134 views 13 secs 0 comments

ਪੈਰਸ ਦੇ ਹੋਟਲ ਵਿਚ ਇਕ ਸਿੰਘ ਦੀ ਰਾਤ

ਲੇਖ
March 10, 2025

-ਪ੍ਰਿੰ. ਨਰਿੰਦਰ ਸਿੰਘ ਸੋਚ

ਇਕ ਇਤਿਹਾਸ ਦਾ ਖੋਜੀ ਸਿੰਘ ਕਈ ਦੇਸ਼ਾਂ ਪ੍ਰਦੇਸ਼ਾਂ ਦੀਆਂ ਲਾਇਬ੍ਰੇਰੀਆਂ ਵਿੱਚੋਂ ਸਿੱਖ ਇਤਿਹਾਸ ਨਾਲ ਸੰਬੰਧਿਤ ਕਾਗਜ਼-ਪੱਤਰ ਲੱਭਦਾ ਫਿਰਦਾ ਸੀ। ਇਸ ਸੰਬੰਧ ਵਿਚ ਘੁੰਮਦਾ ਉਹ ਪੈਰਸ ਦੇ ਇਕ ਹੋਟਲ ਵਿਚ ਠਹਿਰਿਆ। ਉਸ ਹੋਟਲ ਦੀ ਇਨਚਾਰਜ ਇਕ ‘ਇਸਤਰੀ” ਸੀ। ਜਦੋਂ ਅਨੋਖੇ ਅਤੇ ਅਜਨਬੀ ਖੋਜੀ ਨੇ ਆਪਣੇ ਨਾਮ ਅੱਗੇ ਸਿੰਘ ਸ਼ਬਦ ਲਿਖਿਆ ਤਾਂ ਉਸ ਇਸਤਰੀ ਨੂੰ ਨਵੀਂ ਸ਼ਕਲ ਵਾਲੇ ਪ੍ਰਦੇਸੀ ਦੇ ਨਾਮ ਨਾਲ ਨਵਾਂ ਸ਼ਬਦ ਵੇਖ ਕੇ ਬੜਾ ਅਚੰਭਾ ਹੋਇਆ।

ਪੈਰਸ ਇਕ ਨਵੇਂ ਫੈਸ਼ਨਾਂ ਵਾਲਾ ਤੇ ਪ੍ਰਦੇਸੀਆਂ ਦਾ ਕੇਂਦਰ ਹੈ। ਇਸ ਕਰਕੇ ਭੀ ਇੱਥੇ ਵੱਖ-ਵੱਖ ਦੇਸ਼ਾਂ ਦੇ ਫੈਸ਼ਨ ਵੇਖਣ ਨੂੰ ਬਹੁਤੇ ਮਿਲਦੇ ਹਨ ਪਰ ਇਸ ਚੰਗੀ ਇਸਤਰੀ ਨੇ ਨਾ ਅੱਜ ਤਕ ਸਿੰਘ ਸ਼ਬਦ ਪੜ੍ਹਿਆ ਸੀ ਅਤੇ ਨਾ ਹੀ ਉਸ ਨੇ ਕਿਸੇ ਦੀ ਸ਼ਕਲ ਡਿੱਠੀ ਸੀ। ਉਹ ਤਹਿਜ਼ੀਬ ਅਤੇ ਸੱਭਿਆਚਾਰ ਵਾਲੀ ਤੀਵੀਂ ਸੀ, ਇਸ ਕਰਕੇ ਉਸ ਨੇ ਸਿੰਘ ਜੀ ਉੱਪਰ ਕੋਈ ਪ੍ਰਸ਼ਨ ਨਾ ਕੀਤਾ ਅਤੇ ਨਾ ਕੋਈ ਪੁੱਛ-ਗਿੱਛ ਕੀਤੀ।

ਇਹ ਬੜੇ ਚਿਰਾਂ ਦੀ ਗੱਲ ਹੈ ਅਤੇ ਉਦੋਂ ਪ੍ਰਦੇਸਾਂ ਵਿਚ ਅਤੇ ਖਾਸ ਕਰਕੇ ਹੋਟਲਾਂ ਵਿਚ ਰਹਿਣ ਵਾਲੇ ਅਤੇ ਇਤਿਹਾਸ ਦੀ ਖੋਜ ਕਰਨ ਵਾਲੇ ਸਿੰਘ ਪ੍ਰਦੇਸਾਂ ਵਿਚ ਬਹੁਤ ਘੱਟ ਗਏ ਸਨ।

ਉਸ ਚੰਗੀ ਇਸਤਰੀ ਨੇ ਕਈ ਹੋਟਲਾਂ ਵਾਲਿਆਂ ਨੂੰ ਟੈਲੀਫੂਨ ਰਾਹੀਂ ਪੁੱਛਿਆ ਕਿ ਸਿੰਘ ਕੌਣ ਹੁੰਦੇ ਹਨ? ਪਰ ਕਿਸੇ ਨੇ ਭੀ ਇਸਦਾ ਉੱਤਰ ਨਾ ਦਿੱਤਾ ਪਰ ਇਕ ਸਿਆਣੇ ਨੇ ਰਾਹ ਦੱਸਿਆ ਕਿ ਤੁਸੀਂ ਕਿਸੇ ਇਤਿਹਾਸ ਦੇ ਖੋਜੀ, ਯੂਨੀਵਰਸਿਟੀ ਦੇ ਪ੍ਰੋਫ਼ੈਸਰ ਤੋਂ ਪਤਾ ਪੁੱਛੋ। ਉਸ ਤੋਂ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਿੰਘ ਕੌਣ ਹੁੰਦੇ ਹਨ। ਉਸ ਖੋਜੀ ਤੇ ਚੰਗੀ ਇਸਤਰੀ ਨੇ ਸ਼ਾਮ ਤਕ ਸਿੰਘਾਂ ਸੰਬੰਧੀ ਇਸ ਤਰ੍ਹਾਂ ਕਾਫੀ ਗਿਆਨ ਪ੍ਰਾਪਤ ਕਰ ਲਿਆ ਸੀ। ਉਸ ਨੇ ਸਿੰਘਾਂ ਦੀ ਰਹਿਣੀ ਬਹਿਣੀ ਅਤੇ ਨਿਤਨੇਮ ਸਬੰਧੀ ਇਕ ਟੇਬਲ (ਸਾਰਣੀ) ਬਣਾ ਲਿਆ।

