-ਡਾ. ਜਸਵੰਤ ਸਿੰਘ ਨੇਕੀ
ਪ੍ਰੋਫ਼ੈਸਰ ਕਾਰਸਟੇਅਰਜ਼ ਸੰਸਾਰ ਦੇ ਸੁਪ੍ਰਸਿੱਧ ਮਨੋਚਿਕਿਤਸਤਾਂ ਵਿੱਚੋਂ ਮੰਨੇ-ਪ੍ਰਮੰਨੇ ਵਿਸ਼ੇਸ਼ੱਗ ਸਨ। ਆਪ ਯਾਰਕ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਵੀ ਰਹੇ। ਇਹ ਓਦੋਂ ਦੀ ਗੱਲ ਹੈ ਜਦ ਉਹ ਵਿਸ਼ਵ ਮਾਨਸਿਕ ਸੁਅਸਥ ਦੇ ਪ੍ਰਧਾਨ ਸਨ। ਉਨ੍ਹਾਂ ਮੈਨੂੰ ਏਸ਼ੀਆ ਖੰਡ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਹੋਇਆ ਸੀ।
ਇਕ ਦਿਨ ਅਸੀਂ ਦੋਵੇਂ ਐਡਨਬਰਾ ਬੈਠੇ ਸਲਾਹ ਕਰ ਰਹੇ ਸਾਂ ਕਿ ਕੌਂਸਲ ਦੀਆਂ ਦੋ ਖ਼ਾਲੀ ਥਾਵਾਂ ‘ਤੇ ਕਿਸ ਨੂੰ ਨਾਮਜ਼ਦ ਕਰਾਇਆ ਜਾਵੇ। ਮੈਨੂੰ ਉਨ੍ਹਾਂ ਪੁੱਛਿਆ, “ਤੁਹਾਡੀ ਰਾਇ ਅਨੁਸਾਰ ਕਿਸ ਨੂੰ ਕੌਂਸਲ ਵਿੱਚ ਨਿਯੁਕਤ ਕੀਤਾ ਜਾਵੇ?” ਮੈਂ ਵਿਚਾਰ ਕੇ ਇਕ ਸੱਜਣ ਦਾ ਨਾਂ ਲਿਆ ਜੋ ਮੈਨੂੰ ਉਚਿੱਤ ਲੱਗਦਾ ਸੀ। ਉਹ ਕਹਿਣ ਲੱਗੇ, “ਡਾ: ਨੇਕੀ, ਮੇਰਾ ਤਾਂ ਜੀਅ ਕਰਦਾ ਏ ਕਿ ਤੁਹਾਡੀ ਰਾਏ ਨੂੰ ਸਵੀਕਾਰ ਕਰ ਲਵਾਂ, ਪਰ ਇਕ ਮਜਬੂਰੀ ਮੈਨੂੰ ਐਸਾ ਕਰਨੋਂ ਵਰਜ ਰਹੀ ਹੈ।” ਮੈਂ ਉਨ੍ਹਾਂ ਨੂੰ ਪੁੱਛਿਆ, “ਉਹ ਮਜਬੂਰੀ ਕੀ ਹੈ?” ਕਹਿਣ ਲੱਗੇ, “ਉਸੇ ਦੇਸ਼ ਦਾ ਇੱਕ ਸੱਜਣ ਸਾਡੀ ਕੌਂਸਲ ਵਿੱਚ ਅੱਗੇ ਵੀ ਹੈ। ਇੱਕ ਹੋਰ ਲੈਣ ਨਾਲ ਕਿਸੇ ਹੋਰ ਦੇਸ਼ ਦੀ ਹਕ ਤਲਫ਼ੀ ਹੋ ਜਾਵੇਗੀ।” ਸਾਡੀ ਗੱਲ ਇੱਥੇ ਹੀ ਰਹਿ ਗਈ ਕਿਉਂਕਿ ਕੋਈ ਹੋਰ ਸੱਜਣ ਉਹਨਾਂ ਨੂੰ ਮਿਲਣ ਲਈ ਆ ਗਿਆ। ਮੈਂ ਇਜਾਜ਼ਤ ਲੈ ਕੇ ਬਾਹਰ ਆ ਗਿਆ।
ਬਾਹਰ ਉਨ੍ਹਾਂ ਦੇ ਅਮਲੇ ਦੇ ਦੋ ਸੱਜਣ ਖੜ੍ਹੇ ਸਨ। ਮੈਂ ਉਨ੍ਹਾਂ ਨਾਲ ਗੱਲਬਾਤ ਕਰਨ ਲਈ ਉਨ੍ਹਾਂ ਨਾਲ ਖਲੋ ਗਿਆ। ਗੱਲਾਂ-ਗੱਲਾਂ ਵਿੱਚ ਮੈਂ ਜ਼ਿਕਰ ਕੀਤਾ ਕਿ ਅਸੀਂ ਕੌਂਸਲ ਦੀਆਂ ਦੋ ਖ਼ਾਲੀ ਥਾਵਾਂ ‘ਤੇ ਬੰਦੇ ਨਿਯੁਕਤ ਕਰਨ ਲਈ ਗੱਲਬਾਤ ਕਰ ਰਹੇ ਸਾਂ, ਤੇ ਮੈਂ ਦਾ ਨਾਮ ਪੇਸ਼ ਕਰ ਦਿੱਤਾ…। ਮੇਰੀ ਗੱਲ ਟੋਕ ਕੇ ਹੀ ਉਨ੍ਹਾਂ ਪੁੱਛਿਆ, “ਤਾਂ ਕਾਰਸਟੇਅਰਜ਼ ਸਾਹਿਬ ਨੇ ਕੀ ਕਿਹਾ?” ਮੈਂ ਦੱਸਿਆ, “ਉਹ ਮੇਰੇ ਵੱਲੋਂ ਪੇਸ਼ ਕੀਤੇ ਹੋਏ ਨਾਮ ਨਾਲ ਤਾਂ ਅਸਹਿਮਤ ਨਹੀਂ ਸਨ, ਪਰ ਇਸ ਲਈ ਮਜਬੂਰ ਸਨ ਕਿ ਉਨ੍ਹਾਂ ਦੇ ਦੇਸ਼ ਦਾ ਇਕ ਬੰਦਾ ਅੱਗੇ ਹੀ ਕੌਂਸਲ ਵਿੱਚ ਹੈ।” ਉਹ ਦੋਵੇਂ ਸੱਜਣ ਹੱਸ ਪਏ ਤੇ ਕਿਹਾ, “ਸਭਯ ਗੱਲ ਕਰਨੀ ਕੋਈ ਡਾ: ਕਾਰਸਟੇਅਰਜ਼ ਤੋਂ ਸਿੱਖੇ।” ਮੈਂ ਕਿਹਾ, “ਮੈਂ ਸਮਝਿਆ ਨਹੀਂ, ਮੈਨੂੰ ਸਮਝਾ ਸਕਦੇ ਓ?” ਕਹਿਣ ਲੱਗੇ, “ਜਿਸ ਦਾ ਤੁਸਾਂ ਨਾਮ ਲਿਆ ਹੈ, ਉਹ ਬੜਾ ਚਾਲੂ ਆਦਮੀ ਹੈ। ਤੁਹਾਨੂੰ ਤਾਂ ਪਤਾ ਨਹੀਂ ਉਸ ਦੇ ਚਾਲ-ਚਲਨ ਬਾਰੇ, ਇਨਕੁਆਰੀ ਚੱਲ ਰਹੀ ਹੈ। ਡਾ: ਕਾਰਸਟੇਅਰਜ਼ ਇਸ ਗੱਲ ਤੋਂ ਜਾਣੂ ਹਨ। ਪਰ ਉਹ ਕਦੇ ਕਿਸੇ ਦੀ ਪਿੱਠ ਪਿੱਛੇ ਵੀ ਨਿੰਦਾ ਨਹੀਂ ਕਰਦੇ। ਇਸ ਲਈ ਉਨ੍ਹਾਂ ਤੁਹਾਡਾ ਸੁਝਾਓ ਨਾ ਮਨਜ਼ੂਰ ਕਰਨ ਲਈ ਇਕ ਮਾਕੂਲ ਵਜ੍ਹਾ ਪੇਸ਼ ਕਰ ਦਿੱਤੀ ਤੇ ਤੁਸੀਂ ਇਸ ਨੂੰ ਪ੍ਰਵਾਨ ਕਰ ਲਿਆ।”
ਮੇਰੇ ਦਿਲ ਵਿੱਚ ਡਾ: ਕਾਰਸਟੇਅਰਜ਼ ਲਈ ਸਤਿਕਾਰ ਅੱਗੇ ਤੋਂ ਵੀ ਉੱਚਾ ਹੋ ਗਿਆ।
(1971)
