ਅੱਜ ਮਨੁੱਖਤਾ ਕਿਸੇ ਵੀ ਵਿਕਾਸ ਦੀ ਹੱਦ ‘ਤੇ ਪਹੁੰਚ ਕੇ ਸੰਤ-ਰਿਪਤ ਦਿਖਾਈ ਦੇ ਰਹੀ ਹੈ ਅਤੇ ਜਿਸ ਬਾਰੇ ਕਦੇ ਸੁਪਨਾ ਵੀ ਨਹੀਂ ਸੀ ਆਇਆ, ਉਹ ਅੱਜ ਸਾਕਾਰਾਤਮਕ ਰੂਪ ਵਿਚ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਚੁੱਕੇ ਹਨ ਪ੍ਰੰਤੂ ਅਤੀਤ ਵੱਲ ਜੇ ਝਾਤ ਮਾਰਦੇ ਹੋਏ ਮਨੁੱਖੀ ਵਿਕਾਸ ਦੀਆਂ ਪਰਤਾਂ ਫਰੋਲੀਏ ਤਾਂ ਇਹ ਇਕ ਪ੍ਰਤੱਖ ਸੱਚਾਈ ਸਾਹਮਣੇ ਆਉਂਦੀ ਹੈ ਕਿ ਮਨੁੱਖ ਦੇ ਹੁਣ ਤਕ ਦੇ ਜ਼ਿੰਦਗੀ ਦੇ ਰੋਹੀਆਂ, ਬੀੜਾਂ, ਜੰਗਲਾਂ, ਸਾਂ-ਸਾਂ ਕਰਦੇ ਮੈਦਾਨਾਂ ਵਿਚ ਨੰਗੇ ਘੁਮੱਕੜ ਮਨੁੱਖ ਨੂੰ ਸਭ ਤੋਂ ਪਹਿਲਾਂ ਬਿਰਖ ਨੇ ਹੀ ਆਪਣੀ ਛਾਤੀ ਨਾਲ ਲਗਾਇਆ, ਉਸ ਦੇ ਨੰਗੇਜ਼ ਨੂੰ ਕੱਜਿਆ ।
ਬਿਰਖ ਨੇ ਮਨੁੱਖ ਦੇ ਵਾਤਾਵਰਣ ਨੂੰ ਸੱਚਾ-ਸੁੱਚਾ ਰੱਖਣ ਵਿਚ ਸਿਰ-ਤੋੜ ਮਿਹਨਤ ਕੀਤੀ। ਮਨੁੱਖ ਆਪਣੇ ਆਲੇ-ਦੁਆਲੇ ਅਤੇ ਵਾਤਾਵਰਣ ਪ੍ਰਤੀ ਬੇਰੁਖ਼ ਹੋਏ ਤਜਾਰਤ, ਚਮਕ-ਦਮਕ ਵਿਚ ਗਲਤਾਨ ਹੋਇਆ ਇਹ ਜੀਵ ਆਪਣੇ ਸ਼ੁੱਧ, ਸਾਫ਼ ਨਿਰਮਲ ਅਤੇ ਸਵੱਛ ਵਿਰਸੇ ਤੋਂ ਟੁੱਟਦਾ ਜਾ ਰਿਹਾ ਹੈ । ਉਸ ਦੀ ਆਪਣੀ ਵਾਤਾਵਰਣ ਦੀ ਵਿਰਾਸਤ ਤੋਂ ਬੇਰੁਖ਼ੀ ਦਾ ਇਕ ਸਬੂਤ ਇਹ ਵੀ ਹੈ ਕਿ ਉਹ ਪ੍ਰਦੂਸ਼ਣ ਤੋਂ ਬਚਦਾ, ਬੇਵੱਸ ਹੋਇਆ ਆਪਣੇ ਮੂੰਹ ‘ਤੇ ਪੱਟੀ ਬੰਨ੍ਹ ਤੁਰ ਰਿਹਾ ਹੈ-ਜਾਂ ਤਾਂ ਉਹ ਆਪਣੇ ਹੱਥੀਂ ਵਾਤਾਵਰਣ ਨੂੰ ਪ੍ਰਦੂਸ਼ਣ ਕਰਨ ਦੇ ਕਲੰਕ ਤੋਂ ਲੁਕੋ ਰਿਹਾ ਹੈ ਜਾਂ ਫਿਰ ਉਸ ਨੂੰ ਸਾਹ ਲੈਣ ਵਿਚ ਕੋਈ ਤਕਲੀਫ਼ ਹੈ ।
ਅੱਜ ਸੱਚਮੁੱਚ ਅਜਿਹੀ ਹੀ ਸਥਿਤੀ ਦਾ ਸ਼ਿਕਾਰ ਇਕੱਲਾ ਮਨੁੱਖ ਹੀ ਨਹੀਂ ਬਲਕਿ ਸਮੂਹ ਜੈਵਿਕ ਸਮੱਗਰੀ ਅਤੇ ਵਿਰਾਸਤ ਹੈ ਜਿਸ ਦਾ ਅਲੋਪ ਹੋ ਜਾਣਾ ਇਕ ਤਲਵਾਰ ਵਾਂਗ ਸਾਡੇ ਸਿਰ ‘ਤੇ ਲਟਕ ਰਿਹਾ ਹੈ ।
ਪ੍ਰੰਤੂ ਇਸ ਸਭ ਤੋਂ ਅਚੇਤ ਅਤੇ ਪੈਸੇ ਦੀ ਦੌੜ ਵਿਚ ਲਗਾਤਾਰ
ਅੱਗੇ ਵਧ ਰਿਹਾ ਸਭ ਤੋਂ ਵਿਕਸਿਤ ਇਹ ਕੁਦਰਤੀ ਜੀਵ ਇਨਸਾਨ ਤੋਂ ਹੈਵਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਜੰਗਲਾਂ ਦੀ ਅੰਨ੍ਹੇਵਾਹ ਕਟਾਈ ਕਾਰਨ ਅੱਜ ਧਰਤੀ ‘ਤੇ ਬਿਰਖਾਂ ਦੀਆਂ ਵੱਡਮੁੱਲੀਆਂ ਕਿਸਮਾਂ ਅਲੋਪ ਹੋ ਚੁੱਕੀਆਂ ਹਨ ਜਾਂ ਅਲੋਪ ਹੋਣ ਕਿਨਾਰੇ ਹਨ। (ਮਨੁੱਖਤਾ ਦੇ ਸਹੀ ਵਿਕਾਸ ਅਤੇ ਨਰੋਏ ਵਾਤਾਵਰਣ ਲਈ ਧਰਤੀ ਦਾ 58 ਫ਼ੀਸਦੀ ਹਿੱਸਾ ਜੰਗਲਾਂ ਨਾਲ ਕੱਜਿਆ ਹੋਣਾ ਲਾਜ਼ਮੀ ਹੈ ਜਦ ਕਿ ਅੱਜ ਵਿਸ਼ਵ ਵਿਚ ਤਕਰੀਬਨ 12 ਫ਼ੀਸਦੀ ਜੰਗਲ ਰਹਿ ਗਏ ਹਨ ਅਤੇ ਜੇ ਇਹੋ ਰੁਝਾਨ ਰਿਹਾ ਤਾਂ ਇਹ ਇਸ ਤੋਂ ਵੀ ਘੱਟ ਰਹਿ ਜਾਣਗੇ ਜਿਸ ਦੇ ਸਿੱਟੇ ਸ੍ਰਿਸ਼ਟੀ ਲਈ ਹੀ ਘਾਤਕ ਰਹਿਣਗੇ ।
ਇਨ੍ਹਾਂ ਬਿਰਖਾਂ ਦੀ ਹੀ ਅਣਹੋਂਦ ਕਾਰਨ ਅੱਜ ਹਵਾ ਵਿਚ ਕਾਰਬਨ ਡਾਇਆਕਸਾਈਡ ਦੀ ਮਾਤਰਾ ਤੀਬਰਤਾ ਨਾਲ ਵਧ ਰਹੀ ਹੈ ਕਿਉਂਕਿ ਪ੍ਰਕਾਸ਼ ਸੰਸ਼ਲੇਸ਼ਣ ਰਾਹੀਂ ਇਸ ਨੂੰ ਆਕਸੀਜਨ ਵਿਚ ਤਬਦੀਲ ਕਰਨ ਦੀ ਯੋਗਤਾ ਰੁੱਖਾਂ ਦੀ ਅਣਹੋਂਦ ਕਾਰਨ ਖ਼ਤਮ ਹੋ ਰਹੀ ਹੈ। ਸੰਨ 1980 ਵਿਚ ਵਾਯੂਮੰਡਲ ਦੇ ਦਸ ਲੱਖ ਹਿੱਸੇ ਵਿਚ 388 ਹਿੱਸੇ ਕਾਰਬਨ ਡਾਇਆਕਸਾਈਡ ਸੀ ਅਤੇ ਜੇ ਜਲਣ ਕ੍ਰਿਆ ਦੀ ਰਫ਼ਤਾਰ ਇਹੋ ਰਹੀ ਤਾਂ ਭਵਿੱਖ ਵਿੱਚ ਇਹ ਹੋਰ ਵੱਧ ਜਾਵੇਗੀ ਜਿਸ ਦਾ ਵੱਡਾ ਕਾਰਨ 50 ਹੈਕਟੇਅਰ ਪ੍ਰਤੀ ਮਿੰਟ ਦੇ ਹਿਸਾਬ ਨਾਲ ਅਲੋਪ ਹੋ ਰਹੇ ਊਸ਼ਣ ਖੰਡੀ ਜੰਗਲ ਹਨ ਜਿਹੜੇ ਗਰੀਨ ਹਾਊਸ ਅਸਰ ਲਈ ਜ਼ਿੰਮੇਵਾਰ ਹਨ ।
ਅੱਜ ਅਸੀਂ ਤਕਰੀਬਨ ਛੇ ਸੌ ਕਰੋੜ ਟਨ ਕਾਰਬਨਿਕ ਬਾਲਣ ਜਲਾ ਰਹੇ ਹਾਂ ਜਿਸ ਨਾਲ ਤਾਪਮਾਨ ਦਾ ਵਾਧਾ ਸੁਭਾਵਿਕ ਹੈ।
ਅਸੀਂ ਹਰ ਸਾਲ 21 ਕਰੋੜ ਟਨ ਕਾਰਬਨ ਮੋਨੋਆਕਸਾਈਡ, 14.5 ਕਰੋੜ ਟਨ ਸਲਫਰ ਡਾਇਆਕਸਾਈਡ ਅਤੇ 5.5 ਕਰੋੜ ਟਨ ਨਾਈਟਰਸ ਆਕਸਾਈਡ ਅਚੇਤ ਤੌਰ ‘ਤੇ ਵਾਯੂ-ਮੰਡਲ ਵਿਚ ਗ਼ੈਰ-ਕੁਦਰਤੀ ਵਰਤਾਰੇ ਅਧੀਨ ਧੱਕ ਰਹੇ ਹਾਂ ਅਤੇ ਵਾਯੂ-ਮੰਡਲ ਦਾ ਤਾਪ-ਮਾਨ ਵਧਣ ਨਾਲ ਉੱਤਰੀ ਅਤੇ ਦੱਖਣੀ ਧਰੁਵ ‘ਤੇ ਜੰਮੀ ਬਰਫ਼ ਦਾ
ਪਿਘਲਣਾ ਅਤੇ ਉਥੋਂ ਦੀਆਂ ਪ੍ਰਸਥਿਤੀਆਂ ਨਾਲ ਹੋ ਰਹੇ ਖਿਲਵਾੜ ਦਾ ਸਿੱਟਾ ਇਹ ਹੈ ਕਿ ਸਮੁੰਦਰ ਦਾ ਤਲ 20 ਸੈਂਟੀਮੀਟਰ ਤਕ ਉੱਚਾ ਹੋ ਗਿਆ ਅਤੇ ਇਹ ਵਰਤਾਰਾ ਜੇ ਇਸੇ ਤਰ੍ਹਾਂ ਜਾਰੀ ਰਿਹਾ ਤਾਂ ਸਮੁੰਦਰੀ ਟਾਪੂ ਅਤੇ ਤਟੀ ਇਲਾਕੇ ਅਲੋਪ ਹੋ ਜਾਣ ਦਾ ਖ਼ਤਰਾ ਮੰਡਰਾ ਰਿਹਾ ਹੈ । ਇਸੇ ਤਰ੍ਹਾਂ ਇਸ ਦਾ ਸਿੱਟਾ ਓਜ਼ੋਨ ਪਰਤ ਦੇ ਛਿਦਣ ਕਾਰਨ ਧਰਤੀ ‘ਤੇ ਆ ਰਹੀਆਂ ਖ਼ਤਰਨਾਕ ਸੂਰਜੀ ਕਿਰਨਾਂ ਹਨ ਜਿਹੜੀਆਂ ਚਮੜੀ ‘ਤੇ ਮਾਰੂ ਅਸਰ ਕਰਨ ਤੋਂ ਇਲਾਵਾ ਕੋਸ਼ਿਕਾਵਾਂ ਵਿਚ ਮੌਜੂਦ ਗੁਣ ਸੂਤਰਾਂ ਨਾਲ ਛੇੜ-ਛਾੜ ਕਰ ਕੇ ਉਨ੍ਹਾਂ ਨੂੰ ਪ੍ਰਭਾਵਿਤ ਕਰਨ ਲਈ ਵੀ ਜ਼ਿੰਮੇਵਾਰ ਸਿੱਧ ਹੋਈਆਂ ਹਨ।
ਇਹੋ ਸਥਿਤੀ ਅੱਜ ਜ਼ਮੀਨ ਹੇਠਲੇ ਪਾਣੀ ਦੀ ਹੈ। ਲਗਾਤਾਰ ਅਤੇ ਅਣ-ਤਰਤੀਬੇ ਸ਼ਹਿਰੀਕਰਨ ਨੇ ਇਸ ਨਾਲ ਖਿਲਵਾੜ ਕਰਨਾ ਸ਼ੁਰੂ ਕੀਤਾ। ਘਰਾਂ ਵਿਚ ਸੈਪਟਿਕ ਟੈਂਕਾਂ ਦੀ ਜਗ੍ਹਾ ਬਣ ਰਹੀਆਂ ਗਰਕੀਆਂ ਨੇ ਸਾਡੇ ਜ਼ਮੀਨੀ ਪਾਣੀ ਨੂੰ ਬੈਕਟੀਰੀਆ ਅਤੇ ਹੋਰ ਮੈਲੇ ਤੱਤਾਂ ਨਾਲ ਭਰਪੂਰ ਕੀਤਾ ਜਿਸ ਕਾਰਨ ਪੀਲੀਆ ਅਤੇ ਪੇਟ ਦੀਆਂ ਬੀਮਾਰੀਆਂ ਦੇ ਰੋਗੀ ਹਸਪਤਾਲ ਵਿਚ ਆਮ ਦੇਖਣ ਨੂੰ ਮਿਲਦੇ ਹਨ।
ਜਮੀਨੀ ਪਾਣੀ ਦੀਆਂ ਪਹਿਲੀਆਂ ਦੋ ਪਰਤਾਂ ਉਦਯੋਗੀਕਰਨ ਅਤੇ ਸ਼ਹਿਰੀਕਰਨ ਕਾਰਨ ਪੂਰੀ ਤਰ੍ਹਾਂ ਦੂਸ਼ਿਤ ਹੋ ਚੁੱਕੀਆਂ ਹਨ।
ਇਸ ਤੋਂ ਇਲਾਵਾ ਉਦਯੋਗਿਕ ਇਕਾਈਆਂ ਦੁਆਰਾ ਕੱਢਿਆ ਜਾ ਰਿਹਾ ਦੂਸ਼ਿਤ ਪਾਣੀ ਵੀ ਬਰਸਾਤੀ ਨਾਲਿਆਂ ਆਦਿ ਵਿਚ ਸੁੱਟਿਆ ਜਾਂਦਾ ਹੈ ਜਿਸ ਨੂੰ ਭੋਲੇ-ਅਨਪੜ੍ਹ ਕਿਸਾਨ ਪਾਣੀ ਦੀ ਥੋੜ੍ਹ ਕਾਰਨ ਸਿੰਚਾਈ ਲਈ ਵਰਤਦੇ ਹਨ ਪ੍ਰੰਤੂ ਇਸ ਦਾ ਸਿੱਟਾ ਜਮੀਨ ਦੇ ਉਪਜਾਊਪੁਣੇ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ ਫ਼ਸਲ ਨੂੰ ਉਨ੍ਹਾਂ ਜ਼ਹਿਰੀਲੇ ਤੱਤਾਂ ਅਤੇ ਧਾਤਾਂ ਨਾਲ ਭਰਪੂਰ ਕਰ ਦਿੰਦਾ ਹੈ। ਜੋ ਸਮਾਂ ਪਾ ਕੇ ਸਿੱਧੇ ਤੌਰ ‘ਤੇ ਜੀਵਾਂ ਲਈ ਮਾਰੂ ਸਿੱਧ ਹੁੰਦੀਆਂ ਹਨ। ਇਸੇ ਅਨਪੜ੍ਹਤਾ ਦਾ ਸਿੱਟਾ ਹੈ ਕਿ ਕਣਕ ਅਤੇ ਜੀਰੀ ਦੀ
