-ਡਾ. ਗੁਰਪ੍ਰੀਤ ਸਿੰਘ
ਅਠਾਰ੍ਹਵੀਂ ਸਦੀ ਦਾ ਸਿੱਖ ਇਤਿਹਾਸ ਹੰਨੈ ਹੰਨੇ ਮੀਰੀ” ਦਾ ਇਤਿਹਾਸ ਹੈ। “ਹੰਨੇ ਹੰਨੇ ਮੀਰੀ” ਦਾ ਵਰਦਾਨ ਸਿੱਖਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪਾਸੋਂ ਪ੍ਰਾਪਤ ਹੋਇਆ ਸੀ:
ਹਮ ਪਤਿਸਾਹੀ ਸਤਿਗੁਰ ਦਈ ਹੰਨੇ ਹੰਨੇ ਲਾਇ॥
ਜਹਿੰ ਜਹਿੰ ਬਹੈਂ ਜਮੀਨ ਮਲ ਤਹਿ ਤਹਿ ਤਖਤ ਬਨਾਇ॥੧
ਇਸ “ਹੰਨੈ ਹੰਨੈ ਮੀਰੀ” ਵਿੱਚੋਂ ਹੀ ਸਿੱਖ ਮਿਸਲਾਂ ਬਣੀਆਂ। ਮਾਝੇ ਦੇ ਇਲਾਕੇ ਵਿਚ ਸਿੱਖਾਂ ਦੀਆਂ ਗਿਆਰ੍ਹਾਂ ਮਿਸਲਾਂ ਹੋਂਦ ਵਿਚ ਆਈਆਂ। ਬਾਰ੍ਹਵੀਂ ਫੂਲਕੀਆਂ ਮਿਸਲ ਗੁਰੂ ਖ਼ਾਲਸਾ ਪੰਥ ਦੇ ਸਦਕਾ ਮਾਲਵੇ ਵਿਚ ਬਣੀ :
ਸਾਖੀ ਸੁਨੋ ਫਿਰ ਮਲਵਈਅਨ ਜਿਮ ਪੰਥ ਉਪਰਾਲੋ ਕੀਨ॥
ਫੂਲਾਇਣ ਬਾਧੋ ਭਯੋ ਕਰ ਦੌਰ ਮੁਲਕ ਮਲ ਲੀਨ॥੨
ਸਿੱਖਾਂ ਦੀਆਂ ਇਨ੍ਹਾਂ ਬਾਰ੍ਹਾਂ ਮਿਸਲਾਂ ਵਿੱਚੋਂ ਫੂਲਕੀਆਂ ਮਿਸਲ ਇਕ ਅਜਿਹੀ ਮਿਸਲ ਸੀ ਜਿਸ ਨੇ ਤਿੰਨ ਰਿਆਸਤਾਂ ਪਟਿਆਲਾ, ਨਾਭਾ ਅਤੇ ਜੀਂਦ ਨੂੰ ਜਨਮ ਦਿੱਤਾ। ਇਨ੍ਹਾਂ ਤਿੰਨਾਂ ਰਿਆਸਤਾਂ ਦਾ ਵਡ-ਵਡੇਰਾ ਚੌਧਰੀ ਫੂਲ ਸੀ। ਗਿਆਨੀ ਗਿਆਨ ਸਿੰਘ ਅਨੁਸਾਰ ਚੌਧਰੀ ਫੂਲ ਮਾਲਵੇ ਦਾ ਸਿੱਧੂ ਜੱਟ ਸੀ। ਚੌਧਰੀ ਫੂਲ ਦੀ ਪੀੜ੍ਹੀ ਰਾਜਪੂਤਾਨੇ ਦੇ ਵਸਨੀਕ ਰਾਜਾ ਜੈਸਲ (ਜੈਸਲਮੇਰ ਸ਼ਹਿਰ ਵਸਾਉਣ ਵਾਲਾ) ਦੀ ਤੀਹਵੀਂ ਪੀੜ੍ਹੀ ਵਿੱਚੋਂ ਭੱਟੀ ਰਾਜਪੂਤਾਂ ਦੇ ਖਾਨਦਾਨ ਵਿੱਚੋਂ ਸੀ। ਰਾਜਾ ਜੈਸਲ ਦਾ ਪੁੱਤਰ ਭੀਮ ਮੱਲ ਸੀ। ਭੀਮ ਮੱਲ ਦਾ ਪੁੱਤਰ ਜੋਧਰ ਰਾਉ, ਜੋਧਰ ਰਾਉ ਦਾ ਪੁੱਤਰ ਮੰਗਲ ਰਾਉ, ਮੰਗਲ ਰਾਉ ਦਾ ਪੁੱਤਰ ਖੀਵਾ ਰਾਉ, ਖੀਵਾ ਰਾਉ ਦਾ ਪੁੱਤਰ ਸਧੂ ਹੋਇਆ, ਜਿਸ ਤੋਂ ਸਿਧੂ ਗੋਤ ਚੱਲੀ। ਸਿੱਧੂ ਦੀ ਪੀੜ੍ਹੀ ਵਿੱਚੋਂ ਸੰਘਰ ਹੋਇਆ। ਸੰਘਰ ਦਾ ਪੁੱਤਰ ਬੀਰਮ ਸੀ, ਜੋ ਬਾਬਰ ਦੇ ਸਮੇਂ ਮਾਲਵੇ ਦਾ ਚੌਧਰੀ ਬਣਿਆ। ਬੀਰਮ ਦਾ ਪੁੱਤਰ ਮੇਹਰਾਜ ਸੀ। ਮੇਹਰਾਜ ਦਾ ਪੁੱਤਰ ਸਤੂ ਅਤੇ ਸਤੂ ਦਾ ਪੁੱਤਰ ਪੱਖੂ ਚੌਧਰੀ ਬਣਿਆ। ਪੱਖੂ ਦਾ ਪੁੱਤਰ ਮੋਹਨ ਸੀ। ਇਹ ਮੋਹਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਸਿੱਖ ਬਣਿਆ ਅਤੇ ਸ੍ਰੀ ਗੁਰੂ ਹਰਿਰਾਇ ਸਾਹਿਬ ਦੇ ਚਰਨਾਂ ਸਦਕੇ ਇਸਨੇ ਮੇਹਰਾਜ ਨਾਮ ਦਾ ਨਗਰ ਵਸਾਇਆ।” ਮੋਹਨ ਦੇ ਦੋ ਪੁੱਤਰ ਰੂਪ ਚੰਦ ਅਤੇ ਕਾਲਾ ਸਨ। ਮੋਹਨ ਆਪਣੇ ਪੁੱਤਰ ਰੂਪ ਚੰਦ ਸਮੇਤ ਆਪਣੇ ਅਸਲੀ ਪਿੰਡ ਬੇਦੋਵਾਲੀ ਨੂੰ ਭੱਟੀਆਂ ਤੋਂ ਛਡਵਾਉਂਦੇ ਵਕਤ ਮਾਰਿਆ ਗਿਆ ਸੀ। ਰੂਪ ਚੰਦ ਦੇ ਦੋ ਲੜਕੇ ਸਨ-ਫੂਲ ਅਤੇ ਸੰਦਲੀ। ੧੬੪੫ ਈ. ਵਿਚ ਸ੍ਰੀ ਗੁਰੂ ਹਰਿਰਾਇ ਜੀ ਜਦ ਮਾਲਵੇ ਗਏ ਤਾਂ ਕਾਲਾ ਚੌਧਰੀ ਆਪਣੇ ਭਤੀਜਿਆਂ ਫੂਲ ਅਤੇ ਸੰਦਲੀ ਨੂੰ ਗੁਰੂ ਜੀ ਕੋਲ ਲੈ ਕੇ ਆਇਆ। ਇਨ੍ਹਾਂ ਬੱਚਿਆਂ ਦੁਆਰਾ ਆਪਣੇ ਢਿੱਡਾਂ ’ਤੇ ਹੱਥ ਮਾਰਨ ਦਾ ਕਾਰਨ ਪੁੱਛ ਕੇ, ਗੁਰੂ ਜੀ ਨੇ ਫੂਲ ਤੇ ਸੰਦਲੀ ਨੂੰ ਰਾਜ ਭਾਗ ਦੇ ਵਰ ਦਿੱਤੇ।“ ਇਹ ਚੌਧਰੀ ਫੂਲ ਹੀ ਫੂਲਕੀਆ ਰਿਆਸਤ ਦਾ ਸੰਚਾਲਕ ਬਣਿਆ, ਜਿਸ ਤੋਂ ਅੱਗੇ ਪਟਿਆਲਾ, ਨਾਭਾ ਅਤੇ ਜੀਂਦ ਰਿਆਸਤਾਂ ਹੋਂਦ ਵਿਚ ਆਈਆਂ। ਚੌਧਰੀ ਫੂਲ ਦਾ ਵੱਡਾ ਸਪੁੱਤਰ ਤਿਲੋਕਾ ਸੀ। ਇਹ ਤਿਲੋਕ ਸਿੰਘ ਹੀ ਨਾਭਾ ਖ਼ਾਨਦਾਨ ਦਾ ਵਡੇਰਾ ਹੋਇਆ ਹੈ। ਚੌਧਰੀ ਫੂਲ ਦਾ ਅਕਾਲ ਚਲਾਣਾ ੧੬੯੦ ਈ. ਵਿਚ ਹੋਇਆ, ਉਸਦੀ ਥਾਂ ਤਿਲੋਕਾ ਚੌਧਰੀ ਬਣਿਆ। ਚੌਧਰੀ ਤਿਲੋਕਾ ਕਲਗੀਧਰ ਪਾਤਸ਼ਾਹ ਜੀ ਦਾ ਸਿੱਖ ਸੀ, ਜਿਸ ਨੇ ਸ੍ਰੀ ਅਨੰਦਪੁਰ ਸਾਹਿਬ ਦੀਆਂ ਜੰਗਾਂ ਵਿਚ ਹਿੱਸਾ ਲਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਇਕ ਹੁਕਮਨਾਮਾ ਅਤੇ ਕਟਾਰ ਭੇਜੇ ਸਨ। ਗਿਆਨੀ ਗਿਆਨ ਸਿੰਘ ਅਨੁਸਾਰ ਚਮਕੌਰ ਦੀ ਜੰਗ ਵਿਚ ਸ਼ਹੀਦ ਹੋਏ ਵੱਡੇ ਸਾਹਿਬਜ਼ਾਦਿਆਂ ਦੇ ਸਰੀਰਾਂ ਦੇ ਸਸਕਾਰ ਭਾਈ ਤਿਲੋਕ ਸਿੰਘ ਅਤੇ ਇਨ੍ਹਾਂ ਦੇ ਭਰਾ ਭਾਈ ਰਾਮ ਸਿੰਘ ਨੇ ਕੀਤੇ ਸਨ। ਭਾਈ ਤਿਲੋਕ ਸਿੰਘ ਦਾ ਅਕਾਲ ਚਲਾਣਾ ੧੭੨੯ ਈ. ਨੂੰ ਹੋਇਆ ਸੀ। ਚੌਧਰੀ ਤਿਲੋਕ ਸਿੰਘ ਦੇ ਘਰ ਦੋ ਪੁੱਤਰ ਹੋਏ-ਗੁਰਦਿੱਤ ਸਿੰਘ ਅਤੇ ਸੁਖਚੈਨ ਸਿੰਘ। ਸੁਖਚੈਨ ਸਿੰਘ ਜੀਂਦ ਰਿਆਸਤ ਦਾ ਵਡੇਰਾ ਸੀ ਅਤੇ ਗੁਰਦਿੱਤ ਸਿੰਘ ਨਾਭਾ ਰਿਆਸਤ ਦਾ ਵਡੇਰਾ ਹੋਇਆ ਹੈ। ਗੁਰਦਿੱਤ ਸਿੰਘ ਦੇ ਘਰ ਸੂਰਤੀਆ ਸਿੰਘ ਨੇ ਜਨਮ ਲਿਆ। ਗੁਰਦਿੱਤ ਸਿੰਘ ਅਤੇ ਸੁਖਚੈਨ ਸਿੰਘ ਦੋਹਾਂ ਭਰਾਵਾਂ ਦਾ ਰਾਜਗੱਦੀ ਕਾਰਨ ਅਤੇ ਬਾਅਦ ਵਿਚ ਇਲਾਕਾ ਵੰਡ ਨੂੰ ਲੈ ਕੇ ਝਗੜਾ ਹੀ ਰਿਹਾ। ਗੁਰਦਿੱਤ ਸਿੰਘ ਨੇ ਉੱਜੜੇ ਹੋਏ ਸੰਗਰੂਰ ਨੂੰ ਮੁੜ ਵਸਾ ਕੇ ਆਪਣੀ ਰਾਜਧਾਨੀ ਬਣਾਇਆ। ੧੭੫੨ ਈ. ਵਿਚ ਧਨੌਲੇ ਪਿੰਡ ਵਿਚ ਗੁਰਦਿੱਤ ਸਿੰਘ ਦਾ ਪੁੱਤਰ ਸੂਰਤੀਆ ਸਿੰਘ ਮਾਰਿਆ ਗਿਆ ਸੀ।੭ ੧੭੫੪ ਈ. ਵਿਚ ਗੁਰਦਿੱਤ ਸਿੰਘ ਦੀ ਵੀ ਮੌਤ ਹੋ ਗਈ ਤਾਂ ਰਾਜਗੱਦੀ ’ਤੇ ਗੁਰਦਿਤ ਸਿੰਘ ਦਾ ਪੋਤਰਾ ਹਮੀਰ ਸਿੰਘ ਬੈਠਾ। ਸੂਰਤੀਆ ਸਿੰਘ ਦੇ ਦੋ ਲੜਕੇ ਸਨ।
ਹਮੀਰ ਸਿੰਘ ਤੇ ਕਪੂਰ ਸਿੰਘ। ਇਨ੍ਹਾਂ ਦੋਹਾਂ ਭਰਾਵਾਂ ਨੇ ਬਾਬਾ ਆਲਾ ਸਿੰਘ ਨਾਲ ਮਿਲ ਕੇ ਬੜੀ ਤਰੱਕੀ ਕੀਤੀ। ਹਮੀਰ ਸਿੰਘ ਨੇ ਲਾਹੋਵਾਲੀ, ਨਾਭੀਅਨ ਅਤੇ ਭਮਦੀ ਪਿੰਡਾਂ ਵਿਚਕਾਰ ਇਕ ਜਗ੍ਹਾ ਦੇਖ ਕੇ ਕੱਤਕ ਸੁਦੀ ੧੬ ਸੰਮਤ ੧੮੧੬ (੧੭੫੯ ਈ.) ਨੂੰ ਇਕ ਕਿਲ੍ਹੇ ਦੀ ਨੀਂਹ ਰੱਖੀ ਅਤੇ ਇਸ ਕਿਲ੍ਹੇ ਦਾ ਨਾਮ ਨਾਭਾ ਰੱਖ ਕੇ ਇਸਨੂੰ ਆਪਣੀ ਰਾਜਧਾਨੀ ਬਣਾਇਆ। ਇਸ ਨਾਭਾ ਕਿਲ੍ਹੇ ਦੁਆਲੇ ਨਾਭਾ ਸ਼ਹਿਰ ਅਤੇ ਨਾਭਾ ਰਿਆਸਤ ਹੋਂਦ ਵਿਚ ਆਈ ਸੀ।
ਦਸੰਬਰ ੧੭੮੩ ਈ. ਵਿਚ ਰਾਜਾ ਹਮੀਰ ਸਿੰਘ ਸੁਰਗਵਾਸ ਹੋਇਆ ਤਾਂ ਉਸ ਦਾ ਅੱਠ ਸਾਲਾ ਪੁੱਤਰ ਜਸਵੰਤ ਸਿੰਘ ਰਾਜਾ ਬਣਿਆ। ਰਾਜਾ ਜਸਵੰਤ ਸਿੰਘ ਦੇ ਮਹਾਰਾਜਾ ਰਣਜੀਤ ਸਿੰਘ ਨਾਲ ਬੜੇ ਵਧੀਆ ਸੰਬੰਧ ਸਨ ਅਤੇ ਇਹ ਇਕ ਦੂਜੇ ਦੇ ਮਦਦਗਾਰ ਰਹੇ ਸਨ। ਰਾਜਾ ਜਸਵੰਤ ਸਿੰਘ ਦੀ ਮੌਤ ੨੨ ਮਈ, ੧੮੪੦ ਈ. ਨੂੰ ਹੋਈ। ਇਸ ਤੋਂ ਬਾਅਦ ਇਸ ਦਾ ਅਠਾਰ੍ਹਾਂ ਸਾਲਾ ਪੁੱਤਰ ਦੇਵਿੰਦਰ ਸਿੰਘ ਨਾਭਾ ਰਿਆਸਤ ਦਾ ਰਾਜਾ ਬਣਿਆ। ਅਠਾਰ੍ਹਾਂ ਸਾਲ ਦੀ ਉਮਰ ਵਿਚ ੧੫ ਅਕਤੂਬਰ, ੧੮੪੦ ਈ. ਨੂੰ ਦੇਵਿੰਦਰ ਸਿੰਘ ਦੀ ਤਾਜਪੋਸ਼ੀ ਹੋਈ ਸੀ। ਅੰਗਰੇਜ਼ਾਂ ਨਾਲ ਨਾਭਾ ਰਿਆਸਤ ਦੀ ਹੋਈ ਸੰਧੀ ਮੁਤਾਬਕ ਜਦ ਸਿੱਖਾਂ ਤੇ ਅੰਗਰੇਜ਼ਾਂ ਦੀ ਸਿੱਖ ਐਂਗਲੋਂ ਵਾਰ ਫੇਰੂ ਸ਼ਹਿਰ ਵਿਖੇ ਹੋਈ ਤਾਂ ਰਾਜਾ ਦੇਵਿੰਦਰ ਸਿੰਘ ਨੇ ਅੰਗਰੇਜ਼ਾਂ ਦੀ ਮਦਦ ਕਰਨ ਵਿਚ ਢਿੱਲ-ਮੱਠ ਵਰਤੀ। ਜਿਸ ਕਾਰਨ ਅੰਗਰੇਜ਼ ਇਸ ਦੇ ਵਿਰੁੱਧ ਹੋ ਗਏ। ਲੜਾਈ ਪਿੱਛੋਂ ਅੰਗਰੇਜ਼ਾਂ ਨੇ ਰਾਜਾ ਦੇਵਿੰਦਰ ਸਿੰਘ ਨੂੰ ਗੱਦੀ ਤੋਂ ਉਤਾਰ ਕੇ ਇਸ ਦੀ ਥਾਂ ਇਸਦੇ ਨਾਬਾਲਗ पेटे ਭਰਪੂਰ ਸਿੰਘ ਨੂੰ ਰਾਜਾ ਬਣਾ ਦਿੱਤਾ। ਰਾਜਾ ਦੇਵਿੰਦਰ ਸਿੰਘ ਨੂੰ ਪੈਨਸ਼ਨ ਦੇ ਕੇ ਮਥਰਾ ਭੇਜ ਦਿੱਤਾ। ਫਿਰ ੮ ਦਸੰਬਰ, ੧੮੫੫ ਈ. ਮਥਰਾ ਤੋਂ ਲਾਹੌਰ ਲਿਆਂਦਾ, ਜਿੱਥੇ ਨਵੰਬਰ ੧੮੬੫ ਈ. ਨੂੰ ਰਾਜਾ ਦੇਵਿੰਦਰ ਸਿੰਘ ਦੀ ਮੌਤ ਹੋ ਗਈ। ੧੦ ਭਰਪੂਰ ਸਿੰਘ ਦੇ ਤਖ਼ਤ ’ਤੇ ਬੈਠਣ ਸਮੇਂ ਸੱਤ ਸਾਲ ਉਮਰ ਸੀ। ਇਸ ਵਾਸਤੇ ਕੌਂਸਲ ਆਫ਼ ਰੇਜੰਸੀ ਬਣਾਈ ਗਈ। ੧੮੫੭ ਈ. ਦੇ ਗ਼ਦਰ ਵਿਚ ਜਲੰਧਰ ਅਤੇ ਫਿਲੌਰ ਵਿਖੇ ਬਾਗੀਆਂ ਵਿਰੁੱਧ ਅੰਗਰੇਜ਼ਾਂ ਦੀ ਮਦਦ ਕਰਨ ਬਦਲੇ ਰਾਜਾ ਭਰਪੂਰ ਸਿੰਘ ਨੂੰ ਨਾਭਾ ਸਟੇਟ ਦੇ ਜ਼ਬਤ ਕੀਤੇ ਹੋਏ ਇਲਾਕੇ ਵਾਪਸ ਮਿਲ ਗਏ। ਰਾਜਾ ਭਰਪੂਰ ਸਿੰਘ ਨੂੰ ਅੰਗਰੇਜ਼ ਸਰਕਾਰ ਵੱਲੋਂ ਗ਼ਦਰ ਸਮੇਂ ਕੀਤੀ ਮਦਦ ਬਦਲੇ ਪੰਦਰ੍ਹਾਂ ਕੱਪੜਿਆਂ ਦੀ ਖ਼ਿਲਅਤ ਅਤੇ ਗਿਆਰ੍ਹਾਂ ਤੋਪਾਂ ਦੀ ਸਲਾਮੀ ਮਨਜ਼ੂਰ ਹੋਈ। ਇਸ ਤੋਂ ਇਲਾਵਾ ਕੁਝ ਖ਼ਿਤਾਬ ਵੀ ਮਿਲੇ ਜਿਵੇਂ ‘ਫਰਜੰਦੇ ਅਰਜਮੰਦ ਅਕੀਦਤ ਪੈਵੰਦ ਦੌਲਤ ਇੰਗਲਿਸੀਆ ਬੈਰਾੜ ਬੰਸ’, ‘ਸਰਮੌਰ ਮਾਲਵੇਂਦਰ ਬਹਾਦਰ ਰਾਜਾ ਭਰਪੂਰ ਸਿੰਘ’ ਆਦਿਕ। ਇਸ ਸਮੇਂ ਹੀ ਨਾਭਾ ਰਿਆਸਤ ਨੂੰ ਮੁਤਬੰਨਾ ਬਣਾਉਣ ਦੇ ਇਖਤਿਆਰ ਵੀ ਦਿੱਤੇ ਗਏ ਸਨ। ਰਾਜਾ ਭਰਪੂਰ ਸਿੰਘ ਦੇ ਅੰਗਰੇਜ਼ ਸਰਕਾਰ ਨਾਲ ਬਹੁਤ ਵਧੀਆ ਸੰਬੰਧ ਰਹੇ ਸਨ। ਇਹ ਰਾਜਾ ੯ ਨਵੰਬਰ ੧੮੬੩ ਈ. ਨੂੰ ਬੁਖਾਰ ਨਾਲ ਬੀਮਾਰ ਹੋ ਕੇ ਅਕਾਲ ਚਲਾਣਾ ਕਰ ਗਿਆ। ਰਾਜਾ ਭਰਪੂਰ ਸਿੰਘ ਬੇਔਲਾਦ ਮਰ ਗਿਆ। ਉਸ ਤੋਂ ਬਾਅਦ ਉਸਦਾ ਛੋਟਾ ਭਰਾ ਭਗਵਾਨ ਸਿੰਘ ਨਾਭਾ ਰਿਆਸਤ ਦਾ ਰਾਜਾ ਬਣਿਆ, ਜਿਸ ਨੂੰ ੧੭ ਫਰਵਰੀ, ੧੮੬੪ ਈ. ਨੂੰ ਰਾਜਗੱਦੀ ਤੇ ਬਿਠਾਇਆ ਗਿਆ। ਰਾਜਾ ਭਗਵਾਨ ਸਿੰਘ ਆਪਣੇ ਭਰਾ ਰਾਜਾ ਭਰਪੂਰ ਸਿੰਘ ਵਾਂਗ ਬੜਾ ਲਾਇਕ ਰਾਜਾ ਸੀ। ਇਸਨੇ ਕੋਈ ਛੇ ਸਾਲ ਨਾਭਾ ਰਿਆਸਤ ਨੂੰ ਸੰਭਾਲਿਆ। ਇਸ ਦੀ ਮੌਤ ੧੮੭੦ ਈ. ਵਿਚ ਜੇਠ ਵਦੀ ਬਾਰ੍ਹਾਂ ਨੂੰ ਹੋਈ। ਰਾਜਾ ਭਗਵਾਨ ਸਿੰਘ ਵੀ ਬੇਔਲਾਦ ਚਲਾਣਾ ਕਰ ਗਿਆ।
ਰਾਜਾ ਭਗਵਾਨ ਸਿੰਘ ਦੀ ਮੌਤ ਪਿੱਛੋਂ ਪੰਜ ਮਈ ੧੮੬੦ ਈ. ਦੀਆਂ ਸ਼ਰਤਾਂ ਅਨੁਸਾਰ ਰਿਆਸਤ ਨਾਭਾ ਦਾ ਰਾਜਾ ਫੂਲ ਵੰਸ਼ ਵਿੱਚੋਂ ਚੁਣਨਾ ਪਿਆ। ਦੀਵਾਨ ਹਾਕਮ ਰਾਏ ਨਾਵਾ ਨੇ ਪ੍ਰਭੂ ਦਿਆਲ ਮੀਰ ਮੁਨਸ਼ੀ ਦੀ ਲਿਖਤ ਤੇ ਕੁਰਸੀ ਨਾਮੇ ਅਨੁਸਾਰ ਸ. ਹੀਰਾ ਸਿੰਘ ਬਡਰੁਖਾਂ ਵਾਲੇ ਨੂੰ ਯੋਗ ਤੇ ਹੱਕਦਾਰ ਸਮਝਕੇ ਰਿਆਸਤ ਨਾਭੇ ਦੇ ਸਾਰੇ ਅਹਿਲਕਾਰਾਂ ਦੇ ਦਸਤਖ਼ਤ ਕਰਾ ਕੇ ਰੱਖੇ ਹੋਏ ਸਨ। ਲੈਫ਼ਟੀਨੈਂਟ ਗਵਰਨਰ ਪੰਜਾਬ ਨੇ ਸ. ਹੀਰਾ ਸਿੰਘ ਨੂੰ ਸ਼ਿਮਲੇ ਬੁਲਾ ਕੇ ਨਾਭਾ ਰਿਆਸਤ ਬਾਰੇ ਜਾਣਕਾਰੀ ਦਿੱਤੀ ਅਤੇ ਨਾਭੇ ਦਾ ਰਾਜਾ ਐਲਾਨ ਦਿੱਤਾ। ਨਾਲ ਹੀ ਸ. ਹੀਰਾ ਸਿੰਘ ਨੂੰ ਕਿਹਾ ਕਿ ਅੱਜ ਤੋਂ ਬਡਰੁਖਾਂ ਵਿੱਚੋਂ ਤੁਸੀਂ ਮਰ ਗਏ ਅਤੇ ਰਾਜਾ ਭਗਵਾਨ ਸਿੰਘ ਦੇ ਘਰ ਤੁਹਾਡਾ ਜਨਮ ਹੋ ਗਿਆ ਹੈ। ੧੦ ਅਗਸਤ, ੧੮੭੧ ਈ. ਸ. ਹੀਰਾ ਸਿੰਘ ਨੂੰ ਨਾਭੇ ਦਾ ਰਾਜਾ ਬਣਾਇਆ। ਸ. ਹੀਰਾ ਸਿੰਘ ਨੇ ਨਾਭਾ ਰਿਆਸਤ ਦਾ ਪ੍ਰਬੰਧ ਬਹੁਤ ਵਧੀਆ ਤਰੀਕੇ ਨਾਲ ਕੀਤਾ। ਰਿਆਸਤ ਵਿਚ ਅਨੇਕ ਸਕੂਲ ‘ ਖੋਲੇ ਤੇ ਵਿਦਿਆਰਥੀਆਂ ਨੂੰ ਅਨੇਕ ਵਜ਼ੀਫ਼ੇ ਦਿੱਤੇ। ਮੈਕਾਲਿਫ ਨੂੰ ‘ਸਿੱਖ ਰਿਲੀਜ਼ਨ ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਜ ਨੂੰ ਪੱਕੇ ਪੈਰੀਂ ਕੀਤਾ। ਇਨ੍ਹਾਂ ਦੀ ਮੌਤ ੨੫ ਦਸੰਬਰ, ੧੯੧੧ ਈ. ਨੂੰ ਹੋਈ।੧੫ ਰਾਜਾ ਹੀਰਾ ਸਿੰਘ ਦੀ ਮੌਤ ਤੋਂ ਬਾਅਦ ਉਸਦਾ ਪੁੱਤਰ ਰਿਪੁਦਮਨ ਸਿੰਘ ਨਾਭਾ ਰਿਆਸਤ ਦਾ ਰਾਜਾ ਬਣਿਆ। ਇਸਨੇ ਪਹਿਲੇ ਵਿਸ਼ਵ ਯੁੱਧ ਦੌਰਾਨ ਆਪਣੀ ਫ਼ੌਜ ਦੀ ਸੇਵਾ ਅੰਗਰੇਜ਼ ਸਰਕਾਰ ਨੂੰ ਸੌਂਪੀ। ਸਰਕਾਰ ਨੇ ੧੯੧੮ ਈ. ਵਿਚ ਨਾਭਾ ਰਿਆਸਤ ਦੀ ਅਕਾਲ ਇਨਫੈਂਟਰੀ ਮੈਸੋਪੋਟਾਮੀਆ ਭੇਜੀ ਸੀ, ਜਿੱਥੇ ਇਸ ਫ਼ੌਜ ਨੇ ਸਰਦਾਰ ਬਹਾਦੁਰ ਕਰਨੈਲ ਬਚਨ ਸਿੰਘ ਦੀ ਕਮਾਣ ਹੇਠ ਬਹੁਤ ਚੰਗਾ ਕੰਮ ਕੀਤਾ। ੧੯੧੯ ਈ. ਵਿਚ ਨਾਭਾ ਰਿਆਸਤ ਦੀ ਫ਼ੌਜ ਨੇ ਤੀਜੇ ਅਫ਼ਗਾਨ ਯੁਧ ਸਮੇਂ ਬਲੋਚਿਸਤਾਨ ਅਤੇ ਈਰਾਨ ਵਿਚ ਰਹਿ ਕੇ ਵੀ ਉਤਮ ਸੇਵਾ ਕੀਤੀ। ਮਹਾਰਾਜਾ ਰਿਪੁਦਮਨ ਸਿੰਘ ਦੇ ਘਰ ੨੧ ਸਤੰਬਰ, ੧੯੧੯ ਈ. ਨੂੰ ਟਿੱਕਾ ਪ੍ਰਤਾਪ ਸਿੰਘ ਨੇ ਜਨਮ ਲਿਆ। ਇਨ੍ਹਾਂ ਦਿਨਾਂ ਵਿਚ ਨਾਭਾ ਰਿਆਸਤ ਦੇ ਪ੍ਰਬੰਧਕੀ ਢਾਂਚੇ ਵਿਚ ਨਾਅਹਿਲਕਾਰ ਲੋਕ ਸ਼ਾਮਲ ਹੋ ਗਏ, ਜਿਸ ਕਾਰਨ ਇਨ੍ਹਾਂ ਦੇ ਪਟਿਆਲਾ ਰਿਆਸਤ ਨਾਲ ਕਈ ਵਿਅਰਥ ਝਗੜੇ ਛਿੜ ਗਏ।੯ ਇਨ੍ਹਾਂ ਝਗੜਿਆਂ ਦੇ ਕਾਰਨ ਅੰਗਰੇਜ਼ ਹਕੂਮਤ ਨੇ ੯ ਜੁਲਾਈ, ੧੯੨੩ ਈ. ਨੂੰ ਮਹਾਰਾਜਾ ਰਿਪੁਦਮਨ ਸਿੰਘ ਨੂੰ ਰਾਜਗੱਦੀ ਤੋਂ ਦੂਰ ਕਰ ਦਿੱਤਾ। ਰਿਆਸਤ ਵੱਲੋਂ ਤਿੰਨ ਲੱਖ ਰੁਪਈਆ ਮੁਕੱਰਰ ਹੋ ਕੇ ਦੇਹਰਾਦੂਨ ਰਹਿਣ ਦੀ ਸਰਕਾਰ ਵੱਲੋਂ ਆਗਿਆ ਹੋਈ। ਇਸ ਸਮੇਂ ਨਾਭਾ ਰਿਆਸਤ ਦੇ ਪ੍ਰਬੰਧ ਲਈ ਅੰਗਰੇਜ਼ ਪ੍ਰਬੰਧਕ ਥਾਪਿਆ ਗਿਆ। ੬ ਫਰਵਰੀ, ੧੯੨੭ ਈ. ਨੂੰ ਮਹਾਰਾਜਾ ਰਿਪੁਦਮਨ ਨੇ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਅੰਮ੍ਰਿਤ ਛਕ ਕੇ ਨਾਉਂ ਗੁਰਚਰਨ ਸਿੰਘ ਰੱਖਿਆ। ੧੯੨੮ ਈ. ਵਿਚ ਅੰਗਰੇਜ਼ ਸਰਕਾਰ ਵੱਲੋਂ ਮਹਾਰਾਜਾ ਰਿਪੁਦਮਨ ਸਿੰਘ ਤੇ ਸ਼ਰਤਾਂ ਦੀ ਪਾਲਣਾ ਨਾ ਕਰਨ ਦਾ ਦੋਸ਼ ਲਾ ਕੇ ਉਨ੍ਹਾਂ ਦਾ ਗੁਜ਼ਾਰਾ ਭੱਤਾ ਤਿੰਨ ਲੱਖ ਤੋਂ ਘਟਾ ਕੇ ਇੱਕ ਲੱਖ ਵੀਹ ਹਜ਼ਾਰ ਕਰਕੇ ਉਨ੍ਹਾਂ ਕੋਲੋਂ ਮਹਾਰਾਜਾ ਪਦਵੀ ਜ਼ਬਤ ਕਰਕੇ ਉਸ ਨੂੰ ਮਦਰਾਸ ਦੇ ਇਲਾਕੇ ਕੋਡਾਈ ਕਨਾਲ ਭੇਜ ਦਿੱਤਾ। ਇਸ ਸਮੇਂ ੨੩ ਫਰਵਰੀ, ੧੯੨੮ ਈ. ਨੂੰ ਗਵਰਨਰ ਜਨਰਲ ਦੇ ਏਜੈਂਟ ਨੇ ਦੇਹਰਾਦੂਨ ਪਹੁੰਚ ਕੇ ਟਿੱਕਾ ਪ੍ਰਤਾਪ ਸਿੰਘ ਨੂੰ ਨਾਭੇ ਦਾ ਮਹਾਰਾਜਾ ਐਲਾਨ ਦਿੱਤਾ।” ਪਰ ਟਿੱਕਾ ਪ੍ਰਤਾਪ ਸਿੰਘ ਦੇ ਬਾਲਗ ਹੋਣ ਤਕ ਅੰਗਰੇਜ਼ ਸਰਕਾਰ ਵੱਲੋਂ ਨਿਯੁਕਤ ਪ੍ਰਬੰਧਕ ੧੯੩੮ ਈ. ਤਕ ਕੰਮ ਚਲਾਉਂਦਾ ਰਿਹਾ। ਮਹਾਰਾਜਾ ਰਿਪੁਦਮਨ ਸਿੰਘ ਕੋਡਾਈ ਕਨਾਲ (ਮਦਰਾਸ) ਵਿਖੇ ੧੩ ਦਸੰਬਰ ੧੯੪੨ ਈ. ਨੂੰ ਅਕਾਲ ਚਲਾਣਾ ਕਰ ਗਏ। ਇਨ੍ਹਾਂ ਦੇ ਪੁੱਤਰ ਟਿੱਕਾ ਪ੍ਰਤਾਪ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਦੇਹਰਾਦੂਨ ਹੀ ਰੱਖਿਆ, ਜਿੱਥੋਂ ਉਚ ਵਿੱਦਿਆ ਪ੍ਰਾਪਤ ਕਰਵਾਉਣ ਦੇ ਬਹਾਨੇ ਨਾਲ ਇੰਗਲੈਂਡ ਭੇਜ ਦਿੱਤਾ।੮ ਮਹਾਰਾਜਾ ਪ੍ਰਤਾਪ ਸਿੰਘ ੧੯੪੮ ਈ. ਤਕ ਨਾਭਾ ਰਿਆਸਤ ਦਾ ਰਾਜਾ ਰਿਹਾ। ੧੯੪੮ ਈ. ਵਿਚ ਨਾਭਾ ਰਿਆਸਤ ਨੂੰ ਪੰਜਾਬ ਦੀਆਂ ਹੋਰ ਰਿਆਸਤਾਂ ਸਮੇਤ ‘ਪੈਪਸੂ’ ਵਿਚ ਸ਼ਾਮਲ ਕਰ ਦਿੱਤਾ ਗਿਆ। ੧ ਨਵੰਬਰ, ੧੯੫੬ ਈ. ਦੇ ਦਿਨ ਪੰਜਾਬ ਅਤੇ ਪੈਪਸੂ ਦੇ ਸੂਬਿਆਂ ਨੂੰ ਮਿਲਾ ਕੇ ਪੰਜਾਬ ਸੂਬਾ ਬਣਾ ਦਿੱਤਾ ਗਿਆ। ਇਸ ਨਾਲ ਨਾਭਾ ਰਿਆਸਤ ਦੀ ਆਪਣੀ ਇਲਾਕਾਈ, ਰਾਜਸੀ ਹੋਂਦ ਖ਼ਤਮ ਹੋ ਗਈ।
ਹਵਾਲੇ:
੧. ਰਤਨ ਸਿੰਘ ਭੰਗੂ, ਸ੍ਰੀ ਗੁਰ ਪੰਥ ਪ੍ਰਕਾਸ਼ (ਸੰਪਾ.), ਡਾ. ਜੀਤ ਸਿੰਘ ਸੀਤਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ, ੨੦੦੫, ਪੰਨਾ ੨੮੫. ੨. ਉਹੀ, ਪੰਨਾ ੫੭੭,
੩. ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਭਾਗ ਦੂਜਾ, ਭਾਸ਼ਾ ਵਿਭਾਗ ਪੰਜਾਬ, ੨੦੦੩, ਪੰਨਾ ੫੪੧,
੪. ਉਹੀ, ਪੰਨੇ ੫੪੨-੫੪੪.
੫. ਉਹੀ, ਪੰਨਾ ੫੪੬.
੬. ਉਹੀ, ਪੰਨੇ ੬੨੭-੬੨੮.
੭. ਸੋਹਣ ਸਿੰਘ ਸੀਤਲ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਲਾਹੌਰ ਬੁਕ ਸ਼ਾਪ ਲੁਧਿਆਣਾ, ੨੦੧੨, ਪੰਨਾ ੧੧੮.
੮. ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਭਾਗ ਦੂਜਾ, ਪੰਨਾ ੬੨੯.
੯. ਸੋਹਣ ਸਿੰਘ ਸੀਤਲ, ਸਿੱਖ ਮਿਸਲਾਂ ਤੇ ਸਰਦਾਰ ਘਰਾਣੇ, ਪੰਨਾ ੧੨੦,
੧੦. ਉਹੀ, ਪੰਨਾ ੧੨੦,
੧੧. ਗਿਆਨੀ ਗਿਆਨ ਸਿੰਘ, ਤਵਾਰੀਖ ਗੁਰੂ ਖਾਲਸਾ, ਭਾਗ ਦੂਜਾ, ਪੰਨਾ ੬੪੬
੧੨. ਉਹੀ, ਪੰਨਾ ੬੫੩.
੧੩. ਉਹੀ, ਪੰਨਾ ੬੫੭.
੧੪. ਉਹੀ, ਪੰਨਾ ੬੫੮.
੧੫. ਭਾਈ ਕਾਨ੍ਹ ਸਿੰਘ ਨਾਭਾ, ਮਹਾਨ ਕੋਸ਼, ਨੈਸ਼ਨਲ ਬੁਕ ਸ਼ਾਪ ਦਿੱਲੀ, ੨੦੦੬, ਪੰਨਾ ੨੭੭. ੧੬. ਉਹੀ, ਪੰਨਾ ੬੯੬.
੧੭. ਉਹੀ,
੧੮. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵਕੋਸ਼, ਭਾਗ ਦੂਜਾ, ਪੰਨਾ ੧੫੩੫.