ਪੋਖਿ ਤੁਖਾਰੁ ਨ ਵਿਆਪਈ ਕੰਠਿ ਮਿਲਿਆ ਹਰਿ ਨਾਹੁ॥ ਮਨੁ ਬੇਧਿਆ ਚਰਨਾਰਬਿੰਦ ਦਰਸਨਿ ਲਗੜਾ ਸਾਹੁ॥
(ਅੰਗ ੧੩੫)
ਪੋਖਿ ਦਾ ਮਹੀਨਾ ਬਾਰਾਂ ਮਹੀਨਿਆਂ ਅਨੁਸਾਰ ਦਸਵਾਂ ਮਹੀਨਾ ਹੈ। ਭਾਰਤੀ ਛੇ ਰੁੱਤਾਂ ਦੀ ਵੰਡ ਅਨੁਸਾਰ ਮੱਘਰ ਤੇ ਪੋਹ ਅੱਤ ਸਰਦ ਰੁੱਤ ਦੇ ਮਹੀਨੇ ਹਨ। ਸ੍ਰੀ ਗੁਰੂ ਗ੍ਰੰਥ ਕੋਸ਼ ਅਨੁਸਾਰ “ਪੋਹਿ : ਸੰਸਕ੍ਰਿਤ-ਪੋਖ। ਪ੍ਰਾਕ੍ਰਿਤ-ਪੋਸ। ਪੰਜਾਬੀ-ਪੋਹ। ਡਾਢੇ ਸਿਆਲੇ ਦਾ ਮਹੀਨਾ।” ‘ਸਮ ਅਰਥ ਕੋਸ਼’ ਵਿਚ ਪੋਹ ਦੇ ਸਮਾਨਅਰਥੀ ਸ਼ਬਦ-ਸਹਸਯ, ਪੂਸ, ਪੂਖ, ਪੋਸ, ਪੋਖ, ਤੈਖ ਤੇ ਪੌਖ ਆਦਿ ਹਨ। ‘ਮਹਾਨ ਕੋਸ਼’ ਅਨੁਸਾਰ ਪੋਖ-ਪੁਸ਼ਯ ਨਛੱਤ੍ਰ ਵਾਲੀ ਪੂਰਨਮਾਸ਼ੀ ਜਿਸ ਮਹੀਨੇ ਵਿਚ ਹੋਵੇ ਅਤੇ ‘ਸੰਖਿਆ ਕੋਸ਼’ ਅਨੁਸਾਰ “27 ਨਛੱਤ੍ਰਾਂ ਵਿੱਚੋਂ ਨਛੱਤ੍ਰ ‘ਪੁਸ਼ਯ’ ਹੈ ਅਤੇ ਪੁਸ਼ਯ ਨਛੱਤ੍ਰ ਤੋਂ ਇਸ ਮਹੀਨੇ ਦਾ ਨਾਮ ਪੋਖਿ, ਪੌਸ ਜਾਂ ਪੋਹ ਪ੍ਰਚੱਲਿਤ ਹੋਇਆ।”
ਸ੍ਰੀ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਬਾਰਹ ਮਾਹਾ ਤੁਖਾਰੀ ਵਿਚ ਪੋਹ ਮਹੀਨੇ ਪ੍ਰਥਾਇ ਇਉਂ ਉਪਦੇਸ਼ ਦ੍ਰਿੜਾਇਆ ਹੈ:
ਪੋਖਿ ਤੁਖਾਰੁ ਪੜੈ ਵਣੁ ਤ੍ਰਿਣੁ ਰਸੁ ਸੋਖੈ॥
ਆਵਤ ਕੀ ਨਾਹੀ ਮਨਿ ਤਨਿ ਵਸਹਿ ਮੁਖੇ॥
(ਅੰਗ ੧੧੦੯)
ਭਾਵ- ਪੋਹ ਦੇ ਮਹੀਨੇ ਕੋਰਾ ਕੱਕਰ ਪੈ ਕੇ ਸਮੂਹ ਬਨਸਪਤੀ ਦੇ ਰਸ ਨੂੰ ਸੁਕਾਅ ਦਿੰਦਾ ਹੈ। ਇਸ ਸਮੇਂ ਬੇਨਤੀ ਹੈ ਕਿ ਹੇ ਪ੍ਰਭੂ! ਤੂੰ ਮੇਰੇ ਸਮੁੱਚੇ ਵਜੂਦ ਵਿਚ ਕਿਉਂ ਨਹੀਂ ਆ ਵੱਸਦਾ।
ਮਨਿ ਤਨਿ ਰਵਿ ਰਹਿਆ ਜਗਜੀਵਨੁ ਗੁਰ ਸਬਦੀ ਰੰਗੁ ਮਾਣੀ॥
ਅੰਡਜ ਜੇਰਜ ਸੇਤਜ ਉਤਭੁਜ ਘਟਿ ਘਟਿ ਜੋਤਿ ਸਮਾਣੀ
(ਅੰਗ ੧੧੦੯)
ਹੇ ਜਗਤ ਨੂੰ ਜੀਵਨ ਦੇਣ ਵਾਲੇ ਪ੍ਰਭੂ! ਤੂੰ ਹਰੇਕ ਦੇ ਤਨ ਮਨ ਵਿਚ ਵਿਆਪਕ ਹੈਂ ਅਤੇ ਚਾਰਾਂ ਖਾਣੀਆਂ ਦੇ ਹਰੇਕ ਜੀਵ ਵਿਚ ਤੇਰੀ ਹੀ ਜੋਤ ਸਮਾਈ ਹੋਈ ਹੈ।
ਦਰਸਨੁ ਦੇਹੁ ਦਇਆਪਤਿ ਦਾਤੇ ਗਤਿ ਪਾਵਉ ਮਤਿ ਦੇਹੋ॥
ਨਾਨਕ ਰੰਗਿ ਰਵੈ ਰਸਿ ਰਸੀਆ ਹਰਿ ਸਿਉ ਪ੍ਰੀਤਿ ਸਨੇਹੋ॥੧੪॥(ਅੰਗ ੧੧੦੯)
ਹੇ ਦਇਆ ਦੇ ਪੁੰਜ ਦਾਤੇ ਪ੍ਰਭੂ! ਮੈਨੂੰ ਆਪਣਾ ਦਰਸ਼ਨ ਬਖ਼ਸ਼ੋ ਅਤੇ ਅਜਿਹੀ ਸੁਮੱਤ ਦਿਓ ਕਿ ਮੈਂ ਉੱਚੀ ਆਤਮਿਕ ਅਵਸਥਾ ਵਾਲਾ ਹੋ ਜਾਵਾਂ। ਅੰਤ ਗੁਰੂ ਜੀ ਫੁਰਮਾਉਂਦੇ ਹਨ
ਕਿ ਪ੍ਰਭੂ ਪ੍ਰੇਮ ਵਾਲਾ ਉਹਦੇ ਪ੍ਰੇਮ ਰੰਗ ਵਿਚ ਰਸੀਆ ਬਣ ਕੇ ਪ੍ਰਭੂ-ਮਿਲਾਪ ਦਾ ਅਨੰਦ ਮਾਣਦਾ ਹੈ।
ਦਸਮ ਪਾਤਸ਼ਾਹ ਜੀ ਨੇ ਬਾਰਾਮਾਹ ਵਿਚ ਪੋਖ ਮਹੀਨੇ ਪ੍ਰਥਾਇ ਅਤਿ ਸੀਤਲਤਾਈ ਦੇ ਪ੍ਰਭਾਵ ਨੂੰ ਵਰਣਨ ਕਰਦਿਆਂ ਵਿਯੋਗ ਦੀ ਅਵਸਥਾ ਤੇ ਸੰਯੋਗ ਦੀ ਬਿਹਬਲਤਾ ਨੂੰ ਇਉਂ ਚਿਤਰਿਆ ਹੈ :
ਭੂਮ ਅਕਾਸ਼ ਅਵਾਸ ਸੁ ਬਾਸੁ ਉਦਾਸ ਬਢੀ ਅਤਿ ਸੀਤਲਤਾਈ॥
ਕੂਲ ਦੁਕੂਲ ਤੇ ਸੂਲ ਉਠੈ ਸਭ ਤੇਲ ਤਮੋਲ ਲਗੈ ਦੁਖਦਾਈ॥ ਪੋਖ ਸੰਤੋਖ ਨ ਹੋਤ ਕਛੂ ਤਨ ਸੋਖਤ ਜਿਉ ਕੁਮਦੀ ਮੁਰਝਾਈ॥
ਲੋਭ ਰਹਯੋ ਉਨ ਪ੍ਰੇਮ ਗਹਯੋ ਟਸਕਯੋ ਨ ਹੀਯੋ ਕਸਕਯੋ ਨ ਕਸਾਈ॥
(ਸ੍ਰੀ ਦਸਮ ਗ੍ਰੰਥ, ਪੰਨਾ ੩੭੭)
ਭਾਵ – ਵਧੀਕ ਠੰਢ (ਅਤਿ ਸੀਤਲਤਾਈ) ਕਰਕੇ ਧਰਤੀ ‘ਤੇ ਅਕਾਸ਼ ‘ਤੇ ਵੱਸਣ ਵਾਲੇ ਮਨੁੱਖ ਤੇ ਪੰਛੀ ਆਪੋ-ਆਪਣੇ ਘਰ (ਅਵਾਸ) ਵਿਚ ਵੱਸਦੇ ਹਨ ਪਰ ਉਦਾਸ ਹਨ। ਨਦੀ ਦੇ ਕਿਨਾਰੇ (ਦੁਕੂਲ) ਆਦਿ ਸਭ ਥਾਵਾਂ ਉੱਪਰ ਸੂਲਾਂ ਸਮਾਨ ਦੁਖਦਾਈ ਪੀੜਾ ਹੈ ਅਤੇ ਖੁਸ਼ਬੂ ਵਾਲੇ ਤੇਲ, ਤਮੋਲ ਦੁਖਦਾਈ ਲੱਗਦੇ ਹਨ। ਪੋਹ ਦੇ ਮਹੀਨੇ ਮਨ ਨੂੰ ਧੀਰਜ ਨਹੀਂ ਤੇ ਤਨ ਸੋਖਿਆ ਗਿਆ। ਜਿਵੇਂ ਕੁਮਦੀ (ਕੱਮੀ ਦਾ ਫੁੱਲ) ਠੰਢ ਕਾਰਨ ਕੁਮਲਾਇਆ ਹੋਵੇ। ਪ੍ਰੀਤਮ ਦੇ ਪ੍ਰੇਮ ਨੇ ਪਕੜ (ਗਹਯੋ) ਲਿਆ ਹੈ ਪਰ ਉਸ ਦਾ ਹਿਰਦਾ ਨਹੀਂ ਝੁਕਿਆ ਤੇ ਨਾ ਹੀ ਸਾਡੀ ਖਿੱਚ ਹੈ।
ਪੋਹ ਦਾ ਮਹੀਨਾ ਅੱਤ ਦਾ ਠੰਡਾ ਹੋਣ ਕਰਕੇ ਲੋਕ-ਅਖਾਣ ਹੈ, “ਪੋਹ ਪਾਲੇ ਦਾ ਰੋਹ” ਭਾਵ ਪੋਹ ਵਿਚ ਪਾਲਾ ਆਪਣੇ ਜੋਬਨ ‘ਤੇ ਹੁੰਦਾ ਹੈ। ਇਹ ਦਿਨ ਬਹੁਤ ਛੋਟੇ ਹੁੰਦੇ ਹਨ ਤਾਂ ਲੋਕ ਸਿਆਣਪਾਂ ‘ਚੋਂ ਅਖਾਣ ਬਣਿਆ, ‘ਪੋਹ ਮਾਂਹ ਦੀ ਦਿਹਾੜੀ-ਚੁੱਲ੍ਹਾ ਚੌਕਾ ਤੇ ਬੁਹਾਰੀ’ ਭਾਵ ਇਸ ਮਹੀਨੇ ਦੇ ਦਿਨ ਰੋਟੀ ਟੁੱਕ ਤੇ ਬੁਹਾਰੀ ਕਰਦਿਆਂ ਹੀ ਬੀਤ ਜਾਂਦੇ ਹਨ। ਭਾਰਤੀ ਰੁੱਤਾਂ ਅਨੁਸਾਰ ਜੇਕਰ ਕੋਈ ਸੁਸਤ ਜਾਂ ਢਿੱਲੜ ਬੰਦਾ ਚਾਹੇ ਕਿ ਇਸ ਮਹੀਨੇ ਕੋਈ ਫ਼ਸਲ ਬੀਜੀ ਜਾ ਸਕਦੀ ਹੈ ਤਾਂ ਉਹਦੇ ਲਈ ਚੇਤਨਾ ਹੈ ਕਿ ‘ਪੋਹ ਦੀ ਖੇਤੀ ਭੁੱਖ ਤੇ ਕਾਲ’ ਭਾਵ ਇਸ ਮਹੀਨੇ ਬੀਜੀ ਫ਼ਸਲ ਦਾ ਕੋਈ ਫਾਇਦਾ ਨਹੀਂ ਅਤੇ ਇਹ ਅਖਾਣ ਵੀ ਹੈ, “ਪੋਹ ਦੀ ਬਿਆਈ, ਜਿਹੀ ਘਰ ਆਈ ਜਿਹੀ ਨਾ ਆਈ।” ਇਹ ਲੋਕ-ਸਿਆਣਪਾਂ ਵੀ ਸਮਾਜ ਲਈ ਜਾਗਰਤੀ ਦਾ ਰੂਪ ਹਨ।
‘ਪੰਜਾਬੀ ਲੋਕਧਾਰਾ ਵਿਸ਼ਵਕੋਸ਼’ ਅਨੁਸਾਰ ਇਸ ਮਹੀਨੇ ਹਿੰਦੂ ਲੋਕ ਵਿਆਹ-ਸ਼ਾਦੀ ਜਾਂ ਕੋਈ ਹੋਰ ਮੰਗਲ ਕਾਰਜ ਨਹੀਂ ਕਰਦੇ। ਕੁਝ ਲੋਕਾਂ ਵਿਚ ਇਸ ਮਹੀਨੇ ਹਨੇਰੇ ਪੱਖ ਦੀ ਇਕਾਦਸ਼ੀ ਨੂੰ ਵਰਤ ਰੱਖਣ ਦੀ ਧਾਰਨਾ ਹੈ ਕਿ ਜੋ ਇਨਸਾਨ ਇਹ ਵਰਤ ਰੱਖੇਗਾ, ਉਸ ਦਾ ਇਹ ਜੀਵਨ ਅਤੇ ਅਗਲੇਰਾ ਜੀਵਨ ਸਫਲ ਹੋਵੇਗਾ।
ਦੂਜੇ ਪਾਸੇ ਸਿੱਖ ਸੱਭਿਆਚਾਰ ਵਿਚ ਅਜਿਹੀਆਂ ਮੰਨਤਾਂ- ਮਨਾਉਤਾਂ ਨੂੰ ਕੋਈ ਮਾਨਤਾ ਨਹੀਂ ਹੈ। ਪੋਹ ਦੇ ਮਹੀਨੇ ਪ੍ਰਤੀ ਗੁਰਮਤਿ ਵਿਚ ਸਾਨੂੰ ਕੀ ਉਪਦੇਸ਼ ਹੈ, ਇਹ ਵਿਚਾਰ ਕਰਦੇ ਹਾਂ। ਇਸ ਲੇਖ ਦੇ ਅਰੰਭ ਵਿਚ ਦਰਜ ਪੰਕਤੀਆਂ ਤੋਂ ਭਾਵ ਹੈ ਕਿ : ਪੋਹ ਦੇ ਮਹੀਨੇ ਉਨ੍ਹਾਂ ਜੀਵ-ਇਸਤਰੀਆਂ ਨੂੰ ਪਾਲਾ ਕੱਕਰ ਪ੍ਰਭਾਵਿਤ ਨਹੀਂ ਕਰਦਾ, ਜਿਨ੍ਹਾਂ ਨੂੰ ਪ੍ਰਭੂ-ਪਤੀ ਗਲ ਲੱਗ ਕੇ ਆ ਮਿਲਿਆ ਹੋਵੇ। ਜਿਸ ਜੀਵ ਦਾ ਮਨ ਪ੍ਰਭੂ ਚਰਨ ਕਮਲਾਂ ਦੀ ਪ੍ਰੀਤ ਵਿਚ ਵਿੰਨ੍ਹਿਆ ਗਿਆ ਹੋਵੇ, ਉਸ ਦਾ ਇੱਕ-ਇੱਕ ਸਾਹ ਦਰਸ਼ਨਾਂ ਦੀ ਤਾਂਘ ਵਿਚ ਲੱਗਾ ਰਹਿੰਦਾ ਹੈ।
ਓਟ ਗੋਵਿੰਦ ਗੋਪਾਲ ਰਾਇ ਸੇਵਾ ਸੁਆਮੀ ਲਾਹੁ॥ ਬਿਖਿਆ ਪੋਹਿ ਨ ਸਕਈ ਮਿਲਿ ਸਾਧੂ ਗੁਣ ਗਾਹੁ॥
(ਅੰਗ ੧੩੫)
ਅਜਿਹੇ ਜੀਵ ਸ੍ਰਿਸ਼ਟੀ ਦੇ ਪਾਲਕ ਪ੍ਰਭੂ ਦੀ ਟੇਕ ਉਤੇ ਜੀਵਨ ਬਤੀਤ ਕਰਦੇ ਹਨ ਅਤੇ ਮਾਲਕ ਦੀ ਸੇਵਾ, ਸਿਮਰਨ ਨੂੰ ਹੀ ਜੀਵਨ ਦਾ ਲਾਹਾ ਸਮਝਦੇ ਹਨ। ਜਦ ਉਹ ਰੱਬੀ ਗੁਣ ਗਾਇਨ ਕਰਦੇ ਹਨ ਤਾਂ ਸੰਸਾਰੀ ਰਸ-ਕਸ ਉਨ੍ਹਾਂ ਉੱਪਰ ਅਸਰ ਨਹੀਂ ਪਾ ਸਕਦੇ।
ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤਿ ਸਮਾਹੁ॥
ਕਰੁ ਗਹਿ ਲੀਨੀ ਪਾਰਬ੍ਰਹਮਿ ਬਹੁੜਿ ਨ ਵਿਛੁੜੀਆਹੁ॥
(ਅੰਗ ੧੩੫)
ਐਸੇ ਜੀਵਾਂ ਦੀ ਆਤਮਾ ਜਿਸ ਜੋਤ ਵਿੱਚੋਂ ਉਪਜੀ ਸੀ, ਉਥੇ ਮਿਲੀ ਰਹਿੰਦੀ ਹੈ ਤੇ ਸੱਚੀ ਪ੍ਰੀਤ ਸਦਕਾ ਮਨ ਵਿਚ ਖੇੜਾ ਬਣਿਆ ਰਹਿੰਦਾ ਹੈ। ਪ੍ਰਭੂ ਨੇ ਜੋ ਜੀਵ-ਇਸਤਰੀ ਦਇਆ ਕਰ ਕੇ ਅਪਣਾਅ ਲਈ, ਉਹ ਕਦੀ ਫਿਰ ਉਸ ਤੋਂ ਵਿਛੜਦੀ ਨਹੀਂ।
ਬਾਰਿ ਜਾਉ ਲਖ ਬੇਰੀਆ ਹਰਿ ਸਜਣੁ ਅਗਮ ਅਗਾਹੁ॥
ਸਰਮ ਪਈ ਨਾਰਾਇਣੈ ਨਾਨਕ ਦਰਿ ਪਈਆਹੁ ॥ ਪੋਖੁ ਸੁੋਹੰਦਾ ਸਰਬ ਸੁਖ ਜਿਸੁ ਬਖਸੇ ਵੇਪਰਵਾਹੁ॥੧੧॥
(ਅੰਗ ੧੩੫)
ਅੱਗੇ ਸਤਿਗੁਰੂ ਫੁਰਮਾਉਂਦੇ ਹਨ ਕਿ ਮੈਂ ਉਸ ਅਗਮ-ਅਗਾਹ ਪ੍ਰਭੂ ਤੋਂ ਲੱਖਾਂ ਵਾਰੀ ਸਦਕੇ ਜਾਂਦੀ ਹਾਂ, ਜਿਸ ਨੇ ਮੇਰੀ ਦਰ ਢੱਠੀ ਦੀ ਲਾਜ ਰੱਖ ਲਈ। ਇਸ ਤਰਾਂ ਪੋਹ ਦਾ ਮਹੀਨਾ ਉਸ ਲਈ ਸੁਹਾਵਣਾ ਤੇ ਸਾਰੇ ਸੁੱਖਾਂ ਦੀ ਬਖ਼ਸ਼ਿਸ਼ ਵਾਲਾ ਹੋ ਜਾਂਦਾ ਹੈ, ਜਿਸ ਉਤੇ ਪ੍ਰਭੂ ਆਪਣੀ ਮਿਹਰ ਕਰ ਦੇਵੇ।
ਡਾ. ਇੰਦਰਜੀਤ ਸਿੰਘ ਗੋਗੋਆਣੀ
