ਮਨੋਵਿਗਿਆਨੀ ਕਹਿੰਦੇ ਹਨ ਕਿ ਮਨੁੱਖ ਦਾ ਸੁਭਾਅ ਮਿਲਗੋਭਾ ਹੁੰਦਾ ਹੈ। ਮਨੁੱਖੀ ਸੁਭਾਅ ਨੂੰ ਸਮਝਣਾ ਕੋਈ ਸੌਖੀ ਜਿਹੀ ਗੱਲ ਨਹੀਂ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਵੀ ਮਨੁੱਖੀ ਸੁਭਾਅ ਦੀ ਆਲੋਚਨਾ ਕਰਦਿਆਂ ਦਸਦੇ ਹਨ ‘ਜਗਤੁ ਪਸੂ ਅਹੰ ਕਾਲੁ ਕਸਾਈ॥’ ਲੱਛਣਾਂ ਬ੍ਰਿਤੀ ਅਨੁਸਾਰ ਮਨੁੱਖ ਭੋਗਾਂ ਦੇ ਸਬੰਧ ਵਿੱਚ ਪਸ਼ੂਆਂ ਦਾ ਸਬੰਧੀ ਹੈ। ਜਦ ਉਸ ਤੇ ਹੰਕਾਰ ਦਾ ਭੂਤ ਸਵਾਰ ਹੁੰਦਾ ਹੈ ਉਸ ਵੇਲੇ ਉਹ ਕਸਾਈ ਬਣ ਜਾਂਦਾ ਹੈ।
ਅਜੋਕੀ ਮਨੋਵਿਗਿਆਨ ਵਿਦਿਆ ਵੀ ਮਨੁੱਖ ਨੂੰ ਪਸ਼ੂ, ਵਹਿਸ਼ੀ ਤੇ ਚਿੜਚਿੜੇ ਸੁਭਾਅ ਦਾ ਮੰਨਦੀ ਹੈ। ਮਨੁੱਖ ਵਿੱਚ ਉਪਰੋਕਤ ਸੁਭਾਅ ਪ੍ਰਬਲ ਹੁੰਦੇ ਹਨ। ਮਨੁੱਖ ਨੂੰ ਮਨੁੱਖ ਬਣਾਉਣ ਲਈ ਪਰਉਪਕਾਰੀ ਮਹਾਂਪੁਰਸ਼ ਸੰਸਾਰ ਵਿੱਚ ਆਉਂਦੇ ਹਨ। ਮਹਾਂ ਪੁਰਸ਼ਾਂ ਦੇ ਮਨੁੱਖ ਬਣਾਉਣ ਦੇ ਵਿਚਾਰ, ਸਾਧਨਾਂ ਤੇ ਯਤਨਾਂ ਦਾ ਨਾਂ ਧਰਮ, ਸੰਸਕ੍ਰਿਤੀ ਤੇ ਸਭਿਅਤਾ ਹੈ। ਧਰਮ ਮਨੁੱਖ ਦੀ ਬੁੱਧੀ ਵਿਚੋਂ ਪਸ਼ੂ ਭਾਵ, ਵਹਿਸ਼ੀਪਣ ਤੇ ਚਿੜਚਿੜਾ ਸੁਭਾਵ ਦੂਰ ਕਰਨ ਦਾ ਮੁੱਖ ਸਾਧਨ ਹੈ।
ਸੰਸਕ੍ਰਿਤੀ ਉਸ ਦੇ ਮਨ ਨੂੰ ਸ਼ੁਭ ਕਰਮਾਂ ਨਾਲ ਉਜਲ ਕਰਦੀ ਰਹਿੰਦੀ ਹੈ। ਸਭਿਅਤਾ ਉਸ ਨੂੰ ਸੁਚੱਜੇ ਢੰਗ ਨਾਲ ਰੋਟੀ, ਕਪੜਾ ਤੇ ਮਕਾਨ ਦੀਆਂ ਸਮੱਸਿਆਵਾਂ ਦਾ ਸੌਖਾ ਹੱਲ ਸਿਖਾਂਦੀ ਹੈ। ਅੱਜ ਤਾਂਈ ਮਨੁੱਖ ਇਨ੍ਹਾਂ ਤਿੰਨਾਂ ਕੋਲੋਂ ਪਿੱਛਾ ਨਹੀਂ ਛੁਡਾ ਸਕਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦਾ ਨਿਰਮਲ ਪੰਥ ਵੀ, ਇਨ੍ਹਾਂ ਤਿੰਨਾਂ ਸਾਧਨਾਂ ਰਾਹੀਂ ਮਨੁੱਖ ਨੂੰ ਚੰਗਾ ਮਨੁੱਖ ਬਣਾਉਣ ਦਾ ਇੱਕ ਸੁਹਣਾ ਉਪਰਾਲਾ ਹੈ।
ਇੱਕ ਨਿਰਮਲ ਪੰਥ, ਜਿਸ ਦਾ ਨਾਮ ਸ੍ਰੀ ਦਸਮੇਸ਼ ਜੀ ਨੇ ਖਾਲਸਾ ਰੱਖਿਆ ਸੀ, ਵਿੱਚ ਧਰਮ ਦੀ ਬਹੁਤ ਲੋੜ ਹੈ। ਧਰਮ ਤੋਂ ਬਿਨਾਂ ਦਯਾ ਜੋ ਇਸ ਦੀ ਮਾਤਾ ਹੈ ਵੱਧ ਫੁੱਲ ਨਹੀਂ ਸਕਦੀ। ਧਰਮ ਤੋਂ ਬਿਨਾਂ ਸੰਸਾਰ ਨੂੰ ਸੰਤੋਖ ਨਹੀਂ ਪ੍ਰਾਪਤ ਹੋ ਸਕਦਾ। ਸੰਤੋਖ ਤੋਂ ਬਿਨ੍ਹਾਂ ਸੰਸਾਰ ਤ੍ਰਿਸ਼ਨਾ ਦੀ ਅੱਗ ਵਿੱਚ ਸੜਦਾ ਬਲਦਾ। ਰਹਿੰਦਾ ਹੈ। ਤ੍ਰਿਸ਼ਨਾ ਅਸੰਤੋਖ ਦੀ ਬੜੀ ਕਾਰਣ ਹੈ। ਤ੍ਰਿਸ਼ਨਾ ਸ਼ਕਤੀ ਤੇ ਸ਼ੋਭਾ ਦੀ ਭੁੱਖ ਨੂੰ ਭੜਕਾਂਦੀ ਰਹਿੰਦੀ ਹੈ।
ਸ੍ਰੀ ਗੁਰੂ ਨਾਨਕ ਦੇਵ ਜੀ ਅਨੁਸਾਰ ਸੰਸਾਰ ਦਾ ਅਸਲਾ ਅਕਾਲ ਪੁਰਖ ਹੈ। ਉਸ ਦਾ ਗਿਆਨ ਗੁਰੂ ਦੀ ਕ੍ਰਿਪਾ ਦੁਆਰਾ ਹੁੰਦਾ ਹੈ। ਸਿਸ਼ਟੀ ਦਾ ਕਰਤਾ ਵੀ ਅਕਾਲ ਪੁਰਖ ਹੈ। ਮਨੁੱਖ ਨੂੰ ਵਾਹਿਗੁਰੂ ਨੇ ਧਰਤੀ ਦਾ ਸਿਕਦਾਰ ਬਣਾਇਆ ਹੈ। ਮਨੁੱਖੀ ਜੀਵਨ ਦਾ ਪ੍ਰਯੋਜਨ ਭੋਗਵਾਦ ਨਹੀਂ। ਮਨੁੱਖ ਜੀਵਨ ਦਾ ਪ੍ਰਯੋਜਨ ਤਿਆਗਵਾਦ ਵੀ ਨਹੀਂ। ਚੰਗਾ ਮਨੁੱਖ ਉਹੀ ਹੈ ਜੋ ਵਾਸ਼ਨਾਵਾਂ ਤੇ ਬੌਧਿਕਤਾ ਦਾ ਗੋਲਾ ਨਹੀਂ ਬਣਦਾ।
ਚੰਗਾ ਜੀਵਨ ਇਕਸੁਰਤਾ ਵਾਲਾ ਹੁੰਦਾ ਹੈ ਇਕਸੁਰਤਾ ਦੇ ਸਾਧਨ ਚਾਰ ਹਨ-ਵਿਵੇਕ ਵੈਰਾਗ, ਸਮਦਮ ਤੇ ਮੋਖੇਛਾ। ਵਿਵੇਕ ਤੋਂ ਬਿਨ੍ਹਾਂ ਮਨੁੱਖ ਆਤਮਿਕ ਉਨਤੀ ਵੱਲ ਕਦਮ ਨਹੀਂ ਪੁੱਟਦਾ। ਵੈਰਾਗ ਸੰਸਾਰ ਦੀ ਅਸਲੀ ਤਸਵੀਰ ਸਾਡੇ ਸਾਹਮਣੇ ਪੇਸ਼ ਕਰਦਾ ਹੈ। ਮਨ ਜਿੱਤਣ ਤੇ ਇੰਦ੍ਰੀਆਂ ਦੇ ਵਸੀਕਾਰ ਤੋਂ ਬਿਨ੍ਹਾਂ ਮਨੁੱਖ ਜੀਵਨ ਦੇ ਹਰ ਪੜਾ ‘ਤੇ ਕੋਰੇ ਦਾ ਕੋਰਾ ਹੀ ਰਹਿੰਦਾ ਹੈ।
ਸੰਸਾਰ ਦਾ ਸਾਰਾ ਧਾਰਮਿਕ ਸਾਹਿਤ ਇਸ ਪੱਖ ਵਿੱਚ ਮਨੁੱਖ ਨੂੰ ਖੁੱਲ੍ਹੀ ਛੁੱਟੀ ਦੇਣ ਲਈ ਤਿਆਰ ਨਹੀਂ। ਕਰਮ, ਭਗਤੀ ਤੇ ਗਿਆਨ ਦੇ ਸਾਧਨ ਸਮਦਮ ਤੋਂ ਬਿਨ੍ਹਾਂ ਫੋਕੇ ਰਹਿ ਜਾਂਦੇ ਹਨ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਨਿਰਮਲ ਪੰਥ ਲਈ, ਜਗਿਆਸੂ ਦੀ ਆਤਮਿਕ ਉਨਤੀ ਲਈ ਚਾਰ ਸਾਧਨ ਮਿਥੇ ਹਨ-ਸੇਵਾ, ਸਤਿਸੰਗਤ, ਸੰਗੀਤ ਤੇ ਸਿਮਰਨ। ਜਦ ਤੀਕ ਜਗਿਆਸੂ ਹਉਮੈ ਦਾ ਗੋਲਾ ਹੈ, ਉਸ ਵਿੱਚ ਨਾਮ ਦਾ ਵਾਸ ਨਹੀਂ ਹੋ ਸਕਦਾ। ਸੇਵਾ ਹਉਮੈ ਨੂੰ ਦੂਰ ਕਰਨ ਦਾ ਵੱਡਾ ਸਾਧਨ ਹੈ। ਸੇਵਕ ਤੇ ਸੁਆਮੀ ਇੱਕ ਹੋ ਜਾਂਦੇ ਹਨ ਜਦ ਹਉਮੈ ਦੀ ਪਾਲ ਟੁੱਟ ਜਾਂਦੀ ਹੈ। ਅਸੀਂ ਜੋ ਕੁੱਝ ਸਿਖਦੇ ਹਾਂ ਨਕਲ, ਸੁਝਾਵ ਤੇ ਹਮਦਰਦੀ ਦੁਆਰਾ ਸਿਖਦੇ ਹਾਂ। ਸਤਿਸੰਗਤ ਵਿੱਚ ਇਹ ਗੁਣ ਮੌਜੂਦ ਹੁੰਦੇ ਹਨ। ਚੰਚਲ ਤੇ ਭਟਕਦੇ ਮਨ ਦਾ ਸਹਾਰਾ ਹਰੀ ਕੀਰਤਨ ਹੀ ਹੋ ਸਕਦਾ ਹੈ।
