
ਭਗਤ ਪੂਰਨ ਸਿੰਘ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਰਾਜੇਵਾਲ ਵਿਚ ਇਕ ਹਿੰਦੂ ਪਰਵਾਰ ਲਾਲਾ ਸ਼ਿਬੂ ਮੱਲ ਖੱਤਰੀ ਦੇ ਘਰ ਮਾਈ ਮਹਿਤਾਬ ਕੌਰ ਦੀ ਕੁੱਖੋਂ ੪ ਜੂਨ ੧੯੦੪ ਈ. ਨੂੰ ਹੋਇਆ।” ਇਨ੍ਹਾਂ ਦਾ ਮੁਢਲਾ ਨਾਮ ਰਾਮ ਜੀ ਦਾਸ ਸੀ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਕੇ ਰਾਮ ਜੀ ਦਾਸ ਤੋਂ ਪੂਰਨ ਸਿੰਘ ਬਣ ਗਏ। ਦਸਵੀਂ ਜਮਾਤ ਦੀ ਪੜ੍ਹਾਈ ਖੰਨਾ ਤੋਂ ਪ੍ਰਾਪਤ ਕੀਤੀ। ਦਸਵੀਂ ਵਿਚ ਫੇਲ੍ਹ ਹੋ ਜਾਣ ‘ਤੇ ਖ਼ਾਲਸਾ ਹਾਈ ਸਕੂਲ ਲਾਹੌਰ ਵਿਖੇ ਦਾਖ਼ਲ ਹੋਏ। ਇਨ੍ਹਾਂ ਦੇ ਪਿਤਾ ਜੀ ਸ਼ਾਹੂਕਾਰ ਸਨ ਪਰ ੧੯੧੪ ਈ. ਦੇ ਭਿਆਨਕ ਕਾਲ ਨੇ ਪਰਵਾਰਕ ਰੋਜ਼ਗਾਰ ਬਰਬਾਦ ਕਰ ਦਿੱਤਾ। ਲਾਹੌਰ ਵਿਚ ਹੀ ਪੂਰਨ ਸਿੰਘ ਜੀ ਗੁਰਦੁਆਰਾ ਡੇਹਰਾ ਸਾਹਿਬ ਸੇਵਾ ਲਈ ਆਉਂਦੇ ਰਹੇ। ਇੱਥੇ ਆਪ ਜਲ-ਪਾਣੀ, ਲੰਗਰ, ਸਫ਼ਾਈ ਬਰਤਨਾਂ ਦੀ ਸੇਵਾ ਤੋਂ ਬਾਅਦ ਸੜਕਾਂ ਤੋਂ ਸ਼ੀਸ਼ੇ, ਪੱਥਰ, ਕਿੱਲ ਲਾਂਭੇ ਕਰਦੇ ਸਨ ਤਾਂ ਜੋ ਰਾਹਗੀਰਾਂ ਨੂੰ ਕੋਈ ਕਸ਼ਟ ਨਾ ਪਹੁੰਚੇ। ਫਿਰ ਲਾਇਬ੍ਰੇਰੀ ਵਿਚ ਬੈਠ ਉੱਚ ਖਿਆਲਾਂ ਨੂੰ ਪੜ੍ਹਨਾ ਤੇ ਪ੍ਰਚਾਰ ਹਿੱਤ ਵੰਡਣਾ ਭਗਤ ਪੂਰਨ ਸਿੰਘ ਜੀ ਦਾ ਨਿੱਤ ਕਾਰਜ ਸੀ। ੧੯੩੪ ਈ. ਵਿਚ ਗੁਰਦੁਆਰਾ ਡੇਹਰਾ ਸਾਹਿਬ ਦੀ ਦਰਸ਼ਨੀ ਦੀਵਾਰ ‘ਤੇ ਕੋਈ ੪ ਕੁ ਸਾਲ ਦਾ ਪਿੰਗਲਾ ਤੇ ਗੂੰਗਾ ਬੱਚਾ ਛੱਡ ਗਿਆ। ਭਗਤ ਜੀ ਨੇ (ਪਾਕਿਸਤਾਨ ਵਿਚ) ਇਸ ਬੱਚੇ ਦੀ ੧੪ ਸਾਲ ਸੇਵਾ ਕੀਤੀ ਤੇ ੧੯੪੭ ਈ. ਵਿਚ ਉਸ ਨੂੰ ਭਾਰਤ ਨਾਲ ਲੈ ਆਏ। ਇਹ ਬੱਚਾ ਪਿਆਰਾ ਸਿੰਘ ਸੀ। ੧੯੪੭ ਈ. ਦੇਸ਼ ਵੰਡ ਪਿੱਛੋਂ ਪੂਰਨ ਸਿੰਘ ਜੀ ਨੇ ਕੁਝ ਸਮਾਂ ਖ਼ਾਲਸਾ ਕਾਲਜ ਦੇ ਸ਼ਰਨਾਰਥੀ ਕੈਂਪ ਵਿਚ ਬਤੀਤ ਕੀਤਾ। ਸ਼ਰਨਾਰਥੀ ਕੈਂਪ ਖਤਮ ਹੋਣ ਤੋਂ ਬਾਅਦ ਭਗਤ ਜੀ ਨੇ ਆਪਣੇ ਨਾਲ ਲੂਲ੍ਹੇ, ਪਿੰਗਲੇ ਤੇ ਅਪਾਹਜ਼ ਮਰੀਜ਼ਾਂ ਨਾਲ ਕੁਝ ਸਮਾਂ ਰੇਲਵੇ ਸਟੇਸ਼ਨ ‘ਤੇ ਨਿਵਾਸ ਕੀਤਾ। ਫਿਰ ਉੱਥੋਂ ਨਿਕਲ ਕੇ ਦਰੱਖਤਾਂ ਦੀ ਛੱਤ ਹੇਠ ਬੇਸਹਾਰਿਆਂ ਦੀ ਪਾਲਣਾ ਕੀਤੀ। ਹੌਲੀ-ਹੌਲੀ ਲਵਾਰਸ ਅਪਾਹਜ਼ਾਂ ਦੀ ਗਿਣਤੀ ਵਧਦੀ ਗਈ ਤਾਂ ਭਗਤ ਜੀ ਨੇ ਇਕ ਬੰਦ ਪਏ ਸਿਨੇਮੇ ਦੀ ਇਮਾਰਤ ਵਿਚ ਨਿਵਾਸ ਕੀਤਾ। ਉਹ ਸਿਨੇਮਾ ਵਿਕਣ ਲਈ ਉਸ ਦੀ ਬੋਲੀ ੩੫ ਹਜ਼ਾਰ ਲੱਗੀ ਤਾਂ ਭਗਤ ਪੂਰਨ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਦਦ ਨਾਲ ਇਹ ਇਮਾਰਤ ਖਰੀਦ ਕੇ ਇੱਥੇ ਪਿੰਗਲਵਾੜਾ ਸ਼ੁਰੂ ਕਰ ਦਿੱਤਾ। ਪਿੰਗਲਵਾੜੇ ਦੇ ਬਾਨੀ ਤੇ ਇਕ ਮਹਾਨ ਸੇਵਾਦਾਰ ਹੋਣ ਦੇ ਨਾਲ-ਨਾਲ ਭਗਤ ਜੀ ਉੱਚ ਕੋਟੀ ਦੇ ਵਿਦਵਾਨ ਲਿਖਾਰੀ ਵੀ ਸਨ। ਪੁਸਤਕਾਂ ਨਾਲ ਪ੍ਰੇਮ ਉਨ੍ਹਾਂ ਦਾ ਇੰਨਾ ਜ਼ਿਆਦਾ ਸੀ ਕਿ ਇਕ ਵਾਰ ਉਹ ਪ੍ਰਗਤੀ ਮੈਦਾਨ, ਦਿੱਲੀ ਵਿਖੇ ਲੱਗਿਆ ਪੁਸਤਕ ਮੇਲਾ ਦੇਖਣ ਲਈ ਗਏ। ਗਿਆਨ ਦਾ ਏਨਾ ਵਿਸ਼ਾਲ ਭੰਡਾਰ ਵੇਖ ਕੇ ਭਗਤ ਜੀ ਭਾਵੁਕ ਹੋ ਗਏ। ਉਹ ਘੰਟਿਆਂ ਬੱਧੀ ਪੁਸਤਕਾਂ ਫਰੋਲਦੇ ਰਹੇ ਅਤੇ ਸ਼ਾਮ ਤਕ ਚਾਲੀ ਹਜ਼ਾਰ ਰੁਪਏ ਦੀਆਂ ਪੁਸਤਕਾਂ ਚੁਣ ਲਈਆਂ। ਪਰ ਜੇਬ ਵਿਚ ਪੈਸੇ ਏਨੇ ਥੋੜ੍ਹੇ ਸਨ। ਕਿ ਉਨ੍ਹਾਂ ਨਾਲ ਸਿਰਫ ਦੋ ਪੁਸਤਕਾਂ ਹੀ ਖਰੀਦੀਆਂ ਜਾ ਸਕਦੀਆਂ ਸਨ। ਪੁਸਤਕ ਮਾਲਕਾਂ ਨੂੰ ਕਿਤਾਬਾਂ ਰਾਖਵੀਆਂ ਰਖਾ ਕੇ ਆਪ ਜੀ ਚਾਂਦਨੀ ਚੌਂਕ ਵਿਚ ਅਖਾੜਾ ਚਲਾ ਰਹੇ ਬਿਜਲੀ ਪਹਿਲਵਾਨ ਦੇ ਘਰ ਗਏ। ਪਰਵਾਰ ਨੇ ਪਰਸ਼ਾਦਾ ਪਾਣੀ ਪੇਸ਼ ਕੀਤਾ ਪਰ ਆਪ ਨੇ ਨਿਮਰਤਾ ਸਹਿਤ ਨਾਂਹ ਕਰ ਦਿੱਤੀ। ਫਿਰ ਉਨ੍ਹਾਂ ਨੂੰ ਕਿਹਾ ਕਿ ਮੈਨੂੰ ਪੈਸਿਆਂ ਦੀ ਲੋੜ ਹੈ, ਘਰ ਵਿਚ ਕਿੰਨੇ ਕੁ ਪੈਸੇ ਹਨ। ਘਰ ਦੇ ਖੂੰਜੇ ਫਰੋਲ ਕੇ ਲਗਪਗ ਵੀਹ ਹਜ਼ਾਰ ਰੁਪਏ ਬਣੇ। ਬਾਕੀ ਰਕਮ ਉਨ੍ਹਾਂ ਨੇ ਮਸੂਰੀ ਦੇ ਗੁਰੂ ਨਾਨਕ ਫਿਫਥ ਸੈਨੇਟੈਨਰੀ ਸਕੂਲ ਦੇ ਸੰਸਥਾਪਕ ਸ. ਮਹਿਤਾਬ ਸਿੰਘ ਦੇ ਬੇਟੇ ਜਸਪਾਲ ਸਿੰਘ ਤੋਂ ਉਧਾਰ ਲਈ। ਰਕਮ ਲੈ ਕੇ ਪੁਸਤਕ ਮੇਲੇ ਗਏ ਤੇ ਪੁਸਤਕਾਂ ਬੰਨ੍ਹਵਾਂ ਲਈਆਂ। ਪੁਸਤਕ ਸਟਾਲਾਂ ਦੇ ਮਾਲਕ ਹੈਰਾਨ ਸਨ ਕਿ ਦੁਰਬਲ ਜਿਹਾ ਫਕੀਰ ਦਾਹੜੀ ਅਤੇ ਕੇਸ ਖਿੰਡੇ ਹੋਏ, ਗਲ ਲੰਮਾ ਸਾਰਾ ਕੁੜਤਾ, ਚਾਦਰ ਦੀ ਬੁੱਕਲ, ਪੈਰੀਂ ਲੱਕੜ ਦੀਆਂ ਖੜਾਵਾਂ, ਕਿਤਾਬਾਂ ਖਰੀਦ ਰਿਹਾ ਸੀ।” ਉਨ੍ਹਾਂ ਨੂੰ ਕੀ ਪਤਾ ਸੀ ਕਿ ਇਹ ਉੱਤਰੀ ਭਾਰਤ ਦਾ ਉਹ ਮਹਾਨ ਸੇਵਾਦਾਰ ਤੇ ਵਿਦਵਾਨ ਹੈ ਜੋ ਹਜ਼ਾਰਾਂ ਅਪਾਹਜ਼ਾਂ ਤੇ ਬੇਸਹਾਰਿਆਂ ਲਈ ਪਿੰਗਲਵਾੜਾ ਚਲਾ ਰਿਹਾ ਹੈ ਤੇ ਜੋ ਉਸ ਸਮੇਂ ਸਭਤੋਂ ਵੱਧ ਕਿਤਾਬਾਂ ਪੜ੍ਹ ਚੁੱਕਾ ਫਕੀਰ ਹੈ। ਭਗਤ ਪੂਰਨ ਸਿੰਘ ਜੀ ਨੂੰ ਵੱਖ-ਵੱਖ ਸਮਿਆਂ ‘ਤੇ ‘ਪਦਮ ਸ੍ਰੀ ਐਵਾਰਡ’, ‘ਹਾਰਮਨੀ ਐਵਾਰਡ’, ‘ਲੋਕ ਰਤਨ ਐਵਾਰਡ’ ਅਤੇ ‘ਭਾਈ ਘਨੱਈਆ ਐਵਾਰਡ’ ਆਦਿ ਨਾਲ ਸਨਮਾਨਿਆ ਗਿਆ। ੧੯੮੪ ਈ. ਵਿਚ ਸ੍ਰੀ ਦਰਬਾਰ ਸਾਹਿਬ ਉੱਪਰ ਸਰਕਾਰ ਵੱਲੋਂ ਹਮਲੇ ਦੀ ਕਾਰਵਾਈ ਦੇ ਰੋਸ ਵਜੋਂ ਭਗਤ ਪੂਰਨ ਸਿੰਘ ਜੀ ਦੁਆਰਾ ‘ਪਦਮ ਸ੍ਰੀ’ ਵਾਪਸ ਕਰ ਦਿੱਤਾ ਗਿਆ ਸੀ। ਵੀਹਵੀਂ ਸਦੀ ਵਿਚ ਸੇਵਾ ਦੇ ਪੱਖ ਤੋਂ ਭਗਤ ਪੂਰਨ ਸਿੰਘ ਜੀ ਦਾ ਕੋਈ ਵੀ ਸਾਨੀ ਨਹੀਂ ਲੱਭਦਾ। ਇਸ ਮਹਾਨ ਸੇਵਾਦਾਰ ਦਾ ੫ ਅਗਸਤ, ੧੯੯੨ ਈ. ਨੂੰ ਸ੍ਰੀ ਅੰਮ੍ਰਿਤਸਰ ਵਿਖੇ ਦੇਹਾਂਤ ਹੋਇਆ। ਪਰਮਾਤਮਾ ਇਸ ਦੁਨੀਆ ਉੱਪਰ ਭਗਤ ਪੂਰਨ ਸਿੰਘ ਵਰਗੀਆਂ ਸ਼ਖ਼ਸੀਅਤਾਂ ਨੂੰ ਭੇਜਦਾ ਰਹੇ, ਤਾਂ ਜੋ ਇਸ ਦੁਨੀਆ ਵਿੱਚੋਂ ਈਰਖਾ, ਵੈਰ ਅਤੇ ਖਤਮ ਹੋਣ ਤੇ ਪਿਆਰ, ਮੁਹੱਬਤ ਅਤੇ ਸੇਵਾ ਦੀ ਸ਼ੁਭ ਭਾਵਨਾ ਦਾ ਪਾਸਾਰ ਹੋਵੇ।
ਹਵਾਲੇ: ੧. ਰਤਨ ਸਿੰਘ ਜੱਗੀ, ਸਿੱਖ ਪੰਥ ਵਿਸ਼ਵ ਕੋਸ਼, ਭਾਗ ਤੀਜਾ, ਪੰਨਾ ੧੩੧੦, ੨. ਰੂਪ ਸਿੰਘ (ਸੰਪ.).
ਡਾ. ਗੁਰਪ੍ਰੀਤ ਸਿੰਘ