ਸ. ਸ਼ਮਸ਼ੇਰ ਸਿੰਘ
ਹਰ ਕੌਮ ਜਾਂ ਦੇਸ਼ ਦਾ ਕੌਮੀ ਨਿਸ਼ਾਨ ਜਾਂ ਝੰਡਾ ਹੁੰਦਾ ਹੈ। ਇਸੇ ਤਰ੍ਹਾਂ ਧਰਮਾਂ ਦੇ ਵੀ ਵੱਖ-ਵੱਖ ਨਿਸ਼ਾਨ ਹੁੰਦੇ ਹਨ। ਭਾਰਤ ਦਾ ‘ਤਿਰੰਗਾ’, ਰੂਸ ਦਾ ‘ਦਾਤਰੀ ਹਥੌੜਾ’ ਦਾ ਨਿਸ਼ਾਨ ਤੇ ਪਾਕਿਸਤਾਨ ਦਾ ‘ਚੰਨ-ਤਾਰਾ’ ਆਦਿ ਇਨ੍ਹਾਂ ਦੇਸ਼ਾਂ ਦੇ ਕੌਮੀ ਨਿਸ਼ਾਨ ਹਨ। ਹਰ ਨਿਸ਼ਾਨ ਜਾਂ ਝੰਡੇ ਉਤੇ ਉਕਰੀਆਂ ਮੂਰਤਾਂ ਜਾਂ ਰੰਗ ਵਿਸ਼ੇਸ਼ ਭਾਵਾਂ ਜਾਂ ਅਰਥਾਂ ਦੇ ਸੂਚਕ ਹੁੰਦੇ ਹਨ। ਝੰਡੇ ਦਾ ਨਿਸ਼ਾਨ ਕਿਸੇ ਇਕ ਕੌਮ ‘ ਦੀ ਵਿਚਾਰ-ਧਾਰਾ, ਸੰਸਕ੍ਰਿਤੀ ਤੇ ਸਮਾਜਕ ਜ਼ਿੰਦਗੀ ਦੇ ਸੰਗਠਿਨ ਨੂੰ ਪਿਛੋਕੜ ਵਿਚ ਰੱਖ ਕੇ ਹੀ ਨਿਸ਼ਚਿਤ ਕੀਤਾ ਜਾਂਦਾ ਹੈ। ਉਦਾਹਰਣ ਵਜੋਂ ਰੂਸ ਦਾ ‘ਦਾਤਰੀ ਹਥੌੜਾ’ ਰੂਸ ਵਿਚ ਕਾਮਿਆਂ ਕਿਸਾਨਾਂ ਦੀ ਹਕੂਮਤ ਦਾ ਸੂਚਕ ਹੈ ਤੇ ਫਰਹਰੇ ਦਾ ਲਾਲ ਰੰਗ ਇਸ ਹਕੂਮਤ ਨੂੰ ਸਥਾਪਤ ਕਰਨ ਲਈ ਕਾਮਿਆਂ ਕਿਸਾਨਾਂ ਦੀ ਖੂਨ ਪਸੀਨੇ ਦੀ ਕੀਤੀ ਘਾਲਣਾ ਨੂੰ ਪਰਗਟ ਕਰਦਾ ਹੈ। ਭਾਰਤ ਦੇ ਤਿਰੰਗੇ ਦਾ ਭਾਵ ਹੇਠ ਲਿਖੇ ਕਾਵਿ-ਟੋਟੇ ਵਿਚ ਬੜੀ ਸਫਲਤਾ ਸਹਿਤ ਚਿੜ੍ਹਿਆ ਹੈ:
ਕੇਸਰੀਆ ਬਲ ਦੇਨੇ ਵਾਲਾ ਸੁਫੇਦ ਹੈ ਸੱਚਾਈ।
ਹਰਾ ਰੰਗ ਹੈ ਹਰੀ ਹਮਾਰੀ ਖੇਤੀ ਕੀ ਅੰਗੜਾਈ।
ਚਕ੍ਰ ਹਮਾਰਾ ਯਿਹ ਕਹਿਤਾ ਹੈ ਕਦਮ ਕਬੀ ਨਾ ਰੁਕੇਗਾ।
ਸਿੱਖ ਧਰਮ ਦੇ ਨਿਸ਼ਾਨ ਸਾਹਿਬ ਬਾਬਤ ਭਾਈ ਕਾਨ੍ਹ ਸਿੰਘ ਜੀ ਨਾਭਾ ਲਿਖਦੇ ਹਨ:
‘ਸਿੰਘਾਂ (ਖਾਲਸੇ) ਦੇ ਨਿਸ਼ਾਨ ਦੇ ਸਿਰ ‘ਤੇ ਖੜਗ (ਖੰਡੇ) ਦਾ ਚਿੰਨ੍ਹ ਹੋਇਆ ਕਰਦਾ ਹੈ ਅਤੇ ਫਰਹਰਾ ਬਸੰਤੀ ਰੰਗ ਦਾ ਹੁੰਦਾ (ਮਹਾਨ ਕੋਸ਼, ਪੰਨਾ ੨੧੦੧)