ਕਲਯੁਗ ਵਿੱਚ ਕੀਰਤਨ ਹੀ ਅਧਿਆਤਮਿਕਵਾਦ ਦੀ ਵੱਡੀ ਪੂੰਜੀ ਸਿਧ ਹੋਈ ਹੈ। ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੀਆਂ ਮੈਲਾਂ ਦੂਰ ਕਰਨ ਦੀ ਸ਼ਕਤੀ ਸਿਮਰਨ ਵਿੱਚ ਹੈ। ਹਿਰਦਾ ਕਮਲ ਪ੍ਰਭੂ ਸਿਮਰਨ ਤੋਂ ਬਿਨ੍ਹਾਂ ਕਦੇ ਵੀ ਖਿੜ ਨਹੀਂ ਸਕਦਾ। ਹਾਂ, ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧਰਮ ਸਾਰੀ ਮਾਨਵਤਾ ਦਾ ਧਰਮ ਹੈ। ਇਹ ਨਿਰਮਲ ਪੰਥ ਸੰਸਾਰ ਵਿੱਚੋਂ ਅਗਿਆਨ, ਘਿਰਣਾ ਤੇ ਘੋਲ ਨਾਮੀ ਔਗੁਣਾਂ ਨੂੰ ਦੂਰ ਕਰਨ ਲਈ ਚੱਲਿਆ ਹੈ। ਸਿੱਖ ਸੰਸਕ੍ਰਿਤੀ ਤੇ ਧਰਮ ਸਾਰੀ ਮਾਨਵਤਾ ਨੂੰ ਇੱਕ ਲੜੀ ਵਿੱਚ ਪ੍ਰੋਣਾ ਚਾਹੁੰਦੇ ਹਨ। ਇਹ ਸਗਲ ਜਮਾਤੀ ਦ੍ਰਿਸ਼ਟੀਕੋਣ ਦੇ ਸੁਆਮੀ ਹਨ। ਸਿੱਖ ਸੰਸਕ੍ਰਿਤੀ ਨਾਮ, ਦਾਨ, ਇਸ਼ਨਾਨ ਦੀ ਸਾਜਨਾ ਦੁਆਰਾ ਮਨੁੱਖ ਨੂੰ ਮਨ ਨੀਵਾਂ ਤੇ ਮਤਿ ਉੱਚੀ ਕਰਨ ਦਾ ਵੱਲ ਸਿਖਾਂਦੀ ਹੈ। ਮੈਥੀਊ ਆਰਨਲਡ ਤੋਂ ਢੇਰ ਚਿਰ ਪਹਿਲਾਂ ਇਹ ਸੰਸਕ੍ਰਿਤੀ ਮਿੱਠ-ਬੋਲੜਾ ਬਣਨ ਦੀ ਜਾਚ ਸਿਖਾਉਂਦੀ ਹੈ। ਇਹ ਸੰਸਕ੍ਰਿਤੀ ਗੁਰ ਉਪਦੇਸ਼ ਰਾਹੀਂ ਮਨੁੱਖੀ ਜੀਵਨ ਨੂੰ ਇਕਸੁਰਤਾ ਵਾਲਾ ਬਣਾਉਂਦੀ ਹੈ।
ਇਹ ਸੰਸਕ੍ਰਿਤੀ ਸਰਬੱਤ ਦਾ ਭਲਾ ਚਾਹੁੰਣ ਵਾਲੀ ਹੈ। ਇਸ ਵਿੱਚ ਨਾਮ ਅਤੇ ਬਾਣੀ ਦੇ ਅਭਿਆਸ ਦੁਆਰਾ ਮਿਠਾਸ ਦਾ ਸਾਗਰ ਠਾਠਾਂ ਮਾਰਨ ਲੱਗ ਪੈਂਦਾ ਹੈ। ਹਾਂ, ਇਸ ਸੰਸਕ੍ਰਿਤੀ ਨੂੰ ਇਹ ਪਤਾ ਹੈ ‘ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ॥’ ਗੁਰੂ ਸਾਹਿਬ ਜੀ ਫੁਰਮਾਉਂਦੇ ਹਨ, ਫਿੱਕਾ ਬੋਲਣ ਨਾਲ ਤਨ ਤੇ ਮਨ ਫਿੱਕੇ ਹੋ ਜਾਂਦੇ ਹਨ। ਇਸ ਮਿਠ ਬੋਲੀ ਸੰਸਕ੍ਰਿਤੀ ਸਦਕੇ ਨਿਰਮਲ ਪੰਥੀ ਖਾਲਸਾ ਜੀ ਸੰਸਾਰ ਦੇ ਹਰੇਕ ਦੇਸ਼ ਵਿੱਚ ਸਤਿਕਾਰਿਆ ਜਾਂਦਾ ਹੈ। ਸਿੱਖ ਸੰਸਕ੍ਰਿਤੀ ਦੀ ਉਸਾਰੀ ਵਿੱਚ ਸਿੱਖ ਗੁਰੂ ਸਾਹਿਬਾਨ ਦਾ ਜੀਵਨ ਚਾਨਣ ਮੁਨਾਰਾ ਹੈ।
ਦੁਨੀਆਂ ਦੇ ਧਾਰਮਿਕ ਇਤਿਹਾਸ ਵਿੱਚ ਬਾਬਾ ਲਹਿਣਾ ਜੀ, ਬਾਬਾ ਅਮਰਦਾਸ ਜੀ ਤੇ ਬਾਬਾ ਰਾਮਦਾਸ ਜੀ ਤੇ ਉਨ੍ਹਾਂ ਦੇ ਸੇਵਕ ਭਾਈ ਕਨ੍ਹਈਆ ਜੀ ਦੀ ਮਿਸਾਲ ਨਹੀਂ ਮਿਲਦੀ। ਸਿੱਖ ਸੰਸਕ੍ਰਿਤੀ ਸਾਰੇ ਸੰਸਾਰ ਲਈ ਇੱਕ ਆਦਰਸ਼ ਹੈ। ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਛਕਣਾ ਇਸ ਦੇ ਮੁੱਖ ਤੱਤ ਹਨ। ਸਿੱਖ ਸੰਸਕ੍ਰਿਤੀ ਦੀ ਨੀਂਹ ਸੇਵਾ ਤੇ ਰੱਖੀ ਗਈ ਹੈ। ਸਿੱਖ ਤਨ, ਮਨ ਤੇ ਧਨ ਦੀ ਸੇਵਾ ਨੂੰ ਆਪਣਾ ਮੁੱਖ ਕਰਤਵ ਸਮਝਦੇ ਹਨ। ਸਿੱਖ ਸੰਸਕ੍ਰਿਤੀ ਸਤ ਸੰਤੋਖ, ਦਯਾ, ਧਰਮ ਤੇ ਸੁੱਚ ਦੇ ਸ਼ੁਭ ਗੁਣਾਂ ਦਾ ਪ੍ਰਚਾਰ ਕਰਦੀ ਹੈ। ਅਜਿਹੇ ਗੁਣਾਂ ਦਾ ਧਾਰਨੀ ਬੰਦਾ ਸਾਰੇ ਲੋਕਾਂ ਨੂੰ ਹਮਜਮਾਤੀ ਸਮਝਦਾ ਹੈ।
ਸਿੱਖ ਸਭਿਅਤਾ ਸਿੱਖ ਸੰਸਕ੍ਰਿਤੀ ਦਾ ਬਾਹਰਲਾ ਰੂਪ ਹੈ। ਸਿੱਖ ਸਭਿਅਤਾ ਮਾਨਵ ਜੀਵਨ ਦੇ ਹਰ ਪੱਖ ਵਿੱਚ ਅਗਾਂਹ ਵਧੂ ਹੈ। ਸਿੱਖ ਸਭਿਅਤਾ ਮਨੁੱਖ ਨੂੰ ਹਰ ਪੱਖੋਂ ਪੂਰਨ ਬਣਾਉਣ ਦਾ ਇੱਕ ਸੁਨਹਿਰੀ ਯਤਨ ਹੈ। ਸਿੱਖ ਸਭਿਅਤਾ ਭੌਤਿਕਵਾਦੀ ਨਹੀਂ ਕਿਉਂਕਿ ਧਰਮ, ਅਰਥ, ਕਾਮ ਤੇ ਮੋਖ ਇਸ ਦੇ ਚਾਰ ਨਿਸ਼ਾਨੇ ਹਨ। ਧਰਮ ਹੀਨ ਬੁਧ ਭ੍ਰਿਸ਼ਟ ਹੋ ਜਾਂਦੀ ਹੈ। ਜੇ ਆਰਥਕ ਦਸ਼ਾ ਠੀਕ ਨਾ ਹੋਵੇ ਤਾਂ ਮਨੁੱਖ ਕਈ ਸਰੀਰਕ ਰੋਗਾਂ ਦਾ ਸ਼ਿਕਾਰ ਹੋ ਜਾਂਦਾ ਹੈ।
