ਲੇਖਕ : ਡਾ. ਪਰਮਵੀਰ ਸਿੰਘ ਅਤੇ ਰਵਿੰਦਰਪਾਲ ਸਿੰਘ
ਪ੍ਰਕਾਸ਼ਤ : ਬੈਕੁੰਠ ਪਬਲੀਕੇਸ਼ਨਜ਼, ਪਟਿਆਲਾ
ਪੰਨੇ : 532+57 ਕੀਮਤ : 800/-
ਡਾ. ਪਰਮਵੀਰ ਸਿੰਘ, ਪ੍ਰੋਫੈਸਰ, ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਅਤੇ ਉਹਨਾਂ ਦੇ ਖੋਜਾਰਥੀ ਸ. ਰਵਿੰਦਰਪਾਲ ਸਿੰਘ ਵੱਲੋਂ ਸਾਂਝੇ ਰੂਪ ਵਿੱਚ ਤਿਆਰ ਕੀਤੀ ਗਈ ਇਹ ਵਡੇਰੀ ਤੇ ਮਹੱਤਵਪੂਰਨ ਪੁਸਤਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ 2025 ਵਿਚ ਆ ਰਹੀ ਸ਼ਤਾਬਦੀ ਨੂੰ ਸਮਰਪਿਤ ਹੈ। ਹਰੇਕ ਧਰਮ ਦੇ ਅਨੁਆਈ ਆਪਣੇ ਧਰਮ ਅਤੇ ਸਿਧਾਂਤਾਂ ਨੂੰ ਪ੍ਰਚਾਰਨ ਲਈ ਸੰਸਥਾਗਤ ਤਰੀਕੇ ਅਪਣਾਉਂਦੇ ਹਨ। ਸਿੱਖ ਧਰਮ ਦੇ ਪ੍ਰਚਾਰ ਅਤੇ ਪਸਾਰ ਲਈ ਸਭ ਤੋਂ ਅਹਿਮ ਸਿਧਾਂਤ/ਸੰਸਥਾ ਗੁਰਦਵਾਰਾ ਸਾਹਿਬ ਹੀ ਹੈ। 20 ਵੀਂ ਸਦੀ ਦੇ ਆਰੰਭ ਤੋਂ ਰਾਜਨੀਤਿਕ ਉਥਲ-ਪੁਥਲ ਦੇ ਉਹਨਾਂ ਵੇਲਿਆਂ ਵਿਚ ਜਦੋਂ ਗੁਰਧਾਮਾਂ ਵਿਚ ਕਾਬਜ਼ ਮਹੰਤਾਂ ਵੱਲੋਂ ਗੁਰੂ ਆਸ਼ੇ ਤੋ ਵਿਪਰੀਤ ਕਾਰਜ ਹੋਣ ਸ਼ੁਰੂ ਹੋਏ, ਅਨੇਕਾਂ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ।
ਇਹਨਾਂ ਕੁਰੀਤੀਆਂ ਨੂੰ ਖਤਮ ਕਰਕੇ ਗੁਰਧਾਮਾਂ ਦੇ ਸਮੁੱਚੇ ਪ੍ਰਬੰਧ ਨੂੰ ਗੁਰਮਤਿ ਅਨੁਸਾਰ ਚਲਾਉਣ ਲਈ ਸਿੱਖਾਂ ਨੇ ਲਾਮਬੰਦ ਹੋਣਾ ਸ਼ੁਰੂ ਕੀਤਾ ਤੇ ਅਨੇਕ ਸ਼ਹਾਦਤਾਂ ਦੇ ਕੇ ਅਤੇ ਜੇਲ੍ਹਾਂ ਦੇ ਤਸੀਹੇ ਸਹਿ ਕੇ ਸਿੱਖਾਂ ਵਲੋਂ ਗੁਰਦਵਾਰਿਆਂ ਦੇ ਪ੍ਰਬੰਧ ਨੂੰ ਸੁਚਾਰੂ ਤੇ ਸੁਚੱਜੇ ਢੰਗ ਨਾਲ ਚਲਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਸੀ। ਹੱਥਲੀ ਪੁਸਤਕ ਜੋ ਤਕਰੀਬਨ ਪਿਛਲੀ ਇਕ ਸਦੀ ਵਿੱਚ ਸ਼੍ਰੋਮਣੀ ਕਮੇਟੀ ਵੱਲੋਂ ਕੀਤੇ ਗੁਰਮਤੇ, ਲਏ ਗਏ ਫ਼ੈਸਲੇ ਅਤੇ ਹੋਈਆਂ ਇਕੱਤਰਤਾਵਾਂ ਬਾਰੇ ਤਫ਼ਸੀਲੀ ਜਾਣਕਾਰੀ ਪ੍ਰਦਾਨ ਕਰਦੀ ਹੈ। ਜਿਨ੍ਹਾਂ ਵੇਲਿਆਂ ਵਿੱਚ ਸਥਾਪਿਤ ਰਾਜਨੀਤਕ ਦਲ, ਸਿੱਖੀ ਪ੍ਰਤੀ ਅਣਦਿਸਦੀ ਖੁਣਸ ਤੋਂ ਮਜ਼ਬੂਰ ਅਤੇ ਆਪਣੀ ਰਾਜਸੀ ਨਫ਼ਰਤ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਸਦੇ ਪ੍ਰਬੰਧ ਬਾਰੇ ਨਿਗੂਣੇ ਪੱਧਰ ਦੀ ਬਿਆਨਬਾਜ਼ੀ ਕਰਦੇ ਹੋਏ ਆਪਣੇ ਰਾਜਨੀਤਕ ਸਰੋਕਾਰ ਸਿੱਧ ਕਰਦੇ ਆਮ ਦੇਖੇ ਜਾ ਸਕਦੇ ਹਨ, ਉਹਨਾਂ ਵੇਲਿਆਂ ਵਿੱਚ ਇਸ ਧਾਰਮਿਕ ਸੰਸਥਾ ਦੀ ਬਹੁਪੱਖੀ ਕਾਰਜਸ਼ੀਲਤਾ ਨੂੰ ਉਜਾਗਰ ਕਰਦੀ ਇਸ ਕਿਤਾਬ ਦਾ ਪਾਠਕਾਂ ਦੇ ਸਨਮੁੱਖ ਆਉਣਾ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਤਕਰੀਬਨ ਸਾਰੇ ਮਤੇ ਸਮੇਂ-ਸਮੇਂ ਸਿਰ ਛਪਦੇ ਰਹੇ ਹਨ ਫਿਰ ਵੀ ਸਾਰੇ ਮਤੇ ਕਿਤੇ ਵੀ ਇਕੋ ਜਗ੍ਹਾ ਨਹੀਂ ਸਨ ਮਿਲਦੇ। ਇਸ ਪੁਸਤਕ ਵਿਚ ਭਾਵੇਂ ਕਿ ਬਹੁਤੇ ਮਤੇ ‘ਗੁਰਦੁਆਰਾ ਗਜ਼ਟ’ ਵਿਚੋਂ ਲਏ ਗਏ ਪਰ ਫਿਰ ਵੀ ਸਮਕਾਲੀ ਅਖ਼ਬਾਰਾਂ ਤੇ ਪੁਸਤਕਾਂ ਦੀ ਪੜਚੋਲ ਕਰਕੇ ਵੀ ਵੱਧ ਤੋਂ ਵੱਧ ਮਤੇ ਇਕੱਤਰ ਕਰਨ ਦਾ ਜਤਨ ਕੀਤਾ ਗਿਆ ਹੈ। ਵੱਖ-ਵੱਖ ਭੂਗੋਲਿਕ ਖੇਤਰਾਂ ਦੇ ਭਾਸ਼ਾਈ ਵਖਰੇਵੇਂ ਤੇ ਸ਼ਬਦ ਜੋੜ ਨੂੰ ਬਰਕਰਾਰ ਰੱਖਦੇ ਹੋਏ ਮਤਿਆਂ ਨੂੰ ਉਹਨਾਂ ਦੀ ਮੂਲ ਭਾਵਨਾ ਅਨੁਸਾਰ ਰੱਖਣਾ, ਇਕ ਤੋਂ ਵੱਧ ਵਾਰ ਪਾਸ ਹੋਏ ਇਕੋ ਜਿਹੇ ਮਤਿਆਂ ਵਿਚੋਂ ਇਕ ਦੀ ਇਬਾਰਤ ਨੂੰ ਚੁਣਨਾ, ਮਤਿਆਂ ਦੀ ਰੂਪ ਰੇਖਾ ਸਪੱਸ਼ਟ ਕਰਨ ਲਈ ਉਹਨਾਂ ਨੂੰ ਸਿਰਲੇਖ ਦੇਣੇ, ਹਰੇਕ ਪਾਸ ਹੋਏ ਮਤੇ ਦੀ ਮਿਤੀ ਨੂੰ ਨਾਲ ਦਰਜ ਕਰਨਾ, ਲਿਖਣ ਵੇਲੇ ਦੀਆਂ ਗਲਤੀਆਂ ਅਤੇ ਇਕੋ ਸ਼ਬਦ ਦੇ ਵੱਖੋ-ਵੱਖ ਰੂਪਾਂ ਨੂੰ ਸਮਰੂਪ ਕਰਦੇ ਹੋਏ ਇਸ ਗੁੰਝਲਦਾਰ ਤੇ ਔਖੀ ਸੰਪਾਦਨਾ ਵਿੱਚ ਇਹਨਾਂ ਮਤਿਆਂ ਨੂੰ ਇਕੱਤਰ ਕਰਨ ਦਾ ਪੇਚੀਦਾ ਕਾਰਜ ਬੇਹੱਦ ਸੁਚੱਜੇ ਢੰਗ ਨਾਲ ਕੀਤਾ ਗਿਆ ਹੈ।
ਇਸ ਪੁਸਤਕ ਨੂੰ ਦੋ ਭਾਗਾਂ ਵਿਚ ਵੰਡਿਆ ਗਿਆ ਹੈ। ਇਸ ਦੇ ਪਹਿਲੇ ਭਾਗ ਵਿਚ ‘ਗੁਰਦੁਆਰਾ ਐਕਟ ਲਾਗੂ ਹੋਣ ਤੋਂ ਪੂਰਬਲੇ ਮਤੇ ਸ਼ਾਮਲ ਕੀਤੇ ਗਏ ਹਨ। ਗੁਰਧਾਮਾਂ ਦੇ ਸੁਧਾਰ ਅਤੇ ਸਿੱਖੀ ਦੇ ਪ੍ਰਚਾਰ ਲਈ ਸਥਾਪਿਤ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ 1920 ਤੋਂ 1925 ਵਿਚ ਗੁਰਦੁਆਰਾ ਐਕਟ ਲਾਗੂ ਹੋਣ ਤੱਕ ਦਾ ਸਮਾਂ ਸੰਘਰਸ਼ਮਈ ਹੈ। ਅਜਿਹੀ ਹਾਲਤ ਵਿਚ ਸ਼੍ਰੋਮਣੀ ਕਮੇਟੀ ਦੀ ਕਾਰਜਸ਼ੈਲੀ ਬਾਰੇ ਜੋ ਕੁੱਝ ਵੀ ਬਿਆਨ ਕੀਤਾ ਜਾ ਸਕਦਾ ਹੈ, ਉਹ ਸਮਕਾਲੀ ਅਖ਼ਬਾਰਾਂ, ਰਿਪੋਰਟਾਂ, ਮੁਕੱਦਮਿਆਂ ਆਦਿ ਵਿਚੋਂ ਸਾਹਮਣੇ ਆ ਸਕਦਾ ਹੈ। ਇਸ ਪੁਸਤਕ ਦਾ ਦੂਜਾ ਭਾਗ ‘ਗੁਰਦੁਆਰਾ ਐਕਟ ਅਧੀਨ ਪਾਸ ਹੋਏ ਮਤੇ’ ਸਿਰਲੇਖ ਅਧੀਨ ਰੱਖਿਆ ਗਿਆ ਹੈ। 1925 ਵਿਚ ਗੁਰਦੁਆਰਾ ਐਕਟ ਪਾਸ ਹੋਣ ਉਪਰੰਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਕ ਨਿਰਧਾਰਿਤ ਵਿਧੀ-ਵਿਧਾਨ ਅਨੁਸਾਰ ਕਾਰਜਸ਼ੀਲ ਹੋ ਗਈ ਸੀ ਅਤੇ ਹਰ ਇਕ ਕਾਰਵਾਈ ਦਾ ਲੇਖਾ- ਜੋਖਾ ਰੱਖਿਆ ਜਾਣ ਲੱਗਿਆ ਸੀ। ਦੂਜੇ ਭਾਗ ਵਿਚ ਸ਼ਾਮਲ ਅਤੇ ਪੰਜਾਬ ਅਤੇ ਸਿੱਖ ਪੰਥ ਨਾਲ ਸੰਬੰਧਿਤ ਹਨ ਜਿਹੜੇ ਕਿ ਸਮੇਂ-ਸਮੇਂ ‘ਤੇ ਦਰਪੇਸ਼ ਆਈਆਂ ਸਮੱਸਿਆਵਾਂ ਦੇ ਸਨਮੁਖ ਸ਼੍ਰੋਮਣੀ ਕਮੇਟੀ ਦਾ ਪੱਖ ਪੇਸ਼ ਕਰਦੇ ਹਨ।
ਜਨਰਲ ਇਜਲਾਸ, ਅੰਤ੍ਰਿੰਗ ਕਮੇਟੀ, ਧਰਮ ਪ੍ਰਚਾਰ ਕਮੇਟੀ, ਧਾਰਮਿਕ ਸਲਾਹਕਾਰ ਕਮੇਟੀ ਆਦਿ ਵਿਚ ਪਾਸ ਕੀਤੇ ਗਏ ਇਹਨਾਂ ਮਤਿਆਂ ਦੀ ਸੰਪਾਦਨਾ ਦੌਰਾਨ ਇਹਨਾਂ ਨੂੰ 60 ਤੋਂ ਵਧੇਰੇ ਵਿਸ਼ਿਆਂ ਵਿੱਚ ਵੰਡਿਆਂ ਇਹਨਾਂ ਦੇ ਅਨੇਕਾਂ ਪੱਖ ਉਜਾਗਰ ਹੁੰਦੇ ਹਨ। ਜਿਨ੍ਹਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ, ਇਸਦੀ ਕਾਰਜਸ਼ੈਲੀ, ਗੁਰਧਾਮਾਂ ਦੀ ਸੇਵਾ ਸੰਭਾਲ, ਸਿੱਖ ਰਹਿਤ ਮਰਯਾਦਾ, ਪ੍ਰਮੁੱਖ ਸਿੱਖ ਸ਼ਖ਼ਸੀਅਤਾਂ, ਸਿੱਖ ਧਰਮ ਦੇ ਪ੍ਰਚਾਰ-ਪ੍ਰਸਾਰ ਲਈ ਕੀਤੇ ਕਾਰਜ, ਸਿੱਖ ਪਰੰਪਰਾਵਾਂ, ਸਰਕਾਰ ਦੇ ਸਿੱਖਾਂ ਨਾਲ ਸੰਬੰਧ, ਦੇਸ਼-ਵਿਦੇਸ਼ ਅਤੇ ਪੰਜਾਬ ਵਿੱਚ ਵੱਸਦੇ ਸਿੱਖਾਂ ਦੀਆਂ ਸਮੱਸਿਆਵਾਂ ਤੇ ਦਰਪੇਸ਼ ਮੁਸ਼ਕਲਾਂ, ਅਨਮਤੀਆਂ ਦੇ ਹਮਲੇ, ਸਮੇਂ ਦੀ ਹਕੂਮਤ ਵੱਲੋਂ ਸਿੱਖਾਂ ‘ਤੇ ਕੀਤੇ ਗਏ ਜ਼ੁਲਮ, ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ, 1984 ਦੀਆਂ ਘਟਨਾਵਾਂ, ਗੁਰਧਾਮਾਂ ਦੀ ਬੇਹੁਰਮਤੀ, ਸਿੱਖ ਆਗੂਆਂ ਦੀ ਸਮਾਜਿਕ ਤੇ ਰਾਜਨੀਤਿਕ ਕਾਰਜਸ਼ੈਲੀ ਅਤੇ ਸਿੱਖ ਜਥੇਬੰਦੀਆਂ ਆਦਿ ਬਾਰੇ ਜਾਣਕਾਰੀ ਪ੍ਰਾਪਤ ਹੁੰਦੀ ਹੈ। ਪੁਸਤਕ ਵਿਚ ਦਿੱਤੇ ਇਹਨਾਂ ਮਤਿਆਂ ਦਾ ਮਹੱਤਵਪੂਰਨ ਪੱਖ ਇਹ ਹੈ ਕਿ ਇਹ ਕੇਵਲ ਜਾਣਕਾਰੀ ਦਾ ਸਰੋਤ ਹੀ ਨਹੀਂ ਪ੍ਰਤੀਤ ਹੁੰਦੇ ਸਗੋਂ ਇਹ ਸਿੱਖ ਪੰਥ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਰਜਾਂ ਦੀ ਬਕਾਇਦਾ ਨਿਸ਼ਾਨਦੇਹੀ ਕਰਦੇ ਹੋਏ ਪ੍ਰਤੀਤ ਹੁੰਦੇ ਹਨ ਅਤੇ ਸਿੱਖਾਂ ਦੇ ਸਮਕਾਲੀ ਇਤਿਹਾਸ ਦੀ ਅਹਿਮ ਦਸਤਾਵੇਜ਼ੀ ਭੂਮਿਕਾ ਨਿਭਾਉਂਦੇ ਹਨ। ਇਸਦਾ ਦੂਜਾ ਪੱਖ ਇਹ ਵੀ ਹੈ ਕਿ ਇਸ ਪੁਸਤਕ ਵਿੱਚ ਸੰਕਲਿਤ ਇਹ ਮਤੇ, ਸਿੱਖ ਅਕਾਦਮਿਕ ਹਲਕਿਆਂ ਵਿਚ ਖੋਜ ਕਰ ਰਹੇ ਖੋਜਾਰਥੀਆਂ ਲਈ ਇਕ ਅਹਿਮ ਇਤਿਹਾਸਿਕ ਸਰੋਤ ਵੀ ਬਣ ਸਕਣਗੇ।
ਇਹਨਾਂ ਮਤਿਆਂ ਤੋਂ ਇਲਾਵਾ ਇਸ ਪੁਸਤਕ ਦੀ ਲੰਮੇਰੀ ਭੂਮਿਕਾ ਦਾ ਵੀ ਇਸ ਕਿਤਾਬ ਵਿਚ ਅਹਿਮ ਸਥਾਨ ਬਣਦਾ ਹੈ। ਭੂਮਿਕਾ ਵਿਚ ਸੰਖੇਪ ਰੂਪ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗਠਨ ਹੋਣ ਤੋਂ ਪਹਿਲਾਂ ਤੇ ਇਸ ਕਮੇਟੀ ਦੀ ਸਥਾਪਨਾ ਦੀ ਪਿੱਠਭੂਮੀ ਬਣੀਆਂ ਇਤਿਹਾਸਿਕ ਘਟਨਾਵਾਂ ਜਿਨ੍ਹਾਂ ਵਿੱਚ ਸਿੱਖਾਂ ਵੱਲੋਂ ਕੀਤੇ ਸੁਧਾਰਵਾਦੀ ਕਾਰਜ, ਸਿੰਘ ਸਭਾ ਲਹਿਰ ਦਾ ਯੋਗਦਾਨ, ਸ਼੍ਰੋਮਣੀ ਅਕਾਲੀ ਦਲ ਦੀ ਸਥਾਪਨਾ ਤੇ ਇਸਦਾ ਮੁੱਢਲਾ ਉਦੇਸ਼, ਗੁਰਦੁਆਰਾ ਸੁਧਾਰ ਲਹਿਰ ਅਤੇ ਇਸ ਲਹਿਰ ਗੁਰਦਵਾਰਿਆਂ ਦਾ ਪ੍ਰਬੰਧ ਲੈਣ ਲਈ ਲਾਏ ਗਏ ਜੈਤੋ ਦਾ ਮੋਰਚਾ, ਚਾਬੀਆਂ ਦਾ ਮੋਰਚਾ ਅਤੇ ਹੋਰ ਮੋਰਚਿਆਂ ਦੀ ਜਾਣਕਾਰੀ, ਗੁਰਦਵਾਰਾ ਸੈਂਟਰਲ ਬੋਰਡ ਅਤੇ ਬੱਬਰ ਅਕਾਲੀ ਲਹਿਰ ਆਦਿ ਦਾ ਵੇਰਵਾ, ਮਤਿਆਂ ਨੂੰ ਪੜ੍ਹਨ ਦਾ ਆਧਾਰ ਬਣਦੇ ਹੋਏ ਪਾਠਕਾਂ ਲਈ ਲਾਹੇਵੰਦ ਜਾਣਕਾਰੀ ਸਿੱਧ ਹੁੰਦੀ ਹੈ।
ਇਸ ਅਤਿ ਲੋੜੀਂਦੇ ਤੇ ਮਹੱਤਵਪੂਰਨ ਕਾਰਜ ਨੂੰ ਨੇਪਰੇ ਚੜਾਉਣਾ ਕੋਈ ਸੁਖਾਲਾ ਕੰਮ ਨਹੀ ਸੀ। ਇਸ ਪੁਸਤਕ ਦੇ ਸੰਪਾਦਕ ਇਸ ਗੱਲੋਂ ਵਧਾਈ ਦੇ ਪਾਤਰ ਹਨ ਕਿ ਉਹਨਾਂ ਪਿਛਲੇ 100 ਸਾਲਾਂ ਵਿਚ ਪਾਸ ਹੋਏ ਮਤਿਆਂ ਨੂੰ ਇਕੋ ਜਗ੍ਹਾ ਪਾਠਕਾਂ ਸਾਵੇਂ ਰੱਖਣ ਦਾ ਸਫਲ ਉਪਰਾਲਾ ਕੀਤਾ ਤੇ ਉਹਨਾਂ ਨੇ ਵਿਸਤ੍ਰਿਤ ਸਮੇਂ ਵਿਚ ਫੈਲੇ ਹੋਏ ਇਸ ਕਾਰਜ ਨੂੰ ਇਕ ਥਾਂ ਇਕੱਤਰ ਕਰਕੇ ਇਸ ਸੰਪਾਦਨਾ ਦੇ ਕਾਰਜ ਨੂੰ ਬਾਕਮਾਲ ਖੂਬਸੂਰਤੀ ਨਾਲ ਪੇਸ਼ ਕੀਤਾ ਹੈ।
ਪ੍ਰੋ (ਡਾ.) ਜਸਪਾਲ ਕੌਰ ਕਾਂਗ
ਸੀਨੀਅਰ ਪ੍ਰੋਫੈਸਰ
ਗੁਰੂ ਗ੍ਰੰਥ ਸਾਹਿਬ ਵਿਸ਼ਵ ਯੂਨੀਵਰਸਿਟੀ
ਫਤਹਿਗੜ੍ਹ ਸਾਹਿਬ