-ਡਾ. ਇੰਦਰਜੀਤ ਸਿੰਘ ਗੋਗੋਆਣੀ
ਭੈ ਵਿਚਿ ਪਵਣੁ ਵਹੈ ਸਦਵਾਉ॥ ਭੈ ਵਿਚਿ ਚਲਹਿ ਲਖ ਦਰੀਆਉ॥
(ਅੰਗ ੪੬੪)
ਭੈ ਵਿਚਿ ਅਗਨਿ ਕਢੈ ਵੇਗਾਰਿ॥ ਭੈ ਵਿਚਿ ਧਰਤੀ ਦਬੀ ਭਾਰਿ॥
ਮਾਨਵਤਾ ਲਈ ਚੰਗੀ ਜੀਵਨ-ਜਾਚ ਵਾਸਤੇ ਜੋ ਸੋਲਾ ਕਲਾਵਾਂ ਦਾ ਜ਼ਿਕਰ ਹੈ, ਉਨਾ ਵਿੱਚੋਂ ਗਿਆਰ੍ਹਵੀਂ ਕਲਾ ਨਿਯਮ ਕਲਾ ਹੈ। ‘ਮਹਾਨ ਕੋਸ਼’ ਅਨੁਸਾਰ ਨਿਯਮ ਤੋਂ ਭਾਵ- ਦਸਤੂਰ, ਕਾਇਦਾ, ਪ੍ਰਤਿਗਯਾ ਜਾਂ ਪ੍ਰਣ ਹੈ। ਸਿੱਖ ਧਰਮ ਵਿਚ ਨਿੱਤਨੇਮ ਵੀ ਇਕ ਨਿਯਮ ਹੈ ਤੇ ਨਿੱਤਨੇਮੀ ਨੂੰ ਇਸ ਕਲਾ (ਸ਼ਕਤੀ) ਦਾ ਅਹਿਸਾਸ ਹੁੰਦਾ ਹੈ। ਇਸੇ ਤਰ੍ਹਾਂ ਸਿੱਖ ਰਹਿਤ ਮਰਯਾਦਾ ਵੀ ਸਮੁੱਚੀ ਕੌਮ ਦੀ ਇਕਸੁਰਤਾ ਤੇ ਇਕਸਾਰਤਾ ਲਈ ਦਸਤੂਰ ਜਾਂ ਨਿਯਮ ਹੀ ਹੈ ਕਿ ਗੁਰੂ ਦਾ ਸਿੱਖ ਇਨ੍ਹਾਂ ਨਿਯਮਾਂ ਦੇ ਅਨੁਸਾਰ ਜੀਵਨ ਬਤੀਤ ਕਰੇ ਤਾਂ ਇਸ ਦੇ ਮਨ ਵਿਚ ਪੰਥਕ ਹੋਣ ਦਾ ਸਵੈ-ਮਾਣ ਕਾਇਮ ਰਹੇਗਾ। ਦਰਅਸਲ ਨਿਯਮ, ਦਸਤੂਰ ਜਾਂ ਮਰਯਾਦਾ ਹੀ ਮਾਨਵੀ ਜੀਵਨ ਦੀ ਅਸਲ ਸ਼ਕਤੀ ਹੈ। ਹਰੇਕ ਸਫਲ ਮਨੁੱਖ ਦੀ ਜੀਵਨੀ ਦਾ ਮੂਲ ਤੱਤ ਉਸ ਦੀ ਨਿਯਮਬੱਧ ਜੀਵਨ-ਜਾਚ ਹੁੰਦੀ ਹੈ।
ਨਿਯਮ ਕਲਾ ਦਾ ਹੋਰ ਖੁਲਾਸਾ ਕਰੀਏ ਤਾਂ ਪਾਠਸ਼ਾਲਾ ਤੋਂ ਲੈ ਕੇ ਰੇਲ ਗੱਡੀਆਂ ਤਕ ਇਕ ਨਿਯਮਤ ਸਮਾਂ-ਸਾਰਣੀ ਦੇ ਤਹਿਤ ਚੱਲਦੀਆਂ ਹਨ ਤੇ ਜੇਕਰ ਕੋਈ ਨਿਯਮ ਨਾ ਹੋਵੇ ਤਾਂ ਆਪਸ ਵਿਚ ਟਕਰਾ ਕੇ ਰਹਿ ਜਾਣਗੀਆਂ। ਘਰ ਵਿਚ ਬਲਦੀ ਅੱਗ ਨਿਯਮ ਦੇ ਅਨੁਸਾਰ ਹੈ, ਥੋੜੀ ਜਿਹੀ ਗਲਤੀ ਹੱਸਦੇ-ਵੱਸਦੇ ਘਰ ਨੂੰ ਰਾਖ ਕਰ ਸਕਦੀ ਹੈ। ਨਦੀਆਂ-ਨਾਲਿਆਂ ‘ਚ ਵਗਦਾ ਪਾਣੀ ਆਪਣੇ ਕਿਨਾਰਿਆਂ ਦੇ ਨਿਯਮ ਨੂੰ ਤੋੜ ਬੈਠੇ ਤਾਂ ਹੱਦ ਖ਼ਤਮ ਹੋ ਜਾਂਦੀ ਹੈ। ਮਾਨਵੀ ਰਿਸ਼ਤਿਆਂ-ਨਾਤਿਆਂ ਦਾ ਪ੍ਰਬੰਧ ਸਮਾਜਿਕ ਨਿਯਮ ਨੇ ਹੀ ਸਿਰਜਿਆ ਹੈ, ਨਹੀਂ ਤਾਂ ਨੈਤਿਕ ਕਦਰਾਂ-ਕੀਮਤਾਂ ਰੁੜ ਪੁੜ ਜਾਂਦੀਆਂ। ਨਿਯਮ ਦੀ ਕਲਾ ਨੇ ਹੀ ਸੰਸਾਰ ਦੀ ਕੁਝ ਸੁਰੱਖਿਆ ਕੀਤੀ ਹੈ ਕਿ ਕੋਈ ਕਾਇਦਾ ਕਨੂੰਨ ਹੈ, ਨਹੀਂ ਤਾਂ ਸਮਾਜ ‘ਚ ਹੋਰ ਵੱਡਾ ਨਰਕ ਹੁੰਦਾ। ਮਨੁੱਖ ਇਕ ਖ਼ਤਰਨਾਕ ਜੀਵ ਹੈ, ਇਸ ਨੂੰ ਨਿਯਮ ਕਲਾ ਨੇ ਹੀ ਮਨੁੱਖ ਕਹਿਣਯੋਗ ਬਣਾਇਆ ਹੈ।
ਬਿਬੇਕ ਨਾਲ ਵਿਚਾਰਿਆ ਜਾਵੇ ਤਾਂ ਧਰਮ ਵੀ ਇਕ ਨਿਯਮ ਹੈ, ਜਿਸ ਨੇ ਮਾਨਵਤਾ ਨੂੰ ਪੁੰਨ, ਦਇਆ, ਨਿਮਰਤਾ, ਸਾਂਝੀਵਾਲਤਾ ਤੇ ਆਪਸੀ ਪ੍ਰੇਮ ਨਾਲ ਜੀਵਨ ਜਿਊਣ ਦੀ ਜਾਚ ਸਿਖਾਈ ਹੈ। ਸੰਗਤ-ਪੰਗਤ ਦੇ ਨਿਯਮ ਨੇ ਹੀ ਜਾਤ-ਪਾਤ ਦੀਆਂ ਨਫਰਤਵਾਦੀ ਪਥਰੀਲੀਆਂ ਦੀਵਾਰਾਂ ਨੂੰ ਲੋਕ ਮਾਨਸਿਕਤਾ ਵਿੱਚੋਂ ਭੰਨਿਆ ਹੈ। ਸਾਡੇ ਕੁਝ ਲੋਕਾਂ ਦੀ ਹਾਲੇ ਤਰਕੀ ਮਾਨਸਿਕਤਾ ਅੰਮ੍ਰਿਤ ਵੇਲਾ, ਨਿੱਤਨੇਮ, ਸਿਮਰਨ ਜਾਂ ਮਰਯਾਦਾ ਤੋਂ ਭੱਜਣ ਦੀ ਕੋਸ਼ਿਸ਼ ਵਿਚ ਰਹਿੰਦੀ ਹੈ ਕਿਉਂਕਿ ਮਰਯਾਦਾ ਇਕ ਨਿਯਮਬੱਧ ਜੀਵਨ ਲਈ ਪ੍ਰੇਰਦੀ ਹੈ। ਪੰਜ ਕੱਕਾਰ ਵੀ ਦਸਮ ਪਾਤਸ਼ਾਹ ਜੀ ਨੇ ਇਕ ਸਿੱਖ ਲਈ ਨਿਯਮ ਦੀ ਪਾਲਣਾ ਕਰਨ ਲਈ ਬਖਸ਼ਿਸ਼ ਕੀਤੇ। ਇਹ ਪ੍ਰਤਿਗਿਆ ਜਾਂ ਪ੍ਰਣ ਨਿਭਾਉਣਾ ਸਤਿਗੁਰਾਂ ਦੇ ਬਖ਼ਸ਼ੇ ਨਿਯਮ ਦੀ ਹੀ ਪਾਲਣਾ ਹੈ। ਇਹ ਗੁਰੂ ਤੇ ਸਿੱਖ ਦੇ ਪਿਆਰ ‘ ਦੀਆਂ ‘ਸੂਖਮ । ਤੰਦਾਂ ਹਨ ਜੋ ਭਾਵਨਾ ਵਾਲੇ ਗੁਰਸਿੱਖਾਂ ਲਈ ਸ਼ਿੰਗਾਰ ਹਨ ਅਤੇ ਭਾਵਨਾ ਵਿਹੂਣਿਆਂ ਲਈ ਰਸਮੀ ਭਾਰ ਕਿਸੇ ਭਾਸ਼ਾ ਜਾਂ ਬੋਲੀ ਨੂੰ ਵਿਚਾਰੀਏ ਤਾਂ ਸਭ ਇਕ ਨਿਯਮ ਦੇ ਅਨੁਸਾਰ ਹੈ ਅਤੇ ਗੁਰਬਾਣੀ ਉਚਾਰਨ ਤੇ ਅਰਥ-ਬੋਧ ਲਈ ਵੀ ਸਤਿਗੁਰਾਂ ਨੇ ਇਕ ਨਿਯਮਾਵਲੀ ਦ੍ਰਿੜ੍ਹ ਕਰਵਾਈ ਹੈ। ਇਸ ਨਿਯਮ ਦੀ ਕਲਾ ਨੇ ਚਵਰ ਤਖਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ-ਸਤਿਕਾਰ ਕਰਨਾ ਸਿਖਾਇਆ ਹੈ। ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਛਤਰ ਛਾਇਆ ਹੇਠ ਪੰਥਕ ਨਿਯਮਾਵਲੀ ਨੂੰ ਕਾਇਮ ਰੱਖਣ ਦੀ ਪ੍ਰੇਰਨਾ ਹੈ। ਕਿਸੇ ਸਿੱਖ ਨੂੰ ਛੇਕਣਾ ਵੀ ਨਿਯਮਬੱਧ ਕਰਨਾ ਹੀ ਹੈ। ਇਹ ਧਾਰਮਿਕ ਸਜ਼ਾ ਸਰੀਰਿਕ ਨਹੀਂ ਸਗੋਂ ਗਿਆਨਮਈ ਤੇ ਪ੍ਰੇਰਨਾਦਾਇਕ ਹੈ ਜੋ ਪੰਥ ਦੇ ਸਿਰਜਨਹਾਰਿਆਂ ਨੇ ਘੜੀ ਹੈ।
