ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ‘ਪੀਡੀ’ ਇੱਕੋ ਵਾਰ ਸ਼ੇਖ ਫਰੀਦ ਜੀ ਦੁਆਰਾ ਉਚਾਰਨ ਸਲੋਕਾਂ ਦੇ ਵਿੱਚ ਆਇਆ ਹੈ। ਸ਼ੇਖ ਫਰੀਦ ਜੀ ਰੂਹਾਨੀਅਤ ਦੇ ਪੈਗਾਮ ਫਰਮਾਉਂਦੇ ਹਨ ਕਿ, “ਜੇ ਮੈਂ ਇਹ ਜਾਣਦਾ ਹੁੰਦਾ ਕਿ ਲੜ ਨੇ ਛਿਜ ਜਾਣਾ ਹੈ ਤਾਂ ਮੈਂ ਪੀਡੀ ਗੰਢ ਪਾਉਂਦਾ।”
ਹੇ ਖੁਦਾ! ਮੇਰੇ ਵਾਸਤੇ ਤੇਰੇ ਵਰਗਾ ਕੋਈ ਵੀ ਨਹੀਂ ਹੈ, ਸਾਰਾ ਜਗਤ ਹੰਢਾ ਕੇ ਦੇਖ ਲਿਆ ਹੈ। ਸਨਾਤਨ ਮਤ ਦੇ ਵਿੱਚ ਵਿਆਹ ਦੇ ਸਮੇਂ ਅੱਗ ਦੇ ਦੁਆਲੇ ਫੇਰੇ ਲੈਣ ਲੱਗਿਆ ਲਾੜੀ ਦੀ ਚੁੰਨੀ ਨੂੰ ਲਾੜੇ ਦੇ ਪੱਲੇ ਦੇ ਨਾਲ ਕਸ ਕੇ ਗੰਢ ਮਾਰੀ ਜਾਂਦੀ ਹੈ:
ਜੇ ਜਾਣਾ ਲੜੁ ਛਿਜਣਾ ਪੀਡੀ ਪਾਈਂ ਗੰਢਿ ।।
ਤੈ ਜੇਵਡ ਮੈ ਨਾਹਿ ਕੋ ਸਭ ਜਗੁ ਡਿਠਾ ਹੰਢਿ ।। ( ਸ੍ਰੀ ਗੁਰੂ ਗ੍ਰੰਥ ਸਾਹਿਬ,1377)
‘ਮਹਾਨ ਕੋਸ਼’ ਦੇ ਕਰਤਾ ਭਾਈ ਕਾਨ੍ਹ ਸਿੰਘ ਨਾਭਾ ਦੇ ਅਨੁਸਾਰ ਸਿੰਧੀ ਦੇ ਵਿੱਚ ਦ੍ਰਿੜ, ਮਜਬੂਤ ਤੇ ਕਰੜੀ ਨੂੰ ਪੀਡੀ ਕਹਿੰਦੇ ਹਨ। ਭਾਈ ਵੀਰ ਸਿੰਘ ਜੀ ‘ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼’ ਦੇ ਵਿੱਚ ਇਸ ਨੂੰ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਲਿਖ ਕੇ ਅਰਥ ਠੋਸ, ਤਕੜੀ, ਪੱਕੀ, ਮਜਬੂਤ ਕਰਦੇ ਹਨ
ਪ੍ਰੋਫੈਸਰ ਸਾਹਿਬ ਸਿੰਘ ‘ਗੁਰਬਾਣੀ ਪਾਠ ਦਰਪਣ’ ਦੇ ਵਿੱਚ ਪੀਡੀ ਦੇ ਅਰਥ ਪੱਕੀ ਕਰਦੇ ਹਨ।
ਪੀਡੀ- ਪੂਰੀ ਵੱਡੀ ਦਾ ਸੰਖੇਪ ਹੈ।
ਸੰਸਾਰ ਦੇ ਵਿੱਚ ਜੇ ਕਿਧਰੇ ਕੈਂਹ, ਕੰਚਨ, ਲੋਹੇ ਦੀ ਧਾਤ ਟੁੱਟ ਜਾਏ ਤਾਂ ਲੁਹਾਰ ਅਗਨੀ ਦੇ ਨਾਲ ਗੰਢ ਪਾ ਦਿੰਦਾ ਹੈ, ਗੋਰੀ ਦੇ ਨਾਲ ਭਤਾਰ ਦਾ ਸੰਬੰਧ ਟੁੱਟ ਜਾਏ ਤਾਂ ਪੁੱਤ ਤੇ ਧੀ ਦੇ ਕਰਕੇ ਦੋਨਾਂ ਦੀ ਗੰਢ ਸੰਸਾਰ ਦੇ ਵਿੱਚ ਬਣੀ ਰਹਿੰਦੀ, ਰਾਜੇ ਦੇ ਨਾਲ ਪਰਜਾ ਦਾ ਮੇਲ ਮਾਮਲਾ ਦਿੱਤਿਆਂ ਹੀ ਬਣਦਾ ਹੈ।
ਭੁੱਖੇ ਮਨੁੱਖ ਦਾ ਕੁਝ ਖਾਣ ਦੇ ਨਾਲ ਆਪਣੇ ਸਰੀਰ ਨਾਲ ਸੰਬੰਧ ਬਣਦਾ ਹੈ, ਕਾਲ ਦਾ ਖਾਤਮਾ ਤਾਂ ਹੀ ਹੁੰਦਾ ਹੈ ਜੇ ਮੀਂਹ ਪੈਣ ਨਾਲ ਨਦੀਆਂ ਵਗ ਪੈਣ , ਪਿਆਰ ਮਿਠਾ ਬੋਲਣ ਦੇ ਨਾਲ ਗੂੜਾ ਹੁੰਦਾ ਹੈ, ਸੱਚ ਬੋਲਣ ਦੇ ਨਾਲ ਵੇਦਾਂ ਦੇ ਨਾਲ ਗੰਢ ਪੈਂਦੀ ਹੈ। ਇਸ ਤਰ੍ਹਾਂ ਦੇ ਨਾਲ ਅਨੇਕਾਂ ਗੰਢਾਂ ਸੰਸਾਰ ਦੇ ਵਿੱਚ ਵਰਤਦੀਆਂ ਹਨ, ਮੂੰਹ ‘ਤੇ ਮਾਰ ਪਿਆਂ ਮੂਰਖ ਦੇ ਮੂਰਖਪੁਣੇ ਨੂੰ ਰੋਕ ਲੱਗਦੀ ਹੈ, ਪਰਮਾਤਮਾ ਦੀ ਸਿਫਤ ਕਰਨ ਦੇ ਨਾਲ ਉਹਦੇ ਦਰਬਾਰ ਦੇ ਵਿੱਚ ਸਾਂਝ ਪੈਂਦੀ ਹੈ:
ਕੈਹਾ ਕੰਚਨੁ ਤੁਟੈ ਸਾਰੁ।।
ਅਗਨੀ ਗੰਢੁ ਪਾਏ ਲੋਹਾਰੁ ।।
ਗੋਰੀ ਸੇਤੀ ਤੁਟੈ ਭਤਾਰ।।
ਪੁਤੀ ਗੰਢੁ ਪਵੈ ਸੰਸਾਰਿ ।।
ਰਾਜਾ ਮੰਗਹਿ ਦਿਤੈ ਗੰਢੁ ਪਾਇ।।
ਭੁਖਿਆ ਗੰਢੁ ਪਵੈ ਜਾ ਖਾਇ।।
ਕਾਲਾ ਗੰਢੁ ਨਦੀਆਂ ਮੀਹ ਝੋਲ।।
ਗੰਢ ਪਰੀਤੀ ਮਿਠੇ ਬੋਲ।।
ਬੇਦਾ ਗੰਢੁ ਬੋਲੈ ਸਚੁ ਕੋਇ।।
ਮੋਇਆ ਗੰਢੁ ਨੇਕੀ ਸਤੁ ਹੋਇ।।
ਏਤ ਗੰਢਿ ਵਰਤੈ ਸੰਸਾਰੁ।।
ਮੂਰਖ ਗੰਢੁ ਪਵੈ ਮੁਹਿ ਮਾਰ।।
ਨਾਨਕੁ ਆਖੈ ਏਹੁ ਬੀਚਾਰੁ।।
ਸਿਫਤੀ ਗੰਢੁ ਪਵੈ ਦਰਬਾਰਿ।। ( ਸ੍ਰੀ ਗੁਰੂ ਗ੍ਰੰਥ ਸਾਹਿਬ,143)
ਆਮ ਘਰਾਂ ਦੇ ਵਿੱਚ ਜਾਨਵਰਾਂ ਨੂੰ ਕਿੱਲੇ ਦੇ ਨਾਲ ਬੰਨਣ ਵਾਸਤੇ ਗੰਢ ਮਾਰਦੇ ਹਾਂ ਤਾਂ ਸਿਆਣੇ ਮਨੁੱਖ ਸਹਿਜ ਸੁਭਾਏ ਕਹਿ ਦਿੰਦੇ ਹਨ ਕਿ, “ਦੇਖੀਂ! ਕਿਤੇ ਤੇਰੀ ਮਾਰੀ ਹੋਈ ਗੰਢ ਖੁਲ ਨਾ ਜਾਏ, ਦੂਹਰੀ ਗੰਢ ਮਾਰ। “ਜਦੋਂ ਉਹਨਾਂ ਦੀ ਗੱਲ ਮੰਨ ਕੇ ਮਨੁੱਖ ਦੂਹਰੀ ਗੰਢ ਮਾਰਦਾ ਹੈ ਤਾਂ ਗੰਢ ਪੂਰੀ ਵੱਡੀ ਹੋ ਜਾਂਦੀ ਹੈ।
ਗਿਆਨੀ ਗੁਰਜੀਤ ਸਿੰਘ ਪਟਿਆਲਾ ਮੁੱਖ ਸੰਪਾਦਕ
