5 views 20 secs 0 comments

ਪਵਣੁ ਗੁਰੂ ਪਾਣੀ ਪਿਤਾ-2 : ਮਨੁੱਖ ਤੇ ਵਾਤਾਵਰਣ

ਲੇਖ
December 10, 2025

ਵਾਤਾਵਰਣ ਅਤੇ ਸ਼ਖ਼ਸੀਅਤ ਦਾ ਬਹੁਤ ਡੂੰਘਾ ਸੰਬੰਧ ਹੈ। ਚੰਗੇ ਵਾਤਾਵਰਣ ਵਿਚ ਹੀ ਚੰਗੀ ਸ਼ਖ਼ਸੀਅਤ ਦਾ ਵਿਕਾਸ ਹੁੰਦਾ ਹੈ ਤੇ ਗੰਧਲੇ ਵਾਤਾਵਰਣ ਵਿਚ ਅਪੰਗ ਸ਼ਖ਼ਸੀਅਤ ਵਿਕਸਤ ਹੁੰਦੀ ਹੈ। ਇਸ ਲਈ ਮਨੁੱਖ ਨੂੰ ਵਾਤਾਵਰਣ ਤੋਂ ਵੱਖਰਾ ਕਰਕੇ ਨਹੀਂ ਵੇਖਿਆ ਜਾ ਸਕਦਾ। ਸਦੀਆਂ ਦੇ ਵਿਕਾਸ ਤੋਂ ਬਾਅਦ ਮਨੁੱਖ ਨੇ ਵਾਤਾਵਰਣ ਨੂੰ ਆਪਣੀਆਂ ਇੱਛਾਵਾਂ ਤੇ ਲੋੜਾਂ ਅਨੁਸਾਰ ਢਾਲ ਲਿਆ ਹੈ ਅਤੇ ਅਗਾਂਹ ਵਾਸਤੇ ਵੀ ਢਾਲਣ ਦੀ ਸਮਰੱਥਾ ਰੱਖਦਾ ਹੈ । ਮਨੁੱਖ ਵਾਤਾਵਰਣ ਵਿਚ ਤਬਦੀਲੀ ਲਿਆ ਕੇ ਇਸ ਨੂੰ ਅਜਿਹੇ ਮੁਕਾਮ ‘ਤੇ ਵੀ ਖੜ੍ਹਾ ਕਰ ਸਕਦਾ ਹੈ ਕਿ ਧਰਤੀ ਇਨਸਾਨਾਂ ਦੇ ਰਹਿਣ ਯੋਗ ਹੀ ਨਾ ਰਹੇ । ਮਨੁੱਖ ਨੇ ਧਰਤੀ, ਹਵਾ ਅਤੇ ਪਾਣੀ ਨੂੰ ਏਨਾ ਦੂਸ਼ਤ ਕਰ ਦਿੱਤਾ ਹੈ ਕਿ ਇਨ੍ਹਾਂ ਸਰੋਤਾਂ ਦੀ ਵਰਤੋਂ ਖੁਦ ਉਸ ਲਈ ਹੀ ਘਾਤਕ ਬਣਦੀ ਜਾ ਰਹੀ ਹੈ ।

ਵਾਤਾਵਰਣ ਤੋਂ ਭਾਵ ਹੈ ਸਾਡਾ ਆਲਾ-ਦੁਆਲਾ ਤੇ ਉਸ ਦੀਆਂ ਹਾਲਤਾਂ ਜਿਨ੍ਹਾਂ ਅਧੀਨ ਕੋਈ ਵਿਅਕਤੀ ਜਾਂ ਚੀਜ਼ ਵਿਕਾਸ ਕਰਦੀ ਹੈ।

ਵਾਤਾਵਰਣ ਦੋ ਪ੍ਰਕਾਰ ਦਾ ਹੁੰਦਾ-ਕੁਦਰਤੀ ਅਤੇ ਬਣਾਉਟੀ ।