ਉਸ ਨੇ ਸਿੰਘ ਨੂੰ ਇਕ ਅਜਿਹਾ ਕਮਰਾ ਦਿੱਤਾ ਜਿਸ ਵਿਚ ਬੈਠੇ ਸਿੰਘ ਜੀ ਦੀ ਨਿਗਰਾਨੀ ਕੀਤੀ ਜਾ ਸਕਦੀ। ਉਸ ਖੋਜੀ ਸਿੰਘ ਨੂੰ ਨਹੀਂ ਸੀ ਪਤਾ ਕਿ ਪ੍ਰਦੇਸਾਂ ਦੇ ਇਕ ਹੋਟਲ ਵਿਚ ਇਕ ਪ੍ਰਦੇਸਣ ਇਸਤਰੀ ਦਸਾਂ ਗੁਰੂ ਸਾਹਿਬਾਨ ਦੀ ਪ੍ਰਾਪਤੀ ਦੀ ਪ੍ਰੀਖਿਆ ਲੈ ਰਹੀ ਹੈ। ਸਿੱਖ ਇਤਿਹਾਸ ਅਤੇ ਰਹਿਤਾਂ ਨੂੰ ਸਿੰਘ ਜੀ ਦੇ ਅਮਲੀ ਜੀਵਨ ਵਿਚ ਪਰਖਿਆ ਜਾ ਰਿਹਾ ਹੈ।

ਪੈਰਸ ਵਿਚ ਸ਼ਾਮ ਪਈ, ਸਾਰਾ ਸ਼ਹਿਰ ਜਗਮਗਾ ਉਠਿਆ, ਮਨੁੱਖ ਅਤੇ ਇਸਤਰੀਆਂ ਸ਼ਹਿਰ ਵਿਚ ਇਸ ਤਰ੍ਹਾਂ ਜਾਪਦੇ ਸਨ, ਜਿਵੇਂ ਬਾਗ ਵਿਚ ਕਾਲੀ ਰਾਤ ਨੂੰ ਟਟਹਿਣੇ ਚਮਕਦੇ ਹਨ। ਸਾਰੇ ਪੈਰਸ ਵਿਚ ਸੁੰਦਰਤਾ ਦਾ ਤੇ ਵਿਲਾਸਤਾ ਦਾ ਹੜ ਆਇਆ ਹੋਇਆ ਸੀ ਪਰ ਸਿੰਘ ਜੀ ਨੇ ਜਦੋਂ ਵੇਖਿਆ ਕਿ ਸ਼ਾਮ ਪੈ ਗਈ ਹੈ ਤਾਂ ਹੱਥ-ਮੂੰਹ ਧੋ ਕੇ ਚੌਕੜਾ ਮਾਰ ਕੇ ਬੈਠ ਗਿਆ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੈਰਸ ਵਿਚ ਪਹੁੰਚ ਗਿਆ, ਉੱਥੇ ਰਾਗ ਅਤੇ ਰਾਗਣੀਆਂ ਨੱਚਦੀਆਂ ਅਤੇ ਗਾਉਂਦੀਆਂ ਸਨ, ਉੱਥੇ ਚੰਦ ਅਤੇ ਸੂਰਜ ਢਾਡੀ ਬਣ ਕੇ ਜਸ ਗਾ ਰਹੇ ਸਨ, ਪੌਣ ਚੋਰ ਝੱਲ ਰਹੀ ਸੀ ਅਤੇ ਨਿਰਮਲ ਪਾਣੀ ਠੰਢੀਆਂ ਸੁੰਗਧਾਂ ਅਤੇ ਰਸਾਂ ਦੀ ਫੁਹਾਰ ਪਾ ਰਿਹਾ ਸੀ।

ਸਿੰਘ ਜੀ ਨੇ ਰਹਰਾਸਿ ਸਾਹਿਬ ਦਾ ਪਾਠ ਕੀਤਾ, ਅਤੇ ਫਿਰ ਤੂ ਠਾਕੁਰੁ ਤੁਮ . . ਪੜ੍ਹਦਾ ਹੋਇਆ ਅਰਦਾਸ ਵਿਚ ਜੁੜ ਗਿਆ। ਪਾਠ ਵੇਲੇ ਸਿੰਘ ਸੱਚ-ਖੰਡ ਦੇ ਨਜ਼ਾਰਿਆਂ ਵਿਚ ਘਿਰਿਆ ਹੋਇਆ ਸੀ, ਅਰਦਾਸ ਵੇਲੇ ਸਿੰਘ ਜੀ ਸ਼ਹੀਦਾਂ ਦੀ ਦੁਨੀਆ ਵਿਚ ਘੁੰਮ ਰਿਹਾ ਸੀ, ਕਿਤੇ ਦੇਗਾਂ ਉਬਲ ਰਹੀਆਂ ਸਨ, ਤੱਤੀਆਂ ਤਵੀਆਂ ਤੱਪ ਰਹੀਆਂ ਸਨ, ਸਿਰ ਉੱਪਰ ਆਰੇ ਚੱਲ ਰਹੇ ਸਨ, ਰੰਬੀਆਂ ਨਾਲ ਖੋਪਰੀਆਂ ਉਤਾਰੀਆਂ ਜਾ ਰਹੀਆਂ ਸਨ, ਚਰਖੜੀਆਂ ਚੱਲ ਰਹੀਆਂ ਸਨ, ਬੰਦ ਬੰਦ ਵੱਖ-ਵੱਖ ਕੀਤੇ ਜਾ ਰਹੇ ਸਨ, ਮਾਵਾਂ ਚੱਕੀਆਂ ਪੀਹ ਰਹੀਆਂ ਸਨ, ਉਨ੍ਹਾਂ ਦੇ ਗਲਾਂ ਵਿਚ ਢਿੱਡੋਂ ਜਾਇਆਂ ਬੱਚਿਆਂ ਦੇ ਸਿਰਾਂ ਦੇ ਹਾਰ ਪਾਏ ਗਏ ਸਨ, ਸਵਾ ਸਵਾ ਮਣ ਦੇ ਗਿੱਲੇ ਪੀਹਣ ਪੀਠੇ ਜਾ ਰਹੇ ਸਨ ਪਰ ਖਾਣ ਲਈ ਖੰਨੀ ਖੰਨੀ ਰੋਟੀ ਦਿੱਤੀ ਜਾ ਰਹੀ ਸੀ। ਉਸ ਖੰਨੀ ਰੋਟੀ ਨੂੰ ਭੀ ਵੰਡ ਕੇ ਛਕਿਆ ਜਾ ਰਿਹਾ ਸੀ।

