127 views 12 secs 0 comments

ਨਾ ਹਮ ਹਿੰਦੂ ਨ ਮੁਸਲਮਾਨ

ਲੇਖ
May 05, 2025
ਨਾ ਹਮ ਹਿੰਦੂ ਨ ਮੁਸਲਮਾਨ

ਹਜ ਕਾਬੈ ਜਾਉ ਨ ਤੀਰਥ ਪੂਜਾ॥
ਏਕੋ ਸੇਵੀ ਅਵਰੁ ਨ ਦੂਜਾ ॥ ਪੂਜਾ ਕਰਉ ਨ ਨਿਵਾਜ ਗੁਜਾਰਉ ॥
ਏਕ ਨਿਰੰਕਾਰ ਲੇ ਰਿਦੈ ਨਮਸਕਾਰਉ ॥
ਨਾ ਹਮ ਹਿੰਦੂ ਨ ਮੁਸਲਮਾਨ ॥ ਅਲਹ ਰਾਮ ਕੇ ਪਿੰਡੁ ਪਰਾਨ ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ਅੰਗ ੧੧੩੬)

ਇਨ੍ਹਾਂ ਪਾਵਨ-ਸਤਰਾਂ ਵਿਚ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਆਪਣੇ ਸਮੇਂ ਦੇ ਬ੍ਰਾਹਮਣੀ ਅਤੇ ਸ਼ਰਈ, ਕਰਮ-ਕਾਂਡੀ ਮੱਤਾਂ ਦੋਹਾਂ ਤੋਂ ਗੁਰਮਤਿ ਨੂੰ ਨਿਆਰਾ ਦਸਦੇ ਹਨ, ਕਿਉਂਕਿ ਉਨ੍ਹਾਂ ਦਾ ਮਤ ਉਸ ਇਕ ਰੱਬ ਦੇ ਆਸਰੇ ਟਿਕਿਆ ਹੋਇਆ ਹੈ ਜਿਸ ਨੂੰ ਹਿੰਦੂ ‘ਰਾਮ’ ਜਾਂ ‘ਗੁਸਾਈਂ’ ਅਤੇ ਮੁਸਲਮਾਨ ਅੱਲਾ ਕਹਿੰਦੇ ਹਨ। ਇੰਜ ਗੁਰੂ ਸਾਹਿਬ ਜੀ ਕਰਮ-ਕਾਂਡੀ ਮਤਾਂ ਨੂੰ ਨਕਾਰਦੇ ਹੋਏ ਸਰਬ-ਸਾਂਝੀਵਾਲਤਾ ਵਾਲੇ ਸਰਬ-ਸਾਂਝੇ ਧਰਮ ਨੂੰ ਉਜਾਗਰ ਕਰਦੇ ਹਨ, ਜੋ ਹਿੰਦੂ, ਮੁਸਲਮਾਨ ਦੋਹਾ ਮਤਾਂ ਤੋਂ ਵੱਖਰਾ ਹੈ ਅਤੇ ਜਿਸ ਨੂੰ ਹਰ ਕੋਈ ਧਾਰਨ ਕਰ ਸਕਦਾ ਹੈ ।

ਪੰਚਮ ਪਾਤਸਾਹ ਜੀ ਫਰਮਾਉਂਦੇ ਹਨ ਕਿ ਨਾ ਮੈਂ ਹੱਜ ਕਰਨ ਲਈ ਕਾਅਬੇ (ਇਸਲਾਮੀ ਧਰਮ ਕੇਂਦਰ) ਜਾਂਦਾ ਹਾਂ ਅਤੇ ਨਾ ਹੀ ਮੈਂ ਹਿੰਦੂਆਂ ਦੇ ਤੀਰਥਾਂ ‘ਤੇ ਪੂਜਾ ਕਰਨ ਜਾਂਦਾ ਹਾਂ ਮੈਂ ਤਾਂ ਕੇਵਲ ਇਕੋ-ਇਕ ਸਰਬ-ਸ਼ਕਤੀਮਾਨ ਰੱਬ ਦਾ ਸਿਮਰਨ ਕਰਦਾ ਹਾ ਕਿਸੇ ਹੋਰ ਦਾ ਨਹੀਂ । ਨਾ ਤਾ ਮੈਂ ਹਿੰਦੂਆਂ ਵਾਂਗ ਪੂਜਾ (ਮੂਰਤੀ ਆਦਿ ਦੀ) ਕਰਦਾ ਹਾਂ ਅਤੇ ਨਾ ਹੀ ਮੁਸਲਮਾਨਾਂ ਵਾਂਗ ਨਮਾਜ਼ ਪੜ੍ਹਦਾ ਹਾਂ। ਮੈਂ ਤਾਂ ਬਸ ਆਪਣੇ ਹਿਰਦੇ ਅੰਦਰ ਵੱਸੇ ਕੇਵਲ ਇਕ ਅਕਾਲ ਪੁਰਖ ਅੱਗੇ ਹੀ ਸਿਰ ਝੁਕਾਉਂਦਾ ਹਾਂ। ਨਾ ਮੈਂ ਹਿੰਦੂ ਹਾਂ ਅਤੇ ਨਾ ਹੀ ਮੁਸਲਮਾਨ।

ਮੇਰਾ ਸਰੀਰ ਅਤੇ ਜਿੰਦ-ਜਾਨ ਕੇਵਲ ਉਸ ਅਕਾਲ ਪੁਰਖ ਦੀ ਹੈ, ਜਿਸ ਨੂੰ ਮੁਸਲਮਾਨ, ਅੱਲਾ ਅਤੇ ਹਿੰਦੂ ਲੋਕ ਰਾਮ ਕਹਿੰਦੇ ਹਨ ।

ਸੰਸਾਰ ਦੇ ਧਾਰਮਕ ਮਤਾਂ ਵਿਚ ਗੁਰਮਤਿ ਦਾ ਇਕ ਨਿਵੇਕਲਾ ਸਥਾਨ ਹੈ ਕਿਉਂਕਿ ਇਹ ਸਮੁੱਚੀ ਮਨੁੱਖਤਾ ਨੂੰ ਏਕਤਾ ਦੀ ਲੜੀ ਵਿਚ ਪਰੋਣ ਵਾਲਾ ਇਕ ਐਸਾ ਧਰਮ-ਫਲਸਫਾ ਹੈ ਜੋ ਕੌਮਾਂ, ਇਲਾਕਿਆਂ, ਫਿਰਕੇਬੰਦੀਆਂ ਦੇ ਤੰਗ-ਦਾਇਰਿਆ ਤੋਂ ਉਚੇਰਾ ਹੈ। ਗੁਰੂ ਸਾਹਿਬ ਇਹੋ ਸਮਝਾਉਂਦੇ ਹਨ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਰੱਬ ਵੱਖੋ-ਵੱਖਰਾ ਨਹੀਂ, ਬਲਕਿ ਉਹ ਕੇਵਲ ਤੇ ਕੇਵਲ ਇਕ ਹੈ ਅਤੇ ਸਾਰਿਆ ਦਾ ਸਾਂਝਾ ਹੈ । ਅਸਿੱਧੇ ਰੂਪ ‘ਚ ਗੁਰੂ ਜੀ ਪੁਜਾਰੀ ਜਮਾਤ ‘ਤੇ ਆਧਾਰਤ ਕਰਮ-ਕਾਂਡੀ ਮਤਾਂ ਦਾ ਸਹਿਜ-ਖੰਡਨ ਕਰਦੇ ਹਨ । ਇਹ ਇਕ ਇਨਕਲਾਬੀ ਸੁਨੇਹਾ ਹੈ, ਜਿਸ ਵਿਚੋਂ ਸਮੁੱਚੀ ਮਨੁੱਖਤਾ ਨੂੰ ਇਕ ਅਕਾਲ-ਪੁਰਖ ਦੇ ਉਪਾਸਕ ਬਣ ਕੇ, ਇਕ ਲੜੀ ਵਿਚ ਪਰੁਚਣ ਦੀ ਭਰਪੂਰ ਪ੍ਰੇਰਨਾ ਮਿਲਦੀ ਹੈ ।

ਸਿਧਾਤਕ ਪੱਖੋਂ ਗੁਰਮਤਿ ਵਿਚ ਪੁਜਾਰੀ ਜਮਾਤ ਲਈ ਕੋਈ ਥਾਂ ਨਹੀਂ। ਗੁਰਬਾਣੀ ਵਿਚ ਗੁਰੂ-ਕਾਲ ਦੀ ਪੁਜਾਰੀ ਜਮਾਤ ਦੀ ਭਰਵੀ ਨਿਖੇਧੀ ਕੀਤੀ ਗਈ ਹੈ । ਭਗਤ ਕਬੀਰ ਜੀ ਵੀ ਭੈਰਉ ਰਾਗ ਦੇ ਆਪਣੇ ਇਕ ਸ਼ਬਦ ਵਿਚ ਅਜਿਹਾ ਹੀ ਸੁਨੇਹਾ ਦਿੰਦੇ ਹੋਏ ਫ਼ਰਮਾਉਂਦੇ ਹਨ ਕਿ ਮੈਂ ਝਗੜਿਆ ਦੀ ਜੜ੍ਹ, ਫਿਰਕਾਪ੍ਰਸਤ ਅਤੇ ਕਰਮ-ਕਾਡੀ ਪੁਜਾਰੀ ਜਮਾਤ (ਪੰਡਤਾ ਅਤੇ ਮੁਲਾਣਿਆਂ) ਨਾਲੋਂ ਆਪਣਾ ਨਾਤਾ ਤੋੜ ਲਿਆ ਹੈ:-

ਹਮਰਾ ਝਗਰਾ ਰਹਾ ਨ ਕੋਉ ॥ ਪੰਡਿਤ ਮੁਲਾਂ ਛਾਡੇ ਦੋਉ॥

ਭਾਵ ਕਿ ਪੰਡਤ ਤੇ ਮੁੱਲਾ, ਜੋ ਸਰ੍ਹਾ ਅਤੇ ਕਰਮ-ਕਾਂਡੀ ਝਗੜਿਆਂ ਵਿਚ ਫਸੇ ਹੋਏ ਹਨ, ਉਨ੍ਹਾਂ ਦੇ ਫਲਸਫੇ ਨੂੰ ਅਸਾਂ ਨਹੀ ਅਪਣਾਇਆ:

ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ।।

ਮੁੱਕਦੀ ਗੱਲ, ਗੁਰਮਤਿ ਫਲਸਫਾ ਇਕ ਇਨਕਲਾਬੀ ਫਲਸਫਾ ਹੈ ਜੋ ਹਿੰਦੂ ਮੁਸਲਮਾਨ ਦੇ ਫਿਰਕੂ ਝਗੜਿਆਂ ਤੋਂ ਆਜ਼ਾਦ ਅਤੇ ਵੱਖਰਾ ਹੈ । ਇਹ ਫਲਸਫ਼ਾ ਕੇਵਲ ਪੰਜਾਬ ਜਾਂ ਹਿੰਦੁਸਤਾਨ ਦੇ ਲੋਕਾਂ ਲਈ ਰਾਖਵਾਂ ਨਹੀਂ,ਬਲਕਿ ਸਾਰੀ ਮਨੁੱਖਤਾ ਦੇ ਅਪਣਾਉਣ ਯੋਗ ਹੈ