ਉਪ੍ਰੋਕਤ ਪ੍ਰੀਭਾਸ਼ਾ ਅਨੁਸਾਰ ਹੇਠ ਲਿਖੀਆਂ ਦੋ ਗੱਲਾਂ ਉਪਰ ਵਿਚਾਰ ਕਰਨ ਦੀ ਲੋੜ ਹੈ:
(੧) ਸਿਰ ‘ਤੇ ਖੜਗ (ਖੰਡਾ) (੨) ਬਸੰਤੀ ਰੰਗ ਦਾ ਫਰਹਰਾ।
ਖੜਗ (ਖੰਡਾ) ਇਕ ਸ਼ਸਤਰ ਹੈ। ਸ਼ਸਤਰ ਦਾ ਝੰਡੇ ਦੇ ਸਿਰ ‘ਤੇ ਹੋਣਾ ਇਹ ਪਰਗਟ ਕਰਦਾ ਹੈ ਕਿ ਸਿੱਖ ਸ਼ਸਤਰ-ਧਾਰੀ ਅਥਵਾ ਜੰਗ-ਜੂ ਕੌਮ ਹੈ। ਬਸੰਤੀ ਫਰਹਰਾ ਖੰਡੇ ਦੇ ਹੇਠਾਂ ਹੈ ਜੋ ਕਿ ਸਿੱਖ ਧਰਮ ਦੀ ਵਿਚਾਰਧਾਰਾ ਜਾਂ ਬੁਨਿਆਦੀ ਫ਼ਿਲਾਸਫ਼ੀ ਦਾ ਲਖਾਇਕ ਹੈ। (ਇਸ ਬਾਰੇ ਵਧੇਰੇ ਵਿਚਾਰ ਅੱਗੇ ਚੱਲ ਕੇ ਕੀਤੀ ਜਾਵੇਗੀ) ਉਸ ਦੇ ਸਿਰ ਉਪਰ ਖੰਡਾ ਧਰਮ ਦੀ ਰਖਸ਼ਾ ਦਾ ਚਿੰਨ੍ਹ ਹੈ। ਝੰਡਾ ਸਾਹਿਬ ਦੀ ਉਪਰੋਕਤ ਦੱਸੀ ਬਣਤਰ ਅਨੁਸਾਰ ਸਪੱਸ਼ਟ ਹੈ ਕਿ ਸਿੱਖ ਲਈ ਧਰਮ ਦੀ ਰੱਖਿਆ ਵਾਸਤੇ ਸ਼ਸਤਰ ਚੁਕਣਾ ਜਾਇਜ਼ ਹੈ। ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਨਿਸ਼ਾਨ ਸਾਹਿਬ ਦੀ ਪ੍ਰਥਾ ਜਾਰੀ ਕੀਤੀ। ‘ਮਹਾਨ ਕੋਸ਼’ ਵਿਚ ਲਿਖਿਆ ਹੈ ਕਿ ਪਹਿਲੀਆਂ ਪੰਜ ਪਾਤਿਸ਼ਾਹੀਆਂ ਸਮੇਂ ਝੰਡਾ ਜਾਂ ਨਿਸ਼ਾਨ ਸਾਹਿਬ ਪ੍ਰਚਲਤ ਨਹੀਂ ਸੀ ਹੋਇਆ। ਛੇਵੇਂ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕਰਕੇ ਧਰਮ ਤੇ ਰਾਜਨੀਤੀ ਨੂੰ ਇਕੱਠਾ ਕੀਤਾ ਤੇ ਸਿੱਖ ਧਰਮ ਦੇ ਝੰਡਾ ਸਾਹਿਬ ਤੇ ਇਸ ਵਿਚਾਰ ਨੂੰ ਸਦਾ ਲਈ ਰੂਪਮਾਨ ਕੀਤਾ।
ਫਰਹਰੇ ਦਾ ਰੰਗ ਬਸੰਤੀ ਕਿਉਂ ਹੈ?
ਨਿਸ਼ਾਨ ਸਾਹਿਬ ਦੇ ਫਰਹਰੇ ਦਾ ਰੰਗ ਬਸੰਤੀ ਹੋਣ ਦਾ ਵੀ ਖਾਸ ਕਾਰਨ ਹੈ। ‘ਬਸੰਤੀ’ ਸ਼ਬਦ ਬਸੰਤ ਤੋਂ ਨਿਕਲਿਆ ਹੈ। ਬਸੰਤ ਅਥਵਾ ਬਸੰਤ ਰੁੱਤ ਦਾ ਫੁੱਲਾਂ, ਖੇੜੇ ਜਾਂ ਖੁਸ਼ੀ ਨਾਲ ਉਚੇਚਾ ਸਬੰਧ ਹੈ। ਖੇੜਾ ਸ਼ਬਦ ਸਿੱਖ ਧਰਮ ਦੀ ਬੁਨਿਆਦੀ ਫ਼ਿਲਾਸਫ਼ੀ ਨਾਲ ਬਸਤਾ ਹੈ। ਹੋਰ ਧਰਮਾਂ ਵਿਚ ਆਮ ਕਰਕੇ ਪ੍ਰਭੂ ਅਭੇਦਤਾ ਅੰਤਲੀ ਮੰਜ਼ਲ ਹੈ ਤੇ ਇਸ ਤੋਂ ਮਗਰੋਂ ਵਿਕਾਸ ਰੁਕ ਜਾਂਦਾ ਹੈ। ਉਦਾਹਰਣ ਵਜੋਂ ਸੂਫੀ ਮਤ ਅਨੁਸਾਰ ਸੂਫੀ ਲੋਕ ਪ੍ਰਭੂ ਵਿਚ ਲੈਅ ਹੋ ਕੇ ਬਕਾ ਦੀ ਪ੍ਰਾਪਤੀ ਕਰਦੇ ਹਨ। ਨਿਜ ਨੂੰ ਫਨਾਹ ਕਰਕੇ ਇਹ ਬਕਾ ਹਾਸਲ ਹੁੰਦਾ ਹੈ। ਇਸ ਬਕਾ ਤੋਂ ਪਿਛੋਂ ਬੇ-ਖੁਦੀ ਦੀ ਅਵਸਥਾ ਵਿਚ ਵਿਚਰਦੇ ਹਨ। ਮਨੋਰਥ ਇਸ ਤੋਂ ਬਾਅਦ ਕੋਈ ਰਹਿ ਹੀ ਨਹੀਂ ਜਾਂਦਾ। ਪ੍ਰੰਤੂ ਗੁਰਮੁਖ ਪ੍ਰਭੂ ਨਾਲ ਲਿਵ ਲਗਾਂਦਾ ਹੈ, ਲੈਅ ਨਹੀਂ ਹੁੰਦਾ ਤੇ ਉਚੀ ਤੋਂ ਉਚੀ ਅਵਸਥਾ ਵਿਚ ਵਿਚਰਦਾ ਹੋਇਆ ਵੀ ਆਪਣੇ ਸਮਾਜਕ ਕਰਮ ਵਿਚ ਲੱਗਾ ਰਹਿੰਦਾ ਹੈ। ਇਸ ਤਰ੍ਹਾਂ ਇਹ ਸਮਾਜਕ ਕਰਮ ਅਥਵਾ ਸਮਾਜ ਦੀ ਸੇਵਾ ਤੇ ਭਲਾਈ ਗੁਰਮੁਖ ਦੀ ਜ਼ਿੰਦਗੀ ਨੂੰ ਵਗਦੇ ਪਾਣੀਆਂ ਵਾਂਗ ਨਿਰਮਲ-ਚਿਤ ਤੇ ਚੜ੍ਹਦੀਆਂ ਕਲਾਂ ਵਿਚ ਰੱਖਦੀ ਹੈ। ਬ੍ਰਹਮ ਗਿਆਨੀ, ਸਾਧ-ਸੰਤ ਜਾਂ ਗੁਰਮੁਖ ਦੀ ਅਵਸਥਾ ਨੂੰ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਵਿਚ ਬੜੇ ਸੁੰਦਰ ਤੇ ਢੁਕਵੇਂ ਸ਼ਬਦਾਂ ਵਿਚ ਚਿਤਰਿਆ ਹੈ:
ਬ੍ਰਹਮ ਗਿਆਨੀ ਸਦਾ ਨਿਰਲੇਪ॥ ਜੈਸੇ ਜਲ ਮਹਿ ਕਮਲ ਅਲੇਪ॥
(ਪੰਨਾ ੨੭੨)
ਅਰਥਾਤ ਬ੍ਰਹਮ ਗਿਆਨੀ ਦਾ ਹਿਰਦਾ ਸਦਾ ਕੰਵਲ ਫੁੱਲ ਵਾਂਗ ਰਹਿੰਦਾ ਹੈ। ਕੰਵਲ ਫੂਲ ਦੀਆਂ ਜੜ੍ਹਾਂ ਰਸਾਤਲ ਦੇ ਚਿੱਕੜ ਵਿਚ ਹੁੰਦੀਆਂ ਹਨ ਪ੍ਰੰਤੂ ਉਸ ਦੀ ਗਰਦਨ ਪਾਣੀ ਤੋਂ ਸਦਾ ਆਜ਼ਾਦ, ਖਿੜੀ ਹੋਈ, ਅਕਾਸ਼ ਦੀਆਂ ਨੀਲਾਣਾਂ ਹੇਠ ਖੁਸ਼ੀ ਤੇ ਖੇੜੇ ਦੀ ਅਨੂਪਮ ਛਬ ਦੇਂਦੀ ਹੈ। ਇਸੇ ਤਰ੍ਹਾਂ ਗੁਰਮੁਖ ਮਾਇਆ ਦੇ ਜਾਲ ਵਿਚ ਫਸਿਆ ਹੋਇਆ ਵੀ ਮਾਇਆ (ਗ੍ਰਹਿਸਤ) ਤੋਂ ਆਜ਼ਾਦ ਆਪਣੇ ਮਨ ਨੂੰ ਪ੍ਰਭੂ ਦੇ ਚਰਨ ਕੰਵਲਾਂ ਵਿਚ ਜੋੜੀ ਰੱਖਦਾ ਹੈ। ਉਸ ਦਾ ਮਨ ਸੁਤੰਤਰ ਹੁੰਦਾ ਹੈ ਤੇ ਉਹ ਧਰਮ ਦੀ ਕਿਰਤ ਕਰਦਾ ਹੈ ਜੋ ਕਿ ਉਸ ਦੇ ਨਿਜ ਤੇ ਸਮਾਜ ਦੋਹਾਂ ਲਈ ਉਸਾਰੂ ਹੁੰਦੀ ਹੈ। ਕੰਵਲ ਫੁੱਲ ਦੀ ਆਜ਼ਾਦੀ ਤੇ ਖੇੜਾ ਕੁਦਰਤ ਦੀ ਗੋਦ ਵਿਚ ਸੁੱਤੇ-ਸਿੱਧ ਪਲਦਾ ਹੈ ਤੇ ਗੁਰਮੁਖ ਦਾ ਹਿਰਦਾ ਨਿਰੰਕਾਰ ਦੇ ਭਾਣੇ ਤੇ ਸਿੱਖ ਧਰਮ ਦੀ ਵਿਚਾਰ-ਧਾਰਾ ਦੇ ਆਸਰੇ ਵਿਗਸਦਾ ਤੇ ਮੌਲਦਾ ਹੈ।
ਉਪਰੋਕਤ ਵਿਚਾਰ ਤੋਂ ਸਿੱਧ ਹੋ ਜਾਂਦਾ ਹੈ ਕਿ ‘ਬਸੰਤੀ ਰੰਗ’ ਸਿੱਖ ਧਰਮ ਦੀ ਮੁੱਢਲੀ ਵਿਚਾਰ-ਧਾਰਾ ਨਾਲ ਜੁੜਿਆ ਹੋਇਆ ਹੈ। ਇਕ ਹੋਰ ਪ੍ਰਥਾ ਵੀ ਹੈ ਕਿ ਇਸ ਬਸੰਤੀ ਰੰਗ ਦੇ ਫਰਹਰੇ ਦੀ ਥਾਂ ਕੇਸਰੀ ਰੰਗ ਦਾ ਫਰਹਰਾ ਵੀ ਨਿਸ਼ਾਨ ਸਾਹਿਬ ਨੂੰ ਲਗਾਇਆ ਜਾਂਦਾ ਹੈ। ਇਸੇ ਕਾਰਨ ਇਸ ਨੂੰ ਕੇਸਰੀ ਝੰਡਾ ਵੀ ਕਿਹਾ ਜਾਂਦਾ ਹੈ। ‘ਕੇਸਰੀ’ ਸ਼ਬਦ ਵੀ ਉਪਰੋਕਤ ‘ਬਸੰਤੀ’ ਸ਼ਬਦ ‘ਤੇ ਕੀਤੀ ਵਿਚਾਰ ਵਾਂਗ ਸਿੱਖ ਧਰਮ ਦੀ ਬੁਨਿਆਦੀ ਫ਼ਿਲਾਸਫ਼ੀ ਨਾਲ ਜੁੜ ਜਾਂਦਾ ਹੈ। ‘ਕੇਸਰੀ’ ਸ਼ਬਦ ਦੀ ਉਤਪਤੀ ਕੇਸਰ ਸ਼ਬਦ ਤੋਂ ਹੋਈ ਹੈ। ਕੇਸਰ ਅਥਵਾ ਕੇਸਰ ਫੂਲ ਦਾ ਖੇੜਾ ਵੀ ਬਹੁਤ ਮਸ਼ਹੂਰ ਹੈ। ਕਸ਼ਮੀਰ ਦੇ ਇਕ ਖਿਤੇ ਵਿਚ ਕੇਸਰ ਦੇ ਬਹੁਤੇ ਸਾਰੇ ਬਾਗ ਹਨ। ਕਹਿੰਦੇ ਹਨ ਕਿ ਸ੍ਰੀਨਗਰ ਕਸ਼ਮੀਰ ਨੂੰ ਜਾਣ ਵਾਲੇ ਯਾਤਰੂ ਜਦੋਂ ਇਸ ਖਿਤੇ ਵਿਚ ਦੀ ਬੱਸ ਆਦਿ ‘ਤੇ ਲੰਘਦੇ ਹਨ ਤਾਂ ਕੇਸਰ ਦੀ ਖੁਸ਼ਬੋ ਉਨ੍ਹਾਂ ਦੇ ਮਨਾਂ ’ਤੇ ਅਜਿਹਾ ਪ੍ਰਭਾਵ ਪਾਉਂਦੀ ਹੈ ਕਿ ਦੁਖੀ ਤੋਂ ਦੁਖੀ ਜਾਂ ਅਤਿ ਸ਼ੋਕ-ਮਈ ਅਵਸਥਾ ਵਿਚ ਵਿਚਰ ਰਿਹਾ ਮਨੁੱਖ ਵੀ ਹੱਸਣ ਲਈ ਮਜਬੂਰ ਹੋ ਜਾਂਦਾ ਹੈ ਤੇ ਉਸ ਦੇ ਮਨ ਨੂੰ ਅਤਿਅੰਤ ਖੁਸ਼ੀ ਪ੍ਰਾਪਤ ਹੁੰਦੀ ਹੈ। ਭਾਰਤੀ ਸਮਾਜ ਵਿਚ ਮੁੱਢ ਕਦੀਮਾਂ ਤੋਂ ਹੀ ਕੇਸਰ ਨੂੰ ਖੁਸ਼ੀ ਦਾ ਜਾਂ ਸ਼ੁਭ ਕਾਰਜ ਦਾ ਚਿੰਨ੍ਹ ਸਮਝਿਆ ਜਾਂਦਾ ਹੈ। ਇਸੇ ਲਈ ਕਿਸੇ ਧਾਰਮਕ, ਸਮਾਜਕ ਜਾਂ ਵਿਵਹਾਰਕ ਕਾਰਜਾਂ ਨੂੰ ਆਰੰਭ ਕਰਨ ਤੋਂ ਪਹਿਲੋਂ ਦੱਸੀ ਹੋਈ ਵਿਧੀ ਅਨੁਸਾਰ ਕੇਸਰ ਦਾ ਪ੍ਰਯੋਗ ਸ਼ੁਭ ਖਿਆਲ ਕੀਤਾ ਜਾਂਦਾ ਹੈ। ਸਿੱਖ ਧਰਮ ਦੀ ਬੁਨਿਆਦੀ ਫ਼ਿਲਾਸਫ਼ੀ ਦਾ ਭਾਵ ਮਨੁੱਖ ਨੂੰ ਦੁੱਖਾਂ ਦੇ ਸਮੁੰਦਰ ‘ਚੋਂ ਕੱਢ ਕੇ ਪਰਮ-ਆਨੰਦ ਦੀ ਪ੍ਰਾਪਤੀ ਤੇ ਚੜ੍ਹਦੀਆਂ ਕਲਾਂ ਵਿਚ ਰੱਖਣਾ
ਹੈ।
