82 views 24 secs 0 comments

ਨਿਹੰਗ ਸਿੰਘਾਂ ਦੀ ਗਤਕਾ ਕਲਾ

ਲੇਖ
March 10, 2025
-ਡਾ. ਆਤਮਾ ਸਿੰਘ
ਗੁਰੂ ਕੀਆਂ ਲਾਡਲੀਆਂ ਫੌਜਾਂ ‘ਨਿਹੰਗ ਸਿੰਘ’ ਇਤਿਹਾਸਿਕ, ਸ਼ਕਤੀਸ਼ਾਲੀ ਤੇ ਗੌਰਵ ਵਾਲੀ ਜਥੇਬੰਦੀ ਹੈ। ਨਿਹੰਗ ਸਿੰਘਾਂ ਦਾ ਆਪਣਾ ਇਤਿਹਾਸਿਕ, ਸਮਾਜਿਕ, ਸੱਭਿਆਚਾਰਕ ਤੇ ਗੌਰਵਮਈ ਵਿਰਸਾ ਹੈ। ਅਜਿਹੇ ਵਿਰਸੇ ਦੇ ਧਾਰਨੀ ਨਿਹੰਗ ਸਿੰਘਾਂ ਦੀ ਬੋਲੀ ਵੀ ਨਿਵੇਕਲੀ ਹੈ ਜਿਸ ਨੂੰ ਗੜਗੱਜ ਬੋਲੇ” ਜਾਂ “ਖਾਲਸੇ ਦੇ ਬੋਲੇ” ਵੀ ਕਿਹਾ ਜਾਂਦਾ ਹੈ। ਇਸ ਦੇ ਨਾਲ ਹੀ ਨਿਹੰਗ ਸਿੰਘ ਬੀਰਤਾ ਭਰਪੂਰ ਕਾਰਨਾਮੇ ਕਰਨ ਦੇ ਵੀ ਮਾਹਰ ਹਨ, ਜਿਸ ਵਿਚ ਗੁਰੂ ਕੀ ਖੇਡ ‘ਗਤਕੇ’ ਨੂੰ ਪ੍ਰਦਰਸ਼ਨ ਕਲਾ ਵਜੋਂ ਪੇਸ਼ ਕੀਤਾ ਜਾਂਦਾ ਹੈ। ਨਿਹੰਗ ਸਿੰਘਾਂ ਦੀ ਜਥੇਬੰਦੀ ਨੇ ਹੀ ਮੁਗ਼ਲ ਕਾਲ ਦੇ ਤੂਫ਼ਾਨੀ ਦੌਰ ਸਮੇਂ ਸਿੱਖ ਪੰਥ ਨੂੰ ਕਾਇਮ ਰੱਖਣ ਲਈ ਇਨਕਲਾਬੀ ਸੰਘਰਸ਼ ਕੀਤਾ ਜਿਹੜਾ ਕਿ ਵਿਸ਼ਵ ਇਤਿਹਾਸ ਹੋ ਨਿੱਬੜਿਆ।
‘ਨਿਹੰਗ’ ਸ਼ਬਦ ਦੇ ਇਕ ਤੋਂ ਜ਼ਿਆਦਾ ਅਰਥ ਮਿਲਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਨੇ ਨਿਹੰਗ ਦੇ ਅਰਥ ਇਸ ਤਰ੍ਹਾਂ ਕੀਤੇ ਹਨ:-
੧. ਨਿਹੰਗ – ਖੜਗ, ਤਲਵਾਰ, “ਬਾਹਤ ਨਿਹੰਗ। ਉੱਠਤ ਫੁਲਿੰਗ” , (ਸਲੋਹ) ਤਲਵਾਰ ਦੇ ਪ੍ਰਹਾਰ ਤੋਂ ਵਿਸਫੁਲਿੰਗ
੨.ਕਲਮ. ਲੇਖਨੀ।
੩.ਘੜਿਆਲ, ਮਗਰਮੱਛ ਨਾਕੂ (Alligator)
ਜਨੁਕ ਲਹਿਰ ਦਰਯਾਵ ਤੇ ਨਿਕਸਯੋ ਬਡੋ ਨਿਹੰਗ. (ਚਰਿਤ੍ਰ ੨੧੭)
(ਨਾਕੂ – ਸਾਰਿਕ ਮੱਛੀ ਦੇ ਰੂਪ ਵਿੱਚੋਂ ਹੈ।
ਮਗਰਮੱਛ – ਛਿਪਕਲੀ ਦੇ ਰੂਪ ਵਿੱਚੋਂ ਹੈ।
ਛਿਪਕਲੀ ਦਾ ਸੁਭਾਅ ਹੈ ਕਿ ਉਹ ਅੱਖਾਂ ਬੰਦ ਕਰ ਕੇ ਪਰ ਸੁਚੇਤ ਰਹਿੰਦੀ ਹੈ। ਆਪ ਕਿਸੇ ’ਤੇ ਹਮਲਾ ਨਹੀਂ ਕਰਦੀ। ਅਗਰ ਕੋਈ ਹਮਲਾ ਕਰੇ ਤਾਂ ਕੱਟਦੀ ਹੈ, ਜਿਸ ਦਾ ਇਲਾਜ ਨਹੀਂ। ਇਹ ਸੁਭਾਉ ਨਿਹੰਗ ਦਾ ਹੈ। ਕਿਸੇ ਨੂੰ ਕੁਝ ਨਹੀਂ ਕਹਿੰਦਾ। ਅਗਰ ਨਾ ਹਟੇ ਤਾਂ ਪਕੜ ’ਚੋਂ ਬਾਹਰ ਨਹੀਂ ਹੋ ਸਕਦਾ।)
੪. ਡਿੰਗ – ਘੋੜਾ, ਅਸ਼, ਤੁਰੰਗ
“ਬਿਚਰੇ ਨਿਹੰਗ। ਜੈਸੇ ਪਿ ੰਗ. ” (ਵਿਚਿਤ੍ਰ)
ਚਿਤ੍ਰ ਵਾਂਙ ਛਾਲਾਂ ਮਾਰਦੇ ਘੋੜੇ ਵਿਚਰੇ।
੫.ਨਿਹਸ਼ੰਕ. ਵਿ— ਜਿਸ ਨੂੰ ਮੌਤ ਦੀ ਚਿੰਤਾ ਨਹੀਂ, ਬਹਾਦਰ, ਦਿਲੇਰ।
-ਨਿਰਭਉ ਹੋਇਓ ਭਇਆ ਨਿਹੰਗਾ॥
ਚੀਤਿ ਨ ਆਇਓ ਕਰਤਾ ਸੰਗਾ॥
-ਪਹਿਲਾਂ ਦਲਾਂ ਮਿਲੰਦਿਆਂ ਭੇੜ ਪਿਆ ਨਿਹੰਗਾ॥
(ਆਸਾ ਮ: ੫)
੬. ਨਿਹਸੰਗ, ਨਿਰਲੇਪ. ਆਤਮ ਗਯਾਨੀ. ਦੰਦ (ਦੰਦ) ਦਾ ਤਿਆਗੀ
(ਚੰਡੀ ੩)
“ਨਿਹੰਗ ਕਹਾਵੈ ਸੋ ਪੁਰਖ ਦੁਖ ਸੁਖ ਮੰਨੇ ਨ ਅੰਗ (ਸ੍ਰੀ ਗੁਰੂ ਪੰਥ ਪ੍ਰਕਾਸ਼)
੭.ਸਿੰਘਾਂ ਦਾ ਇਕ ਫਿਰਕਾ, ਜੋ ਸੀਸ ਪੁਰ ਫਰਹਰੇ ਵਾਲਾ ਉੱਚਾ ਦਮਾਲਾ, ਚੱਕ੍ਰ, ਤੋੜਾ, ਖੰਡਾ, ਕ੍ਰਿਪਾਨ, ਗਜਗਾਹ ਆਦਿਕ ਸ਼ਸਤ੍ਰ ਅਰ ਨੀਲਾ ਬਾਣਾ ਪਹਿਨਦਾ ਹੈ। ਨਿਹੰਗ ਸਿੰਘ ਮਰਣ ਦੀ ਸ਼ੰਕਾ ਤਿਆਗਕੇ ਹਰ ਵੇਲੇ ਸ਼ਹੀਦੀ ਪਾਉਣ ਨੂੰ ਤਿਆਰ ਅਤੇ ਮਾਇਆ ਤੋਂ ਨਿਰਲੇਪ ਰਹਿੰਦਾ ਹੈ, ਜਿਸ ਲਈ ਇਹ ਨਾਮ ਹੈ।