ਇਤਨੀਆਂ ਤਕਲੀਫਾਂ ਦੇ ਹੁੰਦਿਆਂ ਕੇਵਲ ਨਾਮ ਦਾਨ ਮੰਗਿਆ ਜਾ ਰਿਹਾ ਸੀ। ਵਿਸਾਹ ਦਾਨ ਦੀ ਇਛਿਆ ਪ੍ਰਗਟ ਕੀਤੀ ਜਾ ਰਹੀ ਸੀ, ਸ੍ਰੀ ਅੰਮ੍ਰਿਤਸਰ ਦੇ ਇਸ਼ਨਾਨ ਦੀ ਅਭਿਲਾਖਾ ਦੱਸੀ ਜਾ ਰਹੀ ਸੀ। ਸਿੰਘ ਜੀ ਨੇ ਪ੍ਰਵਾਨ ਕੀਤਾ ਕਿ ਜੋ ਚਾਰ ਪਹਿਰ ਦਿਨ ਬੀਤਿਆ ਹੈ ਇਹ ਭਾਣੇ ਅੰਦਰ ਹੀ ਬੀਤਿਆ ਅਤੇ ਚਾਰ ਪਹਿਰ ਰਾਤ ਭੀ ਭਾਣੇ ਅੰਦਰ ਲੰਘੇ।

ਅਖੀਰ ਨੂੰ ਸਿੰਘ ਨੇ ਨਾਮ ਦੀ ਚੜ੍ਹਦੀ ਕਲਾ ਮੰਗੀ ਅਤੇ ਸਰਬੱਤ ਦਾ ਭਲਾ ਮੰਗ ਕੇ ਗੁਰੂ ਚਰਨਾਂ ਉੱਪਰ ਆਪਣਾ ਸੀਸ ਟਿਕਾ ਦਿੱਤਾ।
ਪੈਰਸ ਦੇ ਹੋਟਲ ਦੇ ਇਕ ਕਮਰੇ ਨੂੰ ਸਿੰਘ ਨੇ ਧਰਮ-ਸਾਲ ਬਣਾ ਦਿੱਤਾ। ਸਾਰਾ ਫਰਸ਼ ਸਿੰਘ ਜੀ ਦੇ ਮੱਥੇ ਛੂਹਣ ਨਾਲ ਪਵਿੱਤਰ ਬਣ ਗਿਆ। ਸਾਰੀਆਂ ਕੰਧਾਂ ਉੱਜਲ ਹੋ ਗਈਆਂ। ਜਿੱਥੇ ਗੁਰੂ ਰੂਪ ਬਾਣੀ ਪੜ੍ਹੀ ਜਾਵੇ, ਉੱਥੇ ਸਾਰੀ ਧਰਤੀ ਹਰਿਆਵਲੀ ਹੋ ਜਾਂਦੀ ਹੈ।

ਹੋਟਲ ਦੀ ਚੰਗੀ ਇਸਤਰੀ ਸਣੇ ਆਪਣੇ ਨਾਲ ਖੜੋਤੇ ਦੁਭਾਸ਼ੀਏ ਦੇ ਵਾਪਸ ਕਮਰੇ ਅੰਦਰ ਆ ਗਈ। ਉਸ ਨੇ ਕੇਵਲ ਸਿੰਘ ਜੀ ਦਾ ਉਜਲਾ ਮੱਥਾ ਡਿੱਠਾ ਸੀ, ਉਜਲਾ ਦਾਹੜਾ ਡਿੱਠਾ ਸੀ, ਪਿਆਰ ਤੇ ਸਿਦਕ ਵਿਚ ਕੰਬਦੇ ਬੁਲ੍ਹ ਡਿੱਠੇ ਸਨ, ਜੁੜੇ ਹੋਏ ਹੱਥ ਤੱਕੇ ਸਨ, ਝੁਕੀ ਹੋਈ ਧੌਣ ਤੱਕੀ ਸੀ, ਜਜ਼ਬੇ ਨਾਲ ਸੀਨੇ ਦਾ ਜਵਾਰ ਉੱਪਰ ਨੂੰ ਆਉਂਦਾ ਤੱਕਿਆ ਸੀ ਅਤੇ ਫਿਰ ਹੇਠ ਨੂੰ ਜਾਂਦਾ ਭਾਟਾ ਤੱਕਿਆ ਸੀ। ਬਾਣੀ ਦੀ ਸੋਝੀ ਨਹੀਂ ਸੀ ਪਰ ਭਾਵਾਂ ਤੋਂ ਜਾਣੂ ਸੀ।

ਜਦੋਂ ਦੁਭਾਸ਼ੀਏ ਨੇ ਵੇਰਵੇ ਨਾਲ ਉਸ ਨੂੰ ਦੱਸਿਆ ਕਿ ਸਿੰਘ ਨੇ ਜੋ ਰੱਬੀ ਕਲਾਮ ਪੜ੍ਹੀ ਹੈ, ਉਸ ਦਾ ਕੀ ਭਾਵ ਹੈ ਅਤੇ ਜਦੋਂ ਉਸ ਨੇ ਦੱਸਿਆ ਕਿ ਸਿੰਘ ਜੀ ਨੇ ਅਰਦਾਸ ਵਿਚ ਕੀ ਕੁਝ ਯਾਦ ਕੀਤਾ ਹੈ ਤਾਂ ਉਸ ਚੰਗੀ ਇਸਤਰੀ ਦਾ ਸਿਰ ਕਮਾਨ ਵਾਂਗ ਝੁਕ ਗਿਆ ਅਤੇ ਉਸ ਨੇ ਕਿਹਾ, “ਇਸ ਸਿੰਘ ਨੇ ਮੇਰਾ ਹੋਟਲ ਪਵਿੱਤਰ ਚਰਚ ਬਣਾ ਦਿੱਤਾ ਹੈ, ਇਸ ਦੀ ਸਾਰੀ ਮੈਲ ਧੋ ਦਿੱਤੀ ਹੈ, ਇਹ ਕਮਰਾ ‘ਸਿੰਘ-ਧਰਮ’ ਦੀ ਯਾਦਗਾਰ ਬਣਾ ਦਿੱਤਾ ਹੈ।
ਇਤਿਹਾਸ-ਖੋਜੀ ਦਾ ਸਰੀਰ ਪਤਲਾ ਪਰ ਨਿਗਰ ਸੀ, ਉਸ ਦੀ ਗਰਦਨ ਸਿੱਖ ਇਤਿਹਾਸ ਦੇ ਮਾਣ ਨਾਲ ਤਣੀ ਹੋਈ ਸੀ। ਉਸ ਦੇ ਬੋਲਾਂ ਵਿਚ ਸ੍ਵੈ-ਭਰੋਸਾ ਤੇ ਵਿਸ਼ਾਲ ਜਾਣਕਾਰੀ ਸੀ। ਉਸ ਦੀ ਤੋਰ ਸੌ ਫੀਸਦੀ ਇਕ ਫੌਜੀ ਵਰਗੀ ਸੀ। ਉਹ ਸਿੱਧਾ ਤੀਰ ਵਾਂਗ ਤਣ ਕੇ ਖੜੋਂਦਾ ਸੀ, ਅਤੇ ਤਿੱਖੇ-ਤੀਰਾਂ ਵਾਂਗ ਦਲੀਲਾਂ ਅਤੇ ਇਤਿਹਾਸਿਕ ਪ੍ਰਮਾਣਾਂ ਨਾਲ ਵਿੰਨ੍ਹ ਦਿੰਦਾ ਸੀ।

ਸਿੰਘ ਭੋਜਨ ਪਾਉਣ ਨੂੰ ਉਹ ਪ੍ਰਸ਼ਾਦਿ ਛਕਣਾ ਕਹਿੰਦੇ ਸਨ ਤੇ ਜਿਸ ਦਾ ਅਰਥ ਹੈ, ਪ੍ਰਭੂ ਦੀ ਕਿਰਪਾ ਨੂੰ ਮਾਨਣਾ, ਪ੍ਰਭੂ ਦੀ ਰਹਿਮਤ ਦਾ ਸੁਆਦ ਮਾਨਣਾ। ਉਹ ਠੀਕ ਸਮੇਂ ਸਿਰ ਖਾਣ ਵਾਲੇ ਮੇਜ ‘ਤੇ ਆ ਕੇ ਬੈਠ ਗਿਆ। ਉਸ ਨੇ ਖਾਣਿਆਂ ਵਿੱਚੋਂ ਨਿਰੋਆ ਅਤੇ ਸਿਹਤ ਮੰਦ ਖਾਣਾ ਚੁਣਿਆ। ਜਦੋਂ ਖਾਣਾ ਮੇਜ਼ ’ਤੇ ਆਇਆ ਤਾਂ ਉਸ ਨੇ ਹੱਥ ਜੋੜ ਕੇ ਅਰਦਾਸ ਕੀਤੀ, ਇਹ ਖਾਣੇ ਦੀ ਦਾਤ ਉਸ ਨੂੰ ਪ੍ਰਭੂ ਵੱਲੋਂ ਪ੍ਰਾਪਤ ਹੋਈ ਸੀ, ਇਹ ਰਾਜ਼ਕ ਉੱਪਰ ਭਰੋਸੇ ਦੀ ਨਿਸ਼ਾਨੀ ਸੀ।

ਉਸ ਨੇ ਆਪਣੇ ਨਰੋਏ ਅਤੇ ਦਾਤਣ ਕਰਕੇ ਮੋਤੀਆਂ ਵਾਂਗ ਚਮਕਦੇ ਦੰਦਾਂ ਨਾਲ ਖਾਣਾ ਚਿੱਥ ਚਿੱਥ ਕੇ ਖਾਧਾ। ਖਾਣਾ ਖਾਣ ਪਿੱਛੋਂ ਉਸ ਨੇ ਫਿਰ ਅਰਦਾਸ ਕੀਤੀ। ਪ੍ਰਭੂ ਦਾ ਧੰਨਵਾਦ ਕੀਤਾ ਤੇ ਕਿਹਾ, “ਤੇਰੇ ਸਿੰਘ ਨੇ ਤੇਰਾ ਬਖਸ਼ਿਆ ਹੋਇਆ ਪ੍ਰਸਾਦ ਛਕਿਆ ਹੈ, ਜਿਸ ਭੰਡਾਰੇ ਵਿੱਚੋਂ ਪ੍ਰਸ਼ਾਦ ਛਕਿਆ ਹੈ, ਉਹ ਭੰਡਾਰਾ ਭਰਪੂਰ ਰਹੇ, ਲੋਹ ਲੰਗਰ ਤਪਦੇ ਰਹਿਣ, ਸਿੰਘ ਛਕਦੇ ਛਕਾਉਂਦੇ ਰਹਿਣ, ਨਾਮ ਜਪਦੇ ਜਪਾਉਂਦੇ ਰਹਿਣ। ਦਾਣਾ ਪਾਣੀ ਗੁਰੂ ਕਾ ਹੈ, ਟਹਿਲ ਪਾਣੀ ਤੇਰੇ ਸੇਵਕਾਂ ਦੀ ਹੈ। ਨਾਮ ਦੀ ਚੜ੍ਹਦੀ ਕਲਾ ਹੋਵੇ, ਸਰਬੱਤ ਦਾ ਭਲਾ ਹੋਵੇ।” ਇਹ ਕਹਿ ਕੇ ਸਿੰਘ ਨੇ ਆਪਣੇ ਜੋੜੇ ਹੋਏ ਹੱਥਾਂ ਉੱਪਰ ਮੱਥਾ ਟੇਕਿਆ ਸਿੰਘ ਜੀ ਦਾ ਗੁਰੂ ਆਪ ਲਾਗੇ ਬੈਠ ਕੇ ਪਾਠ ਸੁਣ ਰਿਹਾ ਸੀ, ਗੁਰੂ ਸਿੰਘ ਜੀ ਨਾਲ ਗੱਲਾਂ ਕਰ ਰਿਹਾ ਸੀ।
ਸਿੰਘ ਕੋਲ ਖਾਣ ਦਾ ਬਿਲ ਪਹੁੰਚ ਗਿਆ। ਸਿੰਘ ਨੇ ਜਾਣ ਬੁੱਝ ਕੇ ਬਹਿਰੇ ਨੂੰ ਇਨਾਮ ਨਹੀਂ ਸੀ ਦਿੱਤਾ ਕਿਉਂਕਿ ਜੇ ਉਹ ਇਨਾਮ ਦੇ ਦਿੰਦਾ ਤਾਂ ਟਹਿਲ-ਪਾਣੀ ਦੀ ਸੇਵਾ, ਸੇਵਕਾਂ ਦੀ ਨਹੀਂ ਸੀ ਰਹਿ ਜਾਣੀ,
ਇਤਿਹਾਸ-ਖੋਜੀ ਸਿੰਘ ਖਾਣੇ ਤੋਂ ਪਿੱਛੋਂ ਸੈਰ ਨੂੰ ਤੁਰ ਪਿਆ, ਉਸ ਦੀ ਸੈਰ, ਟਹਿਲਣਾ ਨਹੀਂ ਸੀ, ਉਹ ਸਿੱਧਾ ਤੀਰ ਵਾਂਗ ਜਾ ਰਿਹਾ ਸੀ, ਉਸ ਦੇ ਹੱਥ ਵਿਚ ਨਿੱਕਾ ਜਿਹਾ ਫੌਜੀ ਡੰਡਾ ਸੀ, ਇਸ ਤਰ੍ਹਾਂ ਜਾਪਦਾ ਸੀ, ਜਿਵੇਂ ਇਹ ਕਾਨੂੰਨ ਦਾ ਚਿੰਨ੍ਹ ਹੁੰਦਾ ਹੈ। ਉਸ ਨੂੰ ਇਹ ਡੰਡਾ ਆਪਣੀ ਕਲਮ ਵਾਂਗ ਹੀ ਪਿਆਰਾ ਸੀ, ਉਸ ਨੂੰ ਆਪਣੇ ਡੰਡੇ ਦੀ ਮਾਰ ਉੱਪਰ ਉਤਨਾ ਹੀ ਭਰੋਸਾ ਸੀ ਜਿਤਨਾ ਉਨ੍ਹਾਂ ਨੂੰ ਆਪਣੀ ਕਲਮ ਉੱਪਰ ਭਰੋਸਾ ਸੀ, ਜਿੰਨਾਂ ਉਨ੍ਹਾਂ ਨੂੰ ਆਪਣੀ ਤਰਕ ਉੱਪਰ ਵਿਸ਼ਵਾਸ ਸੀ, ਨਾ ਉਸ ਦੀ ਦਸਤਾਰ ਵਿਚ ਕੋਈ ਵੱਟ ਸੀ, ਨਾ ਉਸ ਦੇ ਮਨ ਵਿਚ ਕੋਈ ਵੱਟ ਸੀ, ਨਾ ਉਸ ਦੇ ਡੰਡੇ ਵਿਚ ਕੋਈ ਵਿੰਗ ਸੀ, ਨਾ ਉਸ ਦੇ ਮਨ ਵਿਚ ਕੋਈ ਵਿੰਗ ਸੀ। ਨਾ ਉਸ ਦੇ ਕਦਮਾਂ ਵਿਚ ਡੋਲਣਾ ਸੀ, ਨਾ ਉਸ ਦੇ ਸਿਦਕ ਵਿਚ ਡੋਲਣਾ ਸੀ, ਫਿਰ ਭੀ ਉਹ ਗੁਰੂ ਜੀ ਨਾਲ ਗੱਲਾਂ ਕਰਨ ਵੇਲੇ (ਵਾਕ ਲੈਣ ਵੇਲੇ) ਮੰਗ ਕਰਦਾ ਸੀ ਕਿ ਗੁਰੂ ਜੀ, ਜਦੋਂ ਮੇਰਾ ਮਨ ਡੋਲਣ ਲੱਗੇ ਤਾਂ ਮੇਰੀ ਤੁਸੀਂ ਹੀ ਰੱਖਿਆ ਕਰਨੀ ਹੈ।

