47 views 1 sec 0 comments

ਪਰਉਪਕਾਰ ਦਾ ਫਲ

ਲੇਖ
September 15, 2025

ਇਸ ਸੰਸਾਰ ਪਰ ਜਿਤਨੇ ਪ੍ਰਾਣੀ ਆਏ ਅਤੇ ਆਉਨਗੇ ਸੋ ਸਾਰੇ ਇਕ ਨਦੀ ਦੇ ਤਰੰਗਾਂ ਸਮਾਨ ਖਿਨ ਭੰਗਰ ਸਮਝੇ ਜਾਂਦੇ ਹਨ। ਕਾਲ ਦਾ ਦੰਡ ਊਚ-ਨੀਚ, ਰਾਜਾ ਰੰਕ, ਮੂਰਖ ਅਤੇ ਪੰਡਿਤ ਤਕ ਸਮਾਨ ਭੋਗਨਾ ਪੈਂਦਾ ਹੈ ਜਿਸ ਤੇ ਨਾ ਕੋਈ ਬਚਿਆ ਅਤੇ ਨਾ ਅੱਗੇ ਨੂੰ ਬਚੇਗਾ। ਇਸੀ ਕਾਲ ਦੇ ਭੈਅ ਦੇ ਡਰਾਏ ਹੋਏ ਸਾਧਨਾ ਵਿਚ ਲੱਗ ਕੇ ਕਈ ਮਹਾਤਮਾਂ ਸਿੱਧ ਕਹਾਏ ਅਰ ਉਨ੍ਹਾਂ ਨੇ ਅਪਨੇ ਪ੍ਰਾਨ ਦਸਵੇਂ ਦੁਆਰ ਪਰ ਚੜਾ ਕੇ ਇਸ ਕਾਲ ਤੇ ਬਚਾਉਨੇ ਚਾਹੇ, ਪਰ ਉਹ ਜੋਗੀ ਜਨ ਭੀ ਅੰਤ ਨੂੰ ਇਸੀ ਕਾਲ ਦੇ ਮੁਖ ਵਿਚ ਆਏ। ਇਸ ਕਾਲ ਦੇ ਦੁੱਖ ਤੇ ਹੀ ਡਰ ਕੇ ਪੁਰਖ ਮੁਕਤੀ ਦੇ ਸਾਧਨਾਂ ਵਿਚ ਲੱਗੇ ਅਰ ਅਹੰ-ਬ੍ਰਹਮ ਅਸਮੀ ਦਾ ਦਮ ਭਰਦੇ ਰਹੇ, ਪਰ ਅੰਤ ਨੂੰ ਉਹ ਭੀ ਇਸੇ ਕਾਲ ਦਾ ਗ੍ਰਾਸ ਹੋਏ ਅਰ ਇਸੀ ਦੇ ਹੱਥੋਂ ਮੋਏ।

ਹੁਨ ਜਦ ਅਸੀਂ ਇਸ ਬਾਤ ਨੂੰ ਅੱਛੀ ਤਰ੍ਹਾਂ ਜਾਨਦੇ ਹਾਂ ਕਿ ਅਸੀਂ ਇਕ ਦਿਨ ਏਥੋਂ ਕੂਚ ਕਰ ਕੇ ਉਸ ਕਾਲ ਦੇ ਜਾਲ ਵਿਚ ਫਸਨਾ ਹੈ, ਤਦ ਸਾਨੂੰ ਇਸ ਭੈਅ ਤੇ ਨਿਰਭੈ ਹੋਨ ਦੇ ਲਈ ਕਿਆ ਕੁਝ ਕਰਨਾ ਜੋਗ ਹੈ ?

