
-ਸ. ਬਲਵਿੰਦਰ ਸਿੰਘ ‘ਜੌੜਾ ਸਿੰਘਾ’*
ਸ੍ਰੀ ਗੁਰੂ ਨਾਨਕ ਸਾਹਿਬ ਜੀ ਦੀ ਤੀਸਰੀ ਜੋਤ ਸ੍ਰੀ ਗੁਰੂ ਅਮਰਦਾਸ ਜੀ ਡੱਲੇ ਵਾਸੀ ਸੰਗਤਾਂ ਦਾ ਉਧਾਰ ਕਰ ਰਹੇ ਸਨ। ਭਾਈ ਗੋਪੀ, ਭਾਈ ਅਮਰੂ, ਭਾਈ ਮੋਹਣ, ਭਾਈ ਰਾਮੂ ਸਤਿਗੁਰਾਂ ਦਾ ਉਪਦੇਸ਼ ਪਾ ਕੇ ਆਪਣੀਆਂ ਅੰਤਰ-ਬਿਰਤੀਆਂ ਨੂੰ ਅੰਦਰ ਵੱਲ ਜੋੜ ਕੇ ਉਠ ਤੁਰੇ ਤਾਂ ਭਾਈ ਸਹਾਰੂ, ਭਾਈ ਸੰਗੂ ਤੇ ਭਾਈ ਭਾਗੂ ਸਤਿਗੁਰਾਂ ਦੇ ਚਰਨੀਂ ਆਣ ਲੱਗੇ। ਸਤਿਗੁਰਾਂ ਨੂੰ ਬੰਦਨਾ ਕਰ ਕੇ ਬੈਠ ਗਏ। ਇਹ ਸਾਰੇ ਦੁਖੀ ਹਿਰਦੇ ਨਾਲ ਸਤਿਗੁਰਾਂ ਦੇ ਦਰਬਾਰ ਆਏ ਸਨ। ‘ਹੇ ਦੁੱਖ ਨਿਵਾਰਨ ਵਾਲੇ ਦਾਤਾਰ ਜੀਉ! ਸਾਡਾ ਦੁੱਖ ਕਿਵੇਂ ਕਟਿਆ ਜਾਵੇਗਾ? ਹੱਥ ਜੋੜ ਬੇਨਤੀ ਕੀਤੀ।’ ਤਿਨ੍ਹਾਂ ਨੂੰ ਸੰਬੋਧਨ ਹੁੰਦਿਆਂ ਸਤਿਗੁਰਾਂ ਨੇ ਉਪਦੇਸ਼ ਕੀਤਾ ਕਿ ‘ਤੁਸਾਂ ਨੇ ਭਾਉ ਭਗਤੀ ਕਰਨੀ ਹੈ ਭਾਵ ਪ੍ਰੇਮ ਤੇ ਸੁਘੜਤਾ ਨਾਲ ਰਹਿਣਾ ਹੈ। ਸਭਨਾਂ ਨਾਲ ਮਿੱਠਾ ਬੋਲਣਾ ਹੈ। ਕਿਸੇ ਦੇ ਕਠੋਰ ਬੋਲਣ ‘ਤੇ ਵੀ ਗੁੱਸੇ ਵਿਚ ਨਹੀਂ ਆਉਣਾ। ਗੁਰੂ ਦਾ ਪਿਆਰਾ ਜੋ ਵੀ ਅਤੇ ਜਦੋਂ ਵੀ ਆਵੇ ਪਹਿਲਾਂ ਉਸ ਨੂੰ ਭੋਜਨ ਛਕਾਉਣਾ ਹੈ। ਐਸੀ ਸੇਵਾ ਕਰਨ ਨਾਲ ਪਵਿੱਤਰ ਹੋਈਦਾ ਹੈ। ਵਾਹਿਗੁਰੂ ਨਾਮ ਦਾ ਸਿਮਰਨ ਕਰਨਾ ਹੈ। ਗੁਰੂ ਸ਼ਬਦ ਨੂੰ ਹਿਰਦੇ ਵਿਚ ਵਸਾ ਕੇ ਵਾਹਿਗੁਰੂ ਨਾਲ ਲਿਵ ਲੱਗ ਜਾਵੇ ਤਾਂ ਸੁੰਦਰ ਪਦ ਪ੍ਰਾਪਤ ਹੁੰਦਾ ਹੈ। ਇਸ ਤੋਂ ਇਲਾਵਾ ਮੜੀਆਂ (ਸਿਵੇ) ਤਲਾਬ (ਟੋਬੜੀ) ਮੱਠ, ਕਬਰਾਂ ਆਦਿ ਦੀ ਪੂਜਾ ਨਹੀਂ ਕਰਨੀ।’ ਭਾਈ ਸੰਤੋਖ ਸਿੰਘ ਸ੍ਰੀ ਗੁਰੂ ਅਮਰਦਾਸ ਜੀ ਦੇ ਉਪਦੇਸ਼ ਨੂੰ ਇੰਞ ਬਿਆਨ ਕਰਦੇ ਹਨ:-
ਗੰਗੂ ਅਪਰ ਸਹਾਰੂ ਭਾਰੂ। ਕਰਿ ਬੰਦਨ ਬੈਠੇ ਦੁਖਿਆਰੂ।
