ਨੌਜਵਾਨ ਪੀੜੀ, ਕਿਸੇ ਕੌਮ ਜਾਂ ਸਮਾਜ ਦੀ ਰੀੜ ਦੀ ਹੱਡੀ ਹੁੰਦੀ ਹੈ। ਜੇ ਰੀੜ ਦੀ ਹੱਡੀ ਹੀ ਕਮਜ਼ੋਰ ਹੋ ਜਾਵੇ ਤਾਂ ਸਿਹਤਮੰਦ ਰਹਿਣਾ ਮੁਸ਼ਕਿਲ ਹੋ ਜਾਂਦਾ ਹੈ। ਅਜੋਕੇ ਸਮੇਂ ਨੌਜਵਾਨਾਂ ਦਾ ਨਸ਼ਿਆਂ ਵੱਲ ਵੱਧ ਰਿਹਾ ਰੁਝਾਨ ਡਾਢੀ ਚਿੰਤਾ ਦਾ ਵਿਸ਼ਾ ਹੈ: ਕੀ ਪਿੰਡ ਤੇ ਕੀ ਸ਼ਹਿਰ, ਹਰ ਥਾਂ ਨਸ਼ੇ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਹੇ ਹਨ। ਨੌਜਵਾਨਾਂ ਦਾ ਨਸ਼ਿਆਂ ਵੱਲ ਰੁਚਿਤ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਸਾਡੇ ਮਾਪੇ, ਸਾਡਾ ਸਮਾਜ, ਸਾਡੀ ਸਰਕਾਰ ਅਤੇ ਸਾਡੀਆਂ ਜ਼ਿੰਮੇਵਾਰ ਸੰਸਥਾਵਾਂ ਇਸ ਤਬਕੇ ਦੀ ਮਾਨਸਿਕਤਾ ਨੂੰ ਸਮਝਣ ਤੋਂ ਬਿਲਕੁਲ ਅਵੇਸਲੀਆਂ ਹਨ, ਇਸੇ ਅਣਗਹਿਲੀ ਨੇ ਹੀ ਸਾਡੀ ਜਵਾਨੀ ਨੂੰ ਨਸ਼ਿਆਂ ਵੱਲ ਧੱਕਿਆ ਹੈ।
ਜਵਾਨੀ ਜੀਵਨ ਦਾ ਇਕ ਐਸਾ ਪੜਾਅ ਹੈ, ਜਦ ਮਨੁੱਖ ਨੂੰ ਸਹੀ ਅਗਵਾਈ ਅਤੇ ਸਹੀ ਸਿਖਲਾਈ ਦੀ ਲੋੜ ਹੁੰਦੀ ਹੈ। ਮਨੋਵਿਗਿਆਨੀ ਮੰਨਦੇ ਹਨ ਕਿ ਨਸ਼ਿਆਂ ਦੀ ਵਰਤੋਂ ਜ਼ਿਆਦਾਤਰ ਕਿਸ਼ੋਰ ਉਮਰ ਵਿਚ ਹੀ ਸ਼ੁਰੂ ਹੁੰਦੀ ਹੈ। ਇਸ ਵਿਚ ਕੋਈ ਸ਼ੱਕ ਵੀ ਨਹੀਂ ਕਿ ਨਸ਼ਿਆਂ ਦੀ ਵਧੇਰੇ ਵਰਤੋਂ ੧੩ ਤੋਂ ੨੪ ਸਾਲਾਂ ਦੀ ਉਮਰ ਵਾਲੇ ਨੌਜਵਾਨ ਹੀ ਕਰਦੇ ਹਨ। ਚੌਦਾਂ-ਪੰਦਰਾਂ ਸਾਲਾਂ ਦੀ ਇਸ ਉਮਰ ਵਿਚ ਮਨੁੱਖ ਬਚਪਨ ਅਤੇ ਜਵਾਨੀ ਦੀ ਦਹਿਲੀਜ਼ ‘ਤੇ ਹੁੰਦਾ ਹੈ। ਇਸ ਸਮੇਂ ਸਹੀ ਅਗਵਾਈ ਅਤੇ ਸਹੀ ਸਿਖਲਾਈ ਤੋਂ ਬਿਨਾਂ ਉਸ ਦਾ ਭਟਕ ਜਾਣਾ ਸੁਭਾਵਿਕ ਹੁੰਦਾ ਹੈ। ਬੱਚਾ ਜਵਾਨੀ ਵੱਲ ਨੂੰ ਕਦਮ ਪੁੱਟਦਾ ਹੈ ਤਾਂ ਉਸ ਨੂੰ ਅਜੀਬ ਤਰ੍ਹਾਂ ਦੇ ਹਾਲਾਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਰੀਰਕ ਤਬਦੀਲੀਆਂ ਤੋਂ ਇਲਾਵਾ ਮਾਂ ਬਾਪ ਅਤੇ ਸਮਾਜ ਦਾ ਉਸ ਪ੍ਰਤੀ ਬਦਲਦਾ ਵਿਵਹਾਰ, ਉਸ ਨੂੰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕਰਦਾ ਹੈ। ਅਫਸੋਸਨਾਕ ਪਹਿਲੂ ਇਹ ਹੈ ਕਿ ਇਸ ਵਕਤ ਪੈਦਾ ਹੋਈਆਂ ਮਾਨਸਿਕ ਗੁੰਝਲਾਂ ਨੂੰ ਸੁਲਝਾਉਣ ਦਾ ਕੋਈ ਹੀਲਾ ਵਸੀਲਾ ਸਾਡੇ ਸਮਾਜਿਕ-ਢਾਂਚੇ ਵਿਚ ਉਪਲਬਧ ਨਹੀਂ ਹੈ। ਸਿੱਟੇ ਵਜੋਂ ਨੌਜਵਾਨ ਆਪਣੀਆਂ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਦਾ ਹੱਲ ਨਸ਼ਿਆਂ ਵਿਚੋਂ ਢੂੰਡਣ ਦਾ ਜਤਨ ਕਰਦਾ ਹੈ।
ਨਸ਼ਾ ਉਹ ਚੀਜ਼ ਹੈ ਜਿਸ ਦਾ ਸੇਵਨ ਕਰਨ ਨਾਲ ਮਨੁੱਖ ਪਹਿਲਾਂ ਸਰੂਰ ਜਾਂ ਮਸਤੀ ਮਹਿਸੂਸ ਕਰਦਾ ਹੈ ਅਤੇ ਫਿਰ ਆਪਣੇ ਆਪ ਤੋਂ ਅਤੇ ਆਪਣੇ ਆਲੇ-ਦੁਆਲੇ
ਤੋਂ ਬੇਖ਼ਬਰ ਹੋ ਜਾਂਦਾ ਹੈ। ਇਹ ਹਾਲਤ ਉਸ ਨੂੰ ਦੁੱਖਾਂ-ਤਕਲੀਫਾਂ ਅਤੇ ਪਰੇਸ਼ਾਨੀਆਂ ਤੋਂ ਮੁਕਤ ਹੋਣ ਦਾ ਭਰਮ ਦਿੰਦਾ ਹੈ ਪਰ ਨਸ਼ੇ ਦਾ ਅਸਰ ਖ਼ਤਮ ਹੋਣ ‘ਤੇ ਇਹ ਪਰੇਸ਼ਾਨੀਆਂ ਉਸ ਨੂੰ ਫਿਰ ਆਣ ਘੇਰਦੀਆਂ ਹਨ। ਇਨ੍ਹਾਂ ਨੂੰ ਭੁਲਾਉਣ ਲਈ ਫਿਰ ਨਸ਼ਾ ਕੀਤਾ ਜਾਂਦਾ ਹੈ। ਇਸ ਤਰ੍ਹਾਂ ਵਾਰ-ਵਾਰ ਕਰਨ ਨਾਲ ਉਹ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ। ਫਿਰ ਉਹ ਇਕ ਪਲ ਵੀ ਨਸ਼ਿਆਂ ਤੋਂ ਬਿਨਾਂ ਜੀਅ ਨਹੀਂ ਸਕਦਾ ਅਤੇ ਇਨ੍ਹਾਂ ਨਸ਼ਿਆਂ ਦੇ ਵਹਿਣ ਵਿਚ ਉਸ ਦੀ ਸਿਹਤ ਅਤੇ ਪੈਸਾ ਰੇਤ ਵਾਂਗ ਖੁਰ ਜਾਂਦਾ ਹੈ।
ਨਸ਼ਾ ਕਰਨ ਦਾ ਕੋਈ ਇਕ-ਮਾਤਰ ਕਾਰਨ ਨਹੀਂ ਹੈ। ਨੌਜਵਾਨਾਂ ਵਿਚ ਇਨ੍ਹਾਂ ਦੀ ਵਰਤੋਂ ਬਾਰੇ ਕਈ ਤਰ੍ਹਾਂ ਦੇ ਭਰਮ-ਭੁਲੇਖੇ ਪਾਏ ਜਾਂਦੇ ਹਨ। ਨਸ਼ਿਆਂ ਦੀ ਜਿਲ੍ਹਣ ਵਿਚ ਫਸਣ ਦੇ ਮੋਟੇ-ਮੋਟੇ ਕਾਰਨ ਇਸ ਤਰ੍ਹਾਂ ਹਨ :
ੳ) ਮਾਪਿਆਂ ਦੇ ਪਿਆਰ ਤੋਂ ਵਾਂਝੇ ਅਣਗੌਲੇ ਬੱਚੇ ਆਪਣੀ ਇਕੱਲਤਾ ਅਤੇ ਹੀਣ-ਭਾਵਨਾ ਨੂੰ ਦੂਰ ਕਰਨ ਲਈ ਨਸ਼ਿਆਂ ਦਾ ਸਹਾਰਾ ਲੈਂਦੇ ਹਨ।
ਅ) ਕਮਜ਼ੋਰ ਮਾਨਸਿਕਤਾ ਵਾਲੇ ਨੌਜਵਾਨ ਆਪਣੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਪਾਉਣ ਲਈ ਨਸ਼ਿਆਂ ਦਾ ਆਸਰਾ ਤੱਕਦੇ ਹਨ। ਮਿਸਾਲ ਵਜੋਂ, ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਤਲਾਸ਼ ਵਿਚ ਭਟਕਦਾ ਥਾਂ-ਥਾਂ ਦਰਖਾਸਤਾਂ ਦਿੰਦਾ ਹੈ ਅਤੇ ਅਸਫਲ ਹੋਣ ‘ਤੇ ਆਪਣੀ ਨਿਰਾਸ਼ਾ ਤੇ ਚਿੰਤਾ ਨੂੰ ਭੁਲਾਉਣ ਲਈ ਨਸ਼ਾ ਵਰਤਣਾ ਸ਼ੁਰੂ ਕਰ ਦਿੰਦਾ ਹੈ।
ੲ) ਵਿਦਿਆਰਥੀ ਆਪਣੀ ਪੜ੍ਹਾਈ ਪੂਰੀ ਕਰਨ ਲਈ ਵਧੇਰੇ ਜਾਗਣ ਦੀ ਇੱਛਾ ਨਾਲ ਨਸ਼ਿਆਂ ਦੀ ਵਰਤੋਂ ਕਰਦੇ ਹਨ । ਇਕ ਭੁਲੇਖਾ ਇਹ ਵੀ ਪਾਇਆ ਜਾਂਦਾ ਹੈ ਕਿ ਨਸ਼ਾ ਕਰਨ ਨਾਲ ਥਕਾਵਟ ਨਹੀਂ ਹੁੰਦੀ। ਇਸ ਕਰਕੇ ਮਿਹਨਤ-ਮਜ਼ਦੂਰੀ ਕਰਨ ਵਾਲੇ ਕਾਮਿਆਂ ਤੋਂ ਵਧੇਰੇ ਕੰਮ ਲੈਣ ਲਈ, ਮਾਲਕ ਨਸ਼ਾ ਦੇ ਦਿੰਦੇ ਹਨ ਜੋ ਬਾਅਦ ਵਿਚ ਪੱਕੀ ਆਦਤ ਬਣ ਜਾਂਦੀ ਹੈ।
ਸ) ਅਮੀਰ ਘਰਾਂ ਦੇ ‘ਕਾਕੇ’ ਆਪਣੇ ‘ਠਾਠ ਦਾ ਦਿਖਾਵਾ ਕਰਨ ਲਈ ਨਸ਼ੇ ਕਰਦੇ ਹਨ। ਇਹ ਆਪਣੇ ਪ੍ਰਭਾਵ ਹੇਠ ਆਉਣ ਵਾਲੇ ਨੌਜਵਾਨਾਂ ਨੂੰ ਨਸ਼ਿਆਂ ਦੇ ਮਨਘੜਤ ਫਾਇਦੇ ਦੱਸ ਕੇ ਨਸ਼ਾ ਕਰਨ ਲਈ ਉਕਸਾਉਂਦੇ ਹਨ। ਨਸ਼ਿਆਂ ਦਾ ਵਪਾਰ ਕਰਨ ਵਾਲੇ ਵੀ ਆਪਣਾ ਮਾਲ ਵੇਚਣ ਲਈ ਪਹਿਲਾਂ-ਪਹਿਲਾਂ ਮੁਫਤ ਨਸ਼ਾ ਸਪਲਾਈ ਕਰਦੇ ਹਨ।
ਹ) ਕਈ ਬੱਚੇ ਆਪਣੇ ਮਾਪਿਆਂ ਜਾਂ ਵਡੇਰਿਆਂ ਦੀ ਨਕਲ ਕਰਕੇ ਨਸ਼ਿਆਂ ਦੇ ਆਦੀ ਬਣ ਜਾਂਦੇ ਹਨ। ਸਕੂਲਾਂ-ਕਾਲਜਾਂ ਦੇ ਨਸ਼ਈ ਅਧਿਆਪਕ ਵੀ ਉਨ੍ਹਾਂ ਦੇ ਪ੍ਰੇਰਨਾ-ਸਰੋਤ ਬਣਦੇ ਹਨ।
ਨਸ਼ਾ ਕਰਨ ਤੋਂ ਬਾਅਦ ਮਨੁੱਖ ਦਿਮਾਗੀ ਤੌਰ ‘ਤੇ ਸੁੰਨ ਅਥਵਾ ਬੇਸੁੱਧ ਹੋ
ਜਾਂਦਾ ਹੈ। ਇਸ ਹਾਲਤ ਵਿਚ ਉਹ ਘਰ, ਪਰਿਵਾਰ, ਸਮਾਜ ਤੋਂ ਵੱਖਰੀ ਦੁਨੀਆਂ ਵਿਚ ਵਿਚਰਦਾ ਹੈ। ਉਸ ਨੂੰ ਸਭ ਕੁਝ ਸੁਖਾਵਾਂ ਮਹਿਸੂਸ ਹੁੰਦਾ ਹੈ ਪਰ ਨਸ਼ਾ ਉਤਰ ਜਾਣ ‘ਤੇ ਉਸ ਦੀ ਰੰਗੀਨ ਦੁਨੀਆਂ ਦਾ ਸੁਪਨਾ ਚਕਨਾਚੂਰ ਹੋ ਜਾਂਦਾ ਹੈ। ਆਦੀ ਹੋਣ ਤੋਂ ਬਾਅਦ, ਨਸ਼ਾ ਨਾ ਮਿਲਣ ਕਾਰਨ ਉਸ ਦਾ ਸਰੀਰ ਟੁੱਟਦਾ ਹੈ ਅਤੇ ਉਸ ਨੂੰ ਆਪਣੀ ਸੱਤਿਆ ਖ਼ਤਮ ਹੋਈ ਭਾਸਦੀ ਹੈ। ਬੇਅਰਾਮੀ, ਕਮਜ਼ੋਰੀ, ਥਕਾਵਟ, ਅਕੜਲਾਂ, ਉਬਾਸੀਆਂ ਉਸ ਨੂੰ ਆਣ ਘੇਰਦੀਆਂ ਹਨ, ਜਿਸ ਕਰਕੇ ਉਸ ਲਈ ਦੁਬਾਰਾ ਨਸ਼ਾ ਕਰਨਾ ਫਿਰ ਜ਼ਰੂਰੀ ਹੋ ਜਾਂਦਾ ਹੈ। ਇਹਨਾਂ ਤੋਂ ਇਲਾਵਾ, ਨਸ਼ੇ ਦੀ ਲਗਾਤਾਰ ਵਰਤੋਂ ਦੇ ਨਾਲ-ਨਾਲ ਉਸ ਦੀ ਮਿਕਦਾਰ ਵੀ ਵੱਧਦੀ ਜਾਂਦੀ ਹੈ।
ਨਸ਼ੇ ਵਿਚਲਾ ਜ਼ਹਿਰੀਲਾ ਮਾਦਾ ਸਰੀਰ ਦੀ ਰਗ-ਰਗ ਵਿਚ ਰਚ ਕੇ ਦਿਲ, ਦਿਮਾਗ, ਜਿਗਰ, ਗੁਰਦੇ, ਫੇਫੜੇ ਆਦਿ ਹਰ ਅੰਗ ਨੂੰ ਪ੍ਰਭਾਵਿਤ ਕਰਦਾ ਹੈ। ਤਕਰੀਬਨ ਸਾਰੇ ਨਸ਼ੇ ਮਿਹਦੇ ‘ਚ ਜਲਣ, ਸੋਜ ਅਤੇ ਜ਼ਖਮ ਪੈਦਾ ਕਰਦੇ ਹਨ। ਜਿਗਰ ਤੇ ਗੁਰਦੇ ਖਰਾਬ ਹੋ ਜਾਂਦੇ ਹਨ। ਪਾਚਨ ਸ਼ਕਤੀ ਤੋਂ ਇਲਾਵਾ, ਯਾਦਾਸ਼ਤ ਅਤੇ ਸੋਚਣ-ਸਮਝਣ ਦੀ ਸ਼ਕਤੀ ਕਮਜ਼ੋਰ ਹੋ ਜਾਂਦੀ ਹੈ। ਕੈਂਸਰ ਜਿਹੀਆਂ ਜਾਨ-ਲੇਵਾ ਬਿਮਾਰੀਆਂ ਉਸ ‘ਤੇ ਬਹੁਤ ਪ੍ਰਭਾਵ ਪਾਉਂਦੀਆਂ ਹਨ। ਡਾਕਟਰੀ ਖੋਜਾਂ ਤੋਂ ਪਤਾ ਲੱਗਦਾ ਹੈ ਕਿ ਸ਼ਰਾਬ ਨਾਲ ਮਿਹਦੇ ਦਾ ਕੈਂਸਰ ਅਤੇ ਸਿਗਰੇਟ-ਬੀੜੀ ਨਾਲ ਫੇਫੜਿਆਂ ਦਾ ਕੈਂਸਰ ਹੋ ਜਾਂਦਾ ਹੈ। ਦਿਲ ਅਤੇ ਸਾਹ ਦੀਆਂ ਬੀਮਾਰੀਆਂ ਚਿੰਬੜ ਜਾਂਦੀਆਂ ਹਨ। ਭੰਗ ਅਤੇ ਅਫੀਮ ਆਦਿ ਨਸ਼ੇ ਪਾਗਲਪਨ ਅਤੇ ਅੰਧਰਾਤੇ ਜਿਹੀਆਂ ਬੀਮਾਰੀਆਂ ਪੈਦਾ ਕਰਦੇ ਹਨ। ਕਹਿਣ ਤੋਂ ਭਾਵ, ਨਸ਼ਾ ਕਰਨ ਵਾਲਾ ਸਰੀਰਕ ਅਤੇ ਦਿਮਾਗੀ ਤੌਰ ‘ਤੇ ਨਕਾਰਾ ਹੋ ਜਾਂਦਾ ਹੈ। ਇਸ ਤੋਂ ਇਲਾਵਾ ਨਸ਼ਈ ਆਮ ਤੌਰ ‘ਤੇ ਹੀਣ-ਭਾਵਨਾ ਦਾ ਸ਼ਿਕਾਰ ਹੁੰਦਾ ਹੈ। ਝੂਠ ਬੋਲਣਾ, ਚੋਰੀ, ਠੱਗੀ ਤੇ ਧੋਖਾ ਕਰਨਾ ਉਸ ਦਾ ਸੁਭਾਅ ਬਣ ਜਾਂਦਾ ਹੈ, ਜਿਸ ਕਰਕੇ ਉਸ ਦਾ ਆਪਣੇ ਪਰਿਵਾਰ, ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਉਹ ਆਰਥਕ ਪੱਖੋਂ ਕੰਗਾਲ ਹੋ ਜਾਂਦਾ ਹੈ। ਜਿਸ ਕਰਕੇ ਉਸ ਦਾ ਪਰਿਵਾਰਕ ਜੀਵਨ ਨਸ਼ਟ ਹੋ ਜਾਂਦਾ ਹੈ। ਅਜਿਹੀ ਹਾਲਤ ਵਿਚ ਉਸ ਦਾ ਚੋਰੀ, ਠੱਗੀ, ਡਾਕੇ, ਸਮਗਲਿੰਗ, ਬਲੈਕ-ਮਾਰਕੀਟਿੰਗ ਵਰਗੇ ਗੈਰ-ਕਾਨੂੰਨੀ ਧੰਦਿਆਂ ਵੱਲ ਰੁਚਿਤ ਹੋਣਾ ਵੀ ਸੁਭਾਵਿਕ ਹੁੰਦਾ ਹੈ। ਯਾਦਾਸ਼ਤ ਅਤੇ ਸੋਚਣ-ਸਮਝਣ ਦੀ ਸ਼ਕਤੀ ਕਮਜ਼ੋਰ ਹੋ ਜਾਣ ਕਾਰਨ ਵਿਦਿਆਰਥੀ ਪੜ੍ਹਾਈ ਨਹੀਂ ਕਰ ਸਕਦੇ। ਨਸ਼ਾ ਕਰਕੇ ਡਰਾਈਵਿੰਗ ਕਰਨ ਨਾਲ ਦੁਰਘਟਨਾਵਾਂ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ ਵਿਚ ਅਨੇਕਾਂ ਮੌਤਾਂ ਹੋ ਜਾਂਦੀਆਂ ਹਨ। ਇਹ ਹੁਣ ਸਮਾਜ ਖੁਦ ਹੀ ਸੋਚੇ ਕਿ ਅਜਿਹੇ ਮਾਰੂ ਨਸ਼ਿਆਂ ਤੋਂ ਬਚਣਾ ਕਿਵੇਂ ਹੈ ਤੇ ਜਿਸਦਾ ਹੱਲ ਇਸ ਟਰੈਕਟ ਵਿੱਚ ਦਿੱਤਾ ਗਿਆ ਹੈ ।
-ਡਾ. ਚਮਕੌਰ ਸਿੰਘ