ਇਸ ਗਹਿਰੇ ਵਿਚਾਰ ਤੇ ਸਾਡਾ ਚਿੱਤ ਜਦ ਪਰਉਪਕਾਰ ਵੱਲ ਝੁਕਦਾ ਹੈ ਤਦ ਸ਼ਾਂਤਿ ਨੂੰ ਪ੍ਰਾਪਤ ਹੁੰਦਾ ਹੈ ਅਤੇ ਇਹ ਜਾਨ ਲੈਂਦਾ ਹੈ ਕਿ ਇਸ ਅਨਿੱਤ ਸਰੀਰ ਤੇ ਜੇ ਕੋਈ ਅਜੇਹਾ ਕੰਮ ਕੀਤਾ ਜਾਏ ਜਿਸ ਤੇ ਹੋਰਨਾਂ ਨੂੰ ਲਾਭ ਪਹੁੰਚੇ ਤਦ ਇਹ ਸਰੀਰ ਮੁਬਾਰਕ ਸਮਝਨਾ ਚਾਹੀਦਾ ਹੈ, ਜਿਸ ਪਰ ਸਾਨੂੰ ਕਈ ਜੜ੍ਹ ਪਦਾਰਥਾਂ ਦੇ ਦ੍ਰਿਸ਼ਟਾਂਤ ਭੀ ਏਹੋ ਉਪਦੇਸ਼ ਕਰਦੇ ਹਨ।

ਜਦ ਅਸੀਂ ਫੁੱਲਾਂ ਦੀ ਵੱਲ ਧ੍ਯਾਨ ਕਰਦੇ ਹਾਂ ਤਦ ਕਿਆ ਦੇਖਦੇ ਹਾਂ ਕਿ ਉਨ੍ਹਾਂ ਫੁੱਲਾਂ ਨਾਲੋਂ, ਜੋ ਜੰਗਲ ਵਿਚ ਖਿਲ ਕੇ ਐਵੇਂ ਸੁੱਕੇ ਜਾਂਦੇ ਹਨ, ਉਹ ਫੁੱਲ ਮੁਬਾਰਕ ਹਨ ਜੋ ਅਪਨੇ ਆਪ ਨੂੰ ਪਰਉਪਕਾਰ ਪਿੱਛੇ ਜਲਾ ਕੇ ਇਤ੍ਰ ਪੈਦਾ ਕਰ ਜਾਂਦੇ ਹਨ ਜਿਸ ਦੀ ਖੁਸ਼ਬੂ ਤੇ ਲੋਗਾਂ ਦੇ ਦਮਾਗ ਅਤੇ ਦਿਲ ਆਨੰਦ ਨੂੰ ਪ੍ਰਾਪਤ ਹੁੰਦੇ ਹਨ। ਇਸੀ ਤਰ੍ਹਾਂ ਉਨ੍ਹਾਂ ਬੂਟੀਆਂ ਨਾਲ ਜੋ ਜੰਗਲ ਵਿਚ ਜੰਮ ਕੇ ਕੁਛ ਦਿਨ ਹਰੀਆਂ ਭਰੀਆਂ ਰਹਿ ਕੇ ਆਪੇ ਹੀ ਸੁੱਕ ਜਾਂਦੀਆਂ ਹਨ ਉਹ ਮੁਬਾਰਕ ਹਨ ਜੋ ਅਪਨੇ ਆਪ ਨੂੰ ਨਾਸ ਕਰਕੇ ਪਰਾਏ ਰੋਗਾਂ ਦਾ ਨਾਸ ਕਰਦੀਆਂ ਹਨ ਅਰ ਪੰਸਾਰੀ ਦੀ ਦੁਕਾਨ ਪਰ ਮਹਿੰਗੀਆਂ ਵਿਕ ਕੇ ਕਦਰ ਪਾਉਂਦੀਆਂ ਹਨ। ਇਸ ਤੇ ਬਿਨਾਂ ਜੋ ਪੁਰਖ ਪਰਉਪਕਾਰ ਕਰਦਾ ਹੈ ਸੋਈ ਇਸ ਸੰਸਾਰ ਪਰ ਸਭ ਤੇ ਉੱਚਾ ਹੋ ਕੇ ਗਰਜਦਾ ਹੈ ਅਤੇ ਸਾਰੇ ਜੀਵਾਂ ਦਾ ਉਹ ਜੀਵਨ ਅਖਾਉਂਦਾ ਹੈ।