ਕਾਮ ਦੀ ਪੂਰਤੀ ਤੋਂ ਬਿਨ੍ਹਾਂ ਮਨੁੱਖ ਕਈ ਮਾਨਸਿਕ
ਗੁੰਝਲਾਂ ਦਾ ਸ਼ਿਕਾਰ ਹੋ ਜਾਂਦਾ ਹੈ। ਜੇ ਮਨੁੱਖ ਮੋਖ ਦੀ ਇੱਛਾ ਨਹੀਂ ਰੱਖਦਾ ਤਾਂ ਉਹ ਪਸ਼ੂ ਪੱਧਰ ‘ਤੇ ਹੀ ਰਹਿੰਦਾ ਹੈ। ਸਿੱਖ ਸਭਿਅਤਾ ਇੱਕ ਬਲਵਾਨ ਸਭਿਅਤਾ ਹੈ। ਸਿੱਖ ਸੰਸਾਰ ਨੂੰ ਸਵਰਗ ਬਣਾਉਣਾ ਚਾਹੁੰਦਾ ਹੈ। ਸਿੱਖ ਸਭਿਅਤਾ ਇੱਕ ਬਲਵਾਨ ਸਭਿਅਤਾ ਹੈ। ਸਿੱਖ ਸਭਿਅਤਾ ਸਰਬੱਤ ਦਾ ਭਲਾ ਮੰਗਦੀ ਹੈ। ਇੱਕ ਆਦਰਸ਼ ਸਿੱਖ ਨਾਮ ਜਪਦਾ ਹੈ, ਕਿਰਤ ਕਰਦਾ ਹੈ ਤੇ ਵੰਡ ਕੇ ਛਕਦਾ ਹੈ।
ਸਿੱਖ ਸਭਿਅਤਾ ਇੱਕ ਨਿਰਾਲੀ ਸਭਿਅਤਾ ਹੈ। ਇਸ ਵਿੱਚ ਵਰਣਾਸ਼ਮ ਵੰਡਾਂ ਨਹੀਂ ਹਨ। ਇਸ ਲਈ ਫ਼ਿਰਕੂਪੁਣਾ ਨਹੀਂ ਹੈ। ਇਹ ਹਰ ਥਾਂ ਮਿਲਵਰਤਨ ਦਾ ਵਾਤਾਵਰਣ ਪੈਦਾ ਕਰਨ ਵਾਲੀ ਸੱਭਿਅਤਾ ਹੈ। ਸਿੱਖ ਗੁਰੂ ਸਾਹਿਬਾਨ ਦਾ ਸਮਾਂ ਤਾਂ ਇੱਕ ਹਲੀਮੀ ਰਾਜ ਦਾ ਸਮਾਂ ਸੀ। ਜਿਸ ਵੇਲੇ ਸਿੱਖਾਂ ਨੂੰ ਰਾਜ ਭਾਗ ਮਿਲਿਆ, ਉਨ੍ਹਾਂ ਸਾਰਿਆਂ ਨੂੰ ਸਾਂਝੀਵਾਲ ਬਣਾ ਕੇ ਇਹ ਵਿਖਾ ਦਿੱਤਾ ਕਿ ਖਾਲਸਾ ਤੰਗਦਿਲੀ ਨਹੀਂ ਹੁੰਦਾ। ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਹ ਮਾਰਗ ਸਾਰੇ ਵਿਸ਼ਵ ਨੂੰ ਸਮਾਨਤਾ, ਭਰਪਣ, ਆਜ਼ਾਦੀ ਤੇ ਇਨਸਾਫ ਦਾ ਭਾਗੀ ਸਮਝਦਾ ਹੈ। ਸਿੱਖ ਸਭਿਅਤਾ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਰੂਪ ਰਤਨਾ ਦੀ ਅਜਿਹੀ ਖਾਨ ਹੈ ਜੋ ਇਸ ਨੂੰ ਕਦੇ ਵੀ ਨਿਰਧਨ ਨਹੀਂ ਹੋਣ ਦੇਵੇਗੀ।
