
ਨੈਸ਼ਨਲ ਗੇਮਜ਼ 2025 ‘ਚ ਐਥਲੈਟਿਕਸ ਮੁਕਾਬਲੇ 8 ਫਰਵਰੀ ਤੋਂ 12 ਫਰਵਰੀ ਤੱਕ ਚਲੇ, ਜਿੱਥੇ 650 ਐਥਲੈਟਸ ਨੇ 45 ਅਲੱਗ-ਅਲੱਗ ਮੁਕਾਬਲਿਆਂ ਵਿੱਚ ਭਾਗ ਲਿਆ।
ਪੰਜਾਬ ਦੇ ਖਿਡਾਰੀਆਂ ਨੇ ਸ਼ਾਟ ਪੁੱਟ ਮੁਕਾਬਲਿਆਂ ‘ਚ ਦਬਦਬਾ ਬਣਾਉਂਦਿਆਂ ਸੋਨੇ ਦੇ ਦੋ ਤਗਮੇ ਆਪਣੇ ਨਾਮ ਕੀਤੇ, ਜੋ ਕਿ ਭਵਿੱਖ ਦੇ ਮੁਕਾਬਲਿਆਂ ਲਈ ਇੱਕ ਵਧੀਆ ਸੰਕੇਤ ਹੈ। ਤਜਿੰਦਰਪਾਲ ਸਿੰਘ ਤੂਰ ਅਤੇ ਜੈਸਮੀਨ ਕੌਰ ਦੀ ਜਿੱਤ ਨੇ ਇੱਕ ਵਾਰ ਫਿਰ ਦੱਸਿਆ ਕਿ ਪੰਜਾਬ ਦੀ ਧਰਤੀ ਵਿਖੇ ਐਥਲੈਟਿਕਸ ਦਾ ਭਵਿੱਖ ਸੁਨਿਹਰੀ ਹੈ।
ਪੈਰਿਸ 2024 ਓਲੰਪਿਕਸ ਵਿੱਚ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ, ਏਸ਼ੀਆਈ ਖੇਡਾਂ ਦੇ ਗੋਲਡ ਮੈਡਲਿਸਟ ਤਜਿੰਦਰਪਾਲ ਸਿੰਘ ਤੂਰ ਨੇ ਨੈਸ਼ਨਲ ਗੇਮਜ਼ 2025 ਵਿੱਚ ਸ਼ਾਨਦਾਰ ਵਾਪਸੀ ਕਰਦਿਆਂ ਮਰਦ ਸ਼ਾਟ ਪੁੱਟ ‘ਚ ਸੋਨੇ ਦਾ ਤਗਮਾ ਜਿੱਤ ਲਿਆ। ਉਨ੍ਹਾਂ ਨੇ ਉੱਤਰਾਖੰਡ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਵਿਖੇ ਹੋਏ ਮੁਕਾਬਲੇ ਵਿੱਚ 19.74 ਮੀਟਰ ਦੀ ਵਧੀਆ ਥ੍ਰੋ ਨਾਲ ਪਹਿਲਾ ਸਥਾਨ ਹਾਸਲ ਕੀਤਾ। ਇਸ ਨਾਲ, ਉਨ੍ਹਾਂ ਨੇ 19.10 ਮੀਟਰ ਦੇ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 2025 ਲਈ ਯੋਗਤਾ ਮਾਪਦੰਡ ਪਾਰ ਕਰ ਲਿਆ।
ਤੂਰ, ਜੋ ਕਿ ਭਾਰਤ ਦੇ ਸਭ ਤੋਂ ਤਜਰਬੇਕਾਰ ਸ਼ਾਟ ਪੁੱਟ ਖਿਡਾਰੀ ਹਨ, ਨੇ ਦੋ ਵਾਰ ਏਸ਼ੀਆਈ ਗੇਮਜ਼ ਵਿੱਚ ਸੋਨਾ, ਚਾਰ ਵਾਰ ਨੈਸ਼ਨਲ ਚੈਂਪੀਅਨਸ਼ਿਪ, ਅਤੇ ਇੱਕ ਓਲੰਪਿਕ ਵਿੱਚ ਭਾਗ ਲਿਆ ਹੈ। ਉਨ੍ਹਾਂ ਕੋਲ 21.77 ਮੀਟਰ ਦਾ ਰਾਸ਼ਟਰੀ ਰਿਕਾਰਡ ਹੈ। ਪੈਰਿਸ ਓਲੰਪਿਕ 2024 ‘ਚ 18.05 ਮੀਟਰ ਦੀ ਥ੍ਰੋ ਨਾਲ ਫਾਈਨਲ ਲਈ ਯੋਗਤਾ ਹਾਸਲ ਨਾ ਕਰ ਪਾਉਣ ਤੋਂ ਬਾਅਦ, ਨੈਸ਼ਨਲ ਗੇਮਜ਼ 2025 ‘ਚ ਉਨ੍ਹਾਂ ਦੀ ਵਾਪਸੀ ਕਾਬਲੇ-ਤਾਰੀਫ਼ ਰਹੀ।
ਪੁਰਸ਼ ਸ਼ਾਟ ਪੁੱਟ ਫਾਈਨਲ ਨਤੀਜੇ:
🥇 ਤਜਿੰਦਰਪਾਲ ਸਿੰਘ ਤੂਰ (ਪੰਜਾਬ) – 19.74m
🥈 ਸਮਰਦੀਪ ਸਿੰਘ ਗਿੱਲ (ਪੰਜਾਬ) – 19.38m
🥉 ਪ੍ਰਭਕਿਰਪਾਲ ਸਿੰਘ – 19.04m
ਨਾਲ ਹੀ, ਪੰਜਾਬ ਦੀ ਜੈਸਮੀਨ ਕੌਰ ਨੇ ਨੈਸ਼ਨਲ ਗੇਮਜ਼ 2025 ਵਿੱਚ ਨਵਾਂ ਇਤਿਹਾਸ ਰਚਦਿਆਂ ਮਹਿਲਾ ਸ਼ਾਟ ਪੁੱਟ ‘ਚ ਸੋਨੇ ਦਾ ਤਗਮਾ ਜਿੱਤਿਆ। ਉਨ੍ਹਾਂ ਨੇ 15.97 ਮੀਟਰ ਦੀ ਥ੍ਰੋ ਕਰਕੇ ਆਪਣਾ ਪੁਰਾਣਾ ਸਰਵੋਤਮ ਪ੍ਰਦਰਸ਼ਨ (14.67m, 2023) ਤੋੜ ਦਿੱਤਾ।
ਬੀਬੀਆਂ ਸ਼ਾਟ ਪੁੱਟ ਮੁਕਾਬਲੇ ‘ਚ, ਉਨ੍ਹਾਂ ਦੀ ਸ਼ਾਨਦਾਰ ਥ੍ਰੋ ਨੇ ਉਨ੍ਹਾਂ ਨੂੰ ਪਹਿਲਾ ਸਥਾਨ ਦਿਲਾਇਆ, ਜਦਕਿ ਉੱਤਰ ਪ੍ਰਦੇਸ਼ ਦੀ ਵਿਧੀ ਅਤੇ ਦਿੱਲੀ ਦੀ ਸ੍ਰਿਸ਼ਟੀ ਵਿਗ ਨੇ 15.46 ਮੀਟਰ ਦੀ ਥ੍ਰੋ ਕਰਕੇ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ।
ਮਹਿਲਾ ਸ਼ਾਟ ਪੁੱਟ ਫਾਈਨਲ ਨਤੀਜੇ:
🥇 ਜੈਸਮੀਨ ਕੌਰ (ਪੰਜਾਬ) – 15.97m
🥈 ਵਿਧੀ (ਉੱਤਰ ਪ੍ਰਦੇਸ਼) – 15.46m
🥉 ਸ੍ਰਿਸ਼ਟੀ ਵਿਗ (ਦਿੱਲੀ) – 15.46m
ਤਾਕਤ ਦੀ ਖੇਡ ਵਜੋਂ ਜਾਣੇ ਜਾਂਦੇ ਗੋਲਾ ਸੁੱਟਣ ਦੇ ਮੁਕਾਬਲੇ ਵਿੱਚ 38ਵੀਆਂ ਨੈਸ਼ਨਲ ਖੇਡਾਂ ਦੌਰਾਨ ਮੁੰਡਿਆਂ ਦੇ ਵਰਗ ਵਿੱਚ ਤਜਿੰਦਰ ਪਾਲ ਸਿੰਘ ਤੂਰ ਅਤੇ ਕੁੜੀਆਂ ਵਿੱਚ ਪੰਜਾਬ ਦੀ ਜੈਸਮੀਨ ਕੌਰ ਨੇ ਗੋਲਡ ਮੈਡਲ ਜਿੱਤਕੇ ਸਾਬਤ ਕਰ ਦਿੱਤਾ ਹੈ ਕਿ ਪੰਜਾਬੀ ਸਭ ਤੋਂ ਤਕੜੇ।