ਜੈਸਾ ਕਿ ਜਦ ਅਸੀਂ ਬੱਦਲ ਵੱਲ ਦੇਖਦੇ ਹਾਂ ਤਦ ਜਾਨ ਲੈਂਦੇ ਹਾਂ ਕਿ ਇਹ ਜੋ ਸਭਦੇ ਸਿਰ ਪਰ ਉੱਚਾ ਹੋ ਕੇ ਗਰਜਦਾ ਹੈ ਅਰ ਲੋਕ ਇਸ ਨੂੰ ਈਦ ਦੇ ਚੰਦ ਵਾਂਗ ਦੇਖਦੇ ਹਨ ਅਰ ਅਪਨਾ ਜੀਵਨ ਸਮਝਦੇ ਹਨ ਤਦ ਏਹੋ ਗ੍ਯਾਨ ਹੁੰਦਾ ਹੈ ਕਿ ਇਸ ਵਿਚ ਪਰਉਪਕਾਰਤਾ ਦਾ ਸੁਭਾਵ ਹੈ ਜੋ ਲੱਖਾਂ ਮਣਾਂ ਜਲ ਖੇਤੀਆਂ ਨੂੰ ਬਿਨਾ ਕਿਸੇ ਲਾਲਚ ਦੇ, ਦੇ ਰਿਹਾ ਹੈ ਇਸੇ ਵਾਸਤੇ ਇਹ ਪਵਿੱਤ੍ਰ ਅਤੇ ਉੱਤਮ ਸਮਝਿਆ ਜਾਂਦਾ ਹੈ।

ਇਨ੍ਹਾਂ ਦ੍ਰਿਸ਼ਟਾਂਤਾਂ ਤੇ ਸਾਫ ਸਿੱਧ ਹੁੰਦਾ ਹੈ ਕਿ ਇਸੀ ਤਰ੍ਹਾਂ ਉਨ੍ਹਾਂ ਆਦਮੀਆਂ ਦੇ ਜੀਵਨ ਨਾਲੋਂ ਜੋ ਸਵੇਰੇ ਉੱਠ ਕੇ ਸੰਝ ਤੱਕ ਦਗੇ ਫਰੇਬ ਅਤੇ ਕਪਟ ਕਰਕੇ ਅਪਨਾ ਜੀਵਨ ਕਰਦੇ ਹਨ ਅਰ ਅੰਤ ਨੂੰ ਕਾਲ ਦਾ ਸ਼ਕਾਰ ਹੋ ਜਾਂਦੇ ਹਨ ਉਹ ਮਹਾਤਮਾ ਮੁਬਾਰਕ ਸਮਝੇ ਗਏ ਹਨ ਜਿਨ੍ਹਾਂ ਨੇ ਅਪਨੇ ਜੀਵਨ ਨੂੰ ਪਰਉਪਕਾਰ ਪਰ ਕੁਰਬਾਨ ਕੀਤਾ ਹੈ ਅਰ ਕਰੋੜਾਂ ਜੀਵਾਂ ਦਾ ਜੀਵਨ ਬਨ ਗਏ ਹਨ।

ਪਿਆਰੇ ਪਾਠਕੋ ਆਪ ਭੀ ਕਾਲ ਬ੍ਯਾਲ ਦੇ ਮੁਖ ਵਿਚ ਪਏ ਹੋਏ ਹੋ, ਕਿਆ ਆਪ ਪਰਉਪਕਾਰ ਨੂੰ ਅੱਛਾ ਜਾਨ ਕੇ ਉਸ ਵੱਲ ਧ੍ਯਾਨ ਨਹੀਂ ਦੇਵੋਗੇ ?

(ਖ਼ਾਲਸਾ ਅਖ਼ਬਾਰ ਲਾਹੌਰ, ੨ ਅਕਤੂਬਰ ੧੮੯੬, ਪੰਨਾ ੩)

ਗਿਆਨੀ ਦਿੱਤ ਸਿੰਘ