ਨਿਹੰਗ ਸ਼ਬਦ ਦੇ ਜਿੰਨੇ ਵੀ ਅਰਥ ਹਨ ਉਨ੍ਹਾਂ ਦਾ ਸੰਬੰਧ ਬੀਰਤਾ ਅਤੇ ਨਿਰਲੇਪਤਾ ਨਾਲ ਹੈ। ਨਿਰਲੇਪ ਰਹਿਣ ਵਾਲਾ ਬਹਾਦਰ ਵਿਅਕਤੀ ਹੀ ਨਿਹੰਗ ਹੈ। ਵਾਸਤਵ ਵਿਚ ਨਿਹੰਗ ਸਿੰਘ ਕੋਈ ਵੱਖਰਾ ਪੰਥ ਨਹੀਂ, ਬਲਕਿ ਖਾਲਸਾ ਪੰਥ ਦਾ ਉਹ ਅਨਿੱਖੜ ਦਲ ਹੈ ਜਿਸ ਨੇ ਖਾਲਸੇ ਦੇ ਪੁਰਾਤਨ ਪਹਿਰਾਵੇ (ਬਾਣੇ), ਪਰੰਪਰਾ ਅਤੇ ਜੀਵਨ-ਸ਼ੈਲੀ ਨੂੰ ਅੱਜ ਤਕ ਸੰਭਾਲ ਕੇ ਰੱਖਣ ਦਾ ਯਤਨ ਕੀਤਾ ਹੈ। ਅਠਾਰ੍ਹਵੀਂ ਸਦੀ ਵਿਚ ਸਮੁੱਚਾ ਅੰਮ੍ਰਿਤਧਾਰੀ ਖਾਲਸਾ ਨਿਹੰਗ ਹੀ ਸੀ।
ਬੁੱਢਾ ਦਲ ਅਤੇ ਤਰੁਣਾ ਦਲ ਦੇ ਰੂਪ ਵਿਚ ਦਲ ਖਾਲਸਾ ਦੇ ਵੱਖ-ਵੱਖ ਜਥੇ ਨਿਹੰਗ ਜਥੇ ਹੀ ਸਨ। ਮਿਸਲਾਂ ਤਕ ਖਾਲਸਈ ਫੌਜਾਂ ਦਾ ਬਾਣਾ ਅਤੇ ਜੀਵਨ-ਸ਼ੈਲੀ ਨਿਹੰਗਾਂ ਵਾਲੀ ਹੀ ਸੀ।
ਨਿਹੰਗ ਸਿੰਘਾਂ ਨੇ ਜਿੱਥੇ ਖਾਲਸਈ ਬੋਲੇ ਅਤੇ ਪਹਿਰਾਵਾ (ਬਾਣਾ) ਸਾਂਭ ਕੇ ਰੱਖਿਆ ਹੈ, ਉੱਥੇ ਗੁਰੂ ਕੀ ਖੇਡ ਗਤਕੇ ਨੂੰ ਵੀ ਸਾਂਭਿਆ ਹੋਇਆ ਹੈ ਜਿਸ ਦਾ ਪ੍ਰਦਰਸ਼ਨ ਵਿਭਿੰਨ ਢੰਗਾਂ ਨਾਲ ਕੀਤਾ ਜਾਂਦਾ ਹੈ। ਸੱਭਿਆਚਾਰਕ ਸੰਦਰਭ ਵਿਚ ਜਿੱਥੇ ਨਿਹੰਗ ਸਿੰਘਾਂ ਦੇ ਪਹਿਰਾਵੇ ਦੀ ਮਹੱਤਤਾ ਹੈ, ਉੱਥੇ ਨਾਲ ਹੀ ਸ਼ਸਤਰ ਕਲਾ ਵਜੋਂ ਗਤਕਾ ਵੀ ਆਪਣਾ ਮਹੱਤਵਪੂਰਨ ਸਥਾਨ ਰੱਖਦਾ ਹੈ। ਨਿਹੰਗ ਸਿੰਘਾਂ ਦੀ ਬੋਲੀ ਵਿੱਚੋਂ ਬੀਰਤਾ ਦੇ ਭਾਵ ਝਲਕਦੇ ਹਨ। ਨਿਹੰਗ ਸਿੰਘਾਂ ਦੇ ਬੋਲੇ ਜਿਨ੍ਹਾਂ ਨੂੰ ‘ਗੜਗੱਜ ਬੋਲੇ ਵੀ ਕਿਹਾ ਜਾਂਦਾ ਹੈ। ਵੱਖੋ-ਵੱਖਰੇ ਸੰਦਰਭਾਂ ਵਿਚ ਸਧਾਰਨ ਸ਼ਬਦ ਵੀ ਬੀਰ ਰਸ ਭਰਪੂਰ ਹੁੰਦੇ ਹਨ। ਆਮ ਸ਼ਬਦਾਵਲੀ ਨੂੰ ਨਿਹੰਗ ਸਿੰਘਾਂ ਨੇ ਵਿਸ਼ੇਸ਼ ਸ਼ਬਦਾਵਲੀ ਜਾਂ ਗੁਪਤ ਸ਼ਬਦਾਵਲੀ ਵਿਚ ਢਾਲ ਲਿਆ ਹੈ। ਇਸਤਰੀ ਵਾਚਕ ਸ਼ਬਦਾਂ ਨੂੰ ਪੁਰਖ ਵਾਚਕ, ਮੁੱਲਵਾਨ ਵਸਤੂਆਂ ਲਈ ਤੁਛ ਸ਼ਬਦ, ਸਧਾਰਨ ਵਸਤੂਆਂ ਲਈ ਵੱਡੇ ਸ਼ਬਦ, ਸ਼ਬਦ ਵਿਸਥਾਰ, ਸ਼ਬਦ ਸੰਕੋਚ, ਬਹੁਅਰਥਾਂ ਵਾਲੇ ਸ਼ਬਦ, ਪਰਿਆਇਵਾਚੀ ਸ਼ਬਦ, ਵਿਅੰਗ ਅਰਥਾਂ ਵਾਲੇ ਸ਼ਬਦ ਅਤੇ ਵਿਸ਼ੇਸ਼ ਸ਼ਬਦ ਸਿਰਜ ਕੇ ਜਿੱਥੇ ਨਿਹੰਗ ਸਿੰਘਾਂ ਦੀ ਭਾਸ਼ਾ ਨਿਰਲੇਪਤਾ ਦੀ ਧਾਰਨੀ ਹੁੰਦੀ ਹੈ, ਉੱਥੇ ਬੀਰ ਰਸੀ ਵੀ ਹੋ ਨਿੱਬੜਦੀ ਹੈ। ਇਹ ਭਾਸ਼ਾ ਹੀ ਨਿਹੰਗ ਸਿੰਘਾਂ ਦੀ ਸ਼ਸਤਰ ਵਿੱਦਿਆ ਦਾ ਆਧਾਰ ਬਣਦੀ ਹੈ। ਸ਼ਸਤਰ ਵਿੱਦਿਆ ਦੀਆਂ ਭਾਵੇਂ ਕਈ ਕਿਸਮਾਂ ਹਨ ਪਰ ਇਨ੍ਹਾਂ ਦੀ ਸਮੁੱਚੀ ਰਿਹਰਸਲ (ਅਭਿਆਸ) ਨੂੰ ਗਤਕੇਬਾਜ਼ੀ ਦਾ ਨਾਮ ਦਿੱਤਾ ਜਾਂਦਾ ਹੈ।
ਗਤਕਾ ਨਿਹੰਗ ਸਿੰਘਾਂ ਦੀ ਪ੍ਰਦਰਸ਼ਨ ਕਲਾ ਦਾ ਅਜਿਹਾ ਪ੍ਰਦਰਸ਼ਨ ਹੈ ਜਿਸ ਦੀ ਮੈਦਾਨ-ਏ-ਜੰਗ ਵਿਚ ਵੀ ਵਰਤੋਂ ਕੀਤੀ ਜਾਂਦੀ ਹੈ ਅਤੇ ਆਮ ਪ੍ਰਦਰਸ਼ਨ ਵੀ ਕੀਤਾ ਜਾਂਦਾ ਹੈ। ਗਤਕਾ ਅਰਬੀ ਦੇ ਸ਼ਬਦ ‘ਖ਼ੁਤਕਾ’ ਤੋਂ ਬਣਿਆ ਹੈ। ਫ਼ਾਰਸੀ ਵਿਚ ਇਸ ਨੂੰ ‘ਕੁਤਕਾ’ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਛੋਟਾ ਅਤੇ ਮੋਟਾ ਸੋਟਾ। ਭੰਗਾਣੀ ਦੇ ਯੁੱਧ ਵਿਚ ਹਯਾਤ ਖਾਂ ਸਰਦਾਰ ਨੂੰ ਮਹੰਤ ਕਿਰਪਾਲ ਦਾਸ ਨੇ ਕੁਤਕੇ ਨਾਲ ਮਾਰਿਆ ਸੀ। ਜਿਸ ਦਾ ਵਰਣਨ ‘ਬਚਿੱਤ੍ਰ ਨਾਟਕ” ਵਿਚ ਮਿਲਦਾ ਹੈ:
ਕ੍ਰਿਪਾਲ ਕੋਪਿਯੰ ਕੁਤਕੋ ਸੰਭਾਰੀ॥
