315 views 0 secs 0 comments

ਨਿਰੰਕਾਰੀ ਖੁਸ਼ਬੋ

ਲੇਖ
March 18, 2025

ਭਾਈ ਸਾਹਿਬ ਭਾਈ ਵੀਰ ਸਿੰਘ ਜੀ ਨੇ ਅੰਮ੍ਰਿਤ ਵੇਲੇ ਤਿੰਨ ਵਜੇ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਕਰ ਕੇ ਦਰਬਾਰ ਸਾਹਿਬ ਚਲੇ ਜਾਣਾ। ਪਹਿਲਾਂ ਆਸਾ ਦੀ ਵਾਰ ਦਾ ਕੀਰਤਨ ਸੁਣਨਾ, ਫੇਰ ਹੋਰ ਕੀਰਤਨ ਸੁਣਨਾ। ਉੱਥੋਂ ਹੀ ਸਵੇਰੇ 9 ਕੁ ਵਜੇ ਆਪਣੇ ਛਾਪੇਖਾਨੇ ਚਲੇ ਜਾਣਾ। ਉੱਥੇ ਸ਼ਾਮ 6 ਕੁ ਵਜੇ ਤੱਕ ਕੰਮ ਕਰਨਾ ਤੇ ਫੇਰ ਦਰਬਾਰ ਸਾਹਿਬ ਚਲੇ ਜਾਣਾ ਤੇ ਫਿਰ ਰਾਤ 10 ਕੁ ਵਜੇ ਸਮਾਪਤੀ ਸਮੇਂ ਵਾਪਸ ਆਉਣਾ। ਉਹਨਾਂ ਦਾ ਇਹ ਨੇਮ ਕਰੀਬ ਕਈ ਸਾਲ ਲਗਾਤਾਰ ਚੱਲਿਆ।

ਛਾਪੇਖਾਨੇ ਤੋਂ ਵਾਪਸ ਆਉਂਦਿਆਂ ਇੱਕ ਦਿਨ ਉਹਨਾਂ ਦਾ ਇੱਕ ਬਚਪਨ ਦਾ ਦੋਸਤ ਸਰਦਾਰ ਤ੍ਰਿਲੋਚਨ ਸਿੰਘ ਮਿਲ ਪਿਆ। ਦੋ ਚਾਰ ਗੱਲਾਂ ਕਰਦਿਆਂ ਸਰਦਾਰ ਨੇ ਹੱਸਦਿਆਂ ਹੋਇਆਂ ਪੁੱਛ ਲਿਆ, “ਭਾਈ ਸਾਹਿਬ! ਕਿਹੜਾ ਅਤਰ ਵਰਤਦੇ ਹੋ, ਬੜੀਆਂ ਮਹਿਕਾਂ ਖਿਲਾਰੀਆਂ!”

ਭਾਈ ਸਾਹਿਬ ਨੇ ਕਿਹਾ, “ਵੀਰ ਜੀ! ਤੁਸੀਂ ਬਚਪਨ ਤੋਂ ਮੈਨੂੰ ਜਾਣਦੇ ਹੋ, ਮੈਂ ਅਤਰ ਦਾ ਸ਼ੌਕੀਨ ਨਹੀਂ।”

ਸਰਦਾਰ ਨੇ ਕਿਹਾ, “ਪਰ ਫੇਰ ਏਨੀ ਮਹਿਕ ਕਾਹਦੀ? ਮੇਰਾ ਜੀ ਕਰਦਾ ਤੁਹਾਨੂੰ ਘੁੱਟ ਕੇ ਗੱਲ ਲਾ ਲਵਾਂ!” ਏਨਾ ਕਹਿੰਦਿਆਂ ਸਰਦਾਰ ਤ੍ਰਿਲੋਚਨ ਸਿੰਘ ਜੋ ਨਿੱਕਿਆਂ ਹੁੰਦਿਆਂ ਦਾ ਭਾਈ ਸਾਹਿਬ ਦਾ ਯਾਰ ਸੀ, ਨੇ ਭਾਈ ਵੀਰ ਸਿੰਘ ਜੀ ਨੂੰ ਘੁੱਟ ਕੇ ਗਲ ਲਾ ਲਿਆ। ਦੋ ਕੁ ਮਿੰਟਾਂ ਬਾਅਦ ਸਰਦਾਰ ਕਹਿੰਦਾ, “ਕਮਾਲ ਐ! ਹੁਣ ਉਹ ਮਹਿਕ ਨਹੀਂ ਰਹੀ।” ਭਾਈ ਸਾਹਿਬ ਨੇ ਕਿਹਾ, “ਵੀਰ ਜੀ! ਧੰਨ ਗੁਰੂ ਰਾਮਦਾਸ ਸਾਹਿਬ ਜੀ ਦੇ ਬਚਨ ਆ, “ਜਨ ਨਾਨਕ ਮੁਸਕਿ ਝਕੋਲਿਆ ਸਭੁ ਜਨਮ ਧੰਨ ਧੰਨਾ”, ਉਹ ਨਿਰੰਕਾਰੀ ਖੁਸ਼ਬੋ ਸੀ ਜੋ ਆਪਦੀ ਛੋਹ ਨਾਲ ਉੱਡ ਗਈ।”

ਤ੍ਰਿਲੋਚਨ ਸਿੰਘ ਬੜਾ ਹੈਰਾਨ ਹੋਇਆ ਤੇ ਕਹਿਣ ਲੱਗਾ, “ਵੀਰ ਸਿਆਂ! ਯਾਰ ਕਮਾਲ ਆ, ਰੂਹਾਨੀ ਮੰਡਲ ਦੀਆਂ ਅਸਚਰਜ ਦਾਤਾਂ ਆ!!”

-ਮੇਜਰ ਸਿੰਘ