-ਡਾ. ਜਸਵੰਤ ਸਿੰਘ ਨੇਕੀ
ਬਟਾਲੇ ਵਿਚ ਈਸਾਈਆਂ ਦੇ ਕਾਲਜ ਵਿਚ ਇੱਕ ਸੈਮੀਨਾਰ ਸੀ। ਉੱਥੇ ਪ੍ਰਿੰਸੀਪਲ ਜੋਧ ਸਿੰਘ, ਡਾ. ਤਾਰਨ ਸਿੰਘ, ਪ੍ਰੋ. ਗੁਰਬਚਨ ਸਿੰਘ ਤਾਲਬ ਆਦਿ ਸਿਰਕੱਢ ਸਿੱਖ ਵਿਦਵਾਨ ਆਏ ਹੋਏ ਸਨ। ਮੈਂ ਵੀ ਉਹਨਾਂ ਪਾਸ ਬੈਠਾ ਹੋਇਆ ਸਾਂ । ਤਦ ਇਕ ਸੱਜਣ, ਜੋ ਕਿਸੇ ਅਕਾਲੀ ਨੇਤਾ ਦਾ ਰਿਸ਼ਤੇਦਾਰ ਸੀ ਓਥੇ ਆਇਆ ਤੇ ਖਾਲੀ ਪਈ ਕੁਰਸੀ ‘ਤੇ ਬੈਠ ਗਿਆ। ਆਉਂਦਿਆਂ ਹੀ ਉਸ ਨੇ ਕਈ ਨੇਤਾਵਾਂ ਦੀ ਨਿੰਦਿਆ ਆਰੰਭ ਦਿੱਤੀ। ਪ੍ਰਿੰਸੀਪਲ ਜੋਧ ਸਿੰਘ ਜੀ ਨੇ ਕਿਹਾ, “ਗੁਰਮੁਖੋ ਨਿੰਦਿਆ ਛੋੜੋ, ਕੋਈ ਹੋਰ ਗੱਲ ਕਰੋ ।” ਉਹ ਕਹਿਣ ਲੱਗਾ, “ਪ੍ਰਿੰਸੀਪਲ ਸਾਹਿਬ ! ਕੀ ਕਹਿੰਦੇ ਹੋ? ਜੇ ਅਸੀਂ ਇਹਨਾਂ ਨੇਤਾਵਾਂ ਦੇ ਦੋਖ ਨਹੀਂ ਦੱਸਾਂਗੇ ਤਾਂ ਇਹ ਠੀਕ ਕਿਵੇਂ ਹੋਣਗੇ ?” ਪ੍ਰਿੰਸੀਪਲ ਸਾਹਿਬ ਕਹਿਣ ਲੱਗੇ, “ਦੂਜਿਆਂ ‘ਤੇ ਇਕ ਉਂਗਲੀ ਉਠਾਈਏ ਤਾਂ ਬਾਕੀ ਦੀਆਂ ਉਂਗਲਾਂ ਆਪਣੇ ਵੱਲ ਉੱਠ ਖਲੋਂਦੀਆਂ ਹਨ। ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ।” ਪਰ ਉਹ ਗੁਰਮੁਖ ਕਦੋਂ ਹਟਣ ਵਾਲਾ ਸੀ ? ਕਹਿਣ ਲੱਗਾ, “ਤੁਸਾਂ ਸੁਣਿਆ ਹੋਣਾ ਏ, ਫਲਾਣੇ….. ਸਿੰਘ ਦਾ ਪੁੱਤਰ ਪਤਿਤ ਹੋ ਗਿਐ ।” ਤਦ ਪ੍ਰਿੰਸੀਪਲ ਸਾਹਿਬ ਬੋਲੇ, “ਗੁਰਮੁਖੋ, ਪਤਿਤ ਉਹ ਹੁੰਦਾ ਏ ਜਿਸ ਨੇ ਅੰਮ੍ਰਿਤ ਛਕਿਆ ਹੋਵੇ ਤੇ ਕੇਸ ਕਤਲ ਕਰਵਾ ਲਏ ਜਾਂ ਕੋਈ ਹੋਰ ਬੱਜਰ ਕੁਰਹਿਤ ਕਰੇ । ਜਿਸ ਬੰਦੇ ਦੀ ਤੁਸੀਂ ਗੱਲ ਕਰ ਰਹੇ ਹੋ, ਕੀ ਉਹ ਅੰਮ੍ਰਿਤਧਾਰੀ ਸੀ ?”
ਅਗੋਂ ਉਹ ਕਹਿੰਦਾ,”ਇਹ ਤਾਂ ਮੈਨੂੰ ਪਤਾ ਨਹੀਂ ?”
ਤਦ ਪ੍ਰਿੰਸੀਪਲ ਸਾਹਿਬ ਨੇ ਉਸ ਦੇ ਮੋਢੇ ‘ਤੇ ਥਾਪੜਾ ਦੇਂਦਿਆਂ ਕਿਹਾ.
“ਪਹਿਲਾਂ ਪੂਰੀ ਵਾਕਫ਼ੀ ਲਿਆ ਕਰੋ, ਫਿਰ ਲੋੜ ਹੋਵੇ ਤਾਂ ਨਿੰਦਿਆ ਕਰ ਲਿਆ ਕਰੋ !” ਪਰ-ਨਿੰਦਿਆ ਰੱਬ ਦੀ ਨਜ਼ਰ ਵਿਚ ਕੁਰਹਿਤ ਹੁੰਦੀ ਹੈ। ਤੁਸੀਂ ਜਿਨ੍ਹਾਂ ਦੀ ਨਿੰਦਿਆ ਕਰ ਰਹੇ ਹੋ, ਚੰਗਾ ਹੋਵੇ ਉਹਨਾਂ ਦੇ ਸੁਧਾਰ ਲਈ ਅਰਦਾਸ ਕਰੋ ।”
(1960)