ਹੁਠੀ ਖਾਨ ਹੱਯਾਤ ਕੇ ਸੀਸ ਝਾਰੀ॥
ਉੱਠੀ ਛਿੱਛ ਇੱਛੇ ਕਢਾ ਮੇਲ ਜੋਰੰ॥
ਮਨੋ ਮਾਖਨੰ ਮੱਟਕੀ ਕਾਨੂ ਫੋਰੰ॥੭॥ 
ਤਹਾ ਨੰਦਚੰਦ ਕੀਯੋ ਕੋਪੁ ਭਾਰੋ॥ 
ਲਗਾਈ ਬਰੱਛੀ ਕ੍ਰਿਪਾਣੀ ਸੰਭਾਰੋ॥ 
ਤੁਟੀ ਤੇਗ ਤਿੱਖੀ ਕਢੇ ਜਮਦੰਢੰ
ਹਠੀ ਰਾਖਯੰ ਲੱਜ ਬੰਸੰ ਸਨੱਢੀ॥੮॥
ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਗਤਕੇ ਤੋਂ ਭਾਵ— ਗਦਾਯੁੱਧ ਦੀ ਸਿੱਖਿਯਾ ਦਾ ਪਹਿਲਾ ਅੰਗ ਸਿਖਾਉਣ ਲਈ ਇਕ ਡੰਡਾ, ਜੋ ਤਿੰਨ ਹੱਥ ਲੰਮਾ ਹੁੰਦਾ ਹੈ. ਇਸ ਪੁਰ ਚੰਮ ਦਾ ਖੋਲ ਚੜਿਆ ਹੁੰਦਾ ਹੈ. ਸੱਜੇ ਹੱਥ ਵਿਚ ਗਤਕਾ ਅਤੇ ਖੱਬੇ ਹੱਥ ਵਿਚ ਫਰੀ (ਛੋਟੀ ਢਾਲ) ਲੈ ਕੇ ਦੋ ਆਦਮੀ ਆਪੋ ਵਿਚੀ ਖੇਡਦੇ ਹਨ। ਗਤਕਾ ਦੋ ਸ਼ਬਦਾਂ ਦਾ ਸੁਮੇਲ ਹੈ ਗਤੀ+ਕਾ ਭਾਵ ਗਤੀ ਵਿਚ ਰਹਿਣ ਵਾਲੀ ਵਸਤੂ ਨੂੰ ਗਤਕਾ ਕਿਹਾ ਜਾਂਦਾ ਹੈ। ਗਤਕਾ ਗਦਾਯੁੱਧ ਦੀ ਸਿੱਖਿਆ ਦਾ ਪਹਿਲਾ ਅੰਗ ਹੈ ਜਿਸ ਨੇ ਗਦਾ ਚਲਾਉਣ ਦਾ ਮਾਹਿਰ ਬਣਨਾ ਹੈ ਉਹ ਪਹਿਲਾਂ ਗਤਕਾ ਸਿੱਖੇ। ਸੰਭਵ ਹੈ ਗਦਾਯੁੱਧ ਸ਼ਬਦ ਬਦਲ ਕੇ ਗਤਕਾ ਬਣ ਗਿਆ ਹੋਵੇ।
ਵਿਦਵਾਨਾਂ ਨੇ ਸ਼ਸਤ੍ਰ ਨੂੰ ਚਾਰ ਭਾਗਾਂ ਵਿਚ ਵੰਡਿਆ ਹੈ:
ਮੁਕ – ਜੋ ਹੱਥੋਂ ਛੱਡੇ ਜਾਣ, ਜੇਹਾ ਕਿ ਚੱਕ੍ਰ
ਅਮੁਕ – ਜੋ ਹੱਥੋਂ ਨਾ ਛੱਡੇ ਜਾਣ, ਤਲਵਾਰ, ਕਟਾਰ ਆਦਿ
ਜੋ ਹੱਥੋਂ ਛੱਡੇ ਭੀ ਜਾਣ ਅਤੇ ਹੱਥ ਵਿਚ ਰੱਖ ਕੇ ਭੀ ਵਰਤੇ ਜਾਣ,
ਜੋ ਬਲ ਨਾਲ ਛੱਡੇ ਜਾਣ, ਜੈਸੇ ਤੀਰ, ਗੋਲੀ ਆਦਿ
ਗਤਕੇ ਦਾ ਸੰਬੰਧ ਅਮੁਕਤ ਸ਼ਸਤਰਾਂ ਨਾਲ ਹੈ। 
ਇਸ ਨੂੰ ਹੱਥ ਵਿਚ ਫੜ ਕੇ ਦੁਸ਼ਮਣ ਉੱਤੇ ਵਾਰ ਕੀਤਾ ਜਾਂਦਾ ਹੈ ਭਾਵੇਂ ਕਿ ਗਤਕਾ ਸਧਾਰਨ ਸ਼ਸਤਰ ਹੈ। 
ਇਸ ਦਾ ਵਾਰ ਜ਼ਿਆਦਾ ਮਾਰੂ ਨਹੀਂ ਪਰ ਯੁੱਧ ਵਿੱਦਿਆ ਤੇ ਸ਼ਸਤਰ ਕਲਾ ਦੀ ਸਿੱਖਿਆ ਲਈ ਇਸ ਨੂੰ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ।
ਸਿੱਖ ਪੰਥ ਵਿਚ ਜ਼ਾਹਰਾ ਰੂਪ ਵਿਚ ਗਤਕੇ ਦਾ ਪ੍ਰਦਰਸ਼ਨ ਸ੍ਰੀ ਗੁਰੂ ਹਰਿਗੋਬਿੰਦ ਜੀ ਦੇ ਸਮੇਂ ਹੋਣਾ ਇਸ ਦਾ ਬੀਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹੀ ਬੀਜਿਆ ਗਿਆ ਸੀ। ਸਿੱਖ ਪੰਥ ਭਗਤੀ ਤੇ ਸ਼ਕਤੀ ਦਾ ਸੁਮੇਲ ਹੈ। ਭਗਤੀ ਦੇ ਨਾਲ ਸ਼ਕਤੀ ਭਗਤ-ਬਾਣੀ ਵਿੱਚੋਂ ਵੀ ਦ੍ਰਿਸ਼ਟੀਗੋਚਰ ਹੁੰਦੀ ਹੈ। ਭਗਤ ਸਾਹਿਬਾਨ ਦਾ ਸੁਭਾਅ ਭਾਵੇਂ ਵੈਰਾਗਮਈ ਸੀ ਅਤੇ ਸ਼ਾਂਤ ਰਹਿ ਕੇ ਪ੍ਰਭੂ ਦੀ ਪ੍ਰਾਪਤੀ ਕਰਨਾ ਉਨ੍ਹਾਂ ਦਾ ਮੰਤਵ ਸੀ ਪਰ ਮਨ ਦੇ ਵਿਕਾਰਾਂ, ਸਮਾਜਿਕ ਬੁਰਾਈਆਂ ਅਤੇ ਹੋਰ ਵਰਤਾਰਿਆਂ ਲਈ ਉਨ੍ਹਾਂ ਨੇ ਵੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ। ਭਗਤ ਕਬੀਰ ਜੀ ਨੇ ਸਿੱਧੇ ਰੂਪ ਵਿਚ ਕਹਿ ਦਿੱਤਾ:
ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ॥
ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ॥
ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ॥ (ਸ੍ਰੀ ਗੁਰੂ ਗ੍ਰੰਥ ਸਾਹਿਬ, ੧੧੦੫)
