨ।
ਗੁਰਦੁਆਰਾ ਗੋਬਿੰਦ ਬਾਗ ਸਾਹਿਬ
ਗੁਰਦੁਆਰਾ ਗੋਬਿੰਦ ਬਾਗ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦੀ ਪਵਿੱਤਰ ਯਾਦ ਨਾਲ ਸੰਬੰਧਿਤ ਇਤਿਹਾਸਿਕ ਅਸਥਾਨ ਹੈ। ਇਹ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ੫ ਨੰਬਰ ਗੇਟ ਤੋਂ ਕੁਝ ਹੀ ਦੂਰੀ ‘ਤੇ ਗੋਬਿੰਦ ਬਾਗ ਰੋਡ ਉਪਰ ਸਥਿਤ ਹੈ।ਇਸ ਇਤਿਹਾਸਿਕ ਅਸਥਾਨ ਦੀ ਸਾਰੀ ਵਿਵਸਥਾ ਗੁਰਦੁਆਰਾ ਸੱਚਖੰਡ ਬੋਰਡ ਦੇ ਅਧੀਨ ਹੈ। ਇਸ ਜਗ੍ਹਾ ‘ਤੇ ਗੁਰੂ ਪਾਤਸ਼ਾਹ ਸਮੇਂ ਘਣਾ ਜੰਗਲ ਸੀ। ਅੰਮ੍ਰਿਤ ਵੇਲੇ ਦੀ ਮਰਿਆਦਾ ਤੋਂ ਬਾਅਦ ਗੁਰੂ ਪਾਤਸ਼ਾਹ ਸਵੇਰ ਦਾ ਕੁਝ ਸਮਾਂ ਇੱਥੇ ਹੀ ਗੁਜ਼ਾਰਦੇ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਦਾ ਜੋਤੀ ਜੋਤ ਸਮਾਉਣ ਸਮੇਂ ਚਿਖਾ ਦੇ ਲਈ ਚੰਦਨ ਦੀਆਂ ਲੱਕੜੀਆਂ ਇੱਥੋਂ ਹੀ ਲਿਆਂਦੀਆਂ ਸਨ। ਇਸ ਪਾਵਨ ਅਸਥਾਨ ਨੂੰ ਗੋਬਿੰਦ ਬਾਗ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਸੰਨ ੨੦੦੮ ਵਿਚ ਇਸ ਜਗ੍ਹਾਂ ਉੱਪਰ “੮ ਏਕੜ ਵਿਚ ਬਹੁਤ ਖ਼ੂਬਸੂਰਤ ਗੋਬਿੰਦ ਬਾਗ ਬਣਾਇਆ ਗਿਆ ਹੈ ਜਿਹਦੇ ਵਿਚ ਸੰਗੀਤਕ ਫੁਹਾਰਿਆਂ ਨਾਲ ਸ਼ਿੰਗਾਰਿਆ ਹੋਇਆ ਅਤੇ ਖ਼ੇਜ਼ਰ-ਵੀਡੀਓ ਟੈਕਨਾਲੋਜੀ ਦੀ ਵਰਤੋਂ ਨਾਲ ਤਿਆਰ ਕੀਤਾ ਇਕ ਬਹੁਤ ਖੂਬਸੂਰਤ “ਲ਼ੇਜ਼ਰ ਸ਼ੋਅ” ਆਪਣੇ ਆਪ ਵਿਚ ਕਿਸੇ ਅਜੂਬੇ ਤੋਂ ਘੱਟ ਨਹੀ ਹੈ। ਜਿੱਥੋਂ ਗੁਰੂ ਪਾਤਸ਼ਾਹਾਂ ਦਾ ਇਕ ਪਰਮਾਤਮਾ ਅਤੇ ਸਾਂਝੇ ਭਾਈਚਾਰੇ ਦਾ ਸੰਦੇਸ਼ ਦੁਨੀਆ ਨੂੰ ਦਿੱਤਾ ਜਾ ਰਿਹਾ ਹੈ।” ਇਸ ਲ਼ੇਜਰ ਸ਼ੋਅ ਨੂੰ ਹਰ ਰੋਜ ਸ਼ਾਮ ੭:੩੦ ਵਜੇ ਦਿਖਾਇਆ ਜਾਂਦਾ ਹੈ, ਜਿਸ ਦੀ ਪ੍ਰਦਰਸ਼ਨੀ ੫੦ ਮਿੰਟ ਦੀ ਹੁੰਦੀ ਹੈ।
ਗੁਰਦੁਆਰਾ ਲੰਗਰ ਸਾਹਿਬ