ਕੁਦਰਤੀ ਵਾਤਾਵਰਣ ਵੀ ਅੱਗੇ ਦੋ ਪ੍ਰਕਾਰ ਦੇ ਤੱਤਾਂ ਨਾਲ ਬਣਦਾ ਹੈ-ਜੀਵਨ ਨਾਲ ਸੰਬੰਧ ਰੱਖਣ ਵਾਲਾ ਜੈਵਿਕ ਅਤੇ ਕੁਦਰਤੀ ਪੈਦਾ ਹੋਣ ਵਾਲਾ ਅਬਾਇਟਿਕ (ਅਜੈਵਿਕ) ।
ਉਹ ਘੇਰਾ ਜਿਸ ‘ਚ ਜਾਨਦਾਰ ਜਾਨਵਰ ਰਹਿੰਦੇ ਹਨ ਬਾਇਓਸਫੀਅਰ ਅਖਵਾਉਂਦਾ ਹੈ ਅਤੇ ਉਸ ਹੱਦ ਤਕ ਦੇ ਵਾਤਾਵਰਣ ਨੂੰ ਈਕੋ ਸਿਸਟਮ ਕਿਹਾ ਜਾਂਦਾ ਹੈ । ਈਕੋ ਸਿਸਟਮ ਵਿਚ ਸਾਰੇ ਜੀਵ ਅਤੇ ਪੌਦੇ ਇਕ ਦੂਜੇ ਉਤੇ ਨਿਰਭਰ ਕਰਦੇ ਹਨ । ਕਿਸੇ ਇਕ ਪ੍ਰਕਾਰ ਇਕ ਫ਼ਰਕ ਆਉਣ ਨਾਲ ਸਾਰਾ ਸੰਤੁਲਨ ਵਿਗੜ ਜਾਂਦਾ ਹੈ।
ਕੁਦਰਤ ਵਿਚ ਕਈ ਕਿਸਮ ਦੇ ਚੱਕਰ ਨਿਰੰਤਰ ਚੱਲਦੇ ਰਹਿੰਦੇ ਹਨ, ਜਿਵੇਂ ਸ਼ਾਕਾਹਾਰੀ ਜਾਨਵਰ ਘਾਹ-ਫੂਸ ਖਾਂਦੇ ਹਨ, ਮਾਸਾਹਾਰੀ ਸ਼ਾਕਾਹਾਰੀਆਂ ਨੂੰ ਖਾਂਦੇ ਹਨ, ਸ਼ਾਕਾਹਾਰੀਆਂ ਦੁਆਰਾ ਬਚੀ ਰਹਿੰਦ-ਖੂੰਹਦ ਨੂੰ ਇੱਲਾਂ, ਕੁੱਤੇ ਗਿਰਜਾਂ ਖਾ ਜਾਂਦੀਆਂ ਹਨ ਅਤੇ ਬਾਕੀ ਫੋਕਟ ਪਦਾਰਥਾਂ ਨੂੰ ਸੂਖਮ ਜੀਵ, ਜਿਨ੍ਹਾਂ ਨੂੰ ਨਿਖੇੜਕ ਕਿਹਾ ਜਾਂਦਾ ਹੈ, ਅਪਘਟਤ ਕਰ ਕੇ ਦੁਬਾਰਾ ਧਰਤੀ ਨੂੰ ਉਪਜਾਊ ਬਣਾ ਦਿੰਦੇ ਹਨ ਤੇ ਫਿਰ ਉਥੇ ਉਹੀ ਘਾਹ-ਫੂਸ ਪੈਦਾ ਹੋਣ ਦਾ ਚੱਕਰ ਚੱਲਦਾ ਰਹਿੰਦਾ ਹੈ । ਇਸ ਚੱਕਰ ਵਿਚ ਜਦੋਂ ਮਨੁੱਖ ਦਖ਼ਲ ਦੇ ਕੇ ਸੰਤੁਲਨ ਵਿਗਾੜ ਦਿੰਦਾ ਹੈ ਤਾਂ ਵਾਤਾਵਰਣ ਦੂਸ਼ਤ ਹੋ ਜਾਂਦਾ ਹੈ ਜਿਸ ਨਾਲ ਕਈ ਕਿਸਮ ਦੀਆਂ ਬੀਮਾਰੀਆਂ ਤੇ ਮਹਾਂਮਾਰੀਆਂ ਫੈਲ ਸਕਦੀਆਂ ਹਨ, ਜਿਵੇਂ ਝੋਨੇ ਦੀ ਫਸਲ ‘ਤੇ ਕੀੜੇ-ਮਾਰ ਦਵਾਈਆਂ ਦੇ ਛਿੜਕਾਅ ਨਾਲ ਡੱਡੂਆਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਤੇ ਇਸੇ ਕਰਕੇ ਖ਼ਾਸ ਕਿਸਮ ਦੇ ਮੱਛਰਾਂ ਨਾਲ ਪਿੰਡਾਂ ਵਿਚ ਬੀਮਾਰੀਆਂ ਫੈਲ ਰਹੀਆਂ ਹਨ। ਇਸ ਲਈ ਸਾਨੂੰ ਧਰਤੀ ਦੇ ਈਕੋ ਸਿਸਟਮ ਨੂੰ ਸਮਝਣ ਲਈ ਪਾਣੀ, ਹਵਾ ਅਤੇ ਖ਼ੁਰਾਕ ਦੀ ਮਹਾਨਤਾ ਨੂੰ ਧਿਆਨ-ਗੋਚਰੇ ਰੱਖਣਾ ਹੋਵੇਗਾ।

ਦੁਨੀਆਂ ਵਿਚ ਹਵਾ ਦੇ ਸੰਤੁਲਨ ਨੂੰ ਗੈਸਾਂ, ਪੈਟਰੋਲ, ਡੀਜ਼ਲ ਦਾ ਵੱਧ ਪ੍ਰਯੋਗ, ਧੂੰਆਂ, ਕਾਰਖ਼ਾਨਿਆਂ ਦੀ ਹਵਾੜ ਅਤੇ ਕੀੜੇਮਾਰ ਦਵਾਈਆਂ ਵਿਗਾੜ ਰਹੀਆਂ ਹਨ। ਹਵਾ ਵਿਚ ਕਾਰਬਨ-ਮੋਨੋਆਕਸਾਈਡ ਅਤੇ ਸਲਫਰ-ਡਾਇਆਕਸਾਈਡ ਵਰਗੀਆਂ ਜ਼ਹਿਰੀਲੀਆਂ ਗੈਸਾਂ ਸਮੁੱਚੇ ਜੀਵਨ ਉਤੇ ਮਾਰੂ-ਪ੍ਰਭਾਵ ਪਾ ਰਹੀਆਂ ਹਨ ਜਿਨ੍ਹਾਂ ਨਾਲ ਅੱਖਾਂ ਤੇ ਫ਼ੇਫ਼ੜਿਆਂ ਦੀਆਂ ਬੀਮਾਰੀਆਂ ਅਤੇ ਮਨੁੱਖੀ ਮੌਤਾਂ ‘ਤੇ ਕਿੰਤੂ ਨਹੀਂ ਕੀਤਾ ਜਾ ਸਕਦਾ । ਫਰਿੱਜ਼ਾਂ ਤੇ ਏਅਰ ਕੰਡੀਸ਼ਨਰਾਂ ਵਿਚ ਵਰਤੀ ਜਾਣ ਵਾਲੀ ਗੈਸ ਕਲੋਰੋ-ਫਲੋਰੋ ਕਾਰਬਨ ਦੇ ਰਿਸਾਓ ਕਾਰਨ ਓਜ਼ੋਨ ਪਰਤ ਵਿਚ ਸੁਰਾਖ਼ ਹੋਣੇ ਸ਼ੁਰੂ ਹੋ ਗਏ ਹਨ ਜਿਸ ਨਾਲ ਸੂਰਜ ਤੋਂ ਆ ਰਹੀਆਂ ਅਲਟਰਾ-ਵਾਇਲਟ ਅਤੇ ਇਨਫਰਾਰੈੱਡ ਰੇਅਜ਼ (ਵਿਕਿਰਨਾਂ) ਨਾਲ ਚਮੜੀ ਦੇ ਕੈਂਸਰ ਤੋਂ ਕਿਸੇ ਵੀ ਕੀਮਤ ‘ਤੇ ਬਚਿਆ ਨਹੀਂ ਜਾ ਸਕਦਾ । ਯੂਰਪ ਦੇ ਕਈ ਮੁਲਕਾਂ ਨੇ ਡੀ. ਡੀ. ਟੀ. ਅਤੇ ਕਲੋਰੋ-ਫ਼ਲੋਰੋ ਕਾਰਬਨਜ਼ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਹੈ । ਕਹਿੰਦੇ ਹਨ ਕਿ ਡੀ. ਡੀ. ਟੀ. ਦਾ ਕਈ ਦਹਾਕਿਆਂ ਤਕ ਪ੍ਰਭਾਵ ਰਹਿੰਦਾ ਹੈ । ਸਬਜ਼ੀਆਂ, ਫਲਾਂ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ‘ਤੇ ਕੀਤੇ ਛਿੜਕਾਅ ਮਨੁੱਖੀ ਸਰੀਰ ਅੰਦਰ ਪ੍ਰਵੇਸ਼ ਕਰ ਕੇ ਕਈ ਬੀਮਾਰੀਆਂ ਦਾ ਕਾਰਨ ਬਣਦੇ ਹਨ । ਇਸ ਕੜੀ ਵਿਚ ਭੂਪਾਲ ਵਿਚ ਹੋਏ ਗੈਸ ਕਾਂਡ ਨੂੰ ਵਾਤਾਵਰਣ ਦੇ ਇਤਿਹਾਸ ਵਿਚੋਂ ਮਨਫੀ ਨਹੀਂ ਕੀਤਾ ਜਾ ਸਕਦਾ।

ਸ਼ਹਿਰੀਕਰਣ ਦੇ ਰੁਝਾਨ ਅਤੇ ਉਦਯੋਗੀਕਰਣ ਨੇ ਪਾਣੀ ਦੇ ਦੂਸ਼ਤ ਹੋਣ ਦੀਆਂ ਸਮੱਸਿਆਵਾਂ ਨੂੰ ਪੇਚੀਦਾ ਬਣਾ ਦਿੱਤਾ ਹੈ। ਕੁਝ ਥਾਵਾਂ ਉੱਤੇ ਪਾਣੀ ਨੂੰ ਮਨੁੱਖ ਨੇ ਇੰਨਾ ਦੂਸ਼ਿਤ ਕਰ ਦਿੱਤਾ ਹੈ ਕਿ ਇਹ ਪੀਣ ਯੋਗ ਵੀ ਨਹੀਂ ਰਿਹਾ। ਵਧ ਰਹੀ ਆਬਾਦੀ ਨਾਲ ਵੀ ਵਾਤਾਵਰਣ ਦੂਸ਼ਿਤ ਹੋ ਰਿਹਾ ਹੈ, ਕਿਉਂਕਿ ਜਿੰਨੀ ਆਬਾਦੀ ਜ਼ਿਆਦਾ ਹੋਵੇਗੀ, ਕੁਦਰਤੀ ਵਸੀਲਿਆਂ ਦਾ ਉਪਯੋਗ ਵੀ ਓਨਾ ਹੀ ਵਧੇਗਾ। ਇਸ ਤਰ੍ਹਾਂ ਨਾ-ਨਵਿਆਉਣ ਯੋਗ ਸ੍ਰੋਤਾਂ ਦੇ ਘਟਣ ਨਾਲ ਵਾਤਾਵਰਣ ਦੂਸ਼ਿਤ ਹੋਏਗਾ ਜਿਸ ਦੇ ਸਿੱਟੇ ਵਜੋਂ ਇਹ ਧਰਤੀ ਰਹਿਣ ਯੋਗ ਥਾਂ ਨਹੀਂ ਰਹੇਗੀ । ਵਿਗਿਆਨ ਤੇ ਤਕਨਾਲੌਜੀ ਦੇ ਵਿਕਾਸ ਨੇ ਜਿੱਥੇ ਜਾਨ-ਲੇਵਾ ਬੀਮਾਰੀਆਂ ਉਤੇ ਕਾਬੂ ਪਾਇਆ ਹੈ ਉਥੇ ਏਡਜ਼ ਅਤੇ ਕੈਂਸਰ ਵਰਗੀਆਂ ਨਵੀਆਂ ਬੀਮਾਰੀਆਂ ਨੇ ਸਮੱਸਿਆ ਨੂੰ ਹੋਰ ਉਲਝਾਇਆ ਵੀ ਹੈ। ਜਿਵੇਂ-ਜਿਵੇਂ ਮਨੁੱਖ ਉਨ੍ਹਾਂ ਉਤੇ ਕਾਬੂ ਪਾ ਰਿਹਾ ਹੈ, ਕੁਦਰਤ ਵੱਲੋਂ ਨਵੀਆਂ ਤੋਂ ਨਵੀਆਂ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਮਨੁੱਖ ਅਤੇ ਕੁਦਰਤ ਦੀ ਕਸ਼ਮਕਸ਼ ਵਿਚ ਵਾਤਾਵਰਣ ਨੇ ਤਾਂ ਖ਼ਰਾਬ ਹੋਣਾ ਹੀ ਹੈ ।

ਪੂਰਬਲੇ ਮਨੁੱਖ ਨੇ ਕੁਦਰਤੀ ਵਸੀਲਿਆਂ ਨੂੰ ਲੋੜ ਤੋਂ ਜ਼ਿਆਦਾ ਇਸਤੇਮਾਲ ਕੀਤਾ ਹੈ। ਉਸ ਨੇ ਵੱਧ ਤੋਂ ਵੱਧ ਜੰਗਲ ਕੱਟੇ, ਜਾਨਵਰਾਂ ਦਾ ਸ਼ਿਕਾਰ ਕੀਤਾ, ਲੋੜ ਤੋਂ ਵੱਧ ਪਾਣੀ ਦੂਸ਼ਿਤ ਕੀਤਾ, ਜ਼ਿਆਦਾ ਤੋਂ ਜ਼ਿਆਦਾ ਧਾਤਾਂ ਦਾ ਧਰਤੀ ‘ਚੋਂ ਨਿਸ਼ਕਰਸ਼ਣ ਕੀਤਾ, ਜਿਸ ਨਾਲ ਹੁਣ ਇਹ ਮਹਿਸੂਸ ਹੋ ਰਿਹਾ ਹੈ ਕਿ ਇਨ੍ਹਾਂ ਸਰੋਤਾਂ ਦਾ ਅੰਤ ਹੋ ਜਾਵੇਗਾ। ਅਨੁਮਾਨ ਹੈ ਕਿ ਇਕ ਸਦੀ ਬਾਅਦ ਦੁਨੀਆਂ ਵਿਚ ਨਾ ਮਿੱਟੀ ਦਾ ਤੇਲ, ਨਾ ਡੀਜ਼ਲ, ਨਾ ਪੈਟਰੋਲ ਅਤੇ ਨਾ ਹੀ ਕੋਇਲਾ ਉਪਲੱਬਧ ਹੋਵੇਗਾ, ਜਿਸ ਨਾਲ ਮਨੁੱਖ ਨੂੰ ਏਨੀਆਂ ਔਕੜਾਂ ਆਉਣਗੀਆਂ ਕਿ ਉਸ ਦਾ ਜਿਊਣਾ ਔਖਾ ਹੋ ਜਾਵੇਗਾ ।
ਸਾਨੂੰ ਸਾਰਿਆਂ ਨੂੰ ਇਸ ਵਿਗੜ ਰਹ ਵਾਤਾਵਰਣ ਵਿਚ ਮਨੁੱਖ-ਜਾਤੀ ਨੂੰ ਜਿਊਂਦਿਆਂ ਰੱਖਣ ਲਈ ਸਮੂਹਿਕ ਤੌਰ ‘ਤੇ ਉਪਰਾਲੇ ਕਰਨੇ ਚਾਹੀਦੇ ਹਨ । ਅਜਿਹਾ ਕਰਨ ਲਈ ਸਰਕਾਰ ਨੂੰ ਡੀ. ਡੀ. ਟੀ.