ਗਤਕੇ ਦਾ ਸੰਬੰਧ ਸ਼ਕਤੀ ਨਾਲ ਹੈ। ਇਸ ਸ਼ਕਤੀ ਦਾ ਅਰੰਭ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਰ ਨੂੰ ਜਾਬਰ ਅਤੇ ਰਾਜੇ ਸੀਹ ਮੁਕਦਮ ਕੁਤੇ ਕਹਿ ਕੇ ਕੀਤਾ ਸੀ। ਇਹ ਇਕ ਤਰ੍ਹਾਂ ਸ਼ਕਤੀ ਦੇ ਰੂਪ ਵਿਚ ਗਤਕੇ ਦਾ ਅਰੰਭ ਸੀ। ਸਿੱਖ ਗੁਰੂ ‘ ਨੇ ਧਰਮ ਯੁੱਧ ਲਈ ਯਹਾਦਿ ਕਲਮ, ਯਹਾਦਿ ਕਲਾਮ ਤੇ ਯਹਾਦਿ ਸੈਫ਼ (ਕਿਰਪਾਨ) ਤਿੰਨ ਤਰੀਕੇ ਅਪਣਾਏ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸ਼ਕਤੀ ਉਨ੍ਹਾਂ ਦੀ ਬਾਣੀ ਵਿੱਚੋਂ ਪ੍ਰਗਟ ਹੁੰਦੀ ਹੈ :
ਜਉ ਤਉ ਪ੍ਰੇਮ ਖੇਲਣ ਕਾ ਚਾਉ॥
ਸਿਰੁ ਧਰਿ ਤਲੀ ਗਲੀ ਮੇਰੀ ਆਉ॥
ਇਤੁ ਮਾਰਗਿ ਪੈਰੁ ਧਰੀਜੈ॥
ਸਿਰੁ ਦੀਜੈ ਕਾਣਿ ਨ ਕੀਜੈ॥
(ਸ੍ਰੀ ਗੁਰੂ ਗ੍ਰੰਥ ਸਾਹਿਬ, ੧੪੧੨)
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਬੀਰ ਰਸ ਨੂੰ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਅੱਗੇ ਤੋਰਿਆ। ਖਡੂਰ ਸਾਹਿਬ ਵਿਚ ‘ਮੱਲ ਅਖਾੜਾ’ ਖੋਲਿਆ, ਜਿੱਥੇ ਮੁਗਦਰ ਫੇਰੇ ਜਾਂਦੇ, ਜਿਸ ਨਾਲ ਗਤਕੇ ਦੇ ਕੁਝ ਅੰਗਾਂ ਦੀ ਪੂਰਤੀ ਕੀਤੀ ਜਾਂਦੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਪਹਿਨ ਕੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਫੌਜੀ ਸਿਖਲਾਈ (ਟ੍ਰੇਨਿੰਗ) ਦੇਣੀ ਸ਼ੁਰੂ ਕੀਤੀ ਜਿਹੜੀ ਕਿ ਜ਼ਾਹਰਾ ਰੂਪ ਵਿਚ ਗਤਕੇ ਦਾ ਪਹਿਲਾ ਪ੍ਰਦਰਸ਼ਨ ਸੀ। ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੂੰ ਬਾਬਾ ਬੁੱਢਾ ਜੀ ਨੇ ਸ਼ਸਤਰ ਵਿੱਦਿਆ ਸਿਖਾਈ। ਇਸ ਸਿਖਲਾਈ ਲਈ ਹੋਰ ਮੁਸਲਮਾਨ ਉਸਤਾਦ ਵੀ ਲਾਏ ਗਏ। ਗੁਰੂ ‘ ਸਾਹਿਬ ਨੇ ਸਿੱਖਾਂ ਦੇ ਹੱਥਾਂ ਵਿਚ ਸ਼ਸਤਰ ਦਿੱਤੇ ਤਾਂ ਇਹ ਉਨ੍ਹਾਂ ਨੂੰ ਓਪਰੇ ਨਹੀਂ ਸਨ ਲੱਗੇ ਕਿਉਂਕਿ ਇਨ੍ਹਾਂ ਵਸਤੂਆਂ ਤੋਂ ਤਾਂ ਸਿੱਖ ਪਹਿਲਾਂ ਹੀ ਜਾਣੂ ਸਨ ਅਤੇ ਥੋੜੇ ਬਦਲਵੇਂ ਰੂਪ ਵਿਚ ਉਹ ਇਨ੍ਹਾਂ ਦੀ ਵਰਤੋਂ ਕਰਨੀ ਸਿੱਖ ਗਏ। ਸ੍ਰੀ ਅੰਮ੍ਰਿਤਸਰ ਸਰੋਵਰ ਦੀ ਪੁਟਵਾਈ ਵੇਲੇ ਵਰਤੇ ਜਾਂਦੇ ਬਾਲਟਿਆਂ ਵਰਗੀਆਂ ਹੀ ਢਾਲਾਂ ਉਨ੍ਹਾਂ ਦੇ ਹੱਥ ਵਿਚ ਸਨ। ਇਸੇ ਸ਼ਕਤੀ ਨਾਲ ਸ੍ਰੀ । ਹਰਿਗੋਬਿੰਦ ਸਾਹਿਬ ਜੀ ਨੇ ਚਾਰ ਲੜਾਈਆਂ ਲੜੀਆਂ। ਸ੍ਰੀ ਗੁਰੂ ਹਰਿਰਾਇ ਜੀ ਦੇ ਸਮੇਂ ੨੨੦੦ ਘੋੜ-ਸਵਾਰ ਸਨ। ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੇ ਹੱਥ ਵਿਚ ਸੋਟੀ ਫੜੀ। ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬਹਾਦਰੀ ਦਾ ਲਕਬ ‘ਤੇਗ ਬਹਾਦਰ’ ਦਿੱਤਾ ਗਿਆ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ਼ਸਤਰਾਂ ਦੀ ਮਹੱਤਤਾ ਨੂੰ ਸਮਝਦਿਆਂ ਸਿੱਖਾਂ ਨੂੰ ਇਕ ਸ਼ਸਤਰ ਪੱਕੇ ਤੌਰ ‘ਤੇ ਰੱਖਣ ਦਾ ਹੁਕਮ ਦੇ ਦਿੱਤਾ। ਸ਼ਸਤਰ ਵਿੱਦਿਆ ਦੇ ਅਭਿਆਸ ਲਈ ਇਕ ਦਿਨ ਮੁਕੱਰਰ ਕੀਤਾ ਗਿਆ। ‘ਹੋਲੇ ਮਹੱਲੇ’ ਵਾਲੇ ਦਿਨ ਸ਼ਸਤਰ ਕਲਾ ਦੇ ਜੌਹਰ ਦਿਖਾਏ ਜਾਂਦੇ ਤੇ ਜੇਤੂਆਂ ਨੂੰ ਇਨਾਮ ਦਿੱਤੇ ਜਾਂਦੇ। ਇਸ ਅਭਿਆਸ ਸਦਕਾ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜੀਵਨ ਵਿਚ ਅਨੇਕਾਂ ਲੜਾਈਆਂ ਲੜੀਆਂ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ‘ਜਾਪੁ ਸਾਹਿਬ’ ਸ਼ਸਤਰ ਵਿੱਦਿਆ ਨੂੰ ਮੁਖਾਤਿਬ ਹੈ। ਇਸ ਵਿਚਲੇ ਸਾਰੇ ਛੰਦ ਸ਼ਸਤਰ ਵਿੱਦਿਆ ਦੀਆਂ ਚਾਲਾਂ ਤੇ ਪੈਂਤੜਿਆਂ ਉੱਤੇ ਹਨ। “ਸ਼ਸਤ੍ਰ ਨਾਮ ਮਾਲਾ’ ਵੀ ਇਕ ਤਰ੍ਹਾਂ ਸ਼ਸਤਰਾਂ ਦਾ ਕੋਸ਼ ਹੈ:
-ਤੁਹੀ ਕਟਾਰੀ ਦਾੜ੍ਹ ਜਮ ਤੂੰ ਬਿਛੂਓ ਅਰੁ ਬਾਨ।
 ਤੋਪਤ ਪਦ ਜੇ ਲੀਜੀਐ ਰੱਛ ਦਾਸ ਮਹਿ ਜਾਨੁ।੧੧। 
 ਬਾਂਕ ਬਜ ਬਿਛੂਓ ਤੁਹੀ ਤਬਰ ਤਰਵਾਰਿ।
 ਤੁਹੀ ਕਟਾਰੀ ਸੈਹਥੀ ਕਰੀਐ ਰੱਛ ਹਮਾਰਿ।੧੨।
 ਤੁਮੀ ਗੁਰਜ ਤੁਮਹੀ ਗਦਾ ਤੁਮ ਤੀਰ ਤੁਫੰਗ।
 ਦਾਸ ਜਾਨਿ ਮੋਰੀ ਸਦਾ ਰੱਛ ਕਰੋ ਸਰਬੰਗ।੧੩।
ਛੁਰੀ ਕਲਮ ਰਿਪ ਕਰਦ ਭਨਿ ਖੰਜਰ ਬੁਗਦਾ ਨਾਇ।
ਅਰਧ ਰਿਜਕ ਸਭ ਜਗਤ ਕੋ ਮੁਹਿ ਤੁਮ ਲੇਹੁ ਬਚਾਇ।੧੪।
—ਅਸਿ ਕ੍ਰਿਪਾਨ ਖੰਡੋ ਖੜਗ ਤੁਪਕ ਤਬਰ ਅਰੁ ਤੀਰ। 
ਸੈਫ ਸਰੋਹੀ ਸੈਹਥੀ ਯਹੈ ਹਮਾਰੈ ਪੀਰ।੧੩।
ਤੀਰ ਤੂਹੀ ਸੈਥੀ ਤੁਹੀ ਤੁਹੀ ਤਬਰ ਤਰਵਾਰਿ।
ਨਾਮ ਤਿਹਾਰੋ ਜੋ ਜਪੈ ਭਏ ਸਿੰਧੁ ਭਵ ਪਾਰ॥੧੪॥ (ਸ੍ਰੀ ਦਸਮ ਗ੍ਰੰਥ ਸਾਹਿਬ)
ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਪਿੱਛੋਂ ਬਾਬਾ ਬੰਦਾ ਸਿੰਘ ਬਹਾਦਰ ਤੇ ਸਿੱਖ ਮਿਸਲਾਂ ਦੇ ਨਾਲ ਗਤਕਾ ਕਲਾ ਨਿਹੰਗ ਸਿੰਘਾਂ ਦੀ ਪ੍ਰਦਰਸ਼ਨ ਕਲਾ ਦਾ ਰੂਪ ਧਾਰਨ ਕਰ ਗਈ। ‘ਬੁੱਢਾ ਦਲ’ ਅਤੇ ‘ਤਰੁਣਾ ਦਲ’ ਦੀ ਹੋਂਦ ਸਮੇਂ ਗਤਕਾ ਯੁੱਧ ਵਿੱਦਿਆ ਦਾ ਪ੍ਰਮੁੱਖ ਅੰਗ ਰਿਹਾ। ਹੁਣ ਇਹ ਕਲਾ ਕੇਵਲ ਨਿਹੰਗ ਸਿੰਘਾਂ ਦੀਆਂ ਜਥੇਬੰਦੀਆਂ ਤਕ ਹੀ ਸੀਮਤ ਹੋ ਕੇ ਰਹਿ ਗਈ ਹੈ। ਕੁਝ ਇਕ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਵੀ ਇਸ ਦਾ ਪ੍ਰਦਰਸ਼ਨ ਹੁੰਦਾ ਹੈ।
ਗਤਕਾ ਨਿਹੰਗ ਸਿੰਘਾਂ ਦੀ ਜੰਗੀ ਖੇਡ ਹੈ। ਗਤਕੇ ਵਿਚ ਮੁੱਢਲੇ ਤੌਰ ‘ਤੇ ਤਿੰਨ ਹੱਥ ਲੰਮਾ ਚਮੜੇ ਦਾ ਲਪੇਟਿਆ ਡੰਡਾ ਵਰਤੋਂ ਵਿਚ ਲਿਆਂਦਾ ਜਾਂਦਾ ਹੈ। ਕਈ ਵਾਰ ਹੱਥ ਵਿਚ ਛੋਟੀ ਢਾਲ ਵੀ ਫੜੀ ਜਾਂਦੀ ਹੈ। ਗਤਕੇ ਦਾ ਪ੍ਰਦਰਸ਼ਨ ਸੋਟੇ ਤੋਂ ਲੈ ਕੇ ਕਿਰਪਾਨਾਂ ਤਕ ਚੱਲਦਾ ਹੈ। ਗਤਕੇ ਦੇ ਪ੍ਰਦਰਸ਼ਨ ਤੋਂ ਪਹਿਲਾਂ ਸਰੀਰ ਗਰਮਾਏ ਜਾਂਦੇ ਹਨ। ਇਸ ਲਈ ਡੰਡ-ਬੈਠਕਾਂ ਤੇ ਅਖਾੜੇ ਦੁਆਲੇ ਦੌੜਾਂ ਲਾਉਣ ਦਾ ਅਭਿਆਸ ਹੁੰਦਾ ਹੈ। ਸ਼ਸਤਰਾਂ ਨੂੰ ਨਮਸਕਾਰ ਕਰਨ ਦੇ ਸੰਦਰਭ ਵਿਚ ਵਿਸ਼ੇਸ਼ ਕਿਸਮ ਨਾਲ ਪੈਂਤੜਾ (Foot Work) ਕੱਢਿਆ ਜਾਂਦਾ ਹੈ। ਪੂਰੇ ਜੋਸ਼ ਨਾਲ ਗਤਕੇ ਨੂੰ ਫੜ ਕੇ ਬੀਰ ਰਸੀ ਸ਼ਬਦ ਬੋਲੇ ਜਾਂਦੇ ਹਨ। ਆਮ ਤੌਰ ‘ਤੇ ਇਹ ਸ਼ਬਦ ਸਵੱਯੇ ਜਾਂ ਦੋਹਰੇ ਹੁੰਦੇ ਹਨ। ਇਹ ਸ਼ਬਦ ਆਮ ਵੀ ਹੁੰਦੇ ਹਨ ਤੇ ਵਿਸ਼ੇਸ਼ ਬੀਰ ਰਸੀ ਸਾਹਿਤਕ ਰਚਨਾਵਾਂ ਵਿੱਚੋਂ ਵੀ ਬੋਲੇ ਜਾਂਦੇ ਹਨ :
१ ਕਾਲ ਤੁਹੀ ਕਾਲੀ ਤੁਹੀ ਤੁਹੀ ਤੇਗ ਅਰੁ ਤੀਰ।
ਤੁਹੀ ਨਿਸਾਨੀ ਜੀਤ ਕੀ ਆਜੂ ਤੁਹੀ ਜਗਬੀਰ।੫।
ਸਿੰਘ ਚੜਨਗੇ ਸ਼ਿਕਾਰ
ਚੌਵੀ ਚੌਵੀ ਕੋਹ ਦੀ ਉਜਾੜ