ਵਾਢੀ ਤੋਂ ਬਚੀ ਪਰਾਲੀ ਨੂੰ ਕਿਸਾਨ ਖੜ੍ਹੇ ਖੇਤ ਵਿਚ ਹੀ ਅੱਗ ਲਗਾ ਕੇ ਸਾਰੇ ਪੰਜਾਬ ਨੂੰ ਭਾਂਬੜਾਂ ਅਤੇ ਧੂੰਏਂ ਦੀ ਲਪੇਟ ਵਿਚ ਲਿਆ ਕੇ ਖ਼ਤਰਨਾਕ ਬੀਮਾਰੀਆਂ ਦੀ ਪਰਵਰਿਸ਼ ਕਰ ਰਹੇ ਹੁੰਦੇ ਹਨ। ਖੇਤੀ ਮਾਹਿਰਾਂ ਦੀਆਂ ਰਿਪੋਰਟਾਂ ਨੂੰ ਲਾਂਭੇ ਰੱਖ ਲਗਾਤਾਰ ਜ਼ਮੀਨੀ ਪਾਣੀ ਨਾਲ ਖਿਲਵਾੜ ਪੰਜਾਬ ਨੂੰ ਮਾਰੂਥਲ ਬਣਨ ਵੱਲ ਧੱਕ ਰਿਹਾ ਹੈ ।
ਵਾਤਾਵਰਣ ਦੇ ਇਸ ਚੌਪਾਸੀ ਅਤੇ ਚਹੁੰ-ਪੱਖੀ ਗਿਰਾਵਟ ਦਾ ਸੰਦਰਭ ਬੜਾ ਡੂੰਘਾ ਅਤੇ ਬਹੁ-ਪੱਖੀ ਹੈ। ਮਨੁੱਖ ਅਤੇ ਜੀਵ ਜੰਤੂਆਂ ਦਾ ਪ੍ਰਦੂਸ਼ਣ ਅਤੇ ਸਾਮਰਾਜੀ ਪ੍ਰਦੂਸ਼ਣ ਦਾ ਬੜਾ ਗਹਿਰਾ ਸਬੰਧ ਹੈ।
ਅਜੋਕੇ ਆਧੁਨਿਕ ਵਿਕਾਸ; ਜੋ ਸਾਮਰਾਜ ਦੇ ਇਕ ਪੱਖੀ ਵਿਗਿਆਨਕ ਅਤੇ ਤਕਨਾਲੋਜੀ ਦੇ ਸੰਵਾਦ ‘ਤੇ ਆਧਾਰਤ ਹੈ, ਨੇ ਵੰਨ-ਸੁਵੰਨੇ ਸਥਾਨਕ ਪਾਣੀ ਦੇ ਜ਼ਖੀਰਿਆਂ ਨੂੰ ਪ੍ਰਦੂਸ਼ਤ ਕਰਕੇ ਨਾ ਕੇਵਲ ਕੁਦਰਤ ਨੂੰ ਵੀ ਨਿਰਾਦਰਿਆ ਹੈ ਸਗੋਂ ਇਨ੍ਹਾਂ ਜ਼ਖ਼ੀਰਿਆਂ ਦੇ ਕਿਨਾਰਿਆਂ ‘ਤੇ ਪੈਦਾ ਹੋਏ ਅਤੇ ਵਿਚਰਦੇ ਸਭਿਆਚਾਰ ਨੂੰ ਵੀ ਸੱਟ ਮਾਰੀ ਹੈ। ਗੰਗਾ ਨਦੀ, ਜੋ ਨਿਰੋਲ ਧਾਰਮਿਕ ਪ੍ਰਤੀਕ ਹੀ ਨਹੀਂ, ਸਗੋਂ ਸਾਫ਼ ਅਤੇ ਸਵੱਛ ਜ਼ਿੰਦਗੀ ਦਾ ਇਕ ਬਿੰਬ ਹੈ, ਦੀ ਸਵੱਛਤਾ ਮਲੀਨ ਹੋਣ ਨਾਲ ਜਿਥੇ ਗੰਗਾ ਦਾ ਇਹ ਬਿੰਬ ਸਮਾਜਿਕ ਤੌਰ ‘ਤੇ ਟੁੱਟਿਆ ਹੈ, ਉਥੇ ਸਰਕਾਰ ਨੂੰ ਕਰੋੜਾਂ ਰੁਪਏ ਖ਼ਰਚ ਕੇ ਇਸ ਦੀ ਸ਼ੁੱਧਤਾ ਨੂੰ ਮੁੜ ਸੁਰਜੀਤ ਕਰਨ ਲਈ ਯਤਨ ਕਰਨੇ ਪੈ ਰਹੇ ਹਨ।
ਡਾ: ਚਰਨਜੀਤ ਸਿੰਘ
