ਪਟਿਆਲਾ ਵਿਰਾਸਤੀ ਮੇਲਾ-2026: ਨਾਟਕ 1675 ਦਾ ਸਫ਼ਲ ਮੰਚਨ ਦਰਸ਼ਕਾਂ ਨੂੰ ਭਾਵੁਕ ਕਰਦਿਆਂ ਗੁਰੂ ਸਾਹਿਬਾਨ ਵੱਲੋਂ ਦਰਸਾਏ ਮਾਰਗ ‘ਤੇ ਚੱਲਣ ਦਾ ਸੱਦਾ ਦੇ ਗਿਆ

-ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਨਾਟਕ ਦੀ ਪੇਸ਼ਕਾਰੀ ਸ਼ਲਾਘਾਯੋਗ -ਹਰਚੰਦ ਸਿੰਘ ਬਰਸਟ

-ਮੰਚ-ਰੰਗਮੰਚ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨਾਲ ਜੋੜਿਆ-ਸਿਮਰਪ੍ਰੀਤ ਕੌਰ

ਪਟਿਆਲਾ-ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਪਟਿਆਲਾ ਵਿਰਾਸਤੀ ਮੇਲੇ -2026 ਦੀ ਪੰਜਵੀਂ ਸ਼ਾਮ ਇੱਥੇ ਹਰਪਾਲ ਟਿਵਾਣਾ ਕਲਾ ਕੇਂਦਰ ਵਿਖੇ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਨਿਰਦੇਸ਼ਨਾ ਹੇਠ ਡਾ. ਅਮਰਜੀਤ ਗਰੇਵਾਲ ਦੇ ਲਿਖੇ ਨਾਟਕ 1675 ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨਾਲ ਬਾਖੂਬੀ ਜੋੜਨ ਦਾ ਕੰਮ ਕੀਤਾ।
ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਟਿਆਲਾ ਹੈਰੀਟੇਜ ਫੈਸਟੀਵਲ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅਜਿਹੇ ਨਾਟਕ ਕਰਵਾ ਕੇ ਲੋਕਾਂ ਨੂੰ ਇਤਿਹਾਸ ਤੇ ਸਾਡੀ ਅਣਮੁੱਲੀ ਵਿਰਾਸਤ ਨਾਲ ਜੋੜਨਾ ਸ਼ਲਾਘਯੋਗ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਜਿਹੇ ਵਿਰਾਸਤੀ ਮੇਲੇ ਕਰਵਾਉਣੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵੱਲ ਵਧਣ ਲਈ ਸਹਾਈ ਹੋਣਗੇ।
ਸ. ਬਰਸਟ ਨੇ ਕਿਹਾ ਕਿ 1675 ਦਾ ਸਾਲ ਇੱਕ ਤਾਰੀਖ ਹੀ ਨਹੀਂ ਸੀ ਬਲਕਿ ਮਨੁੱਖੀ ਚੇਤਨਾ ਦੇ ਵਿਕਾਸ ਵਿੱਚ ਇਕ ਕੌਸਮਿਕ ਧਮਾਕਾ ਸੀ, ਕਿਉਂਕਿ ਇਸ ਵਰ੍ਹੇ ਗੁਰੂ ਤੇਗ ਬਹਾਦਰ ਜੀ ਨੇ ਮਨੁੱਖਤਾ ਲਈ ਆਪਣਾ ਸੀਸ ਵਾਰ ਕੇ ਸਰਬੱਤ ਦੇ ਭਲੇ ਦੀ ਪ੍ਰੰਪਰਾ ਨੂੰ ਹੋਰ ਤੇਜੀ ਨਾਲ ਅੱਗੇ ਵਧਾਇਆ ਸੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸਿਮਰਪ੍ਰੀਤ ਕੌਰ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਦੀ ਅਗਵਾਈ ਹੇਠ ਕਰਵਾਏ ਗਏ ਇਸ ਸਮਾਗਮ ਦੌਰਾਨ ਮੰਚ-ਰੰਗਮੰਚ ਦੇ ਕਲਾਕਾਰਾਂ ਵੱਲੋਂ ਇਸ ਵਿਲੱਖਣ ਨਾਟਕ ਦੀ ਪੇਸ਼ਕਾਰੀ ਨੇ ਦਰਸ਼ਕਾਂ ਨੂੰ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨਾਲ ਜੋੜਿਆ ਹੈ।
ਏ ਡੀ ਸੀ ਨੇ ਨੋਡਲ ਅਫ਼ਸਰ ਨਮਨ ਮਾਰਕੰਨ ਤੇ ਉਨ੍ਹਾਂ ਦੀ ਟੀਮ ਵੱਲੋਂ ਉਤਰ ਖੇਤਰੀ ਸੱਭਿਆਚਾਰਕ ਕੇਂਦਰ ਦੇ ਸਹਾਇਕ ਡਾਇਰੈਕਟਰ ਰਵਿੰਦਰ ਸ਼ਰਮਾ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਈ ਇਸ ਦਿਲਕਸ਼ ਪੇਸ਼ਕਾਰੀ ਲਈ ਡਾਇਰੈਕਟਰ ਕੇਵਲ ਧਾਲੀਵਾਲ ਤੇ ਸਮੁੱਚੇ ਕਲਾਕਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਟਿਆਲਵੀਆਂ ਨੂੰ ਸੱਦਾ ਦਿੱਤਾ ਕਿ ਉਹ ਪਟਿਆਲਾ ਵਿਰਾਸਤੀ ਮੇਲੇ ਦੇ ਬਾਕੀ ਰਹਿੰਦੇ ਪ੍ਰੋਗਰਾਮਾਂ ਵਿੱਚ ਵੀ ਇਸੇ ਤਰ੍ਹਾਂ ਹੁੰਮ-ਹੁੰਮਾ ਕੇ ਸ਼ਿਰਕਤ ਕਰਨ। ਇਸ ਮੌਕੇ ਡਾਇਰੈਕਟਰ ਕੇਵਲ ਧਾਲੀਵਾਲ, ਪਦਮ ਸ੍ਰੀ ਪ੍ਰਾਣ ਸੱਭਰਵਾਲ ਸਮੇਤ ਮਹਿਮਾਨਾਂ ਦਾ ਸਨਮਾਨ ਵੀ ਕੀਤਾ ਗਿਆ।
ਮੰਚ-ਰੰਗਮੰਚ, ਅੰਮ੍ਰਿਤਸਰ ਦੀ ਟੀਮ ਵੱਲੋਂ ਪੇਸ਼ ਕੀਤੇ ਨਾਟਕ ‘1675’ ਨੇ ਇਤਿਹਾਸ ਤੋਂ ਭਵਿੱਖ ਤੱਕ ਦੇ ਸੰਵਾਦ ਨੂੰ ਬਾਖੂਬੀ ਪੇਸ਼ ਕਰਦੇ ਹੋਏ 1675 ਦੇ ਚਾਂਦਨੀ ਚੌਂਕ ਦੇ ਤਸੀਹਿਆਂ ਦੇ ਇਤਿਹਾਸ ਤੋਂ 2026 ਤੱਕ ਦੇ ਆਰਟੀਫਿਸ਼ੀਲ ਇੰਟੈਲੀਜੈਂਸ ਤੇ ਪ੍ਰਯੋਗਸ਼ਾਲਾ ਭਰੇ ਸੰਸਾਰ ਨੂੰ ਦਿਖਾਇਆ ਹੈ। ਇਸ ਨਾਟਕ ਦੇ ਸਫ਼ਲ ਮੰਚਨ ਨੇ ਦਰਸ਼ਕਾਂ ਨੂੰ ਭਾਵੁਕ ਕੀਤਾ।
ਇਸ ਨਾਟਕ ਵਿੱਚ ਰੋਸ਼ਨੀ ਦਾ ਪ੍ਰਭਾਵ ਹਰਮੀਤ ਸਿੰਘ ਭੁੱਲਰ ਨੇ ਦਿੱਤਾ ਹੈ, ਗਾਇਕ ਕੁਸ਼ਾਗਰ ਕਾਲੀਆ, ਮਿਉਜਿਕ ਹਰਿੰਦਰ ਸੋਹਲ, ਸਕਰੀਨ ਸ਼ਿਵਮ, ਫੋਟੋਗ੍ਰਾਫੀ ਸਵਰਨਜੀਤ ਸਵੀ ਤੇ ਪ੍ਰੋਡਕਸ਼ਨ ਇੰਚਾਰਜ ਇਮੈਨੁਅਲ ਸਿੰਘ ਹਨ। ਜਦਕਿ ਕਲਾਕਾਰਾਂ ਵਿਚ ਸਜਨ ਕੋਹਿਨੂਰ, ਵਿਸ਼ੂ ਸ਼ਰਮਾ, ਹਰਪ੍ਰੀਤ ਸਿੰਘ, ਹਰਸ਼ਿਤਾ, ਗੁਰਲੀਨ, ਡਾ. ਆਤਮਾ ਸਿੰਘ ਗਿੱਲ, ਯੁਵਨੀਸ਼ ਸ਼ਰਮਾ, ਰੋਬਨਜੀਤ ਸਿੰਘ, ਵਿਕਾਸ ਜੋਸ਼ੀ, ਆਕਾਸ਼ਦੀਪ ਸਿੰਘ, ਕਬੀਰ, ਇੰਦਰਜੀਤ, ਸੁਖਮਨ ਸਿੰਘ, ਨਿਤਿਨ ਕਪੂਰ, ਨਿਸ਼ਾਨ ਸਿੰਘ ਤੇ ਜਸਵੰਤ ਸਿੰਘ ਸ਼ਾਮਲ ਸਨ।
ਇਕ ਪਾਸੇ ਆਰਾ, ਕੜਾਹਾ, ਲੋਗੜ ਤੇ ਦੂਜੇ ਪਾਸੇ ਸਰਵਰ, ਕੋਡ, ਅਲਗੋਰਦਿਮ, ਦੋਵੇਂ ਵੱਖਰੇ ਦਿਸਦੇ ਹਨ ਪਰ ਦੋਵੇਂ ਹੀ ਇੱਕ ਸਵਾਲ ਪੁੱਛਦੇ ਹਨ ਕਿ ਕੀ ਮਨੁੱਖਤਾ ਡਰ ਦਾ ਰਾਹ ਚੁਣੇਗੀ ਜਾਂ ਪ੍ਰੇਮ ਦਾ? ਨਾਟਕ ਵਿਚ ਗੁਰੂ ਤੇਗ ਬਹਾਦਰ ਜੀ ਦੀ ਬਲਿਦਾਨੀ ਆਵਾਜ ਸੀਮਾ ਤੇ ਏਡਨ ਦੇ ਡਿਜ਼ੀਟਲ-ਜੀਵਨ ਵਿੱਚ ਗੂੰਜਦੀ ਹੈ। ਭਾਈ ਮਤੀਦਾਸ ਦੇ ਹੌਸਲੇ ਦੀ ਚਮਕ ਕੁਆਂਟਮ ਕੋਡਾਂ ਵਿੱਚ ਰੋਸ਼ਨੀ ਬਣਕੇ ਜਗਦੀ ਹੈ, ਇਸ ਤਰ੍ਹਾਂ 1675 ਇੱਕ ਨਾਟਕ ਨਹੀਂ ਬਲਕਿ ਇੱਕ ਬ੍ਰਹਿਮੰਡੀ ਦਰਪਣ ਜਾਪਦਾ ਹੈ ਅਤੇ ਗੁਰੂ ਸਾਹਿਬ ਵੱਲੋਂ ਦਰਸਾਏ ਪ੍ਰੇਮ ਦੇ ਰਾਹ ‘ਤੇ ਚੱਲਣ ਦਾ ਹੋਕਾ ਦੇਣ ਵਿੱਚ ਸਫਲ ਹੋਇਆ।
ਨੋਡਲ ਅਫ਼ਸਰ ਤੇ ਐਸ ਡੀ ਐਮ ਨਮਨ ਮਾਰਕੰਨ ਨੇ ਸਭਨਾ ਦਾ ਧੰਨਵਾਦ ਕੀਤਾ। ਦਰਸ਼ਕਾਂ ਨੇ ਇਸ ਨਾਟਕ ਦੀ ਭਰਵੀਂ ਪ੍ਰਸੰਸਾ ਕੀਤੀ ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਲੀਕੇ ਪ੍ਰੋਗਰਾਮਾਂ ਦੀ ਸ਼ਲਾਘਾ ਕੀਤੀ ਤੇ ਪਟਿਆਲਾ ਹੈਰੀਟੇਜ ਦੇ ਸਫ਼ਲ ਸਮਾਗਮਾਂ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ। ਇਸ ਮੌਕੇ ਐਸ ਡੀ ਐਮ ਸਮਾਣਾ ਰਿਚਾ ਗੋਇਲ, ਮੁੱਖ ਮੰਤਰੀ ਫੀਲਡ ਅਫ਼ਸਰ ਸਤੀਸ਼ ਚੰਦਰ, ਮਨਪਾਲ ਟਿਵਾਣਾ, ਸਮੇਤ ਵੱਡੀ ਗਿਣਤੀ ਦਰਸ਼ਕ ਮੌਜੂਦ ਸਨ।