ਬਾਰੀਂ ਕੋਹੀਂ ਪੜਾਅ
ਆਉਣਗੇ ਛਿਆਨਵੇਂ ਕਰੋੜੀ ਚੜ੍ਹ ਕੇ
ਲੈ ਜਾਣਗੇ ਤੈਨੂੰ ਫੜ ਕੇ
ਗੁਰੂ ਘਰ ਦਿਆ ਦੋਸ਼ੀਆ
ਦਿਨ ਕੱਟੇ ਜਾਂਦੇ ਕੱਟ ਲਾ
ਸ੍ਰੀ ਸਾਹਿਬ ਤੇਰੇ ਨੱਕ ਨੂੰ ਝੂਠਾ ਤੇਰੇ ਹੱਥ ਨੂੰ
ਮੰਗਦਾ ਫਿਰੇਂ ਜਗਤ ਨੂੰ
ਆਉਣਗੇ ਛਿਆਨਵੇਂ ਕਰੋੜੀ ਚੜ੍ਹ ਕੇ
ਲੈ ਜਾਣਗੇ ਤੈਨੂੰ ਫੜ ਕੇ
ਬੋਲੇ ਸੋ ਨਿਹਾਲ
ਸਤ ਸ੍ਰੀ ਅਕਾਲ
ਕਲਗੀਆਂ ਵਾਲਿਆ ਤੇਰੀਆਂ ਕਰਨੀਆਂ ਨੇ 
 ਸਾਡਾ ਸੰਗਲ ਗੁਲਾਮੀ ਵਾਲਾ ਤੋੜ ਦਿੱਤਾ।
ਮੇਲ ਜੋਲ ਕੇ ਚਹੁੰਆਂ ਸ਼੍ਰੇਣੀਆਂ ਨੂੰ 
ਨਵੇਂ ਮੋੜ ਵੱਲ ਕੌਮ ਨੂੰ ਮੋੜ ਦਿੱਤਾ।
ਐਸੀ ਮੁਰਦਿਆਂ ਦਿਲਾਂ ਵਿਚ ਜਾਨ ਪਾਈ
ਫੜ ਕੇ ਚਿੜੀ ਨੇ ਬਾਜ਼ ਮਰੋੜ ਦਿੱਤਾ।
ਇਕ ਹੱਥ ਮਾਲਾ ਦੂਜੇ ਤੇਗ ਦੇ ਕੇ
ਸ਼ਕਤੀ ਭਗਤੀ ਨੂੰ ਕੱਠਿਆਂ ਜੋੜ ਦਿੱਤਾ।
ਏਥੇ ਲੱਖਾਂ ਹੀ ਜੰਮਣ ਤੇ ਮਰਨ ਵਿਰਲੇ
ਪੈਦਾ ਹੁੰਦਾ ਏ ਕਦੇ ਇਨਸਾਨ ਕੋਈ।
ਦੇਸ਼ ਕੌਮ ਅਤੇ ਵਤਨ ਦੀ ਅਣਖ ਬਦਲੇ 
ਵਾਰ ਜਾਂਦਾ ਏ ਸੂਰਮਾ ਜਾਨ ਕੋਈ।
ਆਪਣੀ ਅਣਖ ਬਦਲੇ ਮਰਦੇ ਨੇ ਏਥੇ
ਹੁੰਦਾ ਦੂਜਿਆਂ ਲਈ ਕੁਰਬਾਨ ਕੋਈ।
ਲੋਕੀਂ ਜੱਗ ‘ਤੇ ਉਹਨਾਂ ਨੂੰ ਪੂਜਦੇ ਨੇ 
ਜਿਹੜੇ ਕਰਦੇ ਨੇ ਕੰਮ ਮਹਾਨ ਕੋਈ।
  
ਪੁੱਤਾਂ ਵਾਲਿਉ ਗੁਰੂ ਦਸ਼ਮੇਸ਼ ਜੀ ਨੇ
ਕਿੱਦਾਂ ਜੰਝ ਚੜ੍ਹਾਈ ਹੈ ਪੁੱਤਰਾਂ ਦੀ।
ਦੋ ਨਾਲ ਦਾਦੀ ਅਤੇ ਦੋ ਨਾਲ ਪਿਤਾ
ਵੰਡ ਇਸ ਤਰ੍ਹਾਂ ਪਾਈ ਦੋ ਪੁੱਤਰਾਂ ਦੀ
ਦੋ ਚਮਕੌਰ ਤੇ ਦੋ ਸਰਹੰਦ ਅੰਦਰ
ਜੰਝ ਏਦਾਂ ਢੁਕਾਈ ਹੈ ਪੁੱਤਰਾਂ ਦੀ।
ਨਿਰਮਲ ਮੌਤ ਦੇ ਨਾਲ ਵਿਆਹੇ ਗਏ ਨੇ
ਡੋਲੀ ਘਰ ਨੂੰ ਆਈ ਏ ਪੁੱਤਰਾਂ ਦੀ
   
ਮੈਂ ਕਲਗੀਧਰ ਦਾ ਲਾਡਲਾ 
ਮੇਰੇ ਹੱਥ ਵਿਚ ਨੰਗੀ ਤਲਵਾਰ।
ਮੈਂ ਚੁਣ ਚੁਣ ਵੈਰੀ ਮਾਰਦਾ
ਮੈਂ ਕਦੇ ਨਾ ਖਾਵਾਂ ਹਾਰ।
ਮੈਂ ਨਾਮ ਧਿਆਵਾਂ ਗੁਰੂ ਦਾ 
ਬੋਲੇ ਸੋ ਨਿਹਾਲ।
ਦਸਮ ਪਿਤਾ ਨੇ ਸਾਨੂੰ ਜਨਮ ਦਿੱਤਾ
ਗੁੜ੍ਹਤੀ ਮਿਲੀ ਏ ਖੰਡੇ ਦੀ ਧਾਰ ਵਿੱਚੋਂ। 
ਸਿੱਖੀ ਸਿਦਕ ਸਿਰ ਸੋਹਣੀ ਦਸਤਾਰ
ਸਾਡਾ ਵੱਖਰਾ ਏ ਰੂਪ ਸੰਸਾਰ ਵਿੱਚੋਂ।
ਗਾਂਧੀ ਵਾਂਗੂੰ ਨਹੀਂ ਚਰਖੇ ਚਲਾਏ ਅਸੀਂ 
ਖੁਦ ਚਰਖੜੀਆਂ ‘ਤੇ ਚੜ੍ਹੇ ਹੋਏ ਆਂ। 
ਸਿਰ ਦੇ ਕੇ ਜਿੱਥੇ ਹੈ ਫੀਸ ਲਗਦੀ 
ਅਸੀਂ ਉਹਨਾਂ ਸਕੂਲਾਂ ਵਿਚ ਪੜ੍ਹੇ ਹੋਏ ਆਂ।
ਤੂੰ ਕੀ ਸਾਨੂੰ ਮਾਰਨਾ ਵੈਰੀਆ ਓਏ
ਅਸੀਂ ਤੇਰੀ ਉਡੀਕ ਵਿਚ ਖੜੇ ਹੋਏ ਆਂ।
ਕੂੰਜਾਂ ਵਾਂਗ ਕੁਰਲਾ ਕੇ ਅੱਜ ਲੋਕੀਂ 
ਐਵੇਂ ਨਹੀਂ ਦਸਮੇਸ਼ ਨੂੰ ਯਾਦ ਕਰਦੇ।
ਉਹ ਤਾਂ ਸੁੱਖਣਾ ਇਹੋ ਹੀ ਸੁੱਖਦੇ ਨੇ 
ਮੇਰੇ ਮਾਲਕਾ ਪੂਰੀ ਫਰਿਆਦ ਕਰਦੇ। 
ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲਾ
ਮੇਰਾ ਵੱਸਦਾ ਘਰ ਬਰਬਾਦ ਕਰਦੇ।
ਚੁਣ ਲੈ ਨਹੂੰਆਂ ਦੇ ਨਾਲ ਪਰਵਾਰ ਮੇਰਾ
ਮੇਰਾ ਖ਼ਾਲਸਾ ਪੰਥ ਆਬਾਦ ਕਰਦੇ।
ਆਏ ਰਾਹਾਂ ਵਿਚ ਦੁੱਖ ਪਹਾੜ ਜਿੱਡੇ
ਢਿੱਲੀ ਪਈ ਪਰ ਤੇਰੀ ਰਫਤਾਰ ਵੀ ਨਾ।
ਵਿਛੜ ਗਿਆ ਜੋ ਸਰਸਾ ਦੇ ਆਣ ਕੰਢੇ
ਚੇਤੇ ਆਇਆ ਉਹ ਤੈਨੂੰ ਪਰਵਾਰ ਵੀ ਨਾ
ਹੋਣੀ ਵਿਚ ਆਕਾਸ਼ ਦੇ ਰੋਣ ਲੱਗੀ
ਮਿਲ ਸਕੇ ਅਜੀਤ ਜੁਝਾਰ ਵੀ ਨਾ।
ਹੌਲਾ ਭਾਰ ਸੰਸਾਰ ਦਾ ਕਰਨ ਬਦਲੇ