ਪੈਰਸ ਦੀਆਂ ਸਾਫ ਸੜਕਾਂ ਉੱਪਰ ਉਹ ਤੁਰ ਪਿਆ, ਉਹ ਹਮੇਸ਼ਾ ਸੈਰ ਇਕੱਲਾ ਕਰਿਆ ਕਰਦਾ ਸੀ, ਪਰ ਉਹ ਕਦੇ ਭੀ ਇਕੱਲਾ ਨਹੀਂ ਸੀ, ਤੁਰਦਾ। ਉਹਦੇ ਕਦਮਾਂ ਦੇ ਨਾਲ ਸਵਾ ਲੱਖ ਕਦਮ ਪੁੱਟਿਆ ਜਾਂਦਾ ਸੀ ਅਤੇ ਢਾਈ ਲੱਖ ਕਦਮਾਂ ਦੇ ਚੁੱਕਣ ਅਤੇ ਰੱਖਣ ਦੀ ਉਸ ਨੂੰ ਅਵਾਜ਼ ਸੁਣਾਈ ਦਿੰਦੀ ਸੀ। ਉਸ ਨੂੰ ਢਾਈ ਲੱਖ ਬਾਹਵਾਂ ਹਿਲਦੀਆਂ ਦਿਸਦੀਆਂ ਸਨ, ਉਹ ਢਾਈ ਲੱਖ ਅੱਖਾਂ ਨਾਲ ਵੇਖਦਾ ਸੀ, ਢਾਈ ਲੱਖ ਕੰਨਾਂ ਨਾਲ ਸੁਣਦਾ ਸੀ, ਉਹ ਇਕੱਲਾ ਨਹੀਂ ਫੌਜਾਂ ਸਨ। ਢਾਈ ਲੱਖ ਅੱਖਾਂ ਗੁਰੂ ਜੋਤੀ ਨਾਲ ਚਮਕ ਰਹੀਆਂ ਸਨ। ਉਸ ਨੇ ਪੈਰਸ ਦੀਆਂ ਭੀੜਾਂ ਤੱਕੀਆਂ, ਪਰ ਉਸ ਨੂੰ ਹਰੀ ਤੋਂ ਬਿਨਾ ਹੋਰ ਕੁਝ ਨਜ਼ਰੀਂ ਨਾ ਪਿਆ।

ਸਿੰਘ ਜੀ ਵਾਪਸ ਆਪਣੇ ਕਮਰੇ ਵਿਚ ਆ ਗਏ। ਉਨ੍ਹਾਂ ਨੇ ਆਪਣੇ ਕੱਪੜੇ ਬਦਲੇ। ਉਹ ਆਪਣੇ ਬਿਸਤਰੇ ਉੱਪਰ ਚੌਕੜਾ ਮਾਰ ਕੇ ਬੈਠ ਗਏ। ਉੱਥੇ ਬੈਠ ਕੇ ਉਨ੍ਹਾਂ ਸੋਹਿਲਾ ਸਾਹਿਬ ਦਾ ਪਾਠ ਕੀਤਾ। ਸੌਣ ਲੱਗਿਆਂ ਸਾਰੀ ਧਰਤੀ ਅਤੇ ਸਾਰਾ ਆਕਾਸ਼ ਹਿਰਦੇ ਵਿਚ ਉਤਾਰ ਲਿਆ। ਕਾਮ, ਕ੍ਰੋਧ ਨਾਲ ਜਿਹੜਾ ਸਰੀਰ ਦਾ ਨਗਰ ਭਰਿਆ ਹੋਇਆ ਸੀ, ਉਸ ਨੂੰ ਬਿਲਕੁਲ ਸਾਫ ਕਰ ਲਿਆ। ਹਉਮੈਂ ਦਾ ਕੁੰਡਾ, ਜਿਹੜਾਂ ਦਿਨੇ ਰਾਤ ਵਧਦਾ ਸੀ, ਉਸ ਨੂੰ ਪੁਟ ਕੇ ਬਾਹਰਵਾਰ ਸੁੱਟ ਦਿੱਤਾ। ਛੋਟੀ ਜਿਹੀ ਪਰ ਭਾਵਾਂ ਅਤੇ ਸ਼ਰਧਾ ਵਿਚ ਬਹੁਤ ਵੱਡੀ ਅਰਦਾਸ ਕੀਤੀ ਤੇ ਫਿਰ ਮੰਗ ਮੰਗੀ ਕਿ ਸੁੱਤਿਆਂ ਸਵਾਸ ਸਵਾਸ ਵਿਚ ਤੇਰੀ ਯਾਦ ਵੱਸੇ, ਹਰ ਦਿਲ ਦੀ ਧੜਕਣ ਤੇਰੇ ਪਿਆਰ ਵਿਚ ਹੋਵੇ। ਸਿੰਘ ਜੀ ਨੇ ਆਪਣਾ ਸਿਰ ਗੁਰੂ ਜੀ ਦੇ ਚਰਨਾਂ ’ਤੇ ਰੱਖ ਦਿੱਤਾ ਤੇ ਸਿੰਘ ਜੀ ਆਪਣੇ ਪ੍ਰਭੂ ਦੀ ਯਾਦ ਵਿਚ ਸੌਂ ਗਏ। ਪ੍ਰਭੂ ਦੀ ਯਾਦ ਵਿਚ ਸੌਣ-ਸਮਾਧੀ ਲਾ ਲਈ।

ਸਿੰਘ ਜੀ ਨੂੰ ਨਹੀਂ ਪਤਾ ਕਿ ਉਨ੍ਹਾਂ ਨੇ ਨਾਲ ਨਾਲ ਪ੍ਰਛਾਵੇਂ ਵਾਂਗ ਹੋਟਲ ਦੀ ਮਾਲਕ, ਚੰਗੀ ਇਸਤਰੀ ਘੁੰਮ ਰਹੀ ਹੈ। ਚੰਗੀ ਇਸਤਰੀ ਨੇ ਸਿੰਘ-ਜੀਵਨ ਟੇਬਲ (ਸਾਰਣੀ) ਵੇਖਿਆ ਤੇ ਦੁਭਾਸ਼ੀਏ ਨੂੰ ਬੋਲੀ, ਇਹ ਲੋਕ ਸਵੱਖਤੇ ਸੌਂਦੇ ਹਨ, ਇਸੇ ਕਰਕੇ ਹੀ ਸਵੱਖਤੇ ਉਠ ਪੈਂਦੇ ਹਨ। ਇਨ੍ਹਾਂ ਦਾ ਅਲਪ ਅਹਾਰ ਭੀ ਇਨ੍ਹਾਂ ਦੇ ਸੌਣ ਅਤੇ ਜਾਗਣ ਵਿਚ ਸਹਾਇਤਾ ਕਰਦਾ ਅਤੇ ਸਿਹਤ ਭੀ ਠੀਕ ਰੱਖਦਾ ਹੈ। ਇਨ੍ਹਾਂ ਦੀ ਕਸਵੱਟੀ ਅਨੁਸਾਰ ਸਾਰਾ ਪੈਰਸ ਮੁਰਦਾ ਹੈ, ਸਾਰਾ ਯੂਰਪ ਮੁਰਦਾ ਹੈ, ਜਿਹੜੇ ਬਾਰ੍ਹਾਂ ਤੋਂ ਪਹਿਲਾਂ ਘਰਾਂ ਨੂੰ ਨਹੀਂ ਮੁੜਦੇ, ਇਨ੍ਹਾਂ ਨੇ ਪਿਛਲੀ ਰਾਤ ਨੂੰ ਕਿਵੇਂ ਜਾਗਣਾ ਹੈ। ਇਹ ਜਿਹੜੇ ਪੈਰਸ ਦੀਆਂ ਰਾਤਾਂ ਘੁੰਮ- ਘੁੰਮਕੇ ਬਿਤਾਉਂਦੇ ਹਨ, ਇਨ੍ਹਾਂ ਨੇ ਆਪਣੇ ਸਰੀਰ ਦੀ ਨਗਰੀ ਨੂੰ ਕਾਮ, ਕ੍ਰੋਧ ਨਾਲ ਹੋਰ ਭਰਨਾ ਹੈ ਕਿ ਖਾਲੀ ਕਰਨਾ ਹੈ। ਇਨ੍ਹਾਂ ਦੇ ਸੁਪਨਿਆਂ ਵਿਚ ਵਿਲਾਸਤਾ ਦਾ ਵਾਸਾ ਹੋਣਾ ਹੈ ਕਿ ਅਰਸ਼ਾਂ ਦੀ ਆਰਤੀ ਦਾ। ਇਨ੍ਹਾਂ ਦੇ ਸਾਹਾਂ ਵਿਚ ਨਾਚੀਆਂ ਨੇ ਨੱਚਣਾ ਹੈ ਕਿ ਪ੍ਰਭੁ ਦੀ ਯਾਦ ਨੇ।
ਚੰਗੀ ਇਸਤਰੀ ਸਿੰਘ ਜੀ ਨੂੰ ਸਮਾਧੀ ਵਿਚ ਛੱਡ ਕੇ ਵਾਪਸ ਚਲੀ ਗਈ। ਚੰਗੀ ਇਸਤਰੀ ਅੱਜ ਪਹਿਲੀ ਵਾਰ ਟਾਇਮ ਪੀਸ ਦੇ ਅਲਾਰਮ ਨਾਲ ਢਾਈ ਵਜੇ ਉੱਠੀ ਤਾਂ ਕਿ ਉਹ ਸਿੰਘ ਜੀ ਦਾ ਅੰਮ੍ਰਿਤ ਵੇਲੇ ਦਾ ਪ੍ਰੋਗਰਾਮ ਵੇਖ ਸਕੇ। ਉਸ ਦਾ ਸਿਰ ਸੌ ਮਣ ਦਾ ਭਾਰਾ ਸੀ, ਉਸ ਨੇ ਬੜੇ ਮੁਸ਼ਕਲ ਨਾਲ ਉਸ ਨੂੰ ਚੁੱਕਿਆ ਦਿਲ ਦੇ ਨਾ ਮੰਨਣ ’ਤੇ ਭੀ ਉਸ ਨੇ ਇਸ਼ਨਾਨ ਕੀਤਾ, ਇਤਨੇ ਸਵੇਰੇ ਇਸ਼ਨਾਨ ਭੀ ਉਸ ਨੇ ਪਹਿਲੀ ਵਾਰ ਕੀਤਾ, ਸ਼ਾਇਦ ਯੂਰਪ ਦੇ ਸਾਰੇ ਲੋਕਾਂ ਵਿੱਚੋਂ ਉਹ ਸਵੇਰੇ ਜਾਗਣ ਵਾਲੀ ਇਕੱਲੀ ਇਸਤਰੀ ਹੋਵੇ।

ਉਹ ਤਿੰਨ ਵਜੇ ਤਿਆਰ ਹੋ ਕੇ ਸਿੰਘ ਜੀ ਦੇ ਕਮਰੇ ਕੋਲ ਪੁੱਜ ਗਈ। ਸਿੰਘ ਜੀ ਮਨ ਦੀ ਸ਼ਾਂਤੀ ਦੀ ਡੂੰਘੀ ਨੀਂਦਰ ਵਿਚ ਸਨ, ਸਮਾਧੀ ਵਿਚ ਸਨ, ਇਸ ਤਰ੍ਹਾਂ ਜਾਪਦਾ ਸੀ, ਜਿਵੇਂ ਉਨ੍ਹਾਂ ਨੇ ਸਵੇਰੇ ਜਾਗਣਾ ਹੀ ਨਹੀਂ। ਜਿਉਂ ਹੀ ਘੜੀ ਉੱਪਰ ਸਾਢੇ ਤਿੰਨ ਵੱਜੇ, ਸਿੰਘ ਜੀ ਵਾਹਿਗੁਰੂ ! ਵਾਹਿਗੁਰੂ !! ਕਹਿੰਦੇ ਉੱਠ ਕੇ ਬੈਠ ਗਏ। ਇਸ ਤਰ੍ਹਾਂ ਜਾਪਿਆ ਜਿਵੇਂ ਕਿਸੇ ਸਾਗਰ ਵਿਚ ਚੁੱਭੀ ਮਾਰ ਕੇ ਮੋਤੀਆਂ ਵਾਲੀਆਂ ਸਿਪਾਂ ਨਾਲ ਝੋਲੀ ਭਰ ਲਈ ਹੋਵੇ। ਸਵੇਰੇ ਜਾਗਣਾ, ਉਨ੍ਹਾਂ ਦਾ ਸਰੀਰ ਉਠਦੇ ਸਾਰ ਮਲ- ਮੂਤਰ ਤੋਂ ਸਾਫ ਹੋ ਗਿਆ ਅਤੇ ਉਸ ਨੇ ਸਣੇ-ਕੇਸ਼ੀ ਇਸ਼ਨਾਨ ਕੀਤਾ। ਨਾਲ ਹੀ ਜਪੁ ਜੀ ਸਾਹਿਬ ਦਾ ਪਾਠ ਅਰੰਭ ਹੋ ਗਿਆ। ਚੰਗੀ ਇਸਤਰੀ ਦੇ ਮਨ ਵਿਚ ਪੱਕਾ ਵਿਸ਼ਵਾਸ ਹੋ ਗਿਆ ਕਿ ਇਹ ਸਿੰਘ ਇਕੱਲਾ ਨਹੀਂ ਹੈ, ਇਸਦੇ ਨਾਲ ਇਸ ਦਾ ਗੁਰੂ ਹੈ, ਇਹ ਗੁਰੂ ਜੀ ਨੂੰ ਵੇਖਦਾ ਹੈ, ਗੁਰੂ ਜੀ ਨਾਲ ਗੱਲਾਂ ਕਰਦਾ ਹੈ, ਆਪਣੇ ਦਿਲ ਦੀਆਂ ਵੇਦਨਾਵਾਂ ਨੂੰ ਗੁਰੂ ਅੱਗੇ ਪ੍ਰਗਟ ਕਰਦਾ ਹੈ, ਜੀ ਇਸ ਦੇ ਮਨ ਦੇ ਜ਼ਖ਼ਮਾਂ ਉੱਪਰ ਸ੍ਰੀ ਅਨੰਦਪੁਰੀ ਵਾਲੀ ਮਲ੍ਹਮ ਲਾਉਂਦੇ ਹਨ। ਇਸ ਦਾ ਉੱਦਮ ਨਾਲ ਯਰਾਨਾ ਹੈ, ਚਿੰਤਾ ਦਾ ਅਣ-ਮਿਣਵਾਂ ਅਤੇ ਅਣ-ਤੋਲਿਆ ਭਾਰ ਉਸ ਨੇ ਪ੍ਰਭੂ ਦੇ ਮਜ਼ਬੂਤ ਮੋਢਿਆਂ ਉੱਪਰ ਸੁੱਟ ਦਿੱਤਾ ਹੈ।
ਗੁਰੂ ਨੇ ਦੇ ਸਿੰਘ ਜੀ ਨੇ ਆਪਣਾ ਨਿਤਨੇਮ ਕੀਤਾ, ਇਹ ਸਿੰਘ ਜੀ ਦਾ ਮਾਨਸਿਕ ਅਤੇ ਅਧਿਆਤਮਕ ਇਸ਼ਨਾਨ ਸੀ। ਪਾਠ ਨੇ ਸਿੰਘ ਜੀ ਨੂੰ ਅੰਦਰੋਂ ਬਾਹਰੋਂ ਤਾਜ਼ਾ ਕਰ ਦਿੱਤਾ।
ਸਿੰਘ ਜੀ ਦੇ ਕੇਸ, ਭਾਰਤ ਦੀ ਸਭਿਅਤਾ ਦੇ ਚਿੰਨ੍ਹਾਂ ਨੇ ਸਿੰਘ ਜੀ ਨੂੰ ਘਣ-ਛਾਵਾਂ ਤੇ ਫਲਦਾਰ ਬੂਟਾ ਬਣਾਇਆ ਹੋਇਆ ਸੀ। ਇਸ ਦੀ ਛਾਂ ਤਪਦੇ ਸੜਦੇ ਹਿਰਦਿਆਂ ਲਈ ਸੀ, ਇਸ ਦੇ ਫੁੱਲ ਸਾਰੀ ਮਾਨਵਤਾ ਨੂੰ ਸੁਗੰਧਤ ਕਰਨ ਲਈ ਸਨ, ਇਸ ਦੇ ਫਲ ਦੀਨਾਂ ਲਈ ਸਨ।

ਸਿੰਘ ਜੀ ਦੇ ਕੇਸ ਹਰੇ ਹੋ ਚੁਕੇ ਸਨ, ਸਿੰਘ ਜੀ ਨੇ ਗੁਰੂ ਬਖਸ਼ੇ ਕੇਸਾਂ ਨੂੰ ਗੁਰੂ ਸਰੂਪ ਕੇਸਾਂ ਨੂੰ ਸਹਿਜੇ ਸਹਿਜੇ ਕੰਘਾ ਕੀਤਾ। ਸਾਰਾ ਕਮਰਾ ਮਿੱਠੀ ਅਤੇ ਪਿਆਰੀ ਸੁਗੰਧ ਨਾਲ ਭਰ ਗਿਆ। ਫਿਰ ਸਿੰਘ ਜੀ ਨੇ ਦਸਤਾਰ ਸਜਾਈ। ਦਸਤਾਰ ਪਿੱਛੋਂ ਫਿਰ ਚੰਗੀ ਤਰ੍ਹਾਂ ਸਾਰੇ ਚਿਹਰੇ ਨੂੰ ਵੇਖਿਆ, ਉਸੇ ਤਰ੍ਹਾਂ, ਜਿਵੇਂ ਇਕ ਕਲਾਕਾਰ ਆਪਣੇ ਬਣਾਏ ਜਾ ਰਹੇ ਚਿੱਤਰ ਨੂੰ ਆਪਣੇ ਤਸੱਵਰ ਨਾਲ ਮੁੜ ਮੁੜ ਵੇਖਦਾ ਹੈ, ਅਤੇ ਉਸ ਵੇਲੇ ਉਸ ਦੀ ਖੁਸ਼ੀ ਦਾ ਕੋਈ ਅੰਤ ਨਹੀਂ ਰਹਿੰਦਾ, ਜਦੋਂ ਉਹ ਤਸੱਵਰ ਨੂੰ ਹੂ- ਬ-ਹੂ ।ਇਕ ਚਿੱਤਰ ਦਾ ਰੂਪ ਦੇ ਲੈਂਦਾ ਹੈ। ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਚਿੱਤਰ ਹੈ, ਉਹ ਚਿੱਤਰ, ਜੋ ਉਹ ਪ੍ਰਭੂ ਕੋਲੋਂ ਸੁਣ ਕੇ ਇਕ ਤਸੱਵਰ ਲੈ ਕੇ ਧਰਤੀ ਉੱਪਰ ਆਏ ਸਨ ਅਤੇ ਉਨ੍ਹਾਂ ਨੇ ਸ੍ਰੀ ਕੇਸਗੜ੍ਹ ਸਾਹਿਬ ਦੇ ਤੰਬੂ ਵਿਚ ਕੁਰਬਾਨੀ ਦੇ ਰੰਗਾਂ ਨਾਲ ਉਸ ਦੀ ਇਕ ਜੀਉਂਦੀ ਜਾਗਦੀ ਅਤੇ ਆਦਰਸ਼ਾਂ ਲਈ ਲੜਨ ਵਾਲੀ ਤਸਵੀਰ ਨਹੀਂ, ਇਕ ਕੌਮ ਪੈਦਾ ਕੀਤੀ। ਉਸ ਕੌਮ ਦਾ ਇਕ ਸਿੰਘ ਪੈਰਸ ਦੇ ਹੋਟਲ ਵਿਚ ਬੈਠ ਕੇ ਉਹੋ ਤਸਵੀਰ ਆਪ ਬਣ ਕੇ ਆਪ ਹੀ ਸ਼ੀਸ਼ੇ ਨਾਲ ਵੇਖ ਰਿਹਾ ਸੀ।

ਇਕ ਦਮ ਚਫਾਲ ਬੂਹਾ ਖੁਲ੍ਹ ਗਿਆ ਅਤੇ ਹੋਟਲ ਦੀ ਚੰਗੀ ਇਸਤਰੀ ਦਰਵਾਜ਼ੇ ਵਿਚ ਡਿੱਗ ਪਈ। ਉਸ ਦੇ ਨਾਲ ਹੀ ਡਿਗਦਾ ਡਿਗਦਾ ਦੁਭਾਸ਼ੀਆ ਮੁਸ਼ਕਲ ਨਾਲ ਬਚਿਆ। ਸਿੰਘ ਜੀ ਨੂੰ ਇਹ ਸ਼ੱਕ ਪਿਆ ਕਿ ਇਹ ਇਸਤਰੀ ਅਤੇ ਉਹ ਆਦਮੀ ਨੱਠਦੇ ਭੱਜਦੇ ਇਧਰ ਆਏ ਹਨ ਅਤੇ ਇਕ ਦੂਜੇ ਨੂੰ ਧੱਕਾ ਮਾਰਨ ਕਰਕੇ ਡਿੱਗ ਪਏ ਹਨ। ਸਿੰਘ ਜੀ ਨੇ ਕੜਕ ਕੇ ਕਿਹਾ, ਇਹ ਕੀ ਬਦਤਮੀਜ਼ੀ ਹੋ ਰਹੀ ਹੈ। ਮੈਂ ਇਸ ਘੁਰ-ਘੁਰ ਤੋਂ ਤੰਗ ਆ ਗਿਆ ਹਾਂ ਅਤੇ ਅੱਜ ਹੀ ਇਹ ਹੋਟਲ ਬਦਲ ਰਿਹਾ ਹਾਂ। ਮੈਂ ਪਰਛਾਵੇਂ ਵਾਂਗ ਕੇਵਲ ਗੁਰੂ ਨੂੰ ਅੰਗ ਸੰਗ ਵੇਖਣਾ ਚਾਹੁੰਦਾ ਹਾਂ ਜਸੂਸਾਂ ਨੂੰ ਨਹੀਂ, ਹੋਟਲ ਦੀਆਂ ਇਸਤਰੀਆਂ ਨੂੰ ਨਹੀਂ। ਮੈਂ ਆਪਣੀ ਵੇਖ-ਭਾਲ ਕੇਵਲ ਗੁਰੂ ਨੂੰ ਸੌਂਪੀ ਹੈ, ਕਿਸੇ ਮਨੁੱਖ ਨੂੰ ਨਹੀਂ, ਉਸ ਨੂੰ ਜੋ ਮੇਰੇ ਸੁਪਨੇ ਵੇਖ ਸਕਦਾ ਹੈ, ਉਸ ਨੂੰ ਜੋ ਮੇਰੀ ਡੂੰਘੀ ਨੀਂਦਰ ਦਾ ਵੇਖਣ ਹਾਰ ਹੈ, ਉਸ ਨੂੰ ਜੋ ਮੇਰੀ ਜਾਗਰਤ ਦਾ ਰਾਖਾ ਹੈ।

ਹੋਟਲ ਦੀ ਚੰਗੀ ਇਸਤਰੀ ਚੋਰੀ ਸਿਰ ਤੋਂ ਫੜੀ ਗਈ ਸੀ, ਉਸ ਉੱਪਰ ਸਿੰਘ ਜੀ ਦਾ ਇਤਨਾ ਬਹੁਤਾ ਪ੍ਰਭਾਵ ਸੀ ਕਿ ਉਹ ਅੱਗੇ ਕੁਝ ਭੀ ਨਾ ਬੋਲ ਸਕੀ। ਜਦੋਂ ਸਿੰਘ ਜੀ ਨੇ ਸਾਰਾ ਸਾਮਾਨ ਬੰਨ ਲਿਆ। ਪੈਸੇ ਦੇ ਦਿੱਤੇ ਤਦ ਹੋਟਲ ਦੀ ਚੰਗੀ ਇਸਤਰੀ ਨੇ ਕਿਹਾ, ‘ਸਿੰਘ ਜੀ, ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਰੂਪ ਉਨ੍ਹਾਂ ਦੇ ਸਿੰਘਾਂ ਵਿਚ ਡਿੱਠਾ ਹੈ। ਮੈਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਉਨ੍ਹਾਂ ਦੇ ਸਿੰਘ ਰਾਹੀਂ ਪ੍ਰਣਾਮ ਕਰਦੀ ਹਾਂ, ਮਾਲੀ ਦੀ ਅਸਲ ਪ੍ਰਸੰਸਾ ਉਹ ਹੈ, ਜੋ ਉਸ ਦੇ ਚੰਗੇ ਫੁੱਲ ਰਾਹੀਂ ਕੀਤੀ ਜਾਵੇ।