ਗੁਰਦੁਆਰਾ ਲੰਗਰ ਸਾਹਿਬ ਤਖ਼ਤ ਸੱਚਖੰਡ ਸਾਹਿਬ ਤੋਂ ਲਗਪਗ ਅੱਧਾ ਕਿਲੋਮੀਟਰ ਦੀ ਦੂਰੀ ‘ਤੇ ਗੁਰਦੁਆਰਾ ਨਗੀਨਾ ਘਾਟ ਸਾਹਿਬ ਦੇ ਨਜ਼ਦੀਕ, ਗੋਦਾਵਰੀ ਨਦੀ ਦੇ ਕੰਢੇ ਸੁਸ਼ੋਭਿਤ ਹੈ। ਇਸ ਅਸਥਾਨ ਨੂੰ ਡੇਰਾ ਸੰਤ ਬਾਬਾ ਨਿਧਾਨ ਸਿੰਘ ਜੀ ਵੀ ਕਿਹਾ ਜਾਂਦਾ ਹੈ। ਸੰਤ ਬਾਬਾ ਨਿਧਾਨ ਸਿੰਘ ਨਡਾਲੋ (ਪੰਜਾਬ) ਵਾਲਿਆਂ ਦੀ ਪਵਿੱਤਰ ਯਾਦ ਨੂੰ ਤਾਜ਼ਾ ਕਰਵਾ ਰਿਹਾ, ਇਹ ਅਸਥਾਨ ਵਿਸ਼ਵ ਭਰ ਵਿਚ ਗੁਰਦੁਆਰਾ ਲੰਗਰ ਸਾਹਿਬ ਦੇ ਨਾਂ ਨਾਲ ਪ੍ਰਸਿੱਧ ਹੈ। ਇਸ ਅਸਥਾਨ ਦੀ ਸਾਰੀ ਕਾਰਗੁਜ਼ਾਰੀ ਮੌਜੂਦਾ ਸਮੇਂ ਵਿਚ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ (ਕਾਰ ਸੇਵਾ) ਵਾਲੇ ਚਲਾ ਰਹੇ ਹਨ। ਬਾਬਾ ਨਿਧਾਨ ਸਿੰਘ ਜੀ ਫੌਜ ਦੀ ਨੌਕਰੀ ਵਿੱਚੋਂ ਆਪਣਾ ਨਾਂ ਕਟਵਾ ਕੇ, ਨਾਂਦੇੜ ਸਾਹਿਬ ਪਹੁੰਚ ਕੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਨੂੰ ਆਉਣ ਵਾਲੀ ਸੰਗਤ ਦੀ ਸੇਵਾ ਕਰਨ ਲੱਗੇ। ਇੱਥੇ ਬਾਬਾ ਨਿਧਾਨ ਸਿੰਘ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਤੱਖ ਬਚਨ ਹੋਏ ਸਨ। ਸੇਵਕ ਨਿਸ਼ਕਾਮ ਸੇਵਾ ਕਰ। ਖੀਸਾ ਮੇਰਾ ਹੱਥ ਤੇਰਾ।੩੫ ਜਿਸ ਜਗ੍ਹਾ’ ਤੇ ਹੁਣ ਤੇ ਸੰਤ ਬਾਬਾ ਨਿਧਾਨ ਸਿੰਘ ਜੀ ਦਾ ਲੰਗਰ ਚੱਲ ਰਿਹਾ ਹੈ ਅਤੇ ਗੁਰਦੁਆਰਾ ਸਾਹਿਬ ਹੈ, ਇਹ ਭਿਆਨਕ ਜੰਗਲ ਸੀ, ਨੇੜੇ ਕੋਈ ਅਬਾਦੀ ਨਹੀਂ ਸੀ।੬ ਇਸ ਅਸਥਾਨ ਉੱਪਰ ਆ ਕੇ ਬਾਬਾ ਨਿਧਾਨ ਸਿੰਘ ਨੇ ਗੁਰੂ ਜੀ ਦੇ ਹੁਕਮ ਨਾਲ ਮੁੜ ਸੇਵਾ ਆਰੰਭ ਕਰ ਦਿੱਤੀ। ਆਪ ਅਰੰਭ ਵਿਚ ਆਈਆਂ ਕੁਝ ਕਠਿਨਾਈਆਂ ਦੇ ਬਾਵਜੂਦ ਇੱਥੇ ਟਿਕ ਕੇ ਨਿਸ਼ਕਾਮ ਸੇਵਾ ਕਰਦੇ ਰਹੇ ਸੀ।