ਹੱਥੀਂ ਪੁੱਤਾਂ ਦਾ ਕੀਤਾ ਸਸਕਾਰ ਵੀ ਨਾ।
ਹੁੰਦੇ ਕਦੇ ਮੁਥਾਜ ਨਹੀਂ ਦੀਵਿਆਂ ਦੇ
ਹਰ ਇਕ ਮੱਸਿਆ ਉਹਨਾਂ ਦੀ ਚਾਨਣੀ ਏ।
ਜਿਹੜੀ ਕੌਮ ਦੇ ਅਣਖੀ ਪਤੰਗਿਆਂ ਨੇ 
ਸੇਜ ਸ਼ਮ੍ਹਾਂ ਦੀ ਲਾਟ ਤੇ ਮਾਨਣੀ ਏ।
ਬੇਗੁਨਾਹ ਮਾਸੂਮਾਂ ਦੀ ਰੱਤ ਪੀ ਕੇ
ਵਰਕੇ ਜਿਨ੍ਹਾਂ ਇਤਿਹਾਸ ਦੇ ਰੰਗ ਲਏ ਨੇ।
ਆਖਰ ਉਹਨਾਂ ਹੀ ਅੱਥਰੇ ਸਮੇਂ ਕੋਲੋਂ
ਹੱਕ ਛਾਤੀਆਂ ਤਾਣ ਕੇ ਮੰਗ ਲਏ ਨੇ।
ਗਤਕੇ ਦਾ ਅਰੰਭ ਕਰਨ ਲਈ ਦੋਵੇਂ ਖਿਡਾਰੀ ਆਪਸ ਵਿਚ ਸੋਟੀਆਂ ਮਿਲਾਉਂਦੇ ਹਨ, ਜਿਸ ਨੂੰ ‘ਸਲਾਮੀ’ ਕਿਹਾ ਜਾਂਦਾ ਹੈ ਅਤੇ ਖੇਡ ਸ਼ੁਰੂ ਕਰਦੇ ਹਨ। ਗਤਕੇ ਦੇ ਪ੍ਰਦਰਸ਼ਨ ਵਿਚ ਵਾਰ ਕੀਤੇ ਜਾਂਦੇ ਹਨ ਅਤੇ ਰੋਕੇ ਜਾਂਦੇ ਹਨ। ਵੱਖੋ-ਵੱਖਰੇ ਦਾਅ- ਪੇਚ ਵਰਤੇ ਜਾਂਦੇ ਹਨ ਤੇ ਵਿਰੋਧੀ ਖਿਡਾਰੀ ਨੂੰ ਹਰਾਉਣ ਦਾ ਯਤਨ ਕੀਤਾ ਜਾਂਦਾ ਹੈ। ਨਿਹੰਗ ਸਿੰਘ ਨੀਲੇ ਤੇ ਕੇਸਰੀ ਬਾਣੇ ਪਹਿਨ ਕੇ ਲੋਹ-ਚੱਕਰਾਂ ਨਾਲ ਦੁਮਾਲੇ ਸਜਾ ਕੇ ਜਦੋਂ ਗਤਕਾ ਖੇਡਦੇ ਹਨ ਤਾਂ ਦਰਸ਼ਕ ਅਸ਼-ਅਸ਼ ਕਰ ਉੱਠਦੇ ਹਨ। ਜਦੋਂ ਖੇਡ ਖਤਮ ਕੀਤੀ ਜਾਂਦੀ ਹੈ ਤਾਂ ਖੇਡਣ ਵਾਲੇ ਖਿਡਾਰੀ ਆਪਸ ਵਿਚ ਦੁਬਾਰਾ ਸੋਟੀਆਂ ਮਿਲਾਉਂਦੇ ਹਨ ਜਿਸ ਨੂੰ ‘ਫਤਿਹ ਨਾਮਾ’ ਕਿਹਾ ਜਾਂਦਾ ਹੈ। ਨਿਹੰਗ ਸਿੰਘਾਂ ਦੀਆਂ ਛਾਉਣੀਆਂ ਜਾਂ ਪੜਾਅ ਗਤਕੇ ਦੀਆਂ ਟਕਸਾਲਾਂ ਹਨ। ਇੱਥੇ ਗਤਕਾ ਖੇਡਿਆ ਹੀ ਨਹੀਂ ਜਾਂਦਾ, ਸਿਖਾਇਆ ਵੀ ਜਾਂਦਾ ਹੈ। ਗਤਕਾ ਸਿੱਖਣ ਦਾ ਇਕ ਬੱਝਵਾਂ ਅਨੁਸ਼ਾਸਨ ਹੁੰਦਾ ਹੈ। ਇਕ ਮਰਯਾਦਾ ਵਿਚ ਰਹਿ ਕੇ ਗਤਕੇ ਨੂੰ ਸਿੱਖਿਆ ਜਾਂਦਾ ਹੈ। ਉਸਤਾਦ ਨਿਹੰਗ ਸਿੰਘ ਭੁਝੰਗੀਆਂ ਨੂੰ ਸ਼ਾਗਿਰਦ ਧਾਰਨ ਕਰਦੇ ਹਨ। ਪਹਿਲਾਂ ਉਨ੍ਹਾਂ ਦੇ ਆਚਰਨ ਨੂੰ ਮਰਯਾਦਾ ਵਿਚ ਢਾਲਿਆ ਜਾਂਦਾ ਹੈ। ਚਾਲ-ਚੱਲਣ ਉੱਚਾ-ਸੁੱਚਾ ਤੇ ਨੇਕ ਰੱਖਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਬੱਚੇ, ਬਜ਼ੁਰਗ ਤੇ ਇਸਤਰੀ ’ਤੇ ਵਾਰ ਨਹੀਂ ਕਰਨਾ ਸਗੋਂ ਉਨ੍ਹਾਂ ਦੀ ਢਾਲ ਬਣਨਾ ਹੈ। ਸਾਦੀ ਤੇ ਸ਼ੁੱਧ ਖੁਰਾਕ ਖਾਣ-ਪੀਣ ਉੱਤੇ ਜ਼ੋਰ ਦਿੱਤਾ ਜਾਂਦਾ ਹੈ। ਇਸ ਤੋਂ ਬਾਅਦ ਪੈਂਤੜਾ ਕੱਢਣਾ, ਗਤਕਾ, ਮਵ੍ਰੱਟੀਆਂ, ਬਿਛੂਆ, ਚੱਕਰ ਤੇ ਹੋਰ ਸ਼ਸਤਰਾਂ ਦੀ ਸਿਖਲਾਈ ਦਿੱਤੀ ਜਾਂਦੀ ਹੈ।
ਗਤਕੇ ਦਾ ਪ੍ਰਦਰਸ਼ਨ ਕੇਵਲ ਡੰਡਿਆਂ ਦੀ ਖੇਡ ਤਕ ਹੀ ਸੀਮਿਤ ਨਹੀਂ। ਲੋਕਾਂ ਦੇ ਆਕਰਸ਼ਨ ਵਾਸਤੇ ਬਹੁਤ ਸਾਰੇ ਹੋਰ ਕਰਤਬ ਵੀ ਦਿਖਾਏ ਜਾਂਦੇ ਹਨ ਜਿਨ੍ਹਾਂ ਨੂੰ ਗਤਕੇ ਦੇ ਅੰਤਰਗਤ ਹੀ ਰੱਖਿਆ ਜਾਂਦਾ ਹੈ। ਦੋ ਡੰਡਿਆਂ ਨੂੰ ਵਿਚਕਾਰੋਂ ਫੜ ਕੇ ਤੇਜ਼ੀ ਨਾਲ ਘੁਮਾਇਆ ਜਾਂਦਾ ਹੈ। ਇਨ੍ਹਾਂ ਨੂੰ ਮੁਛੁੱਟੀਆਂ ਕਿਹਾ ਜਾਂਦਾ ਹੈ। ਮੁਰ੍ਹਟੀਆਂ ਘੁਮਾਉਣ ਦਾ ਮਕਸਦ ਵਾਰ ਰੋਕਣਾ ਤੇ ਸਰੀਰਿਕ ਅੰਗਾਂ ਦੀ ਕਸਰਤ ਕਰਨਾ ਹੁੰਦਾ ਹੈ। ਕਿਰਪਾਨ ਘੁਮਾਉਣਾ ਵੀ ਪ੍ਰਦਰਸ਼ਨ ਕਲਾ ਦਾ ਉੱਤਮ ਨਮੂਨਾ ਹੈ। ਇਕ ਕਿਰਪਾਨ ਮੂੰਹ ਵਿਚ ਫੜ ਕੇ ਦੋ ਤਲਵਾਰਾਂ ਹੱਥਾਂ ਵਿਚ ਲੈ ਕੇ ਘੁਮਾਈਆਂ ਜਾਂਦੀਆਂ ਹਨ। ਇਸ ਦਾ ਮਕਸਦ ਹੈ ਕਿ ਜੇਕਰ ਮੈਦਾਨ-ਏ-ਜੰਗ ਵਿਚ ਕਿਰਪਾਨ ਹੱਥੋਂ ਡਿੱਗ ਪਵੇ ਜਾਂ ਹੱਥ ਕੱਟਿਆ ਜਾਵੇ ਤਾਂ ਮੂੰਹ ਵਾਲੀ ਕਿਰਪਾਨ ਨਾਲ ਵਾਰ ਕੀਤੇ ਤੇ ਰੋਕੇ ਜਾ ਸਕਦੇ ਹਨ। ਕੁਝ ਇਕ ਉਸਤਾਦ ਨਿਹੰਗ ਸਿੰਘ ਇੱਕੋ ਵੇਲੇ ਅੱਠ ਕਿਰਪਾਨਾਂ ਘੁਮਾਉਣ ਦੇ ਵੀ ਮਾਹਿਰ ਹੁੰਦੇ ਹਨ। ਚਾਰ ਕਿਰਪਾਨਾਂ ਲੱਕ ਨਾਲ ਬੰਨ ਕੇ, ਦੋ ਮੂੰਹ ਵਿਚ ਫੜ ਕੇ ਤੇ ਦੋ ਹੱਥਾਂ ਵਿਚ ਫੜ ਕੇ ਘੁਮਾਈਆਂ ਜਾਂਦੀਆਂ ਹਨ। ਤਲਵਾਰਾਂ ਤੇ ਢਾਲਾਂ ਨਾਲ ਲੜਾਈ ਦਾ ਪ੍ਰਦਰਸ਼ਨ ਵੀ ਗਤਕੇ ਦਾ ਹੀ ਇਕ ਅੰਗ ਹੈ। ਢਾਲ ਤੋਂ ਬਿਨਾਂ ਛੋਟੀ ਕਿਰਪਾਨ ਨੂੰ ਬਿਛੂਆ ਕਿਹਾ ਜਾਂਦਾ ਹੈ। ਇਸ ਨਾਲ ਕੀਤੀ ਲੜਾਈ ਵੀ ਗਤਕੇ ਦਾ ਭਾਗ ਹੈ। ਬਿਛੂਏ ਦਾ ਵਾਰ ਰੋਕਣ ਲਈ ਵਿਰੋਧੀ ਨੂੰ ਗੁੱਟ ਤੋਂ ਜਾਂ ਬਾਂਹ ਤੋਂ ਫੜਿਆ ਜਾਂਦਾ ਹੈ। ਗਤਕੇ ਦੇ ਪ੍ਰਦਰਸ਼ਨ ਸਮੇਂ ਚੱਕਰ ਘੁਮਾਇਆ ਜਾਂਦਾ ਹੈ। ਚੱਕਰ ਨੂੰ ਤੇਜ਼ ਘੁਮਾ ਕੇ ਉਂਗਲ ‘ਤੇ ਟਿਕਾਇਆ ਜਾਂਦਾ ਹੈ ਅਤੇ ਨਾਲ-ਨਾਲ ਕਈ ਤਰ੍ਹਾਂ ਦੇ ਕਰਤਬ ਦਿਖਾਏ ਜਾਂਦੇ ਹਨ। ਘੁੰਮਦੇ ਹੋਏ ਚੱਕਰ ਨੂੰ ਟੇਢਾ ਕਰ ਕੇ ਪਿਛਲੇ ਪਾਸਿਉਂ ਕੱਢਿਆ ਜਾਂਦਾ ਹੈ। ਇਕ ਨਿਹੰਗ ਸਿੰਘ ਦੂਸਰੇ ਨਿਹੰਗ ਸਿੰਘ ਉੱਤੇ ਘੁੰਮਦੇ ਹੋਏ ਚੱਕਰ ਨੂੰ ਸੁੱਟਦਾ ਹੈ, ਦੂਸਰਾ ਨਿਹੰਗ ਸਿੰਘ ਇਸ ਨੂੰ ਫੜ ਕੇ ਇਸ ਦਾ ਸੰਤੁਲਨ ਕਾਇਮ ਰੱਖਦਾ ਹੈ। ਘੁੰਮਦੇ ਹੋਏ ਚੱਕਰ ਨੂੰ ਫੜ ਕੇ ਲੇਟਣਾ ਤੇ ਫਿਰ ਉੱਠਣਾ ਇਸ ਪ੍ਰਦਰਸ਼ਨ ਦਾ ਸਿਖਰ ਹੁੰਦਾ ਹੈ। ਵਾਸਤਵ ਵਿਚ ਚੱਕਰ ਘੁਮਾਉਣ ਦਾ ਮਕਸਦ ਆਉਂਦੇ ਹੋਏ ਤੀਰਾਂ ਨੂੰ ਰੋਕਣਾ ਹੁੰਦਾ ਹੈ। ਲੜਾਈ ਦੇ ਮੈਦਾਨ ਵਿਚ ਜਿੱਥੇ ਗੁਰੂ ਸਾਹਿਬ ਬੈਠਦੇ ਸਨ ਉਨ੍ਹਾਂ ਦੇ ਸਾਹਮਣੇ ਇਕ ਸਿੰਘ ਚੱਕਰ ਘੁਮਾਉਂਦਾ ਰਹਿੰਦਾ ਸੀ ਜਿਸ ਨਾਲ ਆਉਣ ਵਾਲੇ ਤੀਰ ਰੁਕ ਜਾਂਦੇ ਸਨ। ਮੁਕੰਦ ਕੋਟਲਾ (ਕਮੰਦ ਕੋਟਲਾ) ਘੁਮਾਉਣਾ ਵੀ ਗਤਕੇ ਦਾ ਮਹੱਤਵਪੂਰਨ ਅੰਗ ਹੈ। ਗਤਕੇ ਵਿਚ ਲੰਮੇ ਨੇਜ਼ਿਆਂ ਨਾਲ ਵੀ ਲੜਾਈ ਕੀਤੀ ਜਾਂਦੀ ਹੈ। ਵਾਰ ਰੋਕਣ ਲਈ ਨੇਜੇ ਦੇ ਪਿਛਲੇ ਹਿੱਸੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਨੂੰ ਬਾਬਿਆਂ ਦੀ ਖੇਡ ਵੀ ਕਿਹਾ ਜਾਂਦਾ ਹੈ। ਕਈ ਵਾਰ ਇਕ ਨਿਹੰਗ ਸਿੰਘ ਇਕ ਤੋਂ ਜ਼ਿਆਦਾ ਨਿਹੰਗ ਸਿੰਘਾਂ ਨਾਲ ਗਤਕਾ ਖੇਡਦਾ ਹੈ ਜਿਸ ਨੂੰ ‘ਦੰਗਲ’ ਜਾਂ ‘ਸਵਾ ਲਾਖ ਸੇ ਏਕ ਲੜਾਊਂ ‘ ਕਿਹਾ ਜਾਂਦਾ ਹੈ।
ਭਾਵੇਂ ਗਤਕਾ ਤਿੰਨ ਹੱਥ ਲੰਮੇ ਡੰਡੇ ਦਾ ਨਾਮ ਹੈ, ਪਰ ਅਰਥ ਵਿਸਥਾਰ ਕਰ ਕੇ ਇਹ ਸ਼ਬਦ ਇਕ ਤਰ੍ਹਾਂ ਅਜਿਹੀ ਪ੍ਰਦਰਸ਼ਨ ਕਲਾ ਦਾ ਸਮੁੱਚ ਬਣ ਗਿਆ ਹੈ ਜਿਸ ਵਿਚ ਅਨੇਕਾਂ ਸ਼ਸਤਰਾਂ ਤੇ ਵਿਧੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਗਤਕਾ ਪਰੰਪਰਕ ਯੁੱਧ ਕਲਾ ਦਾ ਰੂਪ ਹੈ ਜਿਸ ਨੂੰ ਨਿਹੰਗ ਸਿੰਘਾਂ ਨੇ ਵਿਰਾਸਤ ਦੇ ਤੌਰ ‘ਤੇ ਸਾਂਭ ਕੇ ਰੱਖਿਆ ਹੈ।
ਹਵਾਲੇ :
੧. ਮਹਾਨ ਕੋਸ਼, ਪੰਨਾ ੭੦੪
੨. ਮਹਾਨ ਕੋਸ਼, ਪੰਨਾ ਉਹੀ
੩. ਤਵਾਰੀਖ ਗੁਰੂ ਖਾਲਸਾ (ਪਾ: ੧੦), ਕ੍ਰਿਤ ਗਿਆਨੀ ਸਿੰਘ, ਪੰਨਾ ੬੮
੪. ਮਹਾਨ ਕੋਸ਼, ਪੰਨਾ ੩੯੫
੫. ਮਹਾਨ ਕੋਸ਼, ਪੰਨਾ ੧੩੪
੬. ਖੇਤਰੀ ਖੋਜ ਤੇ ਆਧਾਰਿਤ