ਖੈਰ ! ਮਨੁੱਖ ਕਿਸੇ ਵੀ ਖਿੱਤੇ ਜਾਂ ਧਰਮ ਦਾ ਹੋਵੇ ਉਹ ਨਿਯਮ ਦੀ ਪਾਲਣਾ ਕਰਨ ਕਰ ਕੇ ਮਨੁੱਖ ਕਿਹਾ ਜਾਂਦਾ ਹੈ। ਖ਼ੁਸ਼ੀ ਤੇ ਸੁਖੀ ਜ਼ਿੰਦਗੀ ਨਿਯਮਬੱਧ ਹੁੰਦੀ ਹੈ। ਬੇਨਿਯਮਿਆਂ ਦਾ ਨਿਯਮ ਨਾ ਹੋਣ ਕਰਕੇ ਜੀਵਨ ਵੀ ਦੁਖਦਾਇਕ ਹੁੰਦਾ ਹੈ। ਸੰਸਕ੍ਰਿਤ ਵਿਚ ਕਾਲੀਦਾਸ ਨੇ ਸ਼ੁਤ ਮੂਢਾ (ਸੋ ਮੂਰਖ) ਵਿਚ ਨਿਯਮਾਵਲੀ ਵਿਹੂਣੇ ਜੀਵਨ ਦੀ ਤਸਵੀਰ ਪੇਸ਼ ਕੀਤੀ ਹੈ ਜੋ ਗੁਰਬਖਸ਼ ਸਿੰਘ ਕੇਸਰੀ ਜੀ ਨੇ ਸੰਖਿਆ ਕੋਸ਼ ਵਿਚ ਦਰਜ ਕੀਤੀ ਹੈ ਤੇ ਸੰਖੇਪ ਮਾਤਰ ਇੰਝ ਹੈ:-
ਪਰ ਘਰ ਭੋਜਨ ਬਹੁਤਾ ਖਾਵੇ। ਢਿਡ ਪਾਲ ਮੂਰਖ ਮਰ ਜਾਵੇ। ਨਸ਼ੇ ਵਿਸ਼ੇ ਦਾ ਭੋਜਨ ਕਰੇ। ਇਨ੍ਹਾਂ ਲਈ ਤੋਂ ਗਹਿਣੇ ਧਰੇ। ਚਾਦਰ ਦੇਖ ਨਾ ਪੈਰ ਪਸਾਰੇ। ਹਰ ਕਾਰਜ ਵਿਚ ਮੂਰਖ ਹਾਰੇ। ਛਾਹ ਬਿਗਾਨੀ ਮੁੱਛ ਮਨਾਵੇ। ਮਿਲੇ ਨਹੀਂ ਮੂਰਖ ਪਛਤਾਵੇ। ਸੂਰਜ ਚੜ੍ਹਦੇ ਤੀਕਰ ਸੋਵੇ। ਪ੍ਰਾਤਕਾਲ ਮੂਰਖ ਸੁਖ ਖੋਵੇ। ਖਾਧੇ ਉਪਰ ਫਿਰ ਮੁੜ ਖਾਵੇ। ਨਿਰਮਲ ਜਲ ਦੇ ਨਾਲ ਨਾ ਨ੍ਹਾਵੇ।
ਇਸ ਤਰਾਂ ਦੀਆਂ ਲਿਖਤਾਂ ਬੇਨਿਯਮਿਆਂ ਨੂੰ ਨਿਯਮ ਕਲਾ ਵੱਲ ਹੀ ਪ੍ਰੇਰਦੀਆਂ ਹਨ। ਨਿਯਮ ਵਾਲਾ ਜੀਵਨ ਸਫਲ ਜੀਵਨ ਹੁੰਦਾ ਹੈ। ਜਾਗਣਾ, ਸੌਣਾ, ਖਾਣਾ-ਪੀਣਾ, ਕਸਰਤ, ਵਿੱਦਿਆ, ਸਹਿਜ, ਧਰਮ-ਕਰਮ, ਕਿਰਤ, ਪਰਿਵਾਰ, ਭਾਸ਼ਾ, ਦੇਸ਼ ਪ੍ਰਤੀ ਫ਼ਰਜ਼ ਨਿਯਮ ਵਾਲਾ ਹੀ ਨਿਭਾ ਸਕਦਾ ਹੈ।