ਸਮਾਂ ਪਾ ਕੇ ਆਪ ਦਾ ਮਾਣ ਸਤਿਕਾਰ ਤੇ ਪ੍ਰਤਾਪ ਵਧਣ ਲੱਗਾ। ਆਪ ਜੀ ਕੇ ਅਨੇਕਾਂ ਗੁਰਧਾਮਾਂ ਗੁਰਦੁਆਰਾ ਲੰਗਰ ਸਾਹਿਬ, ਗੁਰਦੁਆਰਾ ਗੁਪਤਸਰ ਸਾਹਿਬ, ਗੁਰਦੁਆਰਾ ਰਤਨਗੜ੍ਹ ਸਾਹਿਬ, ਗੁਰਦੁਆਰਾ ਸੰਤ ਦੀਵਾਨ ਸਿੰਘ ਨਿਡਾਲਾ ਤੇ ਹੋਰ ਗੁਰਧਾਮਾਂ ਦੀ ਸੇਵਾ ਕੀਤੀ। ਜਿਸ ਨਾਲ ਸਿੱਖੀ ਪ੍ਰਚਾਰ ਤੇ ਗੁਰਦੁਆਰਾ ਲੰਗਰ ਸਾਹਿਬ ਦੀ ਸੋਭਾ ਵਧਦੀ ਗਈ। ਸੰਤ ਬਾਬਾ ਬਿਧਾਨ ਸਿੰਘ ਜੀ ਤੋਂ ਬਾਅਦ ਸੰਤ ਬਾਬਾ ਹਰਨਾਮ ਸਿੰਘ, ਸੰਤ ਬਾਬਾ ਆਤਮਾ ਸਿੰਘ, ਸੰਤ ਬਾਬਾ ਸ਼ੀਸ਼ਾ ਸਿੰਘ ਜੀ ਸਥਾਪਿਤ ਮਰਯਾਦਾ ਅਨੁਸਾਰ ਸੇਵਾ ਕਰਦੇ ਰਹੇ ਸਨ। ਜਿਨ੍ਹਾਂ ਦੇ ਸਮੇਂ ਵਿਚ ਗੁਰਦੁਆਰਾ ਲੰਗਰ ਸਾਹਿਬ ਨੇ ਵਿਸ਼ਵ ਪੱਧਰ ਤੇ ਸੇਵਾ ਦਾ ਸਾਕਾਰ ਰੂਪ ਧਾਰਿਆ ਅਤੇ ਬਹੁਤ ਸਾਰੇ ਗੁਰਧਾਮਾਂ ਦੀ ਸੇਵਾ ਕਰਵਾਈ। ਮੌਜੂਦਾ ਸਮੇਂ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ ਮਰਯਾਦਾ ਦੇ ਅਨੁਸਾਰ ਸੇਵਾ ਨਿਭਾਅ ਰਹੇ ਹਨ। ਇਹ ਗੁਰਦੁਆਰਾ ਬਾਬਾ ਨਿਧਾਨ ਸਿੰਘ ਨੇ ੨੦ਵੀਂ ਸਦੀ ਦੇ ਤੀਜੇ ਦਹਾਕੇ ਵਿਚ ਉਸਾਰਿਆ ਸੀ ਅਤੇ ਇਸ ਦੀ ਉਸਾਰੀ ਦਾ ਮੁੱਖ ਉਦੇਸ਼ ਯਾਤ੍ਰੀਆਂ ਲਈ ਲੰਗਰ ਦੀ ਸੇਵਾ ਕਰਨੀ ਸੀ।
ਗੁਰੂ ਸਾਹਿਬ ਦੇ ਹੁਕਮ ਨਾਲ ਬਾਬਾ ਨਿਧਾਨ ਸਿੰਘ ਦਾ ਅਰੰਭ ਕੀਤਾ ਲੰਗਰ-ਅਸਥਾਨ ਅੱਜ ਯਾਤਰੀਆਂ ਨੂੰ ਜਿੱਥੇ ੨੪ ਘੰਟੇ ਅਤੁੱਟ ਲੰਗਰ ਵਰਤਾਉਂਦਾ ਹੈ, ਉੱਥੇ ਸੰਗਤ ਦੇ ਠਹਿਰਣ ਲਈ ਖੁੱਲੇ, ਸਾਫ਼-ਸੁਥਰੇ, ਹਵਾਦਾਰ, ਰਿਹਾਇਸ਼ੀ ਕਮਰਿਆਂ ਅਤੇ ਯਾਤਰੀ ਨਿਵਾਸਾਂ ਦਾ ਬਹੁਤ ਸੁਚੱਜਾ ਪ੍ਰਬੰਧ ਹੈ। ਮਰੀਜ਼ਾਂ ਦੇ ਇਲਾਜ ਵਾਸਤੇ ਗੁਰਦੁਆਰਾ ਲੰਗਰ ਸਾਹਿਬ ਵੱਲੋਂ ਸੰਤ ਬਾਬਾ ਨਿਧਾਨ ਸਿੰਘ ਜੀ ਮੈਮੋਰੀਅਲ ਹਸਪਤਾਲ, ਨਾਂਦੇੜ ਵੀ ਚਲਾਇਆ ਜਾ ਰਿਹਾ ਹੈ। ਮੌਜੂਦਾ ਸਮੇਂ ਬਾਬਾ ਨਿਧਾਨ ਸਿੰਘ ਜੀ ਇੰਟਰਨੈਸ਼ਨਲ ਸੁਸਾਇਟੀ ਵੱਲੋਂ ਸਿੱਖ ਧਰਮ ਦੇ ਪ੍ਰਚਾਰ, ਗੁਰਦੁਆਰਾ ਲੰਗਰ ਸਾਹਿਬ ਅਤੇ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਦੇ ਵਿਕਾਸ ਲਈ ਸ਼ਲਾਘਾਯੋਗ ਕਾਰਜ ਕੀਤੇ ਜਾ ਰਹੇ ਹਨ।
ਗੁਰਦੁਆਰਾ ਰਤਨਗੜ੍ਹ ਸਾਹਿਬ
ਗੁਰਦੁਆਰਾ ਰਤਨਗੜ੍ਹ ਸਾਹਿਬ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ੧੪ ਕਿਲੋਮੀਟਰ ਦੂਰੀ ‘ਤੇ ਗੋਦਾਵਰੀ ਨਦੀ ਤੋਂ ਪਾਰ ਨਾਂਦੇੜ ਸ਼ਹਿਰ ਦੇ ਬਾਹਰ ਦੱਖਣ-ਪੱਛਮ ਦਿਸ਼ਾ ਵੱਲ, ਗੁਰਦੁਆਰਾ ਨਾਨਕਸਰ ਸਾਹਿਬ ਰੋਡ ਉੱਪਰ, ਪਹਾੜੀਆਂ ਵਿਚ ਸਥਿਤ ਹੈ। ਇਸ ਗੁਰਦੁਆਰਾ ਸਾਹਿਬ ਦਾ ਸਾਰਾ ਪ੍ਰਬੰਧ ਗੁਰਦੁਆਰਾ ਲੰਗਰ ਸਾਹਿਬ (ਕਾਰ ਸੇਵਾ) ਦੇ ਅਧੀਨ ਹੈ। ਗੁਰਦੁਆਰੇ ਦੇ ਇਤਿਹਾਸ ਵਿਚ ਇਹ ਕਿਹਾ ਜਾਂਦਾ ਹੈ ਕਿ ਇਸ ਅਸਥਾਨ ਉੱਪਰ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸੱਚਖੰਡ ਗਮਨ ਤੋਂ ਬਾਅਦ ਆਪਣੇ ਇਕ ਸ਼ਰਧਾਲੂ ਉਦਾਸੀ ਸੰਤ ਰਤਨ ਸਿੰਘ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਸੀ ਅਤੇ ਉਸਨੂੰ ਹੁਕਮ ਕੀਤਾ ਸੀ ਕਿ ਆਪ ਸਾਡੇ ਸੱਚਖੰਡ ਵਾਲੇ ਅਸਥਾਨ ‘ਤੇ ਜਾ ਕੇ ਖਾਲਸਾ ਸੰਗਤ ਨੂੰ ਸਾਡਾ ਹੁਕਮ ਸੁਣਾਉ ਕਿ ਖਾਲਸੇ ਨੇ ਵਿਰਲਾਪ ਨਹੀਂ ਕਰਨਾ, ਅਕਾਲ ਪੁਰਖ ਦੀ ਯਾਦ ਵਿਚ ਕੀਰਤਨ ਅਤੇ ਸਤਿਨਾਮ ਦਾ ਜਾਪ ਕਰਨਾ ਹੈ, ਗੁਰੂ ਸਾਹਿਬ ਸਦਾ ਤੁਹਾਡੇ ਅੰਗ ਸੰਗ ਹੈ। ਤਦ ਗੁਰੂ ਸਾਹਿਬ ਦਾ ਇਹ ਹੁਕਮ ਉਦਾਸੀ ਸੰਤ ਨੇ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਵਾਲੇ ਅਸਥਾਨ ਉੱਪਰ ਆ ਕੇ ਸਿੱਖ ਸੰਗਤ ਨੂੰ ਸੁਣਾਇਆ ਸੀ। ਉਦਾਸੀ ਸੰਤ ਆਖ ਰਿਹਾ ਸੀ ਕਿ ਗੁਰੂ ਸਾਹਿਬ ਨੇ ਉਸ ਨੂੰ ਦਰਸ਼ਨ ਦਿੱਤੇ ਸਨ। ਉਹ ਨੀਲੇ ਕੁਮੈਤ ’ਤੇ ਸ਼ਸਤਰਧਾਰੀ ਹੋ ਕੇ ਕਿਧਰੇ ਜਾ ਰਹੇ ਸਨ।੯ ਉਸ ਸਮੇਂ ਸੰਗਤ ਨੇ ਜੈਕਾਰੇ ਗਜਾ ਦਿੱਤੇ। ਮੌਜੂਦਾ ਸਮੇਂ ਵਿਚ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ (ਕਾਰ ਸੇਵਾ) ਵਾਲੇ ਕਰਵਾ ਰਹੇ ਹਨ।
ਗੁਰਦੁਆਰਾ ਨਾਨਕਸਰ ਸਾਹਿਬ
ਗੁਰਦੁਆਰਾ ਨਾਨਕਸਰ ਸਾਹਿਬ ਦਾ ਪ੍ਰਬੰਧ ਗੁਰਦੁਆਰਾ ਲੰਗਰ ਸਾਹਿਬ ਦੇ ਅਧੀਨ ਹੈ। ਇਹ ਇਤਿਹਾਸਿਕ ਅਸਥਾਨ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੋਂ ਤਕਰੀਬਨ ੯ ਕਿਲੋਮੀਟਰ ਦੂਰੀ ‘ਤੇ ਗੋਦਾਵਰੀ ਨਦੀ ਤੋਂ ਪਾਰ ਨਾਂਦੇੜ ਸ਼ਹਿਰ ਦੇ ਬਾਹਰ ਦੱਖਣ-ਪੱਛਮ ਦਿਸ਼ਾ ਵੱਲ, ਗੁਰਦੁਆਰਾ ਨਾਨਕਸਰ ਸਾਹਿਬ ਰੋਡ ਉੱਤੇ ਸਥਿਤ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਆਮਦ ਦੀ ਯਾਦ ਤਾਜ਼ਾ ਕਰ ਰਿਹਾ ਹੈ। ਗੁਰੂ ਨਾਨਕ ਦੇਵ ਜੀ ਬਿਦਰ (ਕਰਨਾਟਕ) ਨੂੰ ਜਾਣ ਸਮੇਂ ਗੁਰਦੁਆਰਾ ਮਾਲਟੇਕੜੀ ਸਾਹਿਬ ਤੋਂ ਬਾਅਦ ਇੱਥੇ ਆ ਕੇ ਨੌ ਦਿਨ ਨੌ ਘੜੀਆਂ ਰੁਕੇ ਸੀ। ਇਸ ਅਸਥਾਨ ਉਪਰ ਗੁਰੂ ਸਾਹਿਬ ਨੇ ਇਲਾਕੇ ਦੀ ਸੰਗਤ ਨੂੰ ਗੁਰਮਤਿ ਦਾ ਉਪਦੇਸ਼ ਦਿੱਤਾ ਸੀ ਅਤੇ ਪਾਣੀ ਦੀ ਘਾਟ ਕਾਰਨ ਇਕ ਜਲ ਦਾ ਸੋਮਾ ਪ੍ਰਗਟ ਕੀਤਾ ਸੀ। ਇੱਥੇ ਹੀ ਗੁਰੂ ਜੀ ਨੇ ਇਕ ਕੋਹੜੀ ਨੂੰ ਜਲ ਦੇ ਸੋਮੇ ਤੋਂ ਇਸ਼ਨਾਨ ਕਰਵਾ ਕੇ ਉਸ ਦਾ ਕੋਹੜ ਦੂਰ ਕੀਤਾ ਸੀ। ਇਸ ਅਸਥਾਨ ਤੇ ਸਰੋਵਰ ਦੇ ਕੋਲ ਇਕ ਪੁਰਾਤਨ ਇਤਿਹਾਸਿਕ ਬੇਰੀ ਹੈ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਅਰੰਭ ਕਰਵਾਈ ਸੀ ਤਾਂ ਉਨ੍ਹਾਂ ਨੇ ਉਸ ਸਮੇਂ ਇਸ ਅਸਥਾਨ ਦੇ ਦਰਬਾਰ ਸਾਹਿਬ ਅਤੇ ਸਰੋਵਰ ਦੀ ਸੇਵਾ ਵੀ ਸ਼ੁਰੂ ਕਰਵਾਈ ਸੀ। ਬਾਅਦ ਵਿਚ ਇਹ ਸੇਵਾ ਬਾਬਾ ਨਿਧਾਨ ਸਿੰਘ ਅਤੇ ਬਾਬਾ ਸ਼ੀਸ਼ਾ ਸਿੰਘ ਜੀ ਨੇ ਕਰਵਾਈ ਸੀ। ਮੌਜੂਦਾ ਸਮੇਂ ਵਿਚ ਇਸ ਅਸਥਾਨ ਦੀ ਸੇਵਾ ਸੰਤ ਬਾਬਾ ਬਲਵਿੰਦਰ ਸਿੰਘ ਤੇ ਸੰਤ ਬਾਬਾ ਨਰਿੰਦਰ ਸਿੰਘ ਜੀ (ਕਾਰ-ਸੇਵਾ) ਵਾਲੇ ਕਰਵਾ ਰਹੇ ਹਨ
ਗੁਰਦੁਆਰਿਆਂ ਦਾ ਪ੍ਰਬੰਧ ਅਤੇ ਗੁਰਦੁਆਰਾ ਬੋਰਡ
ਸ਼ੁਰੂ ਵਿਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਅਤੇ ਨਾਂਦੇੜ ਸਾਹਿਬ ਦੇ ਹੋਰ ਇਤਿਹਾਸਿਕ ਗੁਰਦੁਆਰਿਆਂ ਦੀ ਸੇਵਾ- ਸੰਭਾਲ ਤੇ ਪ੍ਰਬੰਧ ਦਸਮ ਪਾਤਸ਼ਾਹ ਨਾਲ ਪੰਜਾਬ ਤੋਂ ਆਏ ਸਿੰਘ ਹੀ ਕਰਦੇ ਰਹੇ ਸੀ, ਜਿਨ੍ਹਾਂ ਨੂੰ ਗੁਰੂ ਪਾਤਸ਼ਾਹ ਦੇ ਹਜ਼ੂਰੀ ਸਿੰਘ ਕਿਹਾ ਜਾਂਦਾ ਹੈ। ਬਾਅਦ ਵਿਚ ਵੀ ਪੰਜਾਬ ਤੋਂ ਸਿੰਘ ਅਤੇ ਨਿਹੰਗ ਜਥੇਬੰਦੀਆਂ ਇਸ ਅਸਥਾਨ ਦੀ ਸੇਵਾ-ਸੰਭਾਲ ਤੇ ਪ੍ਰਬੰਧ ਲਈ ਜਾਂਦੇ ਰਹੇ ਸਨ। ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੀ ਸੇਵਾ ਆਰੰਭ ਕਰਵਾਈ ਸੀ ਤਾਂ ਬਹੁਤ ਸਾਰੇ ਸਿੰਘ ਇੱਥੇ ਹੀ ਟਿਕ ਕੇ ਸੇਵਾ ਕਰਨ ਲੱਗੇ। ਕਾਫੀ ਸਮਾਂ ਤਖ਼ਤ ਸੱਚਖੰਡ ਸਾਹਿਬ ਅਤੇ ਹੋਰ ਇਤਿਹਾਸਿਕ ਅਸਥਾਨਾਂ ਦਾ ਪ੍ਰਬੰਧ ਸਰਕਾਰ ਦੇ ਹੱਥਾਂ ਵਿਚ ਰਿਹਾ ਸੀ। ਗੁਰਦੁਅਰਿਆਂ ਨੂੰ ਸਰਕਾਰੀ ਹੱਥਾਂ ਵਿੱਚੋਂ ਅਜ਼ਾਦ ਕਰਵਾਉਣ ਲਈ ਇੱਥੋਂ ਦੇ ਹਜ਼ੂਰੀ ਖਾਲਸਾ ਅਤੇ ਨਿਹੰਗ ਜਥੇਬੰਦੀਆਂ ਨੇ ਹਮੇਸ਼ਾ ਅੱਗੇ ਹੋ ਕੇ ਕੁਰਬਾਨੀਆਂ ਕੀਤੀਆਂ। ਅੰਤ ਸਰਕਾਰ ਨੂੰ ਖਾਲਸਾ ਦੇ ਯਤਨਾਂ ਅੱਗੇ ਝੁਕਣਾ ਪਿਆ ਅਤੇ ਹੈਦਰਾਬਾਦ ਸਰਕਾਰ ਦੇ ਗਜ਼ਟ ਅਨੁਸਾਰ ਗੁਰਦੁਆਰਿਆਂ ਦੇ ਪ੍ਰਬੰਧ ਲਈ “੨੦ ਸਤੰਬਰ, ੧੯੫੬ ਈ. ਨੂੰ ‘ਨਾਂਦੇੜ ਸਿੱਖ ਗੁਰਦੁਆਰਾ ਐਕਟ’ ਪਾਸ ਕਰਕੇ ੧੭ ਮੈਂਬਰਾਂ ਦਾ ਇਕ ‘ਗੁਰਦੁਆਰਾ ਬੋਰਡ’ ਸਥਾਪਿਤ ਕੀਤਾ ਗਿਆ ਅਤੇ ਪੰਜ ਮੈਂਬਰਾਂ ਦੀ ਮੈਨੇਜਿੰਗ ਕਮੇਟੀ ਵੀ ਬਣਾ ਦਿੱਤੀ ਗਈ। ਜਿਸ ਅਨੁਸਾਰ ਤਖ਼ਤ ਸੱਚਖੰਡ ਸਾਹਿਬ ਤੇ ਹੋਰ ਇਤਿਹਾਸਿਕ ਗੁਰਦੁਆਰਿਆਂ ਦਾ ਪ੍ਰਬੰਧ ‘ਗੁਰਦੁਆਰਾ ਬੋਰਡ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ, ਨਾਂਦੇੜ” ਦੇ ਅਧੀਨ ਹੋ ਗਿਆ।
ਹਵਾਲੇ:
੧. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਹਿਲੀ, ਅਕਤੂਬਰ ੨੦੦੯, ਪੰਨਾ ੩੧੦.
੨. ਡਾ. ਪੀ. ਐਸ. ਪਸਰੀਚਾ, ਨਾਂਦੇੜ ਪਰਿਵਰਤਨ ਦਾ ਸਫ਼ਰ, ਪਹਿਲੀ ਵਾਰ ਅਕਤੂਬਰ ੨੦੧੧, ਪੰਨਾ 2.
੩. ਕਵੀ ਸੈਨਾਪਤਿ, ਸ੍ਰੀ ਗੁਰ ਸੋਭਾ, ਸੰਪਾਦਕ ਗੰਡਾ ਸਿੰਘ, ਤੀਜੀ ਵਾਰ ੧੯੮੮, ਪੰਨਾ ੧੬੪.
੪. ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ ਚੌਦਵੀਂ, ਦੂਜਾ ਐਡੀਸ਼ਨ ੨੦੧੧, ਪੰਨਾ ੬੨੩੭. ੫. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ੧੯੮੭, ਪੰਨਾ ੩੪੮,
੬. ਉਕਤ, ਪੰਨਾ ਉਹੀ।
੭. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਚੌਥੀ, ਸਤੰਬਰ ੨੦੧੦, ਪੰਨਾ ੧੪੧੨.
੮. ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ੨੦੦੫, ਪੰਨਾ ੧੦੨੦
੯. ਉਕਤ, ਪੰਨਾ ਉਹੀ।
੧੦. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਜਿਲਦ ਪਹਿਲੀ, ੨੦੦੯, ਪੰਨਾ ੪੦੭.
੧੧. ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ੨੦੦੫, ਪੰਨਾ ੧੦੨੧. ੧੨. ਸ਼ਬਦਾਰਥ ਸ੍ਰੀ ਗੁਰੂ ਗ੍ਰੰਥ ਸਾਹਿਬ, ਪੋਥੀ ਪਹਿਲੀ, ਅਕਤੂਬਰ ੨੦੦੯, ਪੰਨਾ ੧੮੬. ੧੩. ਡਾ. ਸੁਖਦਿਆਲ ਸਿੰਘ, ਖਾਲਸਾ ਪੰਥ ਦੇ ਪੰਜ ਤਖ਼ਤ, ਦੂਜੀ ਵਾਰ ੨੦੦੨, ਪੰਨਾ ੨੦੨ ੧੪. ਉਕਤ, ਪੰਨਾ ੧੮੮.
੧੫. ਅਕਾਲੀ ਕੌਰ ਸਿੰਘ, ਹਜ਼ੂਰੀ ਸਾਥੀ, ਪਹਿਲੀ ਵਾਰ ੧੯੩੪, ਪੰਨਾ ੭੮.
੧੬. ਗੰਡਾ ਸਿੰਘ, ਬੰਦਾ ਸਿੰਘ ਬਹਾਦੁਰ, ੨੦੦੮, ਪੰਨਾ ੧.
੧੭. ਉਕਤ, ਪੰਨਾ ੩.
੧੮. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ੧੯੮੭, ਪੰਨਾ ੩੩੯.
੧੯. ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ ਚੌਦਵੀਂ, ਦੂਜਾ ਐਡੀਸ਼ਨ ੨੦੧੧, ਪੰਨਾ ੬੨੮੭.
੨੦. ਅਕਾਲੀ ਕੌਰ ਸਿੰਘ, ਹਜ਼ੂਰੀ ਸਾਥੀ, ਪਹਿਲੀ ਵਾਰ ੧੯੩੪, ਪੰਨਾ ੬੬.
੨੧. ਭਾਈ ਸੁਖਾ ਸਿੰਘ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਸੰਪਾਦਨ ਗੁਰਸ਼ਰਨ ਕੌਰ ਜੱਗੀ, ਦੂਜੀ ਵਾਰ ੧੯੮੯, ਪੰਨਾ ੪੨੪.
੨੨. ਭਾਈ ਕਾਨ੍ਹ ਸਿੰਘ ਨਾਭਾ, ਗੁਰਸ਼ਬਦ ਰਤਨਾਕਰ ਮਹਾਨ ਕੋਸ਼, ਜਿਲਦ ਪਹਿਲੀ, ੨੦੦੯, ਪੰਨਾ ੧੫੮.
੨੩. ਅਮਨਪ੍ਰੀਤ ਸਿੰਘ (ਗਿੱਲ) ੧੭੦੮ ਦਸਮ ਗੁਰੂ ਦੀ ਦੱਖਣ ਫੇਰੀ, ਪਹਿਲੀ ਵਾਰ ਮਾਰਚ ੨੦੧੭, ਪੰਨਾ ੧੬੦.
੨੪. ਭਾਈ ਸੰਤੋਖ ਸਿੰਘ, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ, ਜਿਲਦ ਚੌਦਵੀਂ, ਦੂਜਾ ਐਡੀਸ਼ਨ ੨੦੧੧, ਪੰਨਾ ੬੨੪੦.
੨੫. ਭਾਈ ਸੁਖਾ ਸਿੰਘ, ਗੁਰਬਿਲਾਸ ਪਾਤਸ਼ਾਹੀ ਦਸਵੀਂ, ਸੰਪਾਦਨ ਗੁਰਸ਼ਰਨ ਕੌਰ ਜੱਗੀ, ਦੂਜੀ ਵਾਰ ੧੯੮੯, ਪੰਨਾ ੪੩੬. ੨੬. ਡਾ. ਪੀ. ਐਸ. ਪਸਰੀਚਾ, ਨਾਂਦੇੜ ਪਰਿਵਰਤਨ ਦਾ ਸਫ਼ਰ, ਪਹਿਲੀ ਵਾਰ ਅਕਤੂਬਰ ੨੦੧੧, ਪੰਨਾ ੭. ੨੭. ਗਿਆਨੀ ਗਿਆਨ ਸਿੰਘ, ਪੰਥ ਪ੍ਰਕਾਸ਼, ੧੯੮੭, ਪੰਨਾ ੩੫੩.
੨੮. ਡਾ. ਸੁਖਦਿਆਲ ਸਿੰਘ, ਖਾਲਸਾ ਪੰਥ ਦੇ ਪੰਜ ਤਖ਼ਤ, ਦੂਜੀ ਵਾਰ ੨੦੦੨,
, ਪੰਨਾ ੧੮੮. ੨੯. ਕਵੀ ਸੈਨਾਪਤਿ, ਸ੍ਰੀ ਗੁਰ ਸੋਭਾ, ਸੰਪਾਦਕ ਗੰਡਾ ਸਿੰਘ, ਤੀਜੀ ਵਾਰ ੧੯੮੮, ਪੰਨਾ ੧੬੯. ੩੦. ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਪਹਿਲਾ, ੨੦੦੫, ਪੰਨਾ ੩੯੪.
੩੧. ਉਕਤ, ਭਾਗ ਦੂਜਾ, ੨੦੦੫, ਪੰਨਾ ੧੦੨੦.
੩੨. ਰਾਜਦਵਿੰਦਰ ਸਿੰਘ ਕੱਲ੍ਹਾ, ਸਚਿੱਤਰ ਸੱਚਖੰਡ ਗੁਰਧਾਮ ਮਹਾਤਮ, ਪਹਿਲੀ ਵਾਰ ੧੯੯੮, ਪੰਨਾ ੬੧.
੩੩. ਡਾ. ਪੀ. ਐਸ. ਪਸਰੀਚਾ, ਨਾਂਦੇੜ ਪਰਿਵਰਤਨ ਦਾ ਸਫ਼ਰ, ਪਹਿਲੀ ਵਾਰ ਅਕਤੂਬਰ ੨੦੧੧, ਪੰਨਾ ੭੪.
੩੪. ਉਕਤ, ਪੰਨਾ ੩.
੩੫. ਪਰਮਜੀਤ ਸਿੰਘ ਸਰੋਆ, ਸੇਵਾ-ਸਿਮਰਨ ਦੀ ਮੂਰਤਿ ਸੰਤ ਬਾਬਾ ਨਿਧਾਨ ਸਿੰਘ (ਜੀਵਨ ਅਤੇ ਸਿਧਾਂਤਕ ਪੱਖ), ਪਹਿਲੀ ਵਾਰ ਸਤੰਬਰ ੨੦੦੮, ਪੰਨਾ ੪੩.
੩੬. ਡਾ. ਅਮਰਜੀਤ ਸਿੰਘ ਪਰਮਜੀਤ ਸਿੰਘ ਸਰੋਆ, ਬਾਬਾ ਨਿਧਾਨ ਸਿੰਘ ਜੀਵਨ ਤੇ ਯੋਗਦਾਨ, ਪਹਿਲੀ ਵਾਰ ਅਗਸਤ ੨੦੧੨, ਪੰਨਾ ੪੬.
੩੭. ਉਕਤ, ਪੰਨਾ ੩੭.
੩੮. ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ੨੦੦੫, ਪੰਨਾ ੧੦੨੧.
੩੯. ਅਮਨਪ੍ਰੀਤ ਸਿੰਘ (ਗਿਲ) ੧੭੦੮ ਦਸਮ ਗੁਰੂ ਦੀ ਦੱਖਣ ਫੇਰੀ, ਪਹਿਲੀ ਵਾਰ ਮਾਰਚ ੨੦੧੭, ਪੰਨਾ ੧੧.
੪੦. ਡਾ. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ੨੦੦੫, ਪੰਨਾ ੧੦੨੦,