ਤਿਨ ਕੋ ਭੀ ਉਪਦੇਸ਼ਨ ਕੀਨਿ। ਵੰਡ ਖਾਹੁ ਧਰਿ ਭਾਉ ਪ੍ਰਬੀਨ।
ਮਧੁਰ ਗਿਰਾ ਸਭਿ ਸੰਗ ਉਚਾਰਹੁ। ਕਹਿਨ ਕਠੋਰ ਨਹੀਂ ਰਿਸ ਧਾਰਹੁ॥31॥
ਗੁਰ ਸਿੱਖਨ ਕੋ ਪ੍ਰਥਮ ਅਚਾਵਹੁ। ਸ਼ੇਸ਼ ਰਹੈ ਭੋਜਨ ਤੁਮ ਖਾਵਹੁ।
ਮਹਾਂ ਪਵਿੱਤ੍ਰ ਹੋਤਿ ਹੈ ਸੋਇ। ਸਿੱਖਯਨ ਪੀਛੈ ਅਚੀਯਤਿ ਜੋਇ॥32॥
ਸਿਮਰੋ ਵਾਹਿਗੁਰੂ ਨਿਤ ਨਾਮੂ। ਲਿਵ ਲਾਗੇ ਪਦ ਦੇ ਅਭਿਰਾਮੂ।
ਮੜੀ ਟੋਭੜੀ ਮਠ ਅਰੁ ਗੋਰ। ਇਨਹੁ ਨ ਸੇਵਹੁ ਸਭਿ ਦਿਹੁ ਛੋਰ॥33॥
(ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ, ਰਾਸਿ ਪਹਿਲੀ, ਅਧਿਆਇ 40, ਸਫ਼ਾ 1488)
ਗੁਰਮਤਿ ਲੋੜਵੰਦਾਂ ਦੀ ਸਹਾਇਤਾ ਕਰਨ ਵਾਲਾ ਮਾਰਗ ਹੈ। ਇਥੇ ਸਭ ਤੋਂ ਪਵਿੱਤਰ ਸਿੱਖ ਉਹ ਹੁੰਦਾ ਹੈ ਜੋ ਦੂਜੇ ਨੂੰ ਛਕਾ ਕੇ ਫੇਰ ਆਪ ਛਕੇ। ਗੁਰਸਿੱਖਾਂ ਦੀ ਐਸੀ ਕਰਨੀ ਨੂੰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਵਿਚ ਵਰਣਨ ਕੀਤਾ ਹੈ:
ਕਿਰਤ ਵਿਰਤ ਕਰਿ ਧਰਮੁ ਦੀ ਲੈ ਪਰਸਾਦ ਆਣਿ ਵਰਤੰਦਾ।
ਗੁਰਸਿਖਾਂ ਨੋ ਦੇਇ ਕਰਿ ਪਿਛੋਂ ਬਚਿਆ ਆਪੁ ਖਵੰਦਾ।
ਕਲੀ ਕਾਲ ਪਰਗਾਸ ਕਰਿ ਗੁਰੁ ਚੇਲਾ ਗੁਰੁ ਸੰਦਾ।
ਗੁਰਮੁਖ ਗਾਡੀ ਰਾਹੁ ਚਲੰਦਾ॥11॥ (ਵਾਰ 40 : 11)
ਇਸ ਤਰ੍ਹਾਂ ਸਤਿਗੁਰਾਂ ਪਾਸੋਂ ਉਪਦੇਸ਼ ਲੈ ਕੇ ਭਾਈ ਸਹਾਰੂ, ਭਾਈ ਗੰਗੂ ਤੇ ਭਾਈ ਭਾਗੂ ਭਾਉ ਭਗਤੀ ਵਿਚ ਲੱਗ ਗਏ। ਭਾਈ ਗੁਰਦਾਸ ਜੀ ਨੇ ਇਨ੍ਹਾਂ ਸਿੱਖਾਂ ਦੀ ਸਿਫ਼ਤ-ਸਲਾਹ ਕਰਦਿਆਂ ਲਿਿਖਆ ਹੈ:
ਸਾਹਾਰੂ ਗੰਗੂ ਭਲੇ ਭਾਗੂ ਭਗਤੁ ਭਗਤਿ ਹੈ ਪਿਆਰੀ। (ਵਾਰ 11:16)
*ਮੀਤ ਸਕੱਤਰ, ਸ਼੍ਰੋਮਣੀ ਗੁ: ਪ੍ਰ: ਕਮੇਟੀ, ਸ੍ਰੀ ਅੰਮ੍ਰਿਤਸਰ। ਮੋ: 98148-98212