ਇਸ ਲੇਖ ਦੇ ਸ਼ੁਰੂ ਵਿਚ ਦਿੱਤੀਆਂ ਗੁਰਬਾਣੀ ਦੀਆਂ ਪੰਕਤੀਆਂ ਅਸੀਂ ਰੋਜ਼ਾਨਾ ਹੀ ਅੰਮ੍ਰਿਤ ਵੇਲੇ ਆਸਾ ਕੀ ਵਾਰ ਵਿਚ ਸਰਵਣ ਕਰਦੇ ਹਾਂ। ਇਹ ਕਾਦਰ ਦੀ ਕੁਦਰਤ ਵਿਚ ਨਿਯਮ ਕਲਾ ਨੂੰ ਦ੍ਰਿੜ੍ਹ ਕਰਵਾਉਂਦੀਆਂ ਮਨੁੱਖਤਾ ਲਈ ਪ੍ਰੇਰਕ ਸ਼ਕਤੀ ਹਨ ਕਿ ਕਰਤੇ ਦਾ ਵਰਤਾਰਾ ਇਕ ਭੈਅ (ਨਿਯਮ) ਵਿਚ ਬੱਝਾ ਹੋਇਆ ਹੈ। ਹੇ ਮਨੁੱਖ! ਤੂੰ ਵੀ ਪ੍ਰੇਰਨਾ ਲੈ। ਪ੍ਰਭੂ ਦੇ ਭੈਅ ਵਿਚ ਪਵਣ ਬੱਧੇ ਵੇਗ ਵਿਚ ਵਗਦੀ ਹੈ। ਇਸੇ ਤਰ੍ਹਾਂ ਲੱਖਾਂ ਦਰਿਆ ਵੀ ਉਸ ਦੇ ਬੱਧੇ ਨਿਯਮ ਅਨੁਸਾਰ ਹੀ ਵਗ ਰਹੇ ਹਨ। ਉਹ ਆਪਣੇ- ਆਪਣੇ ਫਰਜ਼ ਨੂੰ ਨਿਭਾ ਰਹੇ ਹਨ ਤੇ ਕਿਸੇ ਕਿਸਮ ਦੀ ਕੁਤਾਹੀ ਨਹੀਂ ਕਰਦੇ। ਅੱਗ ਵੀ ਨਿਰੰਕਾਰੀ ਹੁਕਮ (ਨਿਯਮ) ਵਿਚ ਆਪਣੇ ਜ਼ਿੰਮੇਂ ਲੱਗੇ ਕੰਮ ਨੂੰ ਨਿਭਾ ਰਹੀ ਹੈ। ਉਸ ਪ੍ਰਭੂ ਦੇ ਭੈਅ ਵਿਚ ਹੀ ਧਰਤੀ ਜੋ ਕਈ ਤਰ੍ਹਾਂ ਦੇ ਭਾਰਾਂ ਨਾਲ ਦੱਬੀ ਹੋਈ ਹੈ, ਕੁਦਰਤ ਦੇ ਬੱਧੇ ਨਿਯਮ ਉਸ ‘ਤੇ ਵੀ ਲਾਗੂ ਹੁੰਦੇ ਹਨ। ਇਸ ਲਈ ਉਨਾਂ ਬੱਧੇ ਨਿਯਮਾਂ ਨੂੰ ਉਲੰਘਣਾ ਉਸ ਲਈ ਮੂਲੋਂ ਸੰਭਵ ਨਹੀਂ ਹੈ। ਇਸ ਪ੍ਰਕਰਣ ਦੁਆਰਾ ਸਤਿਗੁਰਾਂ ਨੇ ‘ਨਿਯਮ ਕਲਾ’ ਦ੍ਰਿੜ੍ਹ ਕਰਵਾਈ ਹੈ।