ਵਿਚਾਰਵਾਨਾਂ ਨੇ ਨੌਂ ਪਕੜਾਂ ਗਿਣੀਆਂ ਹਨ। ਗੁਰੂ ਨਾਨਕ ਸਾਹਿਬ ਨੇ ਆਸਾ ਰਾਗ ਵਿਚ ਵੱਖ-ਵੱਖ ਬੰਧਨਾਂ ਦਾ ਜ਼ਿਕਰ ਕਰਦੇ ਹੋਏ ਲਿਖਿਆ ਹੈ ਕਿ ਪਹਿਲਾ ਬੰਧਨ : ਮਾਤ ਪਿਤਾ ਦਾ ਹੈ।
ਦੂਜਾ : ਸੰਤਾਨ ਤੇ ਸੁਪਤਨੀ ਦਾ।
ਤੀਜੇ : ਉਹ ਕਰਮ ਤੇ ਧਰਮ ਜੋ ਹਉਂ ਅਧੀਨ ਕੀਤੇ ਜਾਂਦੇ ਹਨ। ਬੰਧਨ, ਧਰਮ, ਹਉ ਕੀਆ।
ਚੌਥਾ ਬੰਧਨ: ‘ਮਨ’ ਹੈ। ਜੋ ਭਟਕਦਾ ਹੀ ਰਹਿੰਦਾ ਹੈ।
ਪੰਜਵਾਂ : ਧਰਤੀ ਦੀ ਪਕੜ ਹੈ “ਬੰਧਨ ਕਿਰਖੀ ਕਰਹਿ ਕਿਰਸਾਨ।।”
ਛੇਵਾਂ : ਕੋਈ ਵਪਾਰ ਜੇ ਬਗ਼ੈਰ ਸਮਝੇ ਕਰ ਦਿੱਤਾ ਜਾਏ।
“ਬੰਧਨ ਸਉਦਾ ਅਣਵੀਚਾਰੀ।।”
ਸਤਵਾਂ : ਮਾਇਆ ਇਕੱਠਾ ਕਰਨ ਦੀ ਰੁਚੀ ਹੈ ਕਿਉਂਕਿ ਹਰ ਸਮੇਂ ਇਹ ਹੀ ਖ਼ਤਰਾ ਖਾਈ ਜਾਂਦਾ ਹੈ ਕਿ ਪ੍ਰਾਪਤ ਮਾਇਆ ਹੱਥੋਂ ਹੀ ਨਾ ਖਿਸਕ ਜਾਏ।
ਅਠਵਾਂ : ਆਪਣੇ ਆਪ ਨੂੰ ਗਿਆਨ ਦਾ ਗਿਆਤਾ ਤੇ ਵਿਖਿਆਤਾ ਦੇ ਅਹੰਕਾਰ ਵਿਚ ਫਿਰਦੇ ਰਹਿਣਾ। “ਬੰਧਨ ਬੇਦੁ ਬਾਦੁ ਅਹੰਕਾਰ।।”
ਨੌਵਾਂ : ਵਿਕਾਰੀ ਰੁਚੀ ਹੈ। ਬੰਧਨ ਉਸ ਦੇ ਹੀ ਟੁੱਟਦੇ ਹਨ ਜੋ ਗੁਰੂ ਦੀ ਸ਼ਰਨ ਚਲਾ ਜਾਏ ਅਤੇ ਅੰਦਰ ਚਾਨਣ ਕਰ ਲਵੇ।
“ਨਾਨਕ ਰਾਮ ਨਾਮ ਸਰਣਾਈ।
ਸਤਿਗੁਰਿ ਰਾਖੇ ਬੰਧੁ ਨ ਪਾਈ।।”
‘ਮੁਕਤ ਬਿਬੇਕ’ ਪੁਸਤਕ ਦੇ ਕਰਤਾ ਨੇ ਬੰਧਨਾਂ ਨੂੰ ਇਨ੍ਹਾਂ ਸਿਰਲੇਖਾਂ ਹੇਠਾਂ ਲਿਖਿਆ
ਹੈ:-
(੧) ਅਵਿਦਯਾ- (ਸਵੈ ਸਰੂਪ ਦੀ ਅਗਿਆਨਤਾ)
(੨) ਜੀਵ ਭਾਵ-(ਆਤਮ ਦੀ ਸਾਰ ਨਾ ਹੋਣਾ)
(੩) ਹਿਰਦੇ ਦੀ ਗੰਢ-ਜੋ ਹਉਮੈ ਕਰ ਪੀਡੀ ਹੁੰਦੀ ਹੈ। “ਹਉ ਹਉ ਕਰਤ ਬੰਧਨ ਮਹਿ ਪਰਿਆ”…
(੪) ਸ਼ੰਕਾ-ਗਿਆਨ ਦੀਆਂ ਗੱਲਾਂ ਸੁਣ ਕੇ ਸ਼ੰਕਾ ਵਧੀ ਜਾਣਾ। ਜਿਵੇਂ ਇਹ ਵਿਚਾਰ ਉਠ ਖਲੋਣਾ ਕਿ ਆਤਮ ਹੈ ਜਾਂ ਅਕਰਤਾ ਜਾਂ ਸਾਖੀ ਰੂਪ “ਕਰਮ ਅਕਰਮ ਬੀਚਾਰੀਐ ਸੰਕਾ ਸੁਨਿ ਬੇਦ ਪਰਾਨ।।”
-ਪ੍ਰਿੰ. ਸਤਿਬੀਰ ਸਿੰਘ
