120 views 6 secs 0 comments

ਪ੍ਰਕਾਸ਼ ਦਿਹਾੜਾ : ਧੰਨ ਗੁਰੂ ਅੰਗਦ ਦੇਵ ਜੀ

ਲੇਖ
April 28, 2025

-ਮੇਜਰ ਸਿੰਘ

ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਵੈਸਾਖ ਸੁਦੀ ਏਕਮ ਬਿਕਰਮੀ ਸੰਮਤ 1561 ਈਸਵੀ ਸੰਨ 1504 ਨੂੰ ਮਾਤਾ ਦਇਆ ਕੌਰ (ਮਾਤਾ ਸਭਰਾਈ)ਜੀ ਦੀ ਕੁੱਖੋਂ ਬਾਬਾ ਫੇਰੂਮੱਲ ਜੀ ਦੇ ਘਰ ਸਰਾਏ ਨਾਗਾ (ਮੱਤੇ ਦੀ ਸਰਾਂ) ਵਿਖੇ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ‘ਚ ਬਾਬਾ ਫੇਰੂ ਜੀ ਦਾ ਨਾਮ ਆਉਂਦਾ ਹੈ। ਪਾਤਸ਼ਾਹ ਦਾ ਪਹਿਲਾ ਨਾਮ ‘ਲਹਿਣਾ’ ਜੀ ਸੀ ਜੋ ਬਚਪਨ ਤੋਂ ਹੀ ਬੜੀ ਸੇਵਾ ਭਾਵ ਤੇ ਕੋਮਲ ਸੁਭਾਅ ਵਾਲੇ ਸਨ।

ਬਾਬਾ ਫੇਰੂ ਜੀ ਵਪਾਰ ਤੇ ਦੁਕਾਨ ਕਰਦੇ ਸੀ। ਦੇਵੀ ਦੇ ਉਪਾਸ਼ਕ ਸਨ ਹਰ ਛੇ ਮਹੀਨਿਆਂ ਬਾਅਦ ਸੰਗ ਨਾਲ ਜਵਾਲਾਮੁਖੀ ਜਾਂਦੇ
ਭਾਈ ਲਹਿਣਾ ਜੀ ਵੱਡੇ ਹੋਏ ਤਾਂ 1521 ‘ਚ ਖਡੂਰ ਸਾਹਿਬ ਦੇ ਨੇੜੇ ਸੰਘਰ ਕੋਟ ਪਿੰਡ ਦੇ ਰਹਿਣ ਵਾਲੇ ਬਾਬਾ ਦੇਵੀ ਚੰਦ ਜੀ ਪੁੱਤਰੀ ਬੀਬੀ ਖੀਵੀ ਜੀ ਦੇ ਨਾਲ ਵਿਆਹ ਹੋਇਆ। ਇਸ ਪਿੰਡ ਵਿਚ ਮਾਤਾ ਜੀ ਦੀ ਯਾਦ ‘ਚ ਅਸਥਾਨ ਵੀ ਬਣਿਆ ਹੋਇਆ ਹੈ। ਇਹ ਰਿਸ਼ਤਾ ਭਾਈ ਲਹਿਣਾ ਜੀ ਦੀ ਭੂਆ ਮਾਤਾ ਭਰਾਈ ਜੀ ਨੇ ਕਰਵਾਇਆ ਸੀ ਜੋ ਖਡੂਰ ਸਾਹਿਬ ਵਿਆਹੀ ਹੋਈ ਸੀ ਕੁਝ ਸਮੇ ਬਾਦ ਆਪ ਦੇ ਘਰ ‘ਚ ਦੋ ਪੁੱਤ ਬਾਬਾ ਦਾਸੂ ਜੀ ਤੇ ਦਾਤੂ ਜੀ ਅਤੇ ਦੋ ਧੀਆਂ ਬੀਬੀ ਅਮਰੋ ਜੀ ਤੇ ਅਨੋਖੀ ਨੇ ਜਨਮ ਲਿਆ।

ਜਦੋਂ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ ਤਾਂ ਉਸ ਵੇਲੇ ਸਰਾਏ ਨਾਗਾ ਉਜੜ ਗਿਆ, ਸਾਰਾ ਕਾਰੋਬਾਰ ਠੱਪ ਹੋ ਗਿਆ, ਜਿਸ ਕਰਕੇ ਖਡੂਰ ਸਾਹਿਬ ਵਾਸਾ ਕਰ ਲਿਆ। ਇੱਥੇ ਰਿਸ਼ਤੇਦਾਰੀ ਸੀ।
ਬਾਬਾ ਫੇਰੂ ਜੀ ਬੀਮਾਰ ਰਹਿਣ ਲੱਗ ਪਏ। ਥੋੜ੍ਹੇ ਸਮੇਂ ਬਾਅਦ ਚਲਾਣਾ ਕਰ ਗਏ। ਸਾਰੀ ਜ਼ਿੰਮੇਵਾਰੀ ਭਾਈ ਲਹਿਣਾ ਜੀ ‘ਤੇ ਆ ਪਈ। ਭਾਈ ਲਹਿਣਾ ਜੀ ਨੇ ਕੰਮ ਕਾਰ ਸੰਭਾਲ ਲਿਆ। ਲੂਣ ਦਾ ਵਪਾਰ ਕਰਦੇ ਨਾਲ ਪਿਤਾ ਜੀ ਵਾਂਗ ਜਥੇ ਦੇ ਮੁਖੀ ਬਣ ਜਵਾਲਾ ਜੀ ਦੇ ਜਥਾ ਲੈ ਕੇ ਜਾਂਦੇ

ਇਕ ਦਿਨ ਖਡੂਰ ਸਾਹਿਬ ਦੇ ਰਹਿਣ ਵਾਲੇ ਭਾਈ ਜੋਧ ਜੀ ਜੋ ਧੰਨ ਗੁਰੂ ਨਾਨਕ ਸਾਹਿਬ ਦੇ ਸਿੱਖ ਸੀ ਤੋਂ ਅੰਮ੍ਰਿਤ ਵੇਲੇ ਗੁਰਬਾਣੀ ਕੰਨੀ ਪਈ, ਬਚਨ ਸੀ:
ਪਉੜੀ ॥
ਜਿਤੁ ਸੇਵਿਐ ਸੁਖੁ ਪਾਈਐ ਸੋ ਸਾਹਿਬੁ ਸਦਾ ਸਮੑਾਲੀਐ ॥
ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ॥
ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ ॥
ਜਿਉ ਸਾਹਿਬ ਨਾਲਿ ਨ ਹਾਰੀਐ ਤੇਵੇਹਾ ਪਾਸਾ ਢਾਲੀਐ ॥
ਕਿਛੁ ਲਾਹੇ ਉਪਰਿ ਘਾਲੀਐ ॥੨੧॥ (ਆਸਾ ਦੀ ਵਾਰ )

ਸੁਣਦਿਆਂ ਮਨ ਮੋਹਿਆ ਗਿਆ, ਪੁੱਛਿਆ ਇਹ ਕਿਸ ਦੇ ਬੋਲ ਆ ?? ਭਾਈ ਜੋਧ ਜੀ ਨੇ ਦੱਸਿਆ ਇਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਬਾਣੀ ਆ! ਕਿੱਥੇ ਰਹਿੰਦੇ ਨੇ? ਉਨਾਂ ਰਾਵੀ ਦੇ ਕੰਢੇ ਕਰਤਾਰਪੁਰ ਨਗਰ ਵਸਾਇਆ ਹੈ, ਉਥੇ ਰਹਿੰਦੇ ਨੇ! ਭਾਈ ਲਹਿਣਾ ਜੀ ਨੇ ਪੱਕਾ ਮਨ ਬਣਾ ਲਿਆ ਕਿ ਇਸ ਵਾਰ ਜਵਾਲਾ ਜੀ ਦੇ ਜਾਂਦਿਆਂ ਕਰਤਾਰਪੁਰ ਦਰਸ਼ਨ ਕਰਾਂਗਾ।
ਸੰਗ ਨੂੰ ਨਾਲ ਲੈ ਕੇ ਕਰਤਾਰਪੁਰ ਵੱਲ ਦੇ ਰਸਤੇ ਚੱਲ ਪਏ। ਸਾਥੀਆਂ ਨੂੰ ਪਿੰਡ ਤੋ ਬਾਹਰ ਰੋਕ ਕੇ ਆਪ ਘੋੜੀ ਚੜ ਕੇ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਪਿੰਡ ‘ਚ ਚਲੇ ਗਏ। ਕਦੇ ਮਿਲੇ ਨਹੀ ਸੀ, ਰਸਤਾ ਪੁੱਛਦੇ ਨੇ, ਗੁਰੂ ਨਾਨਕ ਦਾ ਘਰ ਕਿਹੜਾ ਹੈ ?? ਅੱਗੋਂ ਇੱਕ ਬਜ਼ੁਰਗ ਨੇ ਘੋੜੀ ਦੀ ਵਾਗ ਫੜ ਕੇ ਕਿਹਾ ਚੱਲ ਮੈਂ ਤੈਨੂੰ ਲੈ ਚਲਦਾ ਹਾਂ , ਗੁਰੂ ਨਾਨਕ ਦੇ ਘਰ। ਧਰਮਸ਼ਾਲ ਦੇ ਬਾਹਰਵਾਰ ਪਹੁੰਚ ਬਜ਼ੁਰਗ ਨੇ ਕਿਹਾ ਇਹ ਗੁਰੂ ਨਾਨਕ ਦਾ ਘਰ ਆ। ਅੰਦਰ ਜਾ ਕੇ ਮਿਲ ਲੈ। ਜਦੋਂ ਅੰਦਰ ਜਾ ਕੇ ਮਿਲੇ ਤਾਂ ਬੜੇ ਹੈਰਾਨ ਹੋਏ। ਚਰਣੀ ਢਹਿ ਪਏ , ਦੇਖਿਆ ਇਹ ਤੇ ਉਹੀ ਨੇ ਜਿਨ੍ਹਾਂ ਨੇ ਘੋੜੀ ਦੀ ਵਾਗ ਫੜ ਕੇ ਇੱਥੋ ਤੱਕ ਲਿਆਂਦਾ। ਦਰਅਸਲ ਰਸਤਾ ਦੱਸਣ ਵਾਲਾ ਬਜੁਰਗ ਗੁਰੂ ਜੀ ਆਪ ਸੀ।

ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਦੇ ਪਹਿਲੀ ਵਾਰ ਦੀਦਾਰ ਕੀਤੇ। ਬਸ, ਫਿਰ ਗੁਰੂ ਦੇ ਹੋ ਕੇ ਰਹਿ ਗਏ। ਦੇਵੀ ਭੁਲਗੀ, ਗੁਰੂ ਚਰਨਾਂ ‘ਚ ਰਹਿ 7 ਸਾਲ ਐਸੀ ਸੇਵ ਕਮਾਈ ਕਿ ਧੰਨ ਗੁਰੂ ਨਾਨਕ ਦਾ ਹੀ ਰੂਪ ਗੁਰੂ ਨਾਨਕ ਸਾਹਿਬ ਨੇ ਨਾਮ ਬਦਲ ਕੇ ਲਹਿਣੇ ਤੋਂ ਅੰਗਦ ਰੱਖ ਦਿੱਤਾ। ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ-

ਲਹਣੇ ਧਰਿਓਨੁ ਛਤੁ ਸਿਰਿ
ਕਰਿ ਸਿਫਤੀ ਅੰਮ੍ਰਿਤੁ ਪੀਵਦੈ॥

ਇਕ ਕਵੀ ਦੇ ਬੋਲ ਨੇ
ਇਸ਼ਕ ਕੀ ਭੱਠੀ ਮੇ ਡਾਲ ਕਰ ਕੁੰਦਨ ਕਰ ਦੀਆ
ਲਹਿਣੇ ਸੇ ਅੰਗਦ ਬਣਾ ਅੰਗਦ ਸੇ ਅੱਲਾਹ ਕਰ ਦੀਆ।

ਦੂਜੇ ਪਾਤਸ਼ਾਹ ਨੇ 62 ਸਲੋਕ ਉਚਾਰੇ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ‘ਚ ਦਰਜ ਨੇ। ਨਾਲ ਗੁਰਮੁਖੀ ਅੱਖਰਾਂ ਦੀ ਦਾਤ ਬਖਸ਼ੀ, ਇਤਿਹਾਸ ਲਿਖਵਾਇ। ਲੰਗਰ ਦਾ ਪ੍ਰਬੰਧ ਪੱਕਾ ਕੀਤਾ। ਨਿਰੋਏ ਸਰੀਰਾਂ ਲਈ ਮੱਲ ਅਖਾੜੇ (ਘੋਲ ਕੁਸ਼ਤੀਆਂ ) ਸ਼ੁਰੂ ਕਰਾਏ।

ਦੂਸਰੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