1 views 2 secs 0 comments

ਪਾਪਾ ਬਾਝਹੁ ਹੋਵੈ ਨਾਹੀ…

ਲੇਖ
March 17, 2026

ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥
ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥

(ਆਸਾ ਮ: ੧, ਅੰਗ ੪੧੭)

ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੁਆਰਾ ਉਚਾਰੀਆਂ ਆਸਾ ਰਾਗ ਵਿਚ ਅੰਕਿਤ ਇਨ੍ਹਾਂ ਪਾਵਨ-ਸਤਰਾਂ ਵਿਚ ਮਾਇਆਵਾਦੀ ਬਿਰਤੀ ਕਾਰਨ ਇਨਸਾਨੀ ਕਿਰਦਾਰ ਉੱਪਰ ਨਹਾਇਤ ਬੁਰਾ ਅਸਰ ਦਰਸਾਉਂਦਿਆਂ, ਰੁਹਾਨੀ ਜੀਵਨ ਲਈ ਇਸ ਮਾਇਆ ਦੇ ਬਿਲਕੁਲ ਹੀ ਨਾ ਸਹਾਇਕ ਹੋਣ ਦਾ ਸੱਚ ਵੀ ਦ੍ਰਿੜ੍ਹ ਕਰਵਾਇਆ ਹੈ।

ਗੁਰੂ ਜੀ ਫ਼ਰਮਾਨ ਕਰਦੇ ਹਨ ਕਿ ਇਸ ਧਨ ਦੇ ਕਰਕੇ ਦੁਨੀਆਂ ਬਹੁਤ ਖਰਾਬ ਹੁੰਦੀ ਹੈ ਤੇ ਸੰਤਾਪ ਝੱਲਦੀ ਹੈ; ਇਸੇ ਧਨ ਕਾਰਨ ਇਹ ਡਾਹਢੀ ਹੀ ਖੁਆਰ ਹੋਈ ਹੈ। ਇਹੀ ਧਨ ਦੁਸ਼ਟ ਕਰਮਾਂ (ਕੰਮਾਂ) ਤੋਂ ਬਿਨਾਂ ਇਕੱਠਾ ਵੀ ਨਹੀਂ ਹੁੰਦਾ ਅਤੇ ਮਰਨ ਸਮੇਂ (ਮਨੁੱਖ ਦੇ) ਨਾਲ ਵੀ ਨਹੀਂ ਜਾਂਦਾ।

ਪਾਵਨ ਗੁਰਬਾਣੀ ਵਿਚ ਗੁਰੂ ਸਾਹਿਬਾਨ ਨੇ ਮਨੁੱਖ ਮਾਤਰ ਨੂੰ ਜੀਵਨ ਦੇ ਹਰ ਖੇਤਰ ਵਿਚ ਵਿਚਰਨ ਲਈ ਉਚਿਤ ਸੇਧ ਤੇ ਦਿਸ਼ਾ ਪ੍ਰਦਾਨ ਕੀਤੀ ਹੋਈ ਹੈ। ਉਕਤ ਪਾਵਨ ਪੰਕਤੀਆਂ ਦੇ ਅਸਲ ਭਾਵ ਨੂੰ ਗ੍ਰਹਿਣ ਕਰਨ ਲਈ ਸਾਨੂੰ ਡੂੰਘੀ ਘੋਖਵੀਂ ਨਜ਼ਰ ਦੀ ਲੋੜ ਹੈ। ਸਾਨੂੰ ਗੁਰਬਾਣੀ ਵਿਚ ਵਿਦਮਾਨ ਗੁਰਮਤਿ ਦੇ ਆਰਥਿਕ ਨਜ਼ਰੀਏ ਸੰਬੰਧੀ ਸਪਸ਼ਟ ਹੋਣਾ ਪਵੇਗਾ। ਇਹ ਗੱਲ ਯਾਦ ਰਹੇ ਕਿ ਜੀਵਨ ਦਾ ਆਰਥਿਕ ਪਹਿਲੂ ਗੁਰਮਤਿ ਵਿਚ ਰੱਦ ਨਹੀਂ ਕੀਤਾ ਗਿਆ। ਮਨੁੱਖ ਨੂੰ ਆਪਣੀਆਂ ਜੀਵਨ ਲੋੜਾਂ ਪੂਰੀਆਂ ਕਰਨ ਲਈ ਗੁਜ਼ਾਰੇ ਯੋਗ ਧਨ ਜ਼ਰੂਰ ਚਾਹੀਦਾ ਹੈ। ਇਕ ਘਰਬਾਰੀ ਗ੍ਰਹਿਸਤੀ ਦੰਪਤੀ ਦਾ ਧਨ ਬਿਨਾਂ ਗੁਜ਼ਾਰਾ ਨਹੀਂ। ਗੁਰਮਤਿ ਵਿਚ ਗ੍ਰਹਿਸਤ ਜੀਵਨ ਉੱਪਰ ਕਿੰਨਾ ਬਲ ਹੈ। ਇਸ ਦੇ ਮੱਦੇਨਜ਼ਰ ਗ੍ਰਹਿਸਤੀ ਤੇ ਸਮਾਜਿਕ ਜੀਵਨ ਦੇ ਆਰਥਿਕ ਪਹਿਲੂ ਨੂੰ ਗੁਰੂ ਸਾਹਿਬਾਨ ਜਾਂ ਭਗਤ ਸਾਹਿਬਾਨ ਨੇ ਕਦਾਚਿਤ ਰੱਦ ਨਹੀਂ ਕੀਤਾ।

