ਨੌਜਵਾਨਾਂ ਨੇ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਵੱਲ ਵਧਾਏ ਕਦਮ, ਹਲਕਾ ਸਨੌਰ, ਨਿਹਾਲ ਸਿੰਘ ਵਾਲਾ ਅਤੇ ਧਰਮਕੋਟ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਅਕਾਲੀ ਦਲ ਨਾਲ ਡਟੇ

ਨੌਜਵਾਨਾਂ ਦਾ ਖੇਤਰੀ ਪਾਰਟੀ ਨਾਲ ਜੁੜਨਾ ਪੰਜਾਬ ਲਈ ਸ਼ੁੱਭ ਸ਼ਗਨ – ਮੱਖਣ ਬਰਾੜ

ਚੰਡੀਗੜ-ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਤੋਂ ਬਾਅਦ ਵੱਡੀ ਗਿਣਤੀ ਵਿੱਚ ਪੰਜਾਬ ਦਾ ਨੌਜਵਾਨ ਵਰਗ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਆ ਰਿਹਾ ਹੈ। ਅੱਜ ਹਲਕਾ ਸਨੌਰ ਦੇ ਸਰਕਲ ਬਹਾਦਰਗੜ੍ਹ ਤੋਂ ਮੌਜੂਦਾ ਸੱਤਾ ਧਿਰ ਆਮ ਆਦਮੀ ਪਾਰਟੀ ਦੇ ਨੌਜਵਾਨ ਆਗੂ ਜਤਿੰਦਰ ਸਿੰਘ ਗਿੱਲ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋਏ। ਸਾਬਕਾ ਵਿਧਾਇਕ ਅਤੇ ਪਾਰਟੀ ਦੇ ਮੁੱਖ ਬੁਲਾਰੇ ਸਰਦਾਰ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਵਿੱਚ ਜਤਿੰਦਰ ਗਿੱਲ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋਏ। ਇਸ ਮੌਕੇ ਹਰਿੰਦਰਪਾਲ ਚੰਦੂਮਾਜਰਾ ਨੇ ਕਿਹਾ ਕਿ ਅੱਜ ਨੌਜਵਾਨ ਵਰਗ ਸਮਝ ਚੁੱਕਾ ਹੈ ਖੇਤਰੀ ਪਾਰਟੀ ਦੀ ਪ੍ਰਤੀਨਿਧਤਾ ਹੀ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸਹੀ ਰੂਪ ਵਿੱਚ ਸੇਵਾ ਅਤੇ ਅਗਵਾਈ ਕਰ ਸਕਦੀ ਹੈ। ਇਸ ਕਰਕੇ ਨੌਜਵਾਨ ਪੀੜ੍ਹੀ ਆਪਣੀ ਖੇਤਰੀ ਪਾਰਟੀ ਪ੍ਰਤੀ ਸੰਜੀਦਾ ਹੋ ਕੇ ਸੋਚਣ ਲੱਗੀ ਹੈ।ਦੂਜੇ ਪਾਸੇ ਹਲਕਾ ਧਰਮਕੋਟ ਅਤੇ ਵਿਧਾਨ ਸਭਾ ਹਲਕਾ ਨਿਹਾਲ ਸਿੰਘ ਵਾਲਾ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਵੱਡੀ ਮਜ਼ਬੂਤੀ ਮਿਲੀ। ਹਲਕਾ ਧਰਮਕੋਟ ਵਿੱਚ ਵੱਖ ਵੱਖ ਪਾਰਟੀਆਂ ਦੇ ਨੌਜਵਾਨ ਆਗੂ ਹਲਕਾ ਇੰਚਾਰਜ ਅਤੇ ਪਾਰਟੀ ਦੇ ਮੁੱਖ ਬੁਲਾਰੇ ਸਰਦਾਰ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਹਿੱਸਾ ਬਣੇ। ਇਸ ਦੇ ਨਾਲ ਹੀ ਹਲਕਾ ਨਿਹਾਲ ਸਿੰਘ ਵਾਲਾ ਦੇ ਪਿੰਡ ਦੀਨਾ ਸਾਹਿਬ ਤੋਂ ਵੱਖ ਵੱਖ ਪਾਰਟੀਆਂ ਨਾਲ ਜੁੜੇ ਕਈ ਪਰਿਵਾਰ ਸਰਦਾਰ ਬਲਦੇਵ ਸਿੰਘ ਮਾਣੂੰਕੇ ਦੀ ਪ੍ਰੇਰਨਾ ਸਦਕਾ ਸਰਦਾਰ ਬਰਜਿੰਦਰ ਸਿੰਘ ਬਰਾੜ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਬਣੇ। ਇਸ ਮੌਕੇ ਸਰਦਾਰ ਬਰਜਿੰਦਰ ਸਿੰਘ ਬਰਾੜ ਨੇ ਕਿਹਾ ਕਿ ਸਭ ਤੋ ਪਹਿਲਾਂ ਨੌਜਵਾਨਾਂ ਨੇ ਭਰਤੀ ਮੁਹਿੰਮ ਵਿੱਚ ਵੱਡਾ ਯੋਗਦਾਨ ਪਾਇਆ। ਬਹੁਤ ਸਾਰੇ ਟਕਸਾਲੀ ਅਕਾਲੀ ਪਰਿਵਾਰਾਂ ਨੇ ਪੰਥ ਦੀ ਨੁਮਾਇੰਦਾ ਅਤੇ ਪੰਜਾਬ ਦੀ ਮਾਂ ਪਾਰਟੀ ਨਾਲ ਜੁੜਨ ਦਾ ਅਹਿਦ ਲਿਆ। ਅੱਜ ਵੱਡੀ ਗਿਣਤੀ ਵਿੱਚ ਨੌਜਵਾਨ ਪੀੜ੍ਹੀ ਆਪਣੀ ਖੇਤਰੀ ਪਾਰਟੀ ਨੂੰ ਮਜ਼ਬੂਤ ਕਰਨ ਲਈ ਅੱਗੇ ਆ ਰਹੀ ਹੈ, ਜਿਹੜਾ ਕਿ ਪੰਜਾਬ ਦੇ ਭਵਿੱਖ ਲਈ ਸ਼ੁੱਭ ਸ਼ਗਨ ਹੈ।