ਸਿੱਖ ਧਰਮ, ਸਿੱਖ ਸੰਸਕ੍ਰਿਤੀ ਤੇ ਸਿੱਖ ਸਭਿਅਤਾ ਉਨ੍ਹਾਂ ਸਾਰੇ ਯਤਨਾਂ ਦਾ ਨਾਂ ਹੈ ਜੋ ਸਿੱਖ ਗੁਰੂ ਸਾਹਿਬਾਨ ਤੇ ਗੁਰਮੁੱਖ ਗੁਰਸਿੱਖਾਂ ਨੇ ਕਾਇਨਾਤ ਦੀ ਕਲਿਆਣ ਲਈ ਆਰੰਭੇ ਸਨ।
ਇਸ ਸਮੇਂ ਸੰਸਾਰਿਕ ਭੁੱਖਾਂ ਇਨ੍ਹਾਂ ਯਤਨਾਂ ਨੂੰ ਅਸਫਲ ਕਰਨ ਵਿੱਚ ਰੁੱਝੀਆਂ ਹੋਈਆਂ ਹਨ, ਪਰ ਗੁਰੂ ਸਾਹਿਬਾਨ ਦੇ ਦਸੇ ਇਲਾਜ ਸਾਡਿਆਂ ਯਤਨਾਂ ਨੂੰ ਅਸਫ਼ਲ ਨਹੀਂ ਹੋਣ ਦੇਣਗੇ।
ਸਿਆਣੇ ਕਹਿੰਦੇ ਹਨ ਕਿ ਵੈਰੀ ਤੇ ਦੁਸ਼ਮਨ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਸੋ ਗੁਰਸਿੱਖਾਂ ਨੂੰ ਜਿਸ ਵੇਲੇ ਸੰਸਾਰਿਕ ਭੁੱਖਾਂ ਤੰਗ ਕਰਨ, ਉਨ੍ਹਾਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਹ ਮਹਾਂਵਾਕ ਚੇਤੇ ਰੱਖਣੇ ਚਾਹੀਦੇ ਹਨ :
ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ ॥
( ਅੰਗ ੧੪੨੭)
ਨਾਮ ਜਪਣ ਵਾਲੇ ਲਈ ਤਾਂ ਗੁਰੂ ਸਾਹਿਬ ਨੇ ਫੁਰਮਾਇਆ ਹੈ : ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
( ਅੰਗ ੬੮੭)
ਮੂਲ ਮੰਤਰ ਦਾ ਪਾਠੀ ਕਦੇ ਅਖਲਾਕੀ ਭੁੱਲਾਂ ਦਾ ਸ਼ਿਕਾਰ ਨਹੀਂ ਹੋ ਸਕਦਾ।
ਪ੍ਰੋ. ਪੂਰਨ ਸਿੰਘ