ਕਲੋਰੋ ਫਲੋਰੋ-ਕਾਰਬਨਜ਼ ਅਤੇ ਹੋਰ ਜ਼ਹਿਰੀਲੀਆਂ ਕੀੜੇ-ਮਾਰ ਦਵਾਈਆਂ ‘ਤੇ ਪਾਬੰਦੀ ਲਗਾ ਦੇਣੀ ਚਾਹੀਦੀ ਹੈ। ਬਾਕੀ ਕੀੜੇ-ਮਾਰ ਦਵਾਈਆਂ ਦੇ ਛਿੜਕਾਅ ਲਈ ਸਮਾਂ ਨਿਯਤ ਵੀ ਕਰ ਦੇਣਾ ਚਾਹੀਦਾ ਹੈ । ਗੱਡੀਆਂ ਮੋਟਰਾਂ ਦੇ ਸਾਇਲੈਂਸਰਾਂ ਵਿਚ ਅਜਿਹੇ ਉਪਕਰਣ ਫਿੱਟ ਕਰਵਾਉਣੇ ਚਾਹੀਦੇ ਹਨ ਜੋ ਕਾਰਬਨ-ਮੋਨੋਆਕਸਾਈਡ ਅਤੇ ਸਲਫ਼ਰ-ਡਾਇਆਕਾ-ਸਾਈਡ ਵਰਗੀਆਂ ਗੈਸਾਂ ਨੂੰ ਹਵਾ ਵਿਚ ਪਹੁੰਚਣ ਤੋਂ ਪਹਿਲਾਂ ਹੀ ਉਦਾਸੀਨ ਕਰ ਦੇਣ। ਨਹਿਰਾਂ, ਦਰਿਆਵਾਂ ਅਤੇ ਸਮੁੰਦਰੀ ਤੱਟਾਂ ‘ਤੇ ਲੱਗੇ ਵੱਡੇ ਉਦਯੋਗਾਂ ਨੂੰ ਪਾਣੀ ਦੂਸ਼ਿਤ ਕਰਨ ਤੋਂ ਰੋਕਣ ਲਈ ਕਾਨੂੰਨੀ ਤੌਰ ‘ਤੇ ਮਜਬੂਰ ਕਰਨਾ ਚਾਹੀਦਾ ਹੈ। ਵੱਧ ਤੋਂ ਵੱਧ ਦਰੱਖ਼ਤ ਲਗਾ ਕੇ ਹਰੀਆਂ ਪੱਟੀਆਂ ਦਾ ਨਿਰਮਾਣ ਕਰਨਾ ਚਾਹੀਦਾ ਹੈ । ਨਾ ਨਵਿਆਉਣਯੋਗ ਸਰੋਤਾਂ ਦੀ ਵਰਤੋਂ ਨੂੰ ਘੱਟ ਕਰਨਾ ਚਾਹੀਦਾ ਹੈ । ਹਵਾ ਅਤੇ ਸੂਰਜੀ ਸ਼ਕਤੀ ਦਾ ਵੱਧ ਤੋਂ ਵੱਧ ਉਪਯੋਗ ਕਰਨਾ ਚਾਹੀਦਾ ਹੈ। ਦਰੱਖਤ ਕੱਟਣਾ ਕਾਨੂੰਨੀ ਜੁਰਮ ਸਮਝਿਆ ਜਾਣਾ ਚਾਹੀਦਾ ਹੈ । ਵਧ ਰਹੀ ਆਬਾਦੀ ਨੂੰ ਕਾਬੂ ਵਿਚ ਰੱਖਣ ਲਈ ਹੋਰ ਸਾਰਥਕ ਉਪਰਾਲੇ ਕਰਨੇ ਚਾਹੀਦੇ ਹਨ। ਕਿਸਾਨਾਂ ਨੂੰ ਖ਼ਾਸ ਹਦਾਇਤਾਂ ਹੋਣੀਆਂ ਚਾਹੀਦੀਆਂ ਹਨ ਕਿ ਉਹ ਖੇਤੀ ਯੂਨੀਵਰਸਿਟੀ ਦੀਆਂ ਹਦਾਇਤਾਂ ਅਨੁਸਾਰ ਫਸਲਾਂ ਬੀਜਣ ਅਤੇ ਕੀੜੇ-ਮਾਰ ਦਵਾਈਆਂ ਦਾ ਉਪਯੋਗ ਘੱਟ ਕਰਨ । ਜੇ ਅਸੀਂ ਸ਼ੁੱਧ ਵਾਤਾਵਰਣ ਅਤੇ ਸਵੱਸਥ ਜੀਵਨ ਜਿਊਣਾ ਚਾਹੁੰਦੇ ਹਾਂ ਤਾਂ ਵਾਤਾਵਰਣ ਨੂੰ ਬਚਾਉਣ ਲਈ ਸਖ਼ਤ ਤੇ ਸਾਰਥਕ ਕਦਮ ਚੁੱਕਣੇ ਪੈਣਗੇ, ਨਹੀਂ ਤਾਂ ਦੂਸ਼ਿਤ ਵਾਤਾਵਰਣ ਵਿਚ ਮਨੁੱਖ ਤਾਂ ਕੀ ਹਰ ਜਾਨਦਾਰ ਜੀਵ ਦਾ ਜਿਊਣਾ ਮੁਸ਼ਕਲ ਹੋ ਜਾਵੇਗਾ ।

– ਅਮਰਜੀਤ ‘ਬੱਬਰੀ’