ਹੁਣ ਅਗਲਾ ਪ੍ਰਸ਼ਨ ਇਹ ਪੈਦਾ ਹੁੰਦਾ ਹੈ ਕਿ ਬਸੰਤੀ ਫਰਹਰਾ ਜੋ ਕਿ ਸਿੱਖ ਧਰਮ ਦੀ ਮੁੱਢਲੀ ਫ਼ਿਲਾਸਫ਼ੀ ਦਾ ਚਿੰਨ੍ਹ ਹੈ ਉਹ ਹੇਠਾਂ ਕਿਉਂ ਹੈ ਤੇ ਖੜਗ ਉਪਰ ਕਿਉਂ? ਉਪਰ ਅਸੀਂ ਇਹ ਵਿਚਾਰ ਚੁੱਕੇ ਹਾਂ ਕਿ ਖੜਗ (ਖੰਡੇ) ਦਾ ਉਪਰ ਹੋਣਾ ਇਸ ਗੱਲ ਨੂੰ ਪਰਗਟ ਕਰਦਾ ਹੈ ਕਿ ਨਿਜ ਤੇ ਸਮਾਜ ਦੀ ਰੱਖਿਆ ਲਈ ਹਥਿਆਰ ਚੁੱਕਣਾ ਸਿੱਖ ਦਾ ਧਰਮ ਹੈ। ਰੱਖਿਆ ਕਰਨ ਵਾਲੀ ਚੀਜ਼ ਬਚਾਏ ਜਾਣ ਵਾਲੀ ਚੀਜ਼ ਤੋਂ ਉਤਮ ਤੇ ਸ਼ਕਤੀਵਾਨ ਹੁੰਦੀ ਹੈ ਤੇ ਹੋਣੀ ਵੀ ਚਾਹੀਦੀ ਹੈ। ਇਸ ਲਈ ਖੰਡੇ ਦਾ ਨਿਸ਼ਾਨ ਸਿੱਖ ਧਰਮ ਦੀ ਫ਼ਿਲਾਸਫ਼ੀ (ਬਸੰਤੀ ਫਰਹਰੇ) ਦੇ ਚਿੰਨ੍ਹ ਨਾਲੋਂ ਵੀ ਉੱਤਮਤਾ ਤੇ ਵਿਸ਼ੇਸ਼ਤਾ ਰੱਖਦਾ ਹੈ। ਇਹ ਸਿੱਖ ਧਰਮ ਦੀ ਫ਼ਿਲਾਸਫ਼ੀ ਦੇ ਚਿੰਨ੍ਹ ਨਾਲੋਂ ਉਤਮ ਸ਼ੈ (ਖੜਗ) ਪ੍ਰਭੂ ਦੀ ਸ਼ਕਤੀ ਤੋਂ ਬਿਨਾਂ ਕੁਝ ਹੋਰ ਨਹੀਂ ਹੋ ਸਕਦਾ। ਇਸ ਖੰਡੇ ਜਾਂ ਪ੍ਰਭੂ ਦੀ ਸ਼ਕਤੀ ਦੀ ਧਰਮ ਨਾਲੋਂ ਉਤਮਤਾ ਨੂੰ ਸਿੱਧ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚੰਡੀ ਦੀ ਵਾਰ ਦਾ ਹੇਠ ਲਿਖਿਆ ਕਾਵਿ-ਟੋਟਾ ਵਿਚਾਰਨ ਯੋਗ ਹੈ:
ਖੰਡਾ ਪ੍ਰਿਥਮੈ ਸਾਜ ਕੈ ਜਿਨ ਸਭ ਸੈਸਾਰੁ ਉਪਾਇਆ॥
ਅਰਥਾਤ, ਪ੍ਰਭੂ ਨੇ ਆਪਣਾ ਵੈਰਾਟ ਰੂਪ ਜਾਂ ਸ਼ਕਤੀ ਨੂੰ ਸਭ ਤੋਂ ਪਹਿਲਾਂ ਪਰਗਟ ਕੀਤਾ ਤੇ ਫਿਰ ਇਸ ਸੰਸਾਰ ਦੀ ਸਾਜਣਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਪ੍ਰਭੂ ਦੀ ਇਸ ਸ਼ਕਤੀ ਨੂੰ ਪਰਮਾਤਮਾ ਮੰਨਦੇ ਹਨ। ਇਸੇ ਲਈ ਚੰਡੀ ਦੀ ਵਾਰ ਵਿਚ ਮੂਲ-ਮੰਤ੍ਰ ਤੋਂ ਮਗਰੋਂ ‘ਸ੍ਰੀ ਭਗੌਤੀ ਜੀ ਸਹਾਇ’ ਲਿਖਦੇ ਹਨ:
ੴਵਾਹਿਗੁਰੂ ਜੀ ਫਤਹਿ॥ ਸ੍ਰੀ ਭਗੌਤੀ ਜੀ ਸਹਾਇ॥
ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ੧੦॥
ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ॥
(ਕਈ ਹਿੰਦੂ ਵਿਚਾਰਵਾਨ ਇਸ ਭਗੌਤੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਜੀ ਪ੍ਰਭੂ ਦੀ ਸ਼ਕਤੀ ਦਾ ਚਿੰਨ੍ਹ ਮੰਨਦੇ ਹਨ, ਭਗਵਤੀ ਦੇਵੀ ਸਿੱਧ ਕਰਨ ਦਾ ਅਸਫਲ ਯਤਨ ਕਰਦੇ ਹਨ ਜੋ ਕਿ ਕਿਸੇ ਤਰ੍ਹਾਂ ਵੀ ਨਿਆਏ ਪੂਰਵਕ ਤੇ ਠੀਕ ਨਹੀਂ।)
ਉਪ੍ਰੋਕਤ ਵਿਚਾਰ, ਬਾਣੀਆਂ ਦੀ ਤਰਤੀਬ ਤੇ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਦੇ ਹਵਾਲਿਆਂ ਤੋਂ ਨਿਸ਼ਾਨ ਸਾਹਿਬ ਦੀ ਬਣਤਰ ਦਾ ਮਸਲਾ ਕਾਫੀ ਸਪੱਸ਼ਟ ਹੋ ਜਾਂਦਾ ਹੈ। ਇਸ ਤਰ੍ਹਾਂ ਬਸੰਤੀ ਫਰਹਰਾ ਸਿੱਖ ਧਰਮ ਦੀ ਬੁਨਿਆਦੀ ਫ਼ਿਲਾਸਫ਼ੀ ਦਾ ਚਿੰਨ੍ਹ ਹੈ ਤੇ ਖੰਡਾ (ਖੜਗ) ਪ੍ਰਭੂ ਦੀ ਨਿੱਜੀ ਸ਼ਕਤੀ ਦਾ ਚਿੰਨ੍ਹ ਰੂਪ। ਨਿਸ਼ਾਨ ਸਾਹਿਬ ਦੀ ਬਣਤਰ ਤੋਂ ਹੀ ਪਤਾ ਲਗਦਾ ਹੈ ਕਿ ਸਿੱਖ ਧਰਮ ਦੀ ਸੁੰਦਰ ਫੁਲਵਾੜੀ ਵਾਹਿਗੁਰੂ ਦੀ ਛਤਰ- ਰ-ਛਾਇਆ ਹੇਠ ਕੰਵਲ ਫੁੱਲ ਵਾਂਗ ਆਜ਼ਾਦ ਵਿਗਸਦੀ ਤੇ ਪ੍ਰਫੁਲਤ ਹੁੰਦੀ ਹੈ।
(੨/੧੯੬੦)