
ਪਿੰਗੁਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਗੁਰਬਾਣੀ ਦੇ ਵਿੱਚ ਤਿੰਨ ਪਰਥਾਏ ਆਇਆ ਹੈ। ਪਹਿਲਾ ਸਰੀਰਕ ਤੌਰ ‘ਤੇ ਪੈਰਾਂ ਦੇ ਨਾਲ ਚੱਲਣ ਤੋਂ ਜੋ ਅਸਮਰੱਥ ਹੋਵੇ, ਦੂਸਰਾ ਤ੍ਰੇਤੇ ਯੁੱਗ ਦੇ ਵਿੱਚ ਜਨਕਪੁਰ ਦੀ ਵਸਨੀਕ ਦੁਰਮਤ ਵਾਲੀ ਵੇਸਵਾ ਜੋ ਬਾਅਦ ਦੇ ਵਿੱਚ ਧਿਆਨ ਸਾਧਨਾ ਦੇ ਨਾਲ ਹਰੀ ਦੇ ਵਿੱਚ ਲੀਨ ਹੋਈ , ਤੀਸਰਾ ਯੋਗ ਮੱਤ ਦੇ ਅਨੁਸਾਰ ਸਰੀਰ ਦੀਆਂ ਪ੍ਰਮੁੱਖ ਤਿੰਨ ਨਾੜੀਆਂ ਇੜਾ, ਪਿੰਗਲਾ ਤੇ ਸੁਖਮਨਾ ਦੇ ਵਿੱਚੋਂ ਸੱਜੇ ਪਾਸੇ ਦੀ ਨਾੜੀ ਜੋ ਸੱਜੀ ਨਾਸਕਾ ਤੋਂ ਚੱਲ ਕੇ ਰੀਡ਼ ਦੀ ਹੱਡੀ ਵਿੱਚੋਂ ਦੀ ਲੰਘਦੀ ਹੋਈ ਮੂਲਾਧਾਰ ਚਕ੍ਰ ਤੋਂ ਆਗਿਆ ਚਕ੍ਰ ਤੱਕ ਪਹੁੰਚਦੀ ਹੈ।
ਗੁਰਮਤਿ ਸਰੀਰਕ ਤੌਰ ‘ਤੇ ਪਿੰਗਲਾ ਹੋਣ ਦਾ ਕਾਰਨ ਪਿਛਲੇ ਜਨਮ ਦੇ ਵਿੱਚ ਕੀਤੇ ਹੋਏ ਕਰਮਾਂ ਨੂੰ ਮੰਨਦੀ ਹੈ।
ਬਿਸ੍ਵ ਕਾ ਦੀਪਕੁ ਸ੍ਵਾਮੀ ਤਾ ਚੇ ਰੇ ਸੁਆਰਥੀ ਪੰਖੀ ਰਾਇ ਗਰੁੜ ਤਾ ਚੇ ਰੇ ਬਾਧਵਾ॥
ਕਰਮ ਕਰਿ ਅਰੁਣ ਪਿੰਗਲਾ ਰੀ ॥੨॥
(ਸ੍ਰੀ ਗੁਰੂ ਗ੍ਰੰਥ ਸਾਹਿਬ ੬੯੫)
ਭਗਤ ਤ੍ਰਿਲੋਚਨ ਜੀ ਅਨੁਸਾਰ ਦੁਖ ਤੇ ਸੁਖ ਮਨੁੱਖੀ ਕ੍ਰਿਤ ਦੇ ਕਰਕੇ ਮਿਲਦੇ ਨੇ, ਗਵਾਰ (ਗਾਵ ਤਕ ਦੀ ਸਮਝ ਰੱਖਣ ਵਾਲੇ) ਭੁੱਲ ਦੇ ਵਿੱਚ ਐਵੇਂ ਨਾਰਾਇਣ ਦੀ ਨਿੰਦਿਆ ਕਰਦੇ ਹਨ, ਆਪਣੇ ਕੀਤੀ ਹੋਈ ਕ੍ਰਿਤ ਦੇ ਬਾਰੇ ਪੁਰਾਣਿਕ ਕਥਾਵਾਂ ਦੇ ਵਿੱਚੋਂ ਪ੍ਰਮਾਣ ਵੀ ਦਿੰਦੇ ਨੇ ਭਾਵੇਂ ਸਾਰੇ ਜਗਤ ਨੂੰ ਚਾਨਣ ਦੇਣ ਵਾਲਾ ਸੂਰਜ ਉਸ ਦਾ ਸੁਆਮੀ ਹੈ, ਉਹ ਸੂਰਜ ਦਾ ਰਥਵਾਹੀ ਹੈ ਤੇ ਪੰਖੀਆਂ ਦਾ ਰਾਜਾ ਗਰੁੜ ਉਸ ਦਾ ਰਿਸ਼ਤੇਦਾਰ ਹੈ, ਅਰੁਣ ਗਰੁੜ ਦਾ ਵੱਡਾ ਭਰਾ ਆਪਣੇ ਕੀਤੇ ਹੋਏ ਕਰਮਾਂ ਦੇ ਕਰਕੇ ਜਮਾਂਦਰੂ ਹੀ ਪਿੰਗਲਾ ਸੀ।
ਭਾਈ ਕਾਨ੍ਹ ਸਿੰਘ ਨਾਭਾ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਅਨੁਸਾਰ ਪਿੰਗਲਾ ਤੇ ਰੁਹਲਾ ਸੰਸਕ੍ਰਿਤ ਭਾਸ਼ਾ ਦੇ ਸ਼ਬਦ ਹਨ, ਇਨ੍ਹਾਂ ਦੇ ਅਰਥ ਪਾਦ ਰਹਿਤ, ਲੰਗਾ ਹੈ। ਪਦਮ ਭੂਸ਼ਣ ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿੱਚ ਰੁਹਲਾ ਨੂੰ “ਲੂਲਾ” ਤੋਂ ਬਣਿਆ ਹੋਇਆ ਮੰਨਦੇ ਹਾਂ, ਪਿੰਗਲਾ ਦੇ ਅਰਥ ਜਿਸ ਦੇ ਪੈਰ ਨਾ ਹੋਣ, ਡਾਕਟਰ ਗੁਰਚਰਨ ਸਿੰਘ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਵਿੱਚ ਤੇ ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਬਿਲਕੁਲ ਉੱਪਰਲੇ ਕੋਸ਼ਾਂ ਵਾਲੇ ਹੀ ਅਰਥ ਕਰਦੇ ਹਨ:
ਪਿੰਗਲਾ: ਪਿਠ ਸੰਗੁ ਚਲਾ ਦਾ ਸੰਖੇਪ ਹੈ।
ਜਿਸ ਮਨੁੱਖ ਦੇ ਪੈਰ ਨਹੀਂ, ਜਾਂ ਕਮਜ਼ੋਰ ਪੈਰਾਂ ਦੇ ਕਰਕੇ ਚੱਲ ਨਹੀਂ ਸਕਦਾ, ਉਹ ਦੂਸਰਿਆਂ ਦੀ ਪਿੱਠ ਦਾ ਸੰਗ ਕਰਕੇ, ਚੜ ਕੇ ਜਾਂਦਾ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਅਸਥਾਨ ਡੇਹਰਾ ਸਾਹਿਬ ਲਾਹੌਰ ਦੇ ਵਿੱਚ ਸੇਵਾ ਕਰਦਿਆਂ ਭਗਤ ਪੂਰਨ ਸਿੰਘ ਜੀ ਨੂੰ ਇੱਕ ਅਪਾਹਜ ਬੱਚਾ ਮਿਲਿਆ ਜਿਸ ਨੂੰ ਉਸ ਦੇ ਮਾਂ-ਬਾਪ ਗੁਰਦੁਆਰਾ ਸਾਹਿਬ ਛੱਡ ਗਏ ਸਨ, ਜੋ ਨਾ ਬੋਲ ਸਕਦਾ ਸੀ ਨਾ ਚੱਲ ਸਕਦਾ ਸੀ, ਨਾ ਹੀ ਆਪਣੇ ਆਪ ਕੁਝ ਕਰ ਸਕਦਾ ਸੀ, ਭਗਤ ਪੂਰਨ ਸਿੰਘ ਜੀ ਨੇ ਉਸ ਸੰਭਾਲ ਕੀਤੀ, ਨਾਮ ਪਿਆਰਾ ਰੱਖਿਆ, ਦੇਸ਼ ਦੀ ਵੰਡ ਦੇ ਸਮੇਂ ਪਿਆਰੇ ਨੂੰ ਪਿੱਠ ‘ਤੇ ਚੁੱਕ ਕਰਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਤੇ 1947 ਦੇ ਵਿੱਚ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਟਰੱਸਟ ਦੀ ਸਥਾਪਨਾ ਕੀਤੀ। ਦਹਾਕਿਆਂ ਤੱਕ ਉਸ ਨੂੰ ਆਪਣੀ ਪਿੱਠ ‘ਤੇ ਚੁੱਕ ਕੇ ਜਗ੍ਹਾ ਜਗ੍ਹਾ ਉਸ ਨੂੰ ਘੁਮਾਉਂਦੇ ਰਹੇ।
ਜਿਸ ਦੇ ਪੈਰ ਨਹੀਂ, ਕੋਈ ਹਮਦਰਦੀ ਪਿਆਰ ਕਰਨ ਵਾਲੇ ਨੇ ਪਿਠ ‘ਤੇ ਨਹੀਂ ਚੁੱਕਿਆ, ਕੋਈ ਉਹਦਾ ਸੰਗੀ ਸਾਥੀ ਨਹੀਂ ਬਣਿਆ, ਮਜਬੂਰੀ ਵੱਸ ਉਸ ਨੂੰ ਆਪ ਹੀ ਚੱਲਣਾ ਪਿਆ, ਤਾਂ ਫਿਰ ਉਹ ਹੱਥਾਂ ਦੀ ਮਦਦ ਦੇ ਨਾਲ ਰਿੜ ਕੇ ਚੱਲੇਗਾ, ਜਗਤ ਦੇ ਵਿੱਚ ਵਿਚਰਦਿਆਂ ਇਸ ਤਰ੍ਹਾਂ ਦੇ ਰੁਹਲਾ ਦਿਖਾਈ ਪੈ ਜਾਂਦੇ ਹਨ, ਪਰ ਅੱਜਕਲ ਕੱਲ ਬੜੀਆਂ ਸਮਾਜ- ਸੇਵੀ ਸੰਸਥਾਵਾਂ ਹਨ ਜੋ, ਦਾਨੀ ਸੱਜਣਾਂ ਵਲੋਂ ਅਜਿਹੇ (ਮਨੁੱਖ) ਬੱਚਿਆਂ ਨੂੰ ਤਿੰਨ ਪਹੀਆਂ ਵਾਲੇ ਸਾਈਕਲ ਦਿੰਦੀਆਂ ਹਨ ਤਾਂ ਜੋ ਹੱਥਾਂ ਨਾਲ ਚਲਾ ਕਰਕੇ ਦੂਸਰੀ ਥਾਂ ਦੇ ਉੱਪਰ ਆਸਾਨੀ ਦੇ ਨਾਲ ਪਹੁੰਚ ਸਕਣ
ਰੁਹਲਾ ਭਾਵ, “ਰੁੜ ਹਥ ਚਲਾ”
ਗਿਆਨੀ ਗੁਰਜੀਤ ਸਿੰਘ ਪਟਿਆਲਾ