6 views 27 secs 0 comments

ਨਾਨਕ ਚਿੰਤਾ ਮਤਿ ਕਰਹੁ…

ਲੇਖ
October 06, 2025

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਚਿੰਤ, ਚਿੰਤਾ, ਚਿੰਦ, ਚਿੰਦਾ, ਸਹਸਾ, ਸੰਸਾ, ਅੰਦੇਸਾ, ਅੰਦੋਹ, ਸੋਚ ਆਦਿ ਸ਼ਬਦਾਂ ਦੀ ਵਰਤੋਂ ਮਨੁੱਖੀ ਮਨ ਦੀ ਭਟਕਣ ਵਾਲੀ ਦੁੱਖ-ਭਰੀ ਅਵਸਥਾ ਨੂੰ ਬਿਆਨਣ ਲਈ ਕੀਤੀ ਗਈ ਹੈ । ਚਿੰਤਾ ਮਨੁੱਖੀ ਮਨ ਦਾ ਇਕ ਅਟੁੱਟ ਹਿੱਸਾ ਹੈ ਅਤੇ ਇਹ ਆਦਿ-ਕਾਲ ਤੋਂ ਹੀ ਇਸ ਦੇ ਨਾਲ ਤੁਰੀ ਆ ਰਹੀ ਹੈ ।

ਚਿੰਤਾ-ਰੋਗ ਕੋਈ ਨਵਾਂ ਰੋਗ ਨਹੀਂ ਹੈ। ਗੁਰੂ ਨਾਨਕ ਸਾਹਿਬ ਜੀ ਦਾ ਪਵਿੱਤਰ ਕਥਨ ‘ਚਿੰਤਤ ਹੀ ਦੀਸੈ ਸਭੁ ਕੋਇ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਗੁਰੂ ਸਾਹਿਬ ਦੇ ਸਮੇਂ ਵੀ ਦੁਨੀਆਂ ਚਿੰਤਾ ਵਿਚ ਸੀ । ਭਗਤ ਕਬੀਰ ਜੀ ਮਨ ਨੂੰ ‘ਚਿੰਤਭਵਨ’ ਹੋ ਗਿਆ ਦਸਦੇ ਹਨ । ਮਹਾਤਮਾ ਬੁੱਧ ਜੀ ਨੇ ਸੰਸਾਰ ਵਿਚੋਂ ਦੁੱਖ ਅਤੇ ਚਿੰਤਾ ਨੂੰ ਖ਼ਤਮ ਕਰਨ ਦਾ ਬੀੜਾ ਚੁੱਕਿਆ ਸੀ । ਆਪ ਜੀ ਦਾ ਸਮੁੱਚਾ ਫ਼ਲਸਫਾ ‘ਚਿੰਤਾ’ ਦੇ ਆਲੇ-ਦੁਆਲੇ ਹੀ ਘੁੰਮਦਾ ਹੈ। ਭਾਗਵਦ ਗੀਤਾ ਵਿਚ ਸ੍ਰੀ ਕ੍ਰਿਸ਼ਨ ਜੀ ਅਰਜਨ ਨੂੰ ਫਲ ਦੀ ਚਿੰਤਾ ਨਾ ਕਰਨ ਦੀ ਸਿੱਖਿਆ ਦਿੰਦੇ ਹਨ । ਈਸਾ ਜੀ ਨੂੰ ਇਕ ਅਜਿਹੇ ਪੈਗੰਬਰ ਮੰਨਿਆ ਜਾਂਦਾ ਹੈ ਜੋ ਮਨੁੱਖਾਂ ਦੇ ਦੁੱਖ-ਦਰਦ ਨੂੰ ਦੂਰ ਕਰਨ ਲਈ ਹੀ ਇਸ ਧਰਤੀ ‘ਤੇ ਆਏ ਸਨ। ਜੀਵਨ ਦੁਖ-ਸੁਖ ਦਾ ਸੁਮੇਲ ਹੈ । ਦੁੱਖ ਦਾ ਮਿਲਣਾ ਅਤੇ ਸੁਖ ਦਾ ਨਾ ਮਿਲਣਾ ਦੋਵੇਂ ਹੀ ਮਨੁੱਖ ਨੂੰ ਦੁਖੀ ਕਰਦੇ ਹਨ। ਇਉਂ ਚਿੰਤਾਵਾਂ ਅਤੇ ਸੋਚਾਂ ਮਨੁੱਖ ਦੀ ਸਿਰਜਨਾ ਦੇ ਸਮੇਂ ਤੋਂ ਹੀ ਉਸ ਦੇ ਨਾਲ-ਨਾਲ ਹਨ।

ਅਜੋਕੇ ਸਮੇਂ ਵਿਚ ਚਿੰਤਾ ਵਿਸ਼ਾਲ ਅਤੇ ਤੀਬਰ ਰੂਪ ਅਖ਼ਤਿਆਰ ਕਰ ਗਈ ਹੈ । ਅੰਗਰੇਜ਼ੀ ਇਸ ਨੂੰ Tension ਅਤੇ ਹਿੰਦੀ ਵਿਚ ‘ਤਨਾਵ’ ਆਖਿਆ ਜਾ ਰਿਹਾ ਹੈ । ਮਨੁੱਖ ਨੇ ਕੁਦਰਤ ਵਿਚ ਮੌਜੂਦ ਪਏ ਰਹੱਸਾਂ ਨੂੰ ਖੋਜਣ ਦਾ ਭਰਪੂਰ ਜਤਨ ਕੀਤਾ ਹੈ । ਇਸ ਦੇ ਸਿੱਟੇ ਵਜੋਂ ਅਨੇਕਾਂ ਵਿਗਿਆਨਕ ਕਾਢਾਂ ਨਿਕਲੀਆਂ ਹਨ । ਮਨੁੱਖ ਦੀ ਜ਼ਿੰਦਗੀ ਸਹੂਲਤਾਂ ਨਾਲ ਭਰਪੂਰ ਹੋ ਗਈ ਹੈ । ਇਨ੍ਹਾਂ ਸਹੂਲਤਾਂ ਵਿਚ ਵਾਧਾ ਕਰਨ ਲਈ ਇਨ੍ਹਾਂ ਨੂੰ ਪ੍ਰਾਪਤ ਕਰਨ ਲਈ ਮਨੁੱਖ ਦੌੜ ਰਿਹਾ ਹੈ । ਉਸ ਦੀ ਇਸ ਦੌੜ ਨੇ ਉਸ ਦੀ ਜ਼ਿੰਦਗੀ ਨੂੰ ‘ਚਿੰਤਾ ਦਾ ਘਰ’ ਬਣਾ ਦਿੱਤਾ ਹੈ । ਉਹ ਸਿਰਫ ਆਪਣੇ ਸੁਖ ਲਈ ਹੀ ਨਹੀਂ ਦੌੜ ਰਿਹਾ ਸਗੋਂ ਇਸ ਲਈ ਵੀ ਦੌੜ ਰਿਹਾ ਹੈ ਕਿ ਦੂਜੇ ਉਸ ਤੋਂ ਇਸ ਦੌੜ ਵਿਚ ਅੱਗੇ ਨਾ ਲੰਘ ਜਾਣ । ਇਸ ਤਰ੍ਹਾਂ ਉਸ ਵਿਚ ਈਰਖਾ ਅਤੇ ਖ਼ੁਦਗਰਜ਼ੀ ਦੀਆਂ ਬੀਮਾਰੀਆਂ ਪੈਦਾ ਹੁੰਦੀਆਂ ਹਨ । ਉਸ ਦਾ ਲਾਲਚ ਵਧਦਾ ਹੈ । ਉਹ ਕਰੋਧੀ ਬਣ ਜਾਂਦਾ ਹੈ । ਦੋੜ ਵਿਚ ਅੱਗੇ ਲੰਘਣ ਲਈ ਉਹ ਦੋ ਨੰਬਰ ਦੇ ਧੰਦੇ ਕਰਦਾ ਹੈ । ਦਾਅ-ਪੇਚ, ਧੋਖਾ-ਦੇਹੀ, ਕਪਟ ਅਤੇ ਫਰੋਬ ਉਸ ਦੀ ਜ਼ਿੰਦਗੀ ਦਾ ਹਿੱਸਾ ਬਣ ਜਾਂਦੇ ਹਨ । ਉਹ ਹਰ ਹੀਲੇ ਆਪਣੀ ਪ੍ਰਸਿੱਧੀ, ਅਮੀਰੀ ਅਤੇ ਤਾਕਤ ਵਿਚ ਵਾਧਾ ਕਰਨਾ ਚਾਹੁੰਦਾ ਹੈ । ਅਜਿਹਾ ਮਨੁੱਖ ਹੰਕਾਰੀ ਹੋ ਜਾਂਦਾ ਹੈ। ਰੱਬ ਉਸ ਨੂੰ ਯਾਦ ਨਹੀਂ ਰਹਿੰਦਾ । ਉਸ ਦੇ ਜੀਵਨ ਵਿਚ ਸ਼ਾਂਤੀ ਦਾ ਨਾਮੋ-ਨਿਸ਼ਾਨ ਵੀ ਨਹੀਂ ਹੁੰਦਾ । ਅਜਿਹੇ ਮਨੁੱਖਾਂ ਬਾਰੇ ਗੁਰੂ ਅਰਜਨ ਸਾਹਿਬ ਜੀ ਦਾ ਫ਼ਰਮਾਨ ਹੈ:

ਵਡੇ ਵਡੇ ਜੋ ਦੀਸਹਿ ਲੋਗ ॥
ਤਿਨ ਕਉ ਬਿਆਪੈ ਚਿੰਤਾ ਰੋਗ ॥ (ਅੰਗ ੧੮੮)

ਚਿੰਤਾ ਨੂੰ ਚਿਖਾ ਦੇ ਸਮਾਨ ਦਰਜਾ ਦਿੱਤਾ ਗਿਆ ਹੈ। ਚਿਖਾ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਚਿਤਾ ਤੋਂ ਹੀ ਬਣਿਆ ਹੈ । ‘ਚਿਤਾ’ ਅਤੇ ਚਿੰਤਾ ਸ਼ਬਦਾਂ ਵਿਚ ਫਰਕ ਵੀ ਤਾਂ ਕੇਵਲ ਇਕ ਟਿੱਪੀ ਦਾ ਹੀ ਹੈ ! ਚਿਤਾ ਵਿਚ ਮਨੁੱਖ ਦੀ ਲਾਸ਼ ਸੜਦੀ ਹੈ ਅਤੇ ਚਿੰਤਾ ਵਿਚ ਮਨੁੱਖ ਦਾ ਜੀਵਨ ਸੜਦਾ ਹੈ । ਇਸ ਤਰ੍ਹਾਂ ਚਿੰਤਾ ਤਾਂ ਚਿਤਾ ਨਾਲੋਂ ਵੀ ਵੱਧ ਮਾਰੂ ਹੋਈ !

ਜਦੋਂ ਮਨੁੱਖ ਦੀ ਚਿੰਤਾ ਬਹੁਤ ਵਧ ਜਾਂਦੀ ਹੈ ਤਾਂ ਉਸ ਨੂੰ ਕਈ ਤਰ੍ਹਾਂ ਦੀਆਂ ਸਰੀਰਕ ਬੀਮਾਰੀਆਂ ਆ ਘੇਰਦੀਆਂ ਹਨ। ਉਂਜ ਤਾਂ ਚਿੰਤਾ ਖ਼ੁਦ ਹੀ ਇਕ ਰੋਗ ਹੈ ਪਰ ਇਹ ਇਕ ਅਜਿਹਾ ਰੋਗ ਹੈ ਜਿਹੜਾ ਹੋਰ ਕਈ ਰੋਗਾਂ ਨੂੰ ਆਪਣੇ ਨਾਲ ਲਿਆਉਂਦਾ ਹੈ । ਹਾਈ ਬਲੱਡ ਪ੍ਰੈਸ਼ਰ, ਸਿਰ-ਦਰਦ, ਦਿਮਾਗ ਦੀ ਨਾੜੀ ਦਾ ਫਟਣਾ, ਦਿਲ ਦੇ ਰੋਗ, ਪਾਚਣ-ਪ੍ਰਣਾਲੀ ਦੇ ਰੋਗ, ਸ਼ੱਕਰ ਰੋਗ ਆਦਿ ਖ਼ਤਰਨਾਕ ਬੀਮਾਰੀਆਂ ਦੀ ਜੜ੍ਹ ਹੈ ਇਹ ਚਿੰਤਾ ਦਾ ਰੋਗ ! ਪਾਗਲਪਨ ਦੇ ਦੌਰੇ ਵੀ ਅਕਸਰ ਚਿੰਤਾ ਦਾ ਨਤੀਜਾ ਹੁੰਦੇ ਹਨ। ਦੁਰਘਟਨਾਵਾਂ, ਖ਼ੁਦਕਸ਼ੀਆਂ ਅਤੇ ਨਸ਼ਿਆਂ ਦੇ ਗ਼ੁਲਾਮ ਬਣਨ ਪਿੱਛੇ ਵੀ ਇਸ ਚਿੰਤਾ ਦਾ ਵੱਡਾ ਹੱਥ ਹੈ ।

ਹੋਮਿਉਪੈਥੀ ਵਿਚ ਤਾਂ ਹਰ ਸਰੀਰਕ ਰੋਗ ਦੇ ਨਾਲ ਸੰਬੰਧਿਤ ਮਾਨਸਕ ਲੱਛਣਾਂ ਨੂੰ ਸਭਤੋਂ ਪਹਿਲਾਂ ਦੇਖਿਆ ਜਾਂਦਾ ਹੈ । ਐਲੋਪੈਥੀ ਅਤੇ ਆਯੁਰਵੇਦ ਨਾਲ ਸੰਬੰਧਿਤ ਡਾਕਟਰ ਅਤੇ ਵੈਦ ਵੀ ਮਰੀਜ਼ ਦੀ ਮਾਨਸਿਕਤਾ ਬਾਰੇ ਜ਼ਰੂਰ ਸੋਚਦੇ ਹਨ । ਅੰਗਰੇਜ਼ੀ ਦੀ ਇਕ ਪ੍ਰਸਿੱਧ ਕਹਾਣੀ ‘The Doctor’s Word’ ਵਿਚ ਮਰਨ-ਕੰਢੇ ਪਹੁੰਚਿਆ ਮਰੀਜ਼ ਡਾਕਟਰ ਦੇ ਉਤਸ਼ਾਹ ਭਰੇ ਸ਼ਬਦਾਂ ਨਾਲ ਮਾਨਸਕ ਤੌਰ ‘ਤੇ ਏਨਾ ਸ਼ਕਤੀਸ਼ਾਲੀ ਹੋ ਜਾਂਦਾ ਹੈ ਕਿ ਉਹ ਤੰਦਰੁਸਤ ਹੋ ਜਾਂਦਾ ਹੈ । ਕਹਾਣੀ ਵਿਚਲੇ ਡਾਕਟਰ-ਪਾਤਰ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਹੈ ਕਿ ਉਹ ਮਰੀਜ਼ ਮੌਤ ਤੋਂ ਕਿਵੇਂ ਬਚ ਗਿਆ ? ਇਹ ਕਹਾਣੀ ਇਹ ਸਾਬਤ ਕਰਦੀ ਹੈ ਕਿ ਮਨੁੱਖ ਨੂੰ ਚਿੰਤਾ ਵਿਚੋਂ ਕੱਢਣਾ, ਮੌਤ ਵਿਚੋਂ ਕੱਢਣਾ ਹੈ ।

ਮਨੁੱਖ ਦੀ ਚਿੰਤਾ ਕਿਵੇਂ ਦੂਰ ਹੋਵੇ ? ਸਮਾਜ ਵਿਚੋਂ ਚਿੰਤਾ, ਤਨਾਵ ਜਾਂ Tension ਨੂੰ ਕਿਵੇਂ ਦਰ ਕੀਤਾ ਜਾਵੇ ? ਇਹ ਪ੍ਰਸ਼ਨ ਅੱਜ ਦੇ ਯੁੱਗ ਦੇ ਭਖਵੇਂ ਪ੍ਰਸ਼ਨ ਹਨ। ਗੁਰਬਾਣੀ ਵਿਚ ਇਨ੍ਹਾਂ ਪ੍ਰਸ਼ਨਾਂ ਦਾ ਉਤਰ ਭਲੀ-ਭਾਂਤ ਅਤੇ ਸਪਸ਼ਟ ਰੂਪ ਵਿਚ ਦਿੱਤਾ ਗਿਆ ਹੈ।
ਗੁਰੂ ਅੰਗਦ ਸਾਹਿਬ ਜੀ ਫ਼ਰਮਾਨ ਕਰਦੇ ਹਨ:

ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
(ਅੰਗ ੯੫੫)

ਮਨੁੱਖ ਦੇ ਸਾਹਮਣੇ ਮੁੱਢਲੀ ਚਿੰਤਾ ਰੋਟੀ ਅਤੇ ਰੋਜ਼ੀ ਦੀ ਹੈ । ਦੁਨੀਆਂ ਦੇ ਬਹੁਤ ਸਾਰੇ ਮਨੁੱਖ ਆਪਣੀ ਇਸ ਚਿੰਤਾ ਪਿੱਛੇ ਹੀ ਦੌੜੇ ਫਿਰਦੇ ਹਨ। ਗੁਰੂ ਸਾਹਿਬ ਮਨੁੱਖ ਨੂੰ ਸਮਝਾਉਂਦੇ ਹਨ ਕਿ ਜਿਸ ਪਰਮਾਤਮਾ ਨੇ ਇਸ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ, ਉਸ ਨੂੰ ਇਸ ਦੇ ਪਾਲਣ ਦਾ ਵੀ ਫਿਕਰ ਹੈ । ਡੂੰਘੇ ਸਮੁੰਦਰਾਂ ਦੇ ਵਿਚ ਪੈਦਾ ਹੋਏ ਜੀਵਾਂ ਨੂੰ ਵੀ ਤਾਂ ਉਹ ਭੋਜਨ ਦਿੰਦਾ ਹੀ ਹੈ ! ਇਸ ਲਈ ਮਨੁੱਖ ਨੂੰ ਆਪਣੀ ਰੋਟੀ-ਰੋਜ਼ੀ ਦੀ ਚਿੰਤਾ ਕਰਨ ਦੀ ਥਾਂ ਵਾਹਿਗੁਰੂ ‘ਤੇ ਭਰੋਸਾ ਰਖਦੇ ਹੋਏ ਕਿਰਤ ਕਰਨੀ ਚਾਹੀਦੀ ਹੈ । ਵਾਹਿਗੁਰੂ ਨੇ ਹੱਥ-ਪੈਰ ਕਿਰਤ ਕਰਨ ਲਈ ਹੀ ਦਿੱਤੇ ਹਨ । ਗੁਰਬਾਣੀ ਵਿਚ ਇਸ ਗੱਲ ‘ਤੇ ਵੀ ਜ਼ੋਰ ਦਿੱਤਾ ਗਿਆ ਹੈ ਕਿ ਦਾਤਾ ਕੇਵਲ ਤੇ ਕੇਵਲ ਇਕੋ ਹੈ ਅਤੇ ਉਹ ਹੈ ਸਰਬ-ਵਿਆਪੀ ਪਰਮਾਤਮਾ । ਮਨੁੱਖ ਰੋਟੀ-ਰੋਜ਼ੀ ਲਈ ਦੂਜੇ ਮਨੁੱਖ ਨੂੰ ‘ਦਾਤਾ’ ਸਮਝਣ ਦੀ ਗਲਤੀ ਕਰਦਾ ਹੈ । ਉਸ ਦੀ ਇਹੀ ਗਲਤੀ ਉਸ ਨੂੰ ਚਿੰਤਾ ਵਿਚ ਪਾਉਂਦੀ ਹੈ । ਉਹ ਸਾਰੀ ਉਮਰ ਅਜਿਹੇ ਦਾਤਾ ਸਮਝੇ ਜਾਣ ਵਾਲੇ ਮਨੁੱਖਾਂ ਦੀ ਖੁਸ਼ਾਮਦ ਵਿਚ ਹੀ ਲੱਗਾ ਰਹਿੰਦਾ ਹੈ । ਆਪਣੀ ਕਿਰਤ ਕਰਨ ਵਾਲਾ ਸਮਾਂ ਵੀ ਇਨ੍ਹਾਂ ਪਿੱਛੇ ਲਾ ਕੇ ਬਰਬਾਦ ਕਰ ਲੈਂਦਾ ਹੈ । ਵਾਹਿਗੁਰੂ ਨੂੰ ਛੱਡ ਕੇ ਉਹ ਇਨ੍ਹਾਂ ਵੱਡੇ ਲੋਕਾਂ ਦੀ ਚਾਪਲੂਸੀ ਵਿਚ ਹੀ ਆਪਣਾ ਜੀਵਨ ਵਿਅਰਥ ਗੁਆ ਦਿੰਦਾ ਹੈ ।

ਰੋਟੀ-ਰੋਜ਼ੀ ਮਿਲ ਜਾਂਦੀ ਹੈ ਤਾਂ ਮਨੁੱਖ ਹੋਰ ਸਹੂਲਤਾਂ ਪ੍ਰਾਪਤ ਕਰਨ ਦੀ ਲੋਚਾ ਕਰਨ ਲੱਗਦਾ ਹੈ । ਉਸ ਨੂੰ ਆਪਣੀ ਤਰੱਕੀ ਦੀ ਚਿੰਤਾ ਹੋ ਜਾਂਦੀ ਹੈ । ਆਪਣੇ ਪਰਵਾਰ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਦੀ ਚਿੰਤਾ ਹੋ ਜਾਂਦੀ ਹੈ । ਉਸ ਨੂੰ ਇਹ ਵੀ ਚਿੰਤਾ ਹੋ ਜਾਂਦੀ ਹੈ ਕਿ ਉਹ ਆਪਣੇ ਮਰਨ ਤੋਂ ਪਹਿਲਾਂ ਪਰਵਾਰ ਨੂੰ ਵੱਧ ਤੋਂ ਵੱਧ ਜਾਇਦਾਦ ਬਣਾ ਕੇ ਦੇ ਜਾਵੇ। ਮਨੁੱਖ ਏਨੇ ਪੈਸੇ ਜੋੜਨਾ ਚਾਹੁੰਦਾ ਹੈ ਕਿ ਉਸ ਦੀਆਂ ਸੱਤ ਪੀੜ੍ਹੀਆਂ ਨੂੰ ਕੰਮ ਹੀ ਨਾ ਕਰਨਾ ਪਵੇ ।

ਉਪਰੋਕਤ ਦੋਵੇਂ ਅਵਸਥਾਵਾਂ ਨੂੰ ਗੁਰੂ ਅਰਜਨ ਸਾਹਿਬ ਜੀ ਨੇ ਆਪਣੇ ਇਸ ਪਵਿੱਤਰ ਫ਼ਰਮਾਨ ਵਿਚ ਬਿਆਨ ਕਰਦੇ ਹੋਏ ਇਨ੍ਹਾਂ ਤੋਂ ਬਚਣ ਦਾ ਸੰਦੇਸ਼ ਦਿੱਤਾ ਹੈ।

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ ॥ (ਅੰਗ ੧੦੧੯)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਿਸ ਕੋਲ ਗੁਜ਼ਾਰੇ ਜੋਗੀ ਮਾਇਆ ਹੈ ਉਹ ਇਸ ਨੂੰ ਵਧਾਉਣ ਲਈ ਭਟਕੇ ਨਾ ਅਤੇ ਜਿਸ ਕੋਲ ਵਾਧ ਹੈ ਉਹ ਇਸ ਦੀ ਚਿੰਤਾ ਵਿਚ ਆਪਣਾ ਜੀਵਨ ਬਰਬਾਦ ਨਾ ਕਰੇ; ਉਸ ਨੂੰ ਹੋਰ ਵਧਾਉਣ ਲਈ ਠੱਗੀਆਂ ਨਾ ਮਾਰੇ, ਦੂਜਿਆਂ ਦੇ ਹੱਕ ਨਾ ਖੋਹੇ ਅਤੇ ਭ੍ਰਿਸ਼ਟ ਤਰੀਕੇ ਨਾ ਅਪਨਾਵੇ ਸਗੋਂ ਮਾਇਆ ਨੂੰ ਨੇਕ ਕੰਮਾਂ ਵਿਚ ਲਾ ਕੇ ਆਪਣਾ ਜੀਵਨ ਸਫ਼ਲਾ ਕਰੇ !

ਬੱਚਿਆਂ ਨੂੰ ਪੁੱਛ ਕੇ ਦੇਖ ਲਵੋ ਉਨ੍ਹਾਂ ਨੂੰ ਆਪਣੇ ਦਾਦਾ ਜਾਂ ਦਾਦੀ ਦੇ ਨਾਂ ਤਕ ਦਾ ਪਤਾ ਨਹੀਂ । ਪੜਦਾਦੇ ਜਾਂ ਪੜਦਾਦੀ ਦੇ ਨਾਂ ਦਾ ਪਤਾ ਹੋਣ ਬਾਰੇ ਤਾਂ ਸੋਚਿਆ ਵੀ ਨਹੀਂ। ਜਾ ਸਕਦਾ ! ਫਿਰ ਅਜਿਹੀ ਹਾਲਤ ਵਿਚ ਮਨੁੱਖ ਆਪਣੀਆਂ ਸੱਤ ਪੀੜ੍ਹੀਆਂ ਬਾਰੇ ਕਿਉਂ ਸੋਚੇ ? ਕਿਉਂ ਉਹ ਆਉਣ ਵਾਲੀਆਂ ਪੀੜ੍ਹੀਆਂ ਪਿੱਛੇ ਆਪਣੀ ਜਾਨ ਨੂੰ ਰੱਸੇ ਵੱਟਦਾ ਫਿਰੇ ? ਕਿਸੇ ਨੇ ਉਸ ਦਾ ਸਾਥ ਨਹੀਂ ਦੇਣਾ ! ਸਾਥ ਦੇਣਾ ਹੈ ਤਾਂ ਉਸ ਦੇ ਆਪਣੇ ਸ਼ੁਭ ਕਰਮਾਂ ਨੇ ! ਸਾਥ ਦੇਣਾ ਹੈ ਉਸ ਸਮੇਂ ਨੇ ਜਿਹੜਾ ਉਸ ਨੇ ਵਾਹਿਗੁਰੂ ਦੀ ਯਾਦ ਵਿਚ ਲਾਇਆ ਹੋਵੇਗਾ !

ਗੁਰਬਾਣੀ ਵਿਚ ਮਨੁੱਖ ਨੂੰ ਸਹਿਜ-ਅਵਸਥਾ ਪ੍ਰਾਪਤ ਕਰਨ ਦਾ ਯਤਨ ਕਰਨ ਲਈ ਉਪਦੇਸ਼ ਦਿੱਤਾ ਗਿਆ ਹੈ। ਇਹ ਉਹ ਅਵਸਥਾ ਹੈ ਜਿਸ ਵਿਚ ਚਿੰਤਾ, ਦੁਬਿਧਾ, ਭਟਕਣ, ਸੋਚ, ਹਉਮੈ ਆਦਿ ਬੀਮਾਰੀਆਂ ਨਹੀਂ ਹੁੰਦੀਆਂ। ਇਸ ਅਵਸਥਾ ਨੂੰ ਪ੍ਰਾਪਤ ਕਰਨ ਦਾ ਇਕੋ-ਇਕ ਤਰੀਕਾ ਹੈ: ਪ੍ਰਭੂ ਨੂੰ ਮਨ ਵਿਚ ਵਸਾਉਣਾ। ਗੁਰੂ ਅਰਜਨ ਸਾਹਿਬ ਦਾ ਫ਼ਰਮਾਨ ਹੈ:

ਜਾ ਕੈ ਅਚਿੰਤੁ ਵਸੈ ਮਨਿ ਆਇ ॥
ਤਾ ਕਉ ਚਿੰਤਾ ਕਤਹੂੰ ਨਾਹਿ ॥(ਅੰਗ ੧੮੬)

ਮਨੋਵਿਗਿਆਨਕ ਤੌਰ ‘ਤੇ ਇਹ ਇਕ ਸਚਾਈ ਹੈ ਕਿ ਜਿਹੋ ਜਿਹੀ ਸਾਡੇ ਮਨ ਵਿਚ ਯਾਦ ਹੋਵੇਗੀ ਉਹੋ ਜਿਹੇ ਅਸੀਂ ਹੋ ਜਾਵਾਂਗੇ। ਚਿੰਤਾਵਾਨ ਮਨੁੱਖਾਂ ਦੀ ਯਾਦ ਮਨ ਵਿਚ ਵਸਾ ਕੇ ਅਤੇ ਉਨ੍ਹਾਂ ਦੇ ਪਿੱਛੇ ਲੱਗ ਕੇ ਅਸੀਂ ਚਿੰਤਾਵਾਨ ਹੀ ਹੋਵਾਂਗੇ । ਅਚਿੰਤ ਪ੍ਰਭੂ ਦੀ ਯਾਦ ਮਨ ਵਿਚ ਵਸਾਉਣ ਨਾਲ ਅਸੀਂ ਵੀ ਅਚਿੰਤਾ ਹੋ ਜਾਵਾਂਗੇ। ‘ਚੜ੍ਹਦੀ ਕਲਾਂ ਨੂੰ ਮਾਇਆ, ਚੌਧਰ, ਤਾਕਤ ਜਾਂ ਪ੍ਰਸਿੱਧੀ ਨਾਲ ਖਰੀਦਿਆ ਨਹੀਂ ਜਾ ਸਕਦਾ । ਇਹ ਅਵਸਥਾ ਨਾ ਖਰੀਦਣ-ਯੋਗ ਹੈ ਅਤੇ ਨਾ ਵੇਚਣ-ਯੋਗ । ਸੰਜਮ, ਸਾਦਗੀ ਅਤੇ ਸੱਚੀ-ਸੁੱਚੀ ਕਿਰਤ ਵਾਲਾ ਜੀਵਨ ਹੀ ਚੜ੍ਹਦੀ ਕਲਾ ਦਾ ਜੀਵਨ ਹੋ ਸਕਦਾ ਹੈ । ਅਜਿਹੇ ਜੀਵਨ ਵਾਲਾ ਮਨੁੱਖ ਹੀ ਭਗਤ ਰਵਿਦਾਸ ਜੀ ਦੇ ‘ਬੇਗਮ ਪੁਰਾ ਸਹਰ’ ਦਾ ਵਾਸੀ ਹੋ ਸਕਦਾ ਹੈ । ਅਜਿਹਾ ਮਨੁੱਖ ਹੀ ਚਿੰਤਾ ਅਤੇ ਡਰ ਤੋਂ ਮੁਕਤ ਹੋ ਸਕਦਾ ਹੈ । ਸੋ ਆਉ, ਮਨੁੱਖਾਂ ਦੀ ਸ਼ਰਨ ਛੱਡ ਕੇ ਵਾਹਿਗੁਰੂ ਦੀ ਸ਼ਰਨ ਪਈਏ ! ਆਪਣੇ ਜੀਵਨ ਦੀ ਚਿੰਤਾ ਉਸ ਵਾਹਿਗੁਰੂ ‘ਤੇ ਛੱਡ ਦੇਈਏ! ਆਪਣੇ ਜੀਵਨ ਦੇ ਫ਼ਰਜ਼ਾਂ ਨੂੰ ਨੇਕ ਢੰਗ ਨਾਲ ਨਿਭਾਉਂਦੇ ਹੋਏ ਵਾਹਿਗੁਰੂ ਦੀ ਯਾਦ ਸਦਾ ਮਨ ਵਿਚ ਰੱਖੀਏ !

ਸ. ਸੁਖਦੇਵ ਸਿੰਘ