ਦਰਅਸਲ ਗੁਰਮਤਿ ਨਜ਼ਰੀਆ ਸੰਤੁਲਿਤ ਨਜ਼ਰੀਆ ਹੈ। ਇਸ ਵਿਚ ਉਲਾਰਾਂ ਨੂੰ ਰੱਦ ਕੀਤਾ ਗਿਆ ਹੈ। ਇਕ ਬੰਨੇ ਉਲਾਰ ਹੋਇਆਂ ਦੂਜਾ ਪਾਸਾ ਅਣਗੌਲਿਆ ਰਹਿ ਜਾਣਾ ਸੁਭਾਵਿਕ ਹੁੰਦਾ ਹੈ। ਇਸ ਪ੍ਰਥਾਏ ਪੰਚਮ ਪਾਤਸ਼ਾਹ ਦੇ ਇਹ ਬਚਨ ਖਾਸ ਕਰਕੇ ਗੌਲਣ ਯੋਗ ਹਨ:

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹਿ ਚਿੰਤਾ॥
ਜਿਸੁ ਗ੍ਰਿਹਿ ਥੋਰੀ ਸੁ ਫਿਰੈ ਭ੍ਰਮੰਤਾ॥
ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ॥

(ਮਾਰੂ ਮ: ੫, ਅੰਗ ੧੦੧੯)

ਅੱਜ ਤਾਂ ਮਾਇਆ ਇਕੱਠੀ ਕਰਨ ਦਾ ਰੁਝਾਨ ਗੁਰੂ ਸਾਹਿਬਾਨ ਦੇ ਸਮੇਂ ਨਾਲੋਂ ਕਈ ਗੁਣਾ ਵਧ ਚੁਕਾ ਹੈ। ਮਾਇਆ ਦੀ, ਪਦਾਰਥਕ ਸੁਖਾਂ ਦੀ ਪ੍ਰਾਪਤੀ ਦੀ ਦੌੜ ਨੇ ਮਨੁੱਖ ਦੀ ਮਾਨਸਿਕ ਸ਼ਾਂਤੀ ਉਸ ਕੋਲੋਂ ਖੋਹ ਲਈ ਹੈ। ਹੋਰ ਤਾਂ ਹੋਰ ਅਸੀਂ ਗੁਰੂ ਕੇ ਕਹਾਉਣ ਵਾਲੇ ਸਿੱਖ ਵੀ ਇਸ ‘ਚ ਗੁਰੂ-ਬਚਨਾਂ ਦੇ ਤੱਤਸਾਰ ਨੂੰ ਭੁਲਾ ਕੇ ਇਸ ਦੌੜ ‘ਚ ਬਰਾਬਰ ਦੇ ਭਾਈਵਾਲ ਬਣ ਰਹੇ ਹਾਂ। ਆਓ, ਅਸੀਂ ਇਸ ਗੁਰ ਫ਼ਰਮਾਨ ਦੀ ਸੇਧ ਵਿਚ ਚਲਦਿਆਂ ਜੀਵਨ ਦੇ ਨੈਤਿਕ ਤੇ ਸਦਾਚਾਰਕ ਪਹਿਲੂ ਨੂੰ ਮਜ਼ਬੂਤ ਕਰਨ ਵੱਲ ਤਵੱਜੋਂ ਦੇਈਏ! ਤਦ ਹੀ ਅਸੀਂ ਗੁਰੂ ਕੇ ਸਿੱਖ ਕਹਾਉਣ ਦੇ ਹੱਕਦਾਰ ਹੋ ਸਕਾਂਗੇ।