28 views 4 secs 0 comments

ਪ੍ਰਭ ਕਾ ਸਿਮਰਨੁ ਸਭ ਤੇ ਊਚਾ

ਲੇਖ
January 02, 2026

-ਪ੍ਰਭ ਕੈ ਸਿਮਰਨਿ ਰਿਧਿ ਸਿਧਿ ਨਉ ਨਿਧਿ ॥
ਪ੍ਰਭ ਕੈ ਸਿਮਰਨਿ ਗਿਆਨੁ ਧਿਆਨੁ ਤਤੁ ਬੁਧਿ ॥
(ਅੰਗ ੨੬੨)

-ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ॥(ਅੰਗ ੪੦੧)

-ਕੋਟਿ ਕਰਮ ਬੰਧਨ ਕਾ ਮੂਲੁ॥
ਹਰਿ ਕੇ ਭਜਨ ਬਿਨੁ ਬਿਰਥਾ ਪੂਲੁ ॥ ੨ ॥(ਅੰਗ ੧੧੪੯)

ਅਬਿਨਾਸੀ ਪ੍ਰਭੂ ਜੋ ਜੀਵਾਂ ਨੂੰ ਦਾਤਾਂ ਦੇਣ ਵਾਲਾ ਹੈ, ਨੂੰ ਸਿਮਰ ਕੇ ਸਾਰੀ ਮਲੀਨਤਾ ਦੂਰ ਹੋ ਜਾਂਦੀ ਹੈ। ਨਾਮ ਅਭਿਆਸ ਨਾਲ ਸੁਰਤ ਐਸੇ ਥਾਂ ਟਿਕ ਜਾਂਦੀ ਹੈ ਜਿਥੇ ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ ਦੀ ਪਹੁੰਚ ਨਹੀਂ।

ਮਨੁੱਖ ਸਿਮਰਨ ਕਰਦਾ ਕਿਸ ਲਈ ਹੈ ਕਿ ਮਨ ਕਾਬੂ ਵਿਚ ਆ ਜਾਵੇ। ਮਨੁੱਖ ਸੇਵਾ ਕਰਦਾ ਹੈ ਪ੍ਰੰਤੂ ਮਨ ਵਿਚੋਂ ਮੈਲ ਨਹੀਂ ਜਾਂਦੀ। ਸੇਵਾ ਕਰਦਿਆਂ ਬਹੁਤ ਵਾਰ ਲੰਗਰ ਵਿਚ ਵੇਖਿਆ, ਜਿਹੜੇ ਬੰਦੇ ਸੇਵਾ ਕਰ ਰਹੇ ਹੁੰਦੇ ਹਨ, ਉਨ੍ਹਾਂ ਦੇ ਮਨ ਵਿਚ ਅਹੰਕਾਰ ਆ ਜਾਂਦਾ ਹੈ। ਚੌਰ ਕਰਦਿਆਂ ਤੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਵਿਚ ਬੈਠਿਆਂ ਬੰਦਾ ਆਪਣੇ ਆਪ ਨੂੰ ਦੂਜਿਆਂ ਤੋਂ ਉਚਾ ਸਮਝਣਾ ਸ਼ੁਰੂ ਕਰ ਦਿੰਦਾ ਹੈ। ਸੇਵਾ ਕਰਦਿਆਂ ਮਨ ਵਿਚ ਅਹੰਕਾਰ ਆ ਜਾਂਦਾ ਹੈ। ਮੇਰੇ ਜੈਸਾ ਕੋਈ ਨਹੀਂ ਜਾਂ ਮੈਨੂੰ ਵਧੇਰੇ ਜਾਣਨਾ ਹੈ। ਮਨੁੱਖ ਪੁੰਨ ਦਾਨ ਕਰਦਾ ਹੈ ਪ੍ਰੰਤੂ ਉਸ ਦੇ ਮਨ ਵਿਚ ਵੀ ਅਹੰਕਾਰ ਆ ਜਾਂਦਾ ਹੈ। ਮੈਂ ਇਤਨੇ ਪੈਸੇ ਦਾਨ ਦਿੱਤੇ, ਮੇਰੇ ਪੈਸਿਆਂ ਦਾ ਜ਼ਿਕਰ ਭਾਈ ਸਾਹਿਬ ਨੇ ਅਰਦਾਸ ਵਿਚ ਕਿਉਂ ਨਹੀਂ ਕੀਤਾ। ਸੰਗਤ ਨੂੰ ਕਿਉਂ ਨਹੀਂ ਦੱਸਿਆ ਕਿ ਮੈਂ ਦਸ ਹਜ਼ਾਰ ਰੁਪਏ ਬਿਲਡਿੰਗ ਲਈ ਦਿੱਤੇ ਹਨ। ਵੇਖਣ ਵਿਚ ਆਇਆ ਕਿ ਅਜਿਹੇ ਕਈ ਬੰਦੇ ਭਾਈ ਨਾਲ ਝਗੜ ਰਹੇ ਹੁੰਦੇ ਹਨ। ਅਜਿਹੇ ਦਾਨ ਦਾ ਕੀ ਲਾਭ?

ਜਪ ਤਪ ਕਰਦੇ ਹੋਏ ਵੀ ਅਹੰਕਾਰ ਆ ਜਾਂਦਾ ਹੈ। ਜਦੋਂ ਲੋਕ ਆਦਰ ਨਾਲ ਪੈਰਾਂ ਨੂੰ ਹੱਥ ਲਾਣ ਲੱਗ ਜਾਣ ਤਾਂ ਮਨੁੱਖ ਸੋਚਦਾ ਹੈ ਕਿ ਮੈਂ ਹੁਣ ਮਹਾਂਪੁਰਸ਼ ਬਣ ਗਿਆ ਹਾਂ, ਅਜਿਹੇ ਬੰਦੇ ਸਿਖਰ ਤੋਂ ਥੱਲੇ ਡਿੱਗ ਪੈਂਦੇ ਹਨ।

ਮਨੁੱਖੀ ਮਨ ‘ਮੈਂ” ‘ਮੇਰੀ’ ਵਿਚ ਗ੍ਰਸਿਆ ਰਹਿੰਦਾ ਹੈ।
ਮਨੁੱਖ ਜਨਮ ਲੈਂਦੇ ਹੀ ਮੈਂ ਤੇ ਮੇਰੀ ਦੇ ਬੰਧਨ ਵਿਚ ਫਸ ਜਾਂਦਾ ਹੈ। ਜਦੋਂ ਉਹ ਹਉਮੈ ਵਿਚ ਫਸ ਜਾਂਦਾ ਹੈ ਤੇ ਪ੍ਰਮਾਤਮਾ ਤੋਂ ਵਿਛੋੜਾ ਪੈ ਜਾਂਦਾ ਹੈ। ਮਨੁੱਖੀ ਮਨ ਵਿਚ ਪਰ ਧਨ ਪਰ ਤਨ ਖੋਹਣ ਦੀ ਲਾਲਸਾ ਆ ਜਾਂਦੀ ਹੈ। ਇਸ ਅਵਸਥਾ ਵਿਚ ਬੰਦਾ ਬਹੁਤ ਖੱਜਲ ਖੁਆਰ ਹੁੰਦਾ ਹੈ। ਇਸ ਲਈ ਗੁਰੂ ਤੇਗ ਬਹਾਦਰ ਸਾਹਿਬ ਅਧਿਆਤਮਿਕ ਪੁਰਸ਼ਾਂ ਨੂੰ ਤੇ ਸਾਧੂ ਸੰਤਾਂ ਨੂੰ ਉਪਦੇਸ਼ ਦਿੰਦੇ ਹਨ :

ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ
ਤਾ ਤੇ ਅਹਿਨਿਸਿ ਭਾਗਉ॥੧॥ ਰਹਾਉ॥

ਸਾਧੋ ਮਨ ਕਾ ਮਾਨੁ ਤਿਆਗਉ ॥ ਸੁਖੁ ਦੁਖੁ ਦੋਨੋ ਸਮ ਕਰਿ ਜਾਨੈ ਅਉਰੁ ਮਾਨੁ ਅਪਮਾਨਾ ॥
ਹਰਖ ਸੋਗ ਤੇ ਰਹੈ ਅਤੀਤਾ ਤਿਨਿ ਜਗਿ ਤਤੁ ਪਛਾਨਾ॥੧॥
ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ॥
ਕਿਨਹੂੰ ਗੁਰਮੁਖਿ ਜਾਨਾ ॥੨॥੧॥ ਜਨ ਨਾਨਕ ਇਹੁ ਖੇਲੁ ਕਠਨੁ ਹੈ (ਅੰਗ ੨੧੯)

ਗੁਰੂ ਜੀ ਕਹਿੰਦੇ ਹਨ ਕਿ ਮਨ ਕਾ ਮਾਨ ਤਿਆਗੋ, ਖੋਟੇ ਕਰਮ ਤੇ ਦੁਰਜਨ ਦੀ ਸੰਗਤ ਤੋਂ ਬਚੋ, ਕਦੇ ਅਹੰਕਾਰ ਨਾ ਕਰੋ, ਦੁੱਖ ਤੇ ਸੁੱਖ ਵਿਚ ਸਮਾਨ ਰਹੋ, ਕਦੇ ਮਾਨ ਅਪਮਾਨ ਦੀ ਪ੍ਰਵਾਹ ਨਾ ਕਰੋ, ਨਾ ਕਿਸੇ ਦੀ ਉਸਤਤ ਕਰੋ ਤੇ ਨਾ ਹੀ ਕਰਵਾਉ। ਕੰਚਨ ਨੂੰ ਮਿੱਟੀ ਸਮਾਨ ਸਮਝੋ। ਅਜਿਹੇ ਗੁਰਮੁਖ ਬੰਦਿਆਂ ਨੂੰ ਜਗ ਦੀ ਪਹਿਚਾਣ ਹੋ ਜਾਂਦੀ ਹੈ। ਉਹ ਨਿਰਬਾਣ ਪਦ ਪਾਣ ਦੇ ਹੱਕਦਾਰ ਹੋ ਜਾਂਦੇ ਹਨ ਪ੍ਰੰਤੂ ਗੁਰੂ ਜੀ ਖੁਦ ਹੀ ਕਹਿੰਦੇ ਹਨ ਕਿ ਇਹ ਅਵਸਥਾ ਕੋਈ ਆਸਾਨ ਨਹੀਂ। ਜਨ ਨਾਨਕ ਇਹੁ ਖੇਲੁ ਕਠਿਨੁ ਹੈ, ਵਿਰਲੇ ਹੀ ਇਸ ਅਸਥਾਨ ਨੂੰ ਪੁਜਦੇ ਹਨ।

ਕਬੀਰ ਜੀ ਫੁਰਮਾਂਦੇ ਹਨ ਕਿ ਹਉਮੈਂ ਨੇ ਵੱਡੇ-ਵੱਡੇ ਰਿਸ਼ੀਆਂ ਮੁਨੀਆਂ, ਸਾਧਾਂ ਤੇ ਭਗਤਾਂ ਨੂੰ ਆਪਣੇ ਆਦਰਸ਼ ਤੋਂ ਭਟਕਾ ਦਿੱਤਾ। ਇਸ ਲਈ ਕਦੇ ਅਹੰਕਾਰ ਨਹੀਂ ਕਰਨਾ ਚਾਹੀਦਾ।

ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥

ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥(ਅੰਗ ੧੩੭੨)

ਜਦੋਂ ਤੱਕ ਮਨੁੱਖ ਮੈਂ ਮੇਰੀ ਕਰਦਾ ਰਹਿੰਦਾ ਹੈ, ਉਹ

ਪ੍ਰਮਾਤਮਾ ਨੂੰ ਨਹੀਂ ਪਾ ਸਕਦਾ:

ਜਬ ਲਗੁ ਮੇਰੀ ਮੇਰੀ ਕਰੈ ॥
ਤਬ ਲਗੁ ਕਾਜੁ ਏਕੁ ਨਹੀ ਸਰੈ ॥(ਅੰਗ ੧੧੬੦)

ਪੱਛਮੀ ਤਹਿਜੀਬ ਤੇ ਮਾਦਾਪ੍ਰਸਤੀ ਦੇ ਚੱਕਰ ਵਿਚ ਮਨੁੱਖ ਪ੍ਰਮਾਤਮਾ ਤੋਂ ਦੂਰ ਹੁੰਦਾ ਜਾ ਰਿਹਾ ਹੈ। ਗੁਰਮੁਖ ਦੀ ਸੰਗਤ ਤੇ ਸਾਧ ਸੰਗਤ ਤੋਂ ਦੂਰ ਰਹਿੰਦਾ ਹੈ। ਸਿਮਰਨ ਕਰਨ ਦੀ ਰੁਚੀ ਨਹੀਂ, ਸਗੋਂ ਟਿਕਚਰਾਂ ਕਰਦਾ ਹੈ। ਉਹ ਇਹ ਨਹੀਂ ਜਾਣਦੇ ਕਿ ਜਿਵੇਂ ਜ਼ਮੀਨ ਤੇ ਸਫਰ ਕਰਨ ਲਈ ਸੜਕ ਚਾਹੀਦੀ ਹੈ ਤੇ ਹਵਾ ਵਿਚ ਹਵਾਈ ਜਹਾਜ਼ ਤੇ ਸਮੁੰਦਰ ਵਿਚ ਸਮੁੰਦਰੀ ਜਹਾਜ਼ ਬਿਨਾਂ ਦਿਸ਼ਾ ਗੁੰਮਰਾਹ ਹੋ ਜਾਂਦੇ ਹਨ। ਇਸੇ ਪ੍ਰਕਾਰ ਨਿਰੰਕਾਰ ਦੇ ਦੇਸ਼ ਵਿਚ ਸਿਮਰਨ ਨਾਲ ਜਾਇਆ ਜਾ ਸਕਦਾ ਹੈ। ਇਸ ਲਈ ਅਕਲ ਹੋਣੀ ਜ਼ਰੂਰੀ ਹੈ। ਅਕਲ ਨਾਲ ਹੀ ਮਾਣ ਮਿਲਦਾ ਹੈ :

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ ॥
ਅਕਲੀ ਪੜਿ ਕੈ ਬੁਝੀਐ ਅਕਲੀ ਕੀਚੈ ਦਾਨੁ ॥
ਨਾਨਕੁ ਆਖੈ ਰਾਹੁ ਏਹੁ ਹੋਰਿ ਗਲਾਂ ਸੈਤਾਨੁ ॥ ੧ ॥
(ਅੰਗ ੧੨੪੫)

ਸੰਸਾਰ ਦੀ ਸਭ ਤੋਂ ਵੱਡੀ ਵਸਤੂ ਅਕਲ ਹੈ, ਅਕਲ ਨਾਲ ਕੀਤੇ ਕੰਮ ਰਾਸ ਆਉਂਦੇ ਹਨ। ਅਕਲ ਵਿਚਾਰ ਸ਼ਕਤੀ ਤੋਂ ਪ੍ਰਾਪਤ ਹੁੰਦਾ ਹੈ। ਵਿਚਾਰਨ ਦੀ ਸ਼ਕਤੀ ਮਨ ਇਕਾਗਰ ਕਰ ਕੇ ਆਉਂਦੀ ਹੈ। ਮਨ ਦੀ ਇਕਾਗਰਤਾ ਤੋਂ ਬਿਨਾਂ ਸੰਸਾਰਕ ਤੇ ਆਤਮਿਕ ਗਿਆਨ ਪ੍ਰਾਪਤ ਨਹੀਂ ਹੁੰਦਾ। ਕੋਈ ਸਵਾਲ ਹੱਲ ਕਰਨਾ ਹੋਵੇ, ਮਨ ਦੀ ਇਕਾਗਰਤਾ ਜ਼ਰੂਰੀ ਹੁੰਦੀ ਹੈ। ਸੂਰਜ ਦੀ ਗਰਮੀ ਤੋਂ ਸੰਸਾਰ ਵਿਚ ਚਾਰ ਖਾਣੀਆਂ ਵਧਦੀਆਂ ਫੁਲਦੀਆਂ ਹਨ। ਅਨਾਜ, ਫਲ ਫੁੱਲ, ਜੀਵ ਜੰਤੂ ਸਭ ਸੂਰਜ ਦੀ ਗਰਮੀ ਤੋਂ ਪੈਦਾ ਹੁੰਦੇ ਤੇ ਵਧਦੇ ਫੁਲਦੇ ਹਨ। ਇਸੇ ਪ੍ਰਕਾਰ ਸਿਮਰਨ ਕਰਨ ਨਾਲ ਸ਼ਾਂਤੀ, ਨਿਰਵੈਰਤਾ, ਗੰਭੀਰਤਾ, ਨਿਡਰਤਾ, ਪ੍ਰੇਮ, ਦਇਆ ਸ਼ਾਂਤੀ ਆਦਿ ਗੁਣ ਪੈਦਾ ਹੁੰਦੇ ਹਨ। ਮਨ ਦੀ ਮੈਲ ਸਿਮਰਨ ਕਰਨ ਨਾਲ ਦੂਰ ਹੋ ਜਾਂਦੀ ਹੈ। ਸਾਰੀਆਂ ਰਿੱਧੀਆਂ ਸਿੱਧੀਆਂ ਮਨ ਦੀ ਇਕਾਗਰਤਾ ਨਾਲ ਪ੍ਰਾਪਤ ਹੁੰਦੀਆਂ ਹਨ। ਮਨ ਦੀ ਇਕਾਗਰਤਾ ਅੱਖ ਦੇ ਫੋਰ ਵਿਚ ਸਾਰਾ ਢਾਂਚਾ ਬਦਲ ਦਿੰਦੀ ਹੈ।
ਕਈ ਜਗਿਆਸੂ ਰਿੱਧੀਆਂ ਸਿੱਧੀਆਂ ਪ੍ਰਾਪਤ ਕਰ ਕੇ ਸਮਝ ਲੈਂਦੇ ਹਨ ਕਿ ਪ੍ਰਮਾਤਮਾ ਦੀ ਪ੍ਰਾਪਤੀ ਹੋ ਗਈ। ਉਹ ਇਥੇ ਹੀ ਅਟਕ ਜਾਂਦੇ ਹਨ। ਸਭ ਤੋਂ ਉਪਰ ਸਿਮਰਨ ਤੇ ਬਾਕੀ ਸਾਰੀਆਂ ਵਸਤੂਆਂ ਸਿਮਰਨ ਤੋਂ ਥੱਲੇ ਹਨ। ਸਿਮਰਨ ਦੇ ਬਰਾਬਰ ਕੁੱਝ ਨਹੀਂ। ਸੱਚਾਈ ਈਮਾਨਦਾਰੀ ਤੇ ਹੋਰ ਚੰਗੇ ਗੁਣ ਜ਼ਰੂਰੀ ਹਨ।

-ਪੁੰਨ ਦਾਨ ਜਪ ਤਪ ਜੇਤੇ ਸਭ ਊਪਰਿ ਨਾਮੁ॥(ਅੰਗ ੪੦੧)

-ਕਰਮ ਧਰਮ ਅਨੇਕ ਕਿਰਿਆ ਸਭ ਊਪਰਿ ਨਾਮੁ ਅਚਾਰੁ ॥੨॥(ਅੰਗ ੪੦੫)

ਸੁਖਮਨੀ ਸਾਹਿਬ ਵਿਚ ਦਰਜ ਹੈ ਕਿ ਪੁੰਨ ਦਾਨ, ਜਪ-ਤਪ, ਗਿਆਨ-ਧਿਆਨ, ਛੇ ਸ਼ਾਸਤਰਾਂ ਤੇ ਵੇਦ ਤੇ ਸਿਮਤੀਆਂ ਦਾ ਗਿਆਨ ਹੋਵੇ। ਭਾਵੇਂ ਜੋਗ ਅਭਿਆਸ ਕਰਦਾ ਹੋਵੇ, ਭਾਵੇਂ ਘਰ ਬਾਹਰ ਛੱਡ ਕੇ ਸੰਨਿਆਸੀ ਹੋ ਜਾਵੇ, ਭਾਵੇਂ ਸਰੀਰ ਆਰੇ ਨਾਲ ਚਿਰਵਾਏ, ਭਾਵੇਂ ਨਿਉਲੀ ਕਰਮ ਕਰ ਕੇ ਸਰੀਰ ਦੀ ਸਫਾਈ ਕਰੇ, ਇਹ ਸਭ ਵਸਤੂਆਂ ਨਾਮ ਦੇ ਬਰਾਬਰ ਨਹੀਂ। ਪ੍ਰਭੂ ਤਾਂ ਸਭ ਵਸਤੂਆਂ ਤੋਂ ਉਚਾ ਹੈ। ਸ੍ਰੀ ਸੁਖਮਨੀ ਸਾਹਿਬ ਦੀ ਬਾਣੀ ਵਿਚ ਸ੍ਰੀ ਗੁਰੂ ਅਰਜਨ ਦੇਵ ਜੀ ਫੁਰਮਾਂਦੇ ਹਨ :

ਜਾਪ ਤਾਪ ਗਿਆਨ ਸਭਿ ਧਿਆਨ ॥
ਖਟ ਸਾਸਤ੍ਰ ਸਿਮ੍ਰਿਤਿ ਵਖਿਆਨ ॥
ਜੋਗ ਅਭਿਆਸ ਕਰਮ ਧਮ ਕਿਰਿਆ॥
ਸਗਲ ਤਿਆਗਿ ਬਨ ਮਧੇ ਫਿਰਿਆ॥
ਅਨਿਕ ਪ੍ਰਕਾਰ ਕੀਏ ਬਹੁ ਜਤਨਾ ॥
ਪੁੰਨ ਦਾਨ ਹੋਮੇ ਬਹੁ ਰਤਨਾ॥
ਸਰੀਰੁ ਕਟਾਇ ਹੋਮੈ ਕਰਿ ਰਾਤੀ ॥
ਵਰਤ ਨੇਮ ਕਰੈ ਬਹੁ ਭਾਤੀ ॥
ਨਹੀ ਤੁਲਿ ਰਾਮ ਨਾਮ ਬੀਚਾਰ ॥
ਨਾਨਕ ਗੁਰਮੁਖਿ ਨਾਮੁ ਜਪੀਐ ਇਕ ਬਾਰ॥੧॥ (ਅੰਗ ੨੬੫)

ਭਾਵੇਂ ਮਨੁੱਖ ਨੂੰ ਸੰਸਾਰ ਦੀਆਂ ਸਾਰੀਆਂ ਵਡਿਆਈਆਂ ਮਿਲੀਆਂ ਹੋਈਆਂ ਹੋਣ, ਜੇ ਸਿਮਰਨ ਨਹੀਂ ਕਰਦਾ ਤਾਂ ਕੁੱਝ ਵੀ ਨਹੀਂ। ਉਚ ਮੰਡਲੀਆਂ ਵਿਚ ਤਾਰੀ ਲਗਾਉਣ ਵਾਲੇ ਬੰਦੇ ਜਾਣਦੇ ਹਨ ਕਿ ਈਸ਼ਵਰ ਦਾ ਨਾਮ ਸਭ ਤੋਂ ਉਚਾ ਹੈ, ਭਾਵੇਂ ਕਿੰਨੇ ਵੀ ਸ਼ੁੱਭ ਕਰਮ ਕਰੇ, ਪ੍ਰਮਾਤਮਾ ਦੇ ਨਾਮ ਤੁੱਲ ਨਹੀਂ ਹਨ।

ਪ੍ਰਭ ਕਾ ਸਿਮਰਨੁ ਸਭ ਤੇ ਊਚਾ ॥(ਅੰਗ ੨੬੩)

ਸ: ਕੁਲਦੀਪ